ਮਲੇਰਕੋਟਲਾ ਵਿਚ ਕੂਕਿਆਂ ਦੀ ਸ਼ਹੀਦੀ ਦੇ ਅੰਗ-ਸੰਗ

ਗੁਲਜ਼ਾਰ ਸਿੰਘ ਸੰਧੂ
ਮਲੇਰਕੋਟਲਾ ਵਿਚ ਨਾਮਧਾਰੀਆਂ ਦੀ ਸ਼ਹਾਦਤ ਨੂੰ 150 ਸਾਲ ਹੋ ਗਏ ਹਨ। ਮੈਨੂੰ ਨਾਮਧਾਰੀਆਂ ਨੂੰ ਕੂਕੇ ਕਹਿਣਾ ਚੰਗਾ ਲੱਗਦਾ ਹੈ। ਮੇਰੀ ਨਾਨੀ ਨਾਮਧਾਰੀਆਂ ਦੀ ਧੀ ਸੀ। ਨਾਨਾ ਸ਼ਾਹੂਕਾਰਾ ਕਰਦਾ ਸੀ ਤੇ ਟੈਂ ਵਿਚ ਰਹਿੰਦਾ ਸੀ। ਜਦੋਂ ਕਦੀ ਵੀ ਨਾਨੀ ਨੂੰ ਉੱਚਾ ਨੀਵਾਂ ਬੋਲਦਾ ਤਾਂ ਨਾਨੀ ਵੀ ਬੋਲ ਪੈਂਦੀ, ‘ਸੋਚ ਕੇ ਗੱਲ ਕਰ ਸ਼ਾਹੂਕਾਰਾ! ਮੈਂ ਕੂਕਿਆਂ ਦੀ ਧੀ ਹਾਂ।

ਮਲੇਰਕੋਟਲੇ ਦੇ ਸ਼ਹੀਦੀ ਸਾਕੇ ਦਾ ਪਿਛੋਕੜ ਦੱਸਣਾ ਬਣਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਗਊ ਹੱਤਿਆ ਦੀ ਮਨਾਹੀ ਸੀ। ਸਾਰੇ ਧਰਮਾਂ ਦੇ ਲੋਕ ਇਸ ਦੀ ਪੈਰਵੀ ਕਰਦੇ ਸਨ ਪਰ ਅੰਗਰੇਜ਼ਾਂ ਨੇ ਸੱਤਾ ਵਿਚ ਆੳਂੁਦੇ ਸਾਰ ਗਊ ਹੱਤਿਆ ਦੀ ਅਜਿਹੀ ਖੁੱਲ੍ਹ ਦਿੱਤੀ ਕਿ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਨੇੜੇ ਵੀ ਬੁੱਚੜਖਾਨਾ ਖੁੱਲ੍ਹ ਗਿਆ। ਸਿੱਖੀ ਨੂੰ ਪਰਨਾਏ ਲੋਕ ਗੁਰੂ ਘਰ ਦੀ ਬੇਅਦਬੀ ਕਦੋਂ ਸਹਿੰਦੇ ਸਨ। ਉਨ੍ਹਾਂ ਨੇ ਅੰਮ੍ਰਿਤਸਰ, ਰਾਏਕੋਟ ਤੇ ਲੁਧਿਆਣਾ ਦੇ ਕਈ ਬੁੱਚੜ ਮੌਤ ਦੇ ਘਾਟ ਉਤਾਰ ਦਿੱਤੇ ਅਤੇ ਇਹ ਗੱਲ ਸ਼ਰ੍ਹੇਆਮ ਪ੍ਰਵਾਨ ਵੀ ਕੀਤੀ। ਗੋਰੇ ਸਿਪਾਹੀ ਬੁੱਚੜਾਂ ਦੀ ਮਦਦ ਲਈ ਉਤਰੇ ਤਾਂ ਸ਼ਸਤਰੀ ਲੜਾਈ ਦੇ ਪ੍ਰਤੀਕਰਮ ਵਜੋਂ ਨੌਂ ਸਿੰਘਾਂ ਨੂੰ ਫਾਂਸੀ ਦੇ ਤਖਤੇ ਉੱਤੇ ਲਟਕਾ ਦਿੱਤਾ ਗਿਆ।
ਇਸ ਤੋਂ 15 ਸਾਲ ਪਹਿਲਾਂ 1857 ਦੀ ਵਿਸਾਖੀ ਵਾਲੇ ਦਿਨ, ਸਤਿਗੁਰੂ ਰਾਮ ਸਿੰਘ ਭੈਣੀ ਸਾਹਿਬ ਵਿਖੇ ਚਿੱਟਾ ਝੰਡਾ ਝੁਲਾ ਕੇ ਸੰਤ ਖਾਲਸਾ ਦੀ ਸਿਰਜਣਾ ਕਰ ਚੁੱਕੇ ਸਨ। ਜਿਸ ਦਿਨ ਫਰਵਾਹੀ ਦਾ ਨੰਬਰਦਾਰ ਗੁਰਮੁਖ ਸਿੰਘ ਨਾਮਧਾਰੀ ਮਾਮਲਾ ਤਾਰਨ ਮਲੇਰਕੋਟਲੇ ਜਾ ਰਿਹਾ ਸੀ ਤਾਂ ਰਸਤੇ ਵਿਚ ਗਊ ਦੇ ਜਾਏ ਨੂੰ ਲੈ ਕੇ ਅਜਿਹਾ ਝਗੜਾ ਹੋਇਆ ਕਿ ਕੇਸ ਮਲੇਰਕੋਟਲਾ ਦੇ ਕੋਤਵਾਲ ਤਕ ਪਹੰੁਚ ਗਿਆ। ਕੋਤਵਾਲ ਨੇ ਨੰਬਰਦਾਰ ਦੀਆਂ ਅੱਖਾਂ ਸਾਹਮਣੇ ਉਸ ਬਲਦ ਨੂੰ ਕਤਲ ਕੀਤਾ। ਗੁਰਮੁਖ ਸਿੰਘ ਆਪਣੇ ਘਰ ਜਾਣ ਦੀ ਥਾਂ ਭੈਣੀ ਸਾਹਿਬ ਜਾ ਪਹੰੁਚਿਆ। ਉਸ ਵੇਲੇ ਉਥੇ ਇਕ ਭੋਗ ਸਮਾਗਮ ਚੱਲ ਰਿਹਾ ਸੀ। ਨੰਬਰਦਾਰ ਨੂੰ ਆਪਣੀ ਗੱਲ ਭਰੇ ਮੇਲੇ ਵਿਚ ਦੱਸਣ ਦਾ ਮੌਕਾ ਮਿਲ ਗਿਆ। ਫੇਰ ਕੀ ਸੀ ਕੁਝ ਮਸਤਾਨੇ ਗੋਰੇ ਹਾਕਮਾਂ ਨਾਲ ਲੜਨ ਮਰਨ ਨੂੰ ਤਿਆਰ ਹੋ ਗਏ। ਉਹ ਸਤਿਗੁਰੂ ਰਾਮ ਸਿੰਘ ਦੇ ਸਮਝਾਇਆਂ ਵੀ ਨਹੀਂ ਮੰਨੇ। ਸਾਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਪਰਨਾਏ ਹੋਏ ਸਨ।
ਜਦੋਂ ਤਕ ਇਹ ਮਸਤਾਨੇ ਸਰਕੌਦੀ ਪਿੰਡ ਤੋਂ ਧਮੋਟ, ਮਲੌਦ ਤੇ ਸ਼ੇਰਪੁਰ ਰਾਹੀਂ ਮਲੇਰਕੋਟਲੇ ਪਹੰੁਚੇ ਤਾਂ ਉਥੋਂ ਦਾ ਡੀ.ਸੀ., ਕਾਵਨ ਨਰਸੰਹਾਰ ਦਾ ਮਨ ਬਣਾਈ ਬੈਠਾ ਸੀ। ਉਸ ਨੇ ਮਹਾਰਾਜਾ ਪਟਿਆਲਾ, ਨਾਭਾ ਤੇ ਜੀਂਦ ਦੇ ਮਹਾਰਾਜਿਆਂ ਤੋਂ ਮੰਗੀਆਂ ਸੱਤ ਤੋਪਾਂ ਤੋਂ ਬਿਨਾਂ ਦੋ ਤੋਪਾਂ ਸਵੈ-ਰੱਖਿਆ ਲਈ ਮੰਗਵਾ ਰੱਖੀਆਂ ਸਨ। ਨਤੀਜੇ ਵਜੋਂ ਉਸ ਨੇ 17 ਜਨਵਰੀ ਦੀ ਸ਼ਾਮ ਤਕ ਸੱਤ ਤੋਪਾਂ ਦੇ ਸੱਤ ਗੋਲਿਆਂ ਨਾਲ 49 ਕੂਕੇ ਸ਼ਹੀਦ ਕਰ ਦਿੱਤੇ। ਇਨ੍ਹਾਂ ਵਿਚ 12 ਸਾਲਾਂ ਦਾ ਬਿਸ਼ਨ ਸਿੰਘ ਵੀ ਸੀ, ਜਿਸ ਨੇ ਸਿੱਖੀ ਨੂੰ ਤਿਆਗਣ ਦੀ ਥਾਂ ਆਪਣੇ ਅੰਗ ਕਟਵਾਏ। ਇਕ ਵਰਿਆਮ ਸਿੰਘ ਨਾਂ ਦਾ ਨਾਮਧਾਰੀ, ਮਹਾਰਾਜਾ ਪਟਿਆਲਾ ਦਾ ਸਿਫਾਰਸ਼ੀ ਸੀ, ਜਿਸ ਦਾ ਕੱਦ ਕੇਵਲ ਪੰਜ ਫੁੱਟ ਸੀ। ਕਾਵਨ ਨੇ ਉਸ ਨੂੰ ਤੋਪ ਦੇ ਮੰੂਹ ਤੋਂ ਨੀਵਾਂ ਹੋਣ ਦਾ ਬਹਾਨਾ ਬਣਾ ਕੇ ਛੱਡਣਾ ਚਾਹਿਆ ਤਾਂ ਉਹ ਮੰੂਹ ਤਕ ਪਹੰੁਚਣ ਲਈ ਢੀਮਾਂ ਇਕੱਠੀਆਂ ਕਰ ਕੇ ਉਨ੍ਹਾਂ ਉੱਤੇ ਖੜ੍ਹਾ ਹੋ ਗਿਆ।
ਇਸ ਤਰ੍ਹਾਂ 17 ਜਨਵਰੀ ਤਕ ਸ਼ਹੀਦ ਹੋਏ ਕੂਕਿਆਂ ਦੀ ਗਿਣਤੀ 40 ਹੋ ਗਈ। ਅਗਲੇ ਦਿਨ 16 ਕੂਕੇ ਹੋਰ ਸ਼ਹੀਦ ਕਰ ਕੇ ਗੋਰੀ ਸਰਕਾਰ ਨੇ ਆਪਣੇ ਜ਼ੁਲਮ ਦੀ ਇੰਤਹਾ ਦਾ ਸਬੂਤ ਦਿੱਤਾ ਪਰ ਮਲੇਰਕੋਟਲੇ ਦੇ ਰੱਕੜ ਵਿਚ ਡੁੱਲੇ੍ਹ ਕੂਕਿਆਂ ਦੇ ਇਸ ਖੂਨ ਨੇ ਸੁਤੰਤਰਤਾ ਦੇ ਬੀਜ ਨੂੰ ਪਾਣੀ ਦਿੱਤਾ।
ਚੇਤੇ ਰਹੇ ਕਿ ਗੋਰੇ ਹਾਕਮ ਆਪਣੇ ਵਲੋਂ ਕੀਤੇ ਇਸ ਜ਼ੁਲਮ ਤੋਂ ਏਨਾ ਘਬਰਾ ਗਏ ਕਿ 17-18 ਜਨਵਰੀ ਦੀ ਸੀਤ ਠੰਢੀ ਰਾਤ ਨੂੰ ਸਤਿਗੁਰੂ ਰਾਮ ਸਿੰਘ ਤੇ ਉਨ੍ਹਾਂ ਦੇ ਚੋਣਵੇਂ ਸੂਬਿਆਂ ਨੂੰ ਕੈਦ ਕਰ ਕੇ ਪਹਿਲਾਂ ਅਲਾਹਾਬਾਦ ਤੇ ਪਿਛੋਂ ਦੂਰ ਦੁਰੇਡੇ ਰੰਗੂਨ ਭੇਜ ਦਿੱਤਾ ਗਿਆ ਪਰ ਛੇਤੀ ਹੀ ਮਲੇਰਕੋਟਲਾ ਦੀ ਮਿੱਟੀ ਵਿਚ ਰਚਿਆ ਖ਼ੂਨ ਅਖੰਡ ਹਿੰਦੁਸਤਾਨ ਦੇ ਕੋਨੇ-ਕੋਨੇ ਤਕ ਪਹੰੁਚ ਗਿਆ ਤੇ ਅੰਤ ਗੋਰੇ ਹਾਕਮਾਂ ਨੂੰ ਭਾਰਤ ਛੱਡਣਾ ਪਿਆ। ਸਤਿਗੁਰੂ ਰਾਮ ਸਿੰਘ ਦੀ ਜਗਾਈ ਇਸ ਜੋਤਿ ਨੂੰ ਸਰਵ-ਸਤਿਗੁਰੂ ਪ੍ਰਤਾਪ ਸਿੰਘ, ਜਗਜੀਤ ਸਿੰਘ ਤੇ ਉਦੈ ਸਿੰਘ ਨੇ ਬੁੱਝਣ ਨਹੀਂ ਦਿੱਤਾ, ਜਿਸ ਦੀ ਅਸੀਂ ਡੇਢ ਸ਼ਤਾਬਦੀ ਮਨਾ ਰਹੇ ਹਾਂ। ਹੁਣ ਤਾਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਮਲੇਰਕੋਟਲਾ ਵਿਖੇ 66 ਫੁੱਟ ਉੱਚੇ ਖੰਡੇ ਵਿਚ ਤੋਪ ਗੋਲਿਆਂ ਦੀਆਂ 66 ਮੋਰੀਆਂ ਬਣਾ ਕੇ ਇਸ ਲਾਸਾਨੀ ਸ਼ਹਾਦਤ ਦੀ ਯਾਦਗਾਰ ਵੀ ਬਣ ਚੁੱਕੀ ਹੈ।

ਸੰਚਾਰ ਮਾਧਿਅਮ ਦਾ ਮਾਹਿਰ
ਅੱਜ ਦੇ ਦਿਨ ਨੇ ਮੈਨੂੰ ਆਪਣੇ ਮਿੱਤਰ ਤਰਲੋਚਨ ਸਿੰਘ ਦੀ ਸੋਚ ਤੇ ਪਹੰੁਚ ਵੀ ਚੇਤੇ ਕਰਵਾ ਦਿੱਤੀ ਹੈ, ਜਿਹੜਾ ਅਜਿਹੇ ਲਾਸਾਨੀ, ਅਮਲਾਂ ਨੂੰ ਜੀਵਤ ਰੱਖਣ ਲਈ ਸਦਾ ਯਤਨਸ਼ੀਲ ਰਹਿੰਦਾ ਹੈ। ਉਸ ਦੀ ਧਾਰਨਾ ਹੈ ਕਿ ਅਜਿਹੇ ਸਾਕੇ ਸਕੂਲਾਂ ਤੇ ਕਾਲਜਾਂ ਦੇ ਪਾਠਕ੍ਰਮ ਦਾ ਹਿੱਸਾ ਹੋਣੇ ਚਾਹੀਦੇ ਹਨ। ਜੇ ਅਜਿਹੀਆਂ ਕੁਰਬਾਨੀਆਂ ਦਾ ਮਾਣ ਨਾ ਕੀਤਾ ਗਿਆ ਤਾਂ ਆਉਣ ਵਾਲੀ ਪੀੜ੍ਹੀ ਸ਼ਹੀਦਾਂ ਦੀ ਦੇਣ ਨੂੰ ਭੁੱਲ ਜਾਵੇਗੀ।
ਮੈਨੂੰ ਉਹ ਦਿਨ ਵੀ ਚੇਤੇ ਹੈ ਜਦੋਂ ਭਾਜਪਾ ਦੇ ਮੰਨੇ-ਪ੍ਰਮੰਨੇ ਆਗੂ ਅਟਲ ਬਿਹਾਰੀ ਵਾਜਪਾਈ ਨੂੰ ਤਰਲੋਚਨ ਸਿੰਘ ਮਲੇਰਕੋਟਲਾ ਦੀ ਧਰਤੀ ਵਿਖਾਉਣ ਗਿਆ ਸੀ। ਉਥੇ ਵਾਜਪਾਈ ਜੀ ਦੇਸ਼ ਦੇ ਸੱਚੇ ਸਪੂਤ ਵਜੋਂ ਸਾਰੇ ਸਿੱਖ ਜਗਤ, ਖਾਸ ਕਰਕੇ ਨਾਮਧਾਰੀ ਜਗਤ ਨੂੰ ਨਤਮਸਤਕ ਹੋਏ ਸਨ। ਤਰਲੋਚਨ ਸਿੰਘ ਸੰਚਾਰ ਮਾਧਿਅਮ ਦਾ ਏਨਾ ਮਾਹਿਰ ਹੈ ਕਿ ਗਿਆਨੀ ਜ਼ੈਲ ਸਿੰਘ ਨੇ 1972 ਤੋਂ 1995 ਤਕ ਉਸ ਨੂੰ ਆਪਣੇ ਅੰਗ-ਸੰਗ ਰੱਖਿਆ। ਚੰਡੀਗੜ੍ਹ ਤੋਂ ਰਾਸ਼ਟਰਪਤੀ ਭਵਨ ਤਕ।
ਅਜੋਕੀ ਸਰਕਾਰ ਨੇ ਤਰਲੋਚਨ ਸਿੰਘ ਨੂੰ ਪਦਮ ਭੂਸ਼ਣ ਸਨਮਾਨ ਨਾਲ ਨਿਵਾਜ਼ ਕੇ ਉਸ ਦੀ ਸੋਚ ਨੂੰ ਸਨਮਾਨਿਆ ਹੈ। ਮੇਰੇ ਮਿੱਤਰਾਂ ਵਿਚੋਂ ਇਹ ਵਾਲਾ ਸਨਮਾਨ ਇਸ ਤੋਂ ਪਹਿਲਾਂ ਕੇਵਲ ਖੁਸ਼ਵੰਤ ਸਿੰਘ, ਕਰਤਾਰ ਸਿੰਘ ਦੁੱਗਲ ਤੇ ਬਰਜਿੰਦਰ ਸਿੰਘ ਹਮਦਰਦ ਨੂੰ ਪ੍ਰਾਪਤ ਹੋਇਆ ਹੈ।

ਅੰਤਿਕਾ
ਰਘਵੀਰ ਸਿੰਘ ਟੇਰਕਿਆਣਾ
ਵੀਹ ਸੌ ਇੱਕੀ ਜਾ ਹੁਣ ਏਥੋਂ ਆਪਣੇ ਰਾਹੇ ਪੈ ਜਾ,
ਓਮੀਕਰੋਨ ਤੇ ਕਰੋਨਾ ਨੂੰ ਤੰੂ ਆਪਣੇ ਨਾਲ ਲੈ ਜਾ,
ਜਾਂਦਾ ਹੋਇਆ ਇਕ ਰਾਤ ਭਾਵੇਂ ਰਾਜਧਾਨੀ ਵਿਚ ਰਹਿ ਜਾ,
ਬੰਦੇ ਦੇ ਪੁੱਤ ਬਣੋ ਹਾਕਮੋ ਇਹ ਗੱਲ ਕੰਨ ’ਚ ਕਹਿ ਜਾ।