ਜੇ ਗੁੱਡੀਏ ਤੂੰ ਮਰਨਾ ਸੀ

ਜਗਮੀਤ ਸਿੰਘ ਪੰਧੇਰ ਦੀ ਕਹਾਣੀ ‘ਜੇ ਗੁੱਡੀਏ ਤੂੰ ਮਰਨਾ ਸੀ’ ਰਿਸ਼ਤਿਆਂ ਉਤੇ ਭਾਰੂ ਪੈਂਦੀ ਤਮ੍ਹਾਂ ਨੂੰ ਉਘਾੜ ਕੇ ਪੇਸ਼ ਕਰਦੀ ਹੈ ਅਤੇ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸੀਂ ਕਿਹੋ-ਜਿਹੇ ਸਮਾਜ ਅੰਦਰ ਜੀ ਰਹੇ ਹਾਂ। ਸਾਡੇ ਆਲੇ-ਦੁਆਲੇ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਇਹ ਘਟਨਾਵਾਂ ਸ਼ਾਇਦ ਬੇਗਾਨੇ ਘਰਾਂ ਵਿਚ ਵਾਪਰਦੀਆਂ ਹੋਣ ਕਰਕੇ ਸਾਨੂੰ ਬਹੁਤਾ ਤੰਗ ਨਹੀਂ ਕਰਦੀਆਂ। ਇਸੇ ਕਰਕੇ ਇਹ ਸਿਲਸਿਲਾ ਲਗਾਤਾਰ ਚੱਲੀ ਜਾਂਦਾ ਹੈ।

ਜਗਮੀਤ ਸਿੰਘ ਪੰਧੇਰ (ਲੁਧਿਆਣਾ)
ਫੋਨ: +91-98783-37222

ਮੈਲੇ-ਕੁਚੈਲੇ ਕੱਪੜੇ ਪਾਈ ਬੱਲੀ ਬਾਬਾ ਸਾਰੀ ਦਿਹਾੜੀ ਪਿੰਡ ਦੇ ਦਰਵਾਜ਼ੇ ਦੇ ਪੁਰਾਣੇ ਬਰੂਟੇ ਨਾਲ ਢੋਹ ਲਾ ਕੇ ਚੁੱਪ-ਚਾਪ ਬੈਠਾ ਉਂਗਲੀਆਂ ਦੀਆਂ ਗੱਠਾਂ ਭੰਨਦਾ ਰਹਿੰਦਾ। ਜੇ ਕੋਈ ਉਸ ਨੂੰ ਬੁਲਾਉਂਦਾ ਤਾਂ ਉਹਦੇ ਵੱਲ ਦੇਖ ਛਡਦਾ ਪਰ ਕੋਈ ਹੁੰਗਾਰਾ ਨਾ ਭਰਦਾ ਪਰ ਜਦੋਂ ਕਦੇ ਨਿੱਕੀਆਂ-ਨਿੱਕੀਆਂ ਕੁੜੀਆਂ ਉਸ ਕੋਲੋਂ ਲੰਘਦੀਆਂ ਤਾਂ ਉਹ ਝੱਟ ਉਨ੍ਹਾਂ ਵੱਲ ਝਾਕਦਾ ਤੇ ਪੁੱਛਦਾ, “ਕੁੜੇ ਨਿੱਕੀਓ, ਐਧਰ ਕਿਤੇ ਸਾਡੀ ਪਾਲੋ ਨੀ ਦੇਖੀ?” ਕੁੜੀਆਂ ਦੇ ਕੁਝ ਪੱਲੇ ਤਾਂ ਨਾ ਪੈਂਦਾ ਪਰ ਉਹ ਡਰਦੀਆਂ ਹਮੇਸ਼ਾ ਇਹ ਕਹਿ ਕੇ ਭੱਜ ਜਾਂਦੀਆਂ, “ਨਹੀਂ ਬਾਬਾ, ਅਸੀਂ ਨੀ ਦੇਖੀ।” ਉਹ ਦੁਖੀ ਹੋ ਕੇ ਚੁੱਪ ਵੱਟ ਲੈਂਦਾ ਤੇ ਬਰੋਟੇ ਨਾਲ ਟੇਢਾ ਜਿਹਾ ਹੋ ਜਾਂਦਾ। ਨੇੜੇ ਬੈਠੇ ਬੰਦੇ ਤਾਸ਼ ਖੇਡਦੇ ਰੌਲਾ ਪਾਈ ਜਾਂਦੇ ਤੇ ਕਈ ਵਾਰ ਗਾਲ੍ਹਾਂ ਵੀ ਕੱਢੀ ਜਾਂਦੇ ਪਰ ਜਦ ਕਿਸੇ ਮੂੰਹੋਂ ਭੈਣ ਦੀ ਗਾਲ੍ਹ ਨਿੱਕਲ ਜਾਂਦੀ ਤਾਂ ਉਹ ਅੱਭੜਵਾਹੇ ਅੱਖਾਂ ਕੱਢ ਕੇ, ਪੂਰੇ ਹਰਖ ਨਾਲ ਉਚੀ ਆਵਾਜ਼ ‘ਚ “ਓਏ…ਤੂੰ…” ਆਖਦਾ ਤੇ ਫੇਰ ਚੁੱਪ ਕਰ ਜਾਂਦਾ। ਗਾਲ੍ਹ ਕੱਢਣ ਵਾਲਾ ਉਸ ਦੇ ਤੇਵਰ ਦੇਖ ਕੇ ਚੁੱਪ ਕਰਕੇ ਪੱਤੇ ਫਰੋਲਣ ਲੱਗ ਜਾਂਦਾ।
ਸਾਉਣ ਵੀ ਲੰਘ ਚੱਲਿਆ ਸੀ ਪਰ ਬੱਦਲ ਦਾ ਕੋਈ ਫੰਬਾ ਵੀ ਕਿਧਰੇ ਦਿਖਾਈ ਨਹੀਂ ਸੀ ਦਿੱਤਾ। ਜੱਗ ਵੀ ਕੀਤਾ ਪਰ ਇੰਦਰ ਦੇਵਤਾ ਫੇਰ ਵੀ ਨਾ ਤਰੁੱਠਿਆ। ਇੱਕ ਦਿਨ ਕੁੜੀਆਂ ਨੇ ਰਲ-ਮਿਲ ਕੇ ਗੁੱਡੀ ਫੂਕਣ ਦੀ ਤਿਆਰੀ ਕਰ ਲਈ। ਮਿੱਠੀਆਂ ਰੋਟੀਆਂ ਤੇ ਗੁਲਗਲੇ ਪਕਾ ਕੇ, ਲੀਰਾਂ ਦੀ ਸੋਹਣੀ ਜਿਹੀ ਗੁੱਡੀ ਬਣਾ ਲਈ ਤੇ ਵੈਣ ਪਾਉਂਦੀਆਂ ਉਸ ਨੂੰ ਫੂਕਣ ਤੁਰ ਪਈਆਂ। ਜਦ ਉਹ ਦਰਵਾਜ਼ੇ ਕੋਲੋਂ ਲੰਘਣ ਲੱਗੀਆਂ ਤਾਂ ਬੱਲੀ ਬਾਬਾ ਪੁਛਣ ਲੱਗਾ, “ਕੌਣ ਮਰ ਗਿਆ ਨਿੱਕੀਓ? ਕੀਹਦੇ ਵੈਣ ਪਾਉਨੀਓਂ?” ਕੁੜੀਆਂ ਪਹਿਲਾਂ ਤਾਂ ਇੱਕ ਦਮ ਠਠੰਬਰ ਗਈਆਂ ਪਰ ਇੱਕ ਕੁੜੀ ਮੂਹਰੇ ਹੋ ਗਈ, “ਕੋਈ ਨੀ ਮਰਿਆ ਬਾਬਾ, ਅਸੀਂ ਤਾਂ ਗੁੱਡੀ ਫੂਕਣ ਚੱਲੀਆਂ।”
“ਨਾ ਇਹ ਮਰ ਗੀ?…ਕਿ…ਇਹਨੂੰ ਜਿਉਂਦੀ ਨੂੰ ਈ ਫੂਕ ਦਿਉਂਗੀਆਂ?…ਨਾ ਨਾ ਪੁੱਤ ਇਉਂ ਨਾ ਕਰਿਓ” ਉਹਨੇ ਹੱਥ ਬੰਨ੍ਹ ਕੇ ਤਰਲਾ ਜਿਹਾ ਕੀਤਾ।
“ਓ ਨਹੀਂ ਬਾਬਾ, ਇਹ ਤਾਂ ਲੀਰਾਂ ਦੀ ਐ। ਮੀਂਹ ਪਵਾਉਣ ਖਾਤਰ ਫੂਕਣ ਚੱਲੀਆਂ ਆਂ।” ਇੱਕ ਸਿਆਣੀ ਕੁੜੀ ਨੇ ਉਚੀ ਆਵਾਜ਼ ‘ਚ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਅੱਛਾ…ਅੱਛਾ, ਮੈਂ ਤਾਂ ਸਮਝਿਆ…। ਨਾ ਫੇਰ ਇਹਨੂੰ ਫੂਕੇ ਤੋਂ ਮੀਂਹ ਪੈ ਜੂ‘ਗਾ?” ਉਸ ਦੀ ਗੱਲ ਸੁਣ ਕੇ ਡਰੀਆਂ ਹੋਈਆਂ ਕੁੜੀਆਂ ਵੀ ਕੁਝ ਨੇੜੇ ਨੂੰ ਹੋ ਗਈਆਂ।
“ਕਹਿੰਦੇ ਨੇ ਬਈ ਪੈ ਜਾਂਦੈ।” ਇੱਕ ਕੁੜੀ ਨੇ ਕਿਹਾ।
“ਸਭ ਝੂਠ…ਗੱਪ…ਐਵੇਂ ਕੁਫਰ…ਜਦੋਂ ਸਾਡੀ ਪਾਲੋ ਜਿਉਂਦੀ-ਜਾਗਦੀ ਜਾਲ’ਤੀ ਸੀ, ਉਦੋਂ ਤਾਂ ਪਿਆ ਨੀ? ਉਦੋਂ ਤਾਂ ਕਿਸੇ ਦੇਵਤੇ ਨੂੰ ਤਰਸ ਨੀ ਆਇਆ, ਹੁਣ ਲੀਰਾਂ ਜਾਲ ਕੇ ਕਿਵੇਂ…?” ਉਹ ਉਚੀ ਉਚੀ ਹੱਸਣ ਤੇ ਫੇਰ ਧਾਹਾਂ ਮਾਰਨ ਲੱਗ ਪਿਆ। ਤਾਸ਼ ਖੇਡਦੇ ਬੰਦਿਆਂ ਨੇ ਉਸ ਨੂੰ ਫੜ ਕੇ ਥੜ੍ਹੇ ‘ਤੇ ਲੈ ਆਂਦਾ ਤੇ ਕੁੜੀਆਂ ਨੂੰ ਚਲੇ ਜਾਣ ਦਾ ਇਸ਼ਾਰਾ ਕਰ ਦਿੱਤਾ। ਕੁੜੀਆਂ ਚੁੱਪ ਕਰਕੇ ਤੁਰੀਆਂ ਗਈਆਂ ਤੇ ਅੱਗੇ ਜਾ ਕੇ ਫੇਰ ਵੈਣ ਪਾਉਣ ਲੱਗ ਪਈਆਂ ਤੇ ਗੁੱਡੀ ਫੂਕ ਕੇ ਮਿੱਠੀਆਂ ਰੋਟੀਆਂ ਤੇ ਗੁਲਗਲੇ ਖਾ ਕੇ ਘਰਾਂ ਨੂੰ ਪਰਤ ਗਈਆਂ। ਮੀਂਹ ਤਾਂ ਨਹੀਂ ਪਿਆ ਪਰ ਅੱਜ ਸੱਥ ਵਿਚ ਲੱਗਭਗ ਵੀਹ ਸਾਲ ਪਹਿਲਾਂ ਸ਼ੁਰੂ ਹੋਈ ਭਿਆਨਕ ਕਹਾਣੀ ਸ਼ੁਰੂ ਹੋ ਗਈ। ਉਦੋਂ ਇਹ ਦਰਵੇਸ਼ ਬੱਲੀ ਬਾਬਾ ਨਹੀਂ ਸਗੋਂ ਬਲਦੇਵ ਜਾਂ ਸਿਰਫ ਬੱਲੀ ਹੀ ਸੀ। ਵਕਤ ਪਿੱਛੇ ਮੁੜ ਗਿਆ।
ਭਿਆਨਕ ਸੜਕ ਹਾਦਸੇ ਨੇ ਨਿਗਲੇ ਬਾਪੂ ਤੇ ਬੇਬੇ ਦੀਆਂ ਵਿਹੜੇ ਵਿਚ ਰੱਖੀਆਂ ਲਾਸ਼ਾਂ ਦੇ ਵਿਚਕਾਰ ਹਾਲੋਂ-ਬੇਹਾਲ ਹੋਇਆ ਚੀਕਾਂ ਮਾਰਦਾ ਨਿੱਕਾ ਜਿਹਾ ਬੱਲੀ ਅਤੇ ਭੂਆ ਦੇ ਗੋਡੇ ਨੂੰ ਚਿੰਬੜੀ ਹੋਈ ਡੌਰ-ਭੌਰ ਹੋਈ ਬੇਸਮਝ ਪਾਲੋ ਮਾਪਿਆਂ ਵਾਹਰੇ ਹੋ ਗਏ ਸਨ। ਬੱਲੀ ਰਿਸ਼ਤੇਦਾਰਾਂ ਤੇ ਆਂਢੀਆਂ-ਗੁਆਂਢੀਆਂ ਵਿਚ ਘਿਰਿਆ ਬੈਠਾ ਸੀ। ਹਰ ਕੋਈ ਉਸ ਨੂੰ ਦਿਲਾਸਾ ਦੇ ਰਿਹਾ ਸੀ। ਐਨਾ ਇਕੱਠ ਹੋਣ ਦੇ ਬਾਵਜੂਦ ਉਸ ਨੂੰ ਆਪਣਾ ਘਰ ਖਾਲੀ ਹੋ ਗਿਆ ਲਗਦਾ ਸੀ। ਉਹ ਤਾਂ ਬੱਸ ਆਲੇ-ਦੁਆਲੇ ਤੋਂ ਆ ਰਹੀਆਂ ਹਦਾਇਤਾਂ ਦੀ ਪੁਤਲੀ ਵਾਂਗ ਪਾਲਣਾ ਕਰੀ ਜਾ ਰਿਹਾ ਸੀ। ਸਸਕਾਰ ਦੀ ਤਿਆਰੀ ਹੋ ਗਈ। ਜਦੋਂ ਚਿਣੀਆਂ ਲੱਕੜਾਂ ‘ਤੇ ਰੱਖੀਆਂ ਲਾਸ਼ਾਂ ਨੂੰ ਅਗਨੀ ਦੇਣ ਲਈ ਉਸ ਨੂੰ ਮੂਹਰੇ ਕੀਤਾ ਤਾਂ ਉਸ ਦੀਆਂ ਚੀਕਾਂ ਨਿੱਕਲ ਗਈਆਂ, “ਓਏ ਨਾ ਓਏ, ਹਾਏ ਓਏ, ਇਹ ਤਾਂ ਮੱਚ ਜਾਣਗੇ।” ਭੋਲੀ ਜਿਹੀ ਅਵਾਜ਼ ਨੇ ਸਾਰੇ ਇਕੱਠ ਨੂੰ ਬੇਹੱਦ ਭਾਵੁਕ ਕਰ ਦਿੱਤਾ ਪਰ ਰਸਮਾਂ ਤਾਂ ਰਸਮਾਂ ਨੇ, ਨਿਭਾਉਣੀਆਂ ਸੀ, ਨਿਭਦੀਆਂ ਗਈਆਂ।
ਭੋਗ ਤੱਕ ਤਾਂ ਆਂਢ-ਗੁਆਂਢ, ਸ਼ਰੀਕੇ-ਕਬੀਲੇ ਤੇ ਰਿਸ਼ਤੇਦਾਰਾਂ ਦੇ ਆਉਣ-ਜਾਣ ਨੇ ਬੱਲੀ ਨੂੰ ਕੁਝ ਢਾਰਸ ਦੇਈ ਰੱਖੀ ਪਰ ਭੋਗ ਤੋਂ ਬਾਅਦ ਹਰ ਕੋਈ ਇਹ ਸਿੱਖਿਆ ਦਿੰਦੇ ਤੁਰ ਗਿਆ, “ਲੈ ਭਾਈ ਬਲਦੇਵ ਸਿਆਂ, ਹੁਣ ਵੱਡੀ ਜ਼ਿੰਮੇਵਾਰੀ ਆ ਪਈ ਐ ਤੇਰੇ ‘ਤੇ, ਸਿਆਣਾ ਬਣੀਂ। ਜੁਆਕੜੀ ਵੀ ਪਾਲਣੀ ਐ।” ਉਸ ਨੂੰ ਅਹਿਸਾਸ ਹੋ ਗਿਆ ਕਿ ਸੱਚਮੁੱਚ ਹੀ ਹੁਣ ਵੱਡੀ ਜ਼ਿੰਮੇਵਾਰੀ ਆ ਪਈ ਹੈ। ਆਪਣੇ ਬਸਤੇ ਵਿਚੋਂ ਤੀਜੀ ਵਾਲੀਆਂ ਕਿਤਾਬਾਂ ਕੱਢ ਕੇ ਪਹਿਲੀ ਵਾਲਾ ਕੈਦਾ ਪਾ ਦਿੱਤਾ। ਪਹਿਲੇ ਦਿਨ ਪਾਲੋ ਨੂੰ ਉਂਗਲ ਫੜ ਜਦ ਉਹ ਸਕੂਲ ਲੈ ਕੇ ਗਿਆ ਤਾਂ ਆਪਣੇ ਜਮਾਤੀਆਂ ਤੋਂ ਨਜ਼ਰ ਬਚਾਉਂਦੇ ਹੋਏ ਸਿੱਧਾ ਅਧਿਆਪਕਾਂ ਵੱਲ ਹੋ ਗਿਆ।
“ਆ ਬਈ ਬਲਦੇਵ, ਬੜੀ ਮਾੜੀ ਹੋਈ।” ਇੱਕ ਅਧਿਆਪਕ ਨੇ ਹਮਦਰਦੀ ਜ਼ਾਹਿਰ ਕੀਤੀ। ਬੱਲੀ ਤੋਂ ਕੁਝ ਵੀ ਬੋਲ ਨਾ ਹੋਇਆ, ਬੱਸ ਸਿਰ ਹਿਲਾ ਕੇ ਨੀਵੀਂ ਪਾ ਲਈ।
“ਹੁਣ ਫੇਰ ਇਹਨੂੰ ਵੀ ਦਾਖਲ ਕਰਾਉਣ ਅਇਐਂ?”
“ਜੀ…ਹਾਂ।” ਬੱਲੀ ਦੇ ਮੂਹੋਂ ਮਸਾਂ ਨਿੱਕਲਿਆ।
“ਦੇਖ ਬਲਦੇਵ, ਇਹਨੂੰ ਤਾਂ ਦਾਖਲ ਕਰ ਹੀ ਲੈਨੇ ਆਂ, ਤੂੰ ਵੀ ਸਕੂਲ ਆਇਆ ਕਰ। ਅਸੀਂ ਤੇਰਾ ਨਾਂ ਨੀ ਕੱਟਿਆ। ਘੱਟੋ-ਘੱਟ ਅੱਠ ਜਮਾਤਾਂ ਤਾਂ ਇਥੇ ਪਿੰਡ ਈ ਹੋ ਜਾਣੀਆਂ ਨੇ।” ਅਧਿਆਪਕ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਬੱਸ ਜੀ ਹੁਣ…ਕਿੱਥੇ…।” ਬੱਲੀ ਨੇ ਅੱਖਾਂ ਭਰ ਲਈਆਂ। ਦਾਖਲੇ ਵਾਲੇ ਫਾਰਮ ‘ਤੇ ਦਸਤਖਤ ਕਰ ਕੇ ਉਹ ਡਰੀ ਖੜ੍ਹੀ ਪਾਲੋ ਦੇ ਕੰਨ ਵਿਚ ਕੁਝ ਕਹਿ ਕੇ ਜਲਦੀ ਨਾਲ ਸਕੂਲੋਂ ਬਾਹਰ ਹੋ ਗਿਆ। ਬੱਸ ਫੇਰ ਪਾਲੋ ਨੂੰ ਖੁਆ ਪਿਆ ਕੇ ਉਂਗਲ ਲਾ ਸਕੂਲ ਛੱਡਣਾ ਅਤੇ ਛੁੱਟੀ ਵੇਲੇ ਉਸ ਨੂੰ ਲੈ ਕੇ ਆਉਣਾ, ਉਸ ਦਾ ਨਿੱਤ-ਨੇਮ ਬਣ ਗਿਆ। ਦਿਨ ਮਹੀਨੇ ਸਾਲ ਬੀਤਦੇ ਗਏ, ਬੱਲੀ ਉਡਾਰ ਹੋਣ ਦੇ ਨਾਲ-ਨਾਲ ਹੋਰ ਸਿਆਣਾ ਤੇ ਜ਼ਿੰਮੇਵਾਰ ਹੁੰਦਾ ਗਿਆ। ਮਾਮਾ-ਭੂਆ ਵੀ ਸਹਾਰਾ ਦਿੰਦੇ ਰਹੇ। ਹੌਲੀ-ਹੌਲੀ ਘਰ ਅਤੇ ਖੇਤ, ਦੋਹਾਂ ਦਾ ਜ਼ਿੰਮਾ ਬੱਲੀ ਨੇ ਪੂਰੀ ਤਰ੍ਹਾਂ ਸਾਂਭ ਲਿਆ। ਉਸ ਨੂੰ ਚੌਵੀ ਘੰਟੇ ਪਾਲੋ ਦਾ ਫਿਕਰ ਰਹਿੰਦਾ। ਕਿਸੇ ਗੱਲੋਂ ਵੀ ਪਾਲੋ ਨੂੰ ਕੋਈ ਘਾਟ ਮਹਿਸੂਸ ਨਾ ਹੋਣ ਦਿੱਤੀ। ਆਪਣਾ ਭਰਿਆ ਮਨ ਅੰਦਰ ਵੜ ਕੇ ਹੌਲਾ ਕਰ ਲੈਂਦਾ ਪਰ ਪਾਲੋ ਨੂੰ ਕਦੇ ਬੇਬੇ-ਬਾਪੂ ਦਾ ਚੇਤਾ ਨਾ ਆਉਣ ਦਿੰਦਾ। ਬੱਲੀ ਭਾਵੇਂ ਉਸ ਨੂੰ ਕੰਮ ਕਰਨੋਂ ਵਰਜਦਾ, ਫੇਰ ਵੀ ਪਾਲੋ ਘਰ ਦੇ ਨਿੱਕੇ ਮੋਟੇ ਕੰਮਾਂ ਨੂੰ ਹੱਥ ਪਾਉਣ ਲੱਗ ਪਈ। ਭਰਾ ਦੇ ਘਰ ਆਉਣ ਤੋਂ ਪਹਿਲਾਂ-ਪਹਿਲਾਂ ਛੋਟੇ-ਮੋਟੇ ਕਈ ਕੰਮ ਨਿਪਟਾ ਛੱਡਦੀ। ਉਹ ਉਸ ਨਾਲ ਗੁੱਸੇ ਤਾਂ ਹੁੰਦਾ ਪਰ ਅੰਦਰੋਂ-ਅੰਦਰੀ ਖੁਸ਼ ਵੀ ਹੁੰਦਾ। ਨਿੱਕੀ ਭੈਣ ਜ਼ਿੰਮੇਵਾਰੀਆਂ ਸੰਭਾਲਦੀ ਉਸ ਨੂੰ ਚੰਗੀ ਲਗਦੀ। ਪਾਲੋ ਨੇ ਅੱਠਵੀਂ ਪਾਸ ਕਰ ਲਈ, ਨੌਵੀਂ ਵਿਚ ਲਾਗਲੇ ਪਿੰਡ ਜਾਣਾ ਪੈਣਾ ਸੀ। ਬੱਲੀ ਪਾਲੋ ਨੂੰ ਬਿਗਾਨੇ ਪਿੰਡ ਪੜ੍ਹਨ ਭੇਜਣ ਤੋਂ ਡਰਦਾ ਸੀ। ਪਾਲੋ ਵੀ ਉਸ ਦਾ ਮਨ ਸਮਝਦੀ ਹੋਈ ਆਪਣੇ ਵੀਰ ‘ਤੇ ਕਿਸੇ ਕਿਸਮ ਦਾ ਬੋਝ ਨਹੀਂ ਸੀ ਪਾਉਣਾ ਚਾਹੁੰਦੀ। ਵਕਤ ਨੇ ਉਮਰੋਂ ਵੱਧ ਪਾਲੋ ਨੂੰ ਸਿਆਣੇ ਬਣਾ ਦਿੱਤਾ। ਥੋੜ੍ਹੇ ਹੀ ਅਰਸੇ ਵਿਚ ਉਸ ਨੇ ਤਾਂ ਘਰ ਦੀ ਨੁਹਾਰ ਹੀ ਬਦਲ ਦਿੱਤੀ। ਭਰਾ, ਭੈਣ ਦੀ ਕਿਸੇ ਮੰਗ ਨੂੰ ਅਣਗੌਲਿਆ ਨਹੀਂ ਸੀ ਕਰਦਾ। ਖੇਤੀ ਭਾਵੇਂ ਥੋੜ੍ਹੀ ਸੀ ਪਰ ਬੱਲੀ ਦੀ ਸਿਆਣਪ ਅਤੇ ਮਿਹਨਤ ਸਦਕਾ ਚੰਗਾ ਗੁਜ਼ਾਰਾ ਹੋਣ ਲੱਗ ਪਿਆ ਸੀ।
ਇੱਕ ਦਿਨ ਬੱਲੀ ਦੇ ਮਾਮੇ ਨੇ ਉਸ ਨਾਲ ਗੱਲ ਚਲਾਈ, “ਕਿਉਂ ਭਾਣਜੇ, ਆਪਾਂ ਹੁਣ ਤੇਰਾ ਵਿਆਹ-ਵਿਊ ਈ ਨਾ ਕਰ ਲੀਏ?”
“ਨਹੀਂ ਮਾਮਾ ਹਾਲੇ ਕਿੱਥੇ? ਪਹਿਲਾਂ ਆਪਾਂ ਪਾਲੋ ਦਾ ਵਿਆਹ ਕਰਾਂਗੇ, ਫੇਰ ਦੇਖੀ ਜਾਊ।”
“ਚੱਲ ਫੇਰ ਆਪਾਂ ਪਾਲੋ ਵਾਸਤੇ ਈ ਕੋਈ ਥਾਂ ਦੇਖ ਲੈਨੇ ਆਂ?” ਮਾਮੇ ਨੇ ਸਲਾਹ ਦਿੱਤੀ।
“ਪਰ ਮਾਮਾ, ਉਹ ਤਾਂ ਹਾਲੇ ਬਹੁਤੀ ਨਿਆਣੀ ਐ। ਹਾਲੇ ਉਹਨੂੰ ਕਿਹੜੀ ਅਕਲ ਐ ਵਿਆਹ ਦੀ?”
“ਨਹੀਂ ਭਾਣਜੇ, ਕੁੜੀਆਂ ਜਿੰਨਾ ਛੇਤੀ ਆਵਦੇ ਘਰ ਜਾਣ, ਓਨਾ ਈ ਚੰਗਾ ਹੁੰਦੈ, ਚਿੰਤਾ ਮੁੱਕਦੀ ਐ। ਨਾਲੇ ਸੁੱਖ ਨਾਲ ਉਨੀ-ਵੀਹ ਦੀ ਤਾਂ ਹੋ ਈ ਗਈ ਆ।” ਮਾਮੇ ਨੇ ਸਮਝਾਇਆ।
“ਚੱਲ ਠੀਕ ਐ ਮਾਮਾ, ਜਿਮੇਂ ਤੇਰੀ ਮਰਜ਼ੀ ਪਰ ਸਾਰਾ ਕੁਸ ਤੂੰ ਹੀ ਕਰਨਾ।” ਬੱਲੀ ਨੂੰ ਮਾਮੇ ਦੀ ਗੱਲ ਜਚ ਗਈ ਸੀ।
“ਓਏ ਤੂੰ ਚਿੰਤਾ ਨਾ ਕਰ ਭਾਣਜੇ। ਆਪਾਂ ਰਲ-ਮਿਲ ਕੇ ਸਭ ਕੁਸ ਕਰ ਲਾਂ‘ਗੇ। ਸਾਡੇ ਨਾਲ ਦੇ ਪਿੰਡ ਇੱਕ ਮੁੰਡੇ ਦੀ ਦੱਸ ਪਈ ਸੀ ਕੇਰਾਂ। ਉਹਦਾ ਪਤਾ ਕਰਦੇ ਆਂ। ਕੱਲਾ ਮੁੰਡੈ, ਜ਼ਮੀਨ ਜਾਇਦਾਦ ਵੀ ਤਕੜੀ ਐ। ਜੇ ਬਹੁਤਾ ਮੂੰਹ ਨਾ ਅੱਡਣ?”
“ਕੋਈ ਨਾ ਮਾਮਾ, ਜੇ ਕੋਈ ਮੰਗ ਵੀ ਹੋਊ ਤਾਂ ਆਪਾਂ ਪੂਰੀ ਕਰ ਦਾਂ’ਗੇ। ਬੱਸ ਬੰਦੇ ਚੰਗੇ ਹੋਣ। ਪਾਲੋ ਸੁਖੀ ਵਸੇ, ਖਰਚ ਦਾ ਕੀ ਐ, ਆਪਾਂ ਕਰ ਦਿਆਂਗੇ।”
ਮਾਮਾ ਤਾਂ ਸਲਾਹ ਕਰ ਕੇ ਚਲਿਆ ਗਿਆ ਪਰ ਬੱਲੀ ਦਾ ਮਨ ਉਚਾਟ ਜਿਹਾ ਹੋ ਗਿਆ।
“ਕਿਉਂ ਬਾਈ, ਅੱਜ ਸੁਸਤ ਜਿਹਾ ਕਿਉਂ ਐਂ?” ਪਾਲੋ ਨੇ ਅਚਾਨਕ ਪੁੱਛ ਲਿਆ।
“ਨਹੀਂ ਨਹੀਂ, ਤੈਨੂੰ ਐਵੇਂ ਈ ਲੱਗਿਆ, ਮੈਂ ਤਾਂ ਠੀਕ-ਠਾਕ ਆਂ, ਜਾਹ ਤੂੰ ਰੋਟੀ ਲੈ ਕੇ ਆ।” ਗੱਲ ਟਾਲ ਕੇ, ਕੁਝ ਸੰਭਲਦਾ ਹੋਇਆ ਬੱਲੀ ਝੱਟ ਬੋਲਿਆ।
ਪਾਲੋ ਭਾਵੇਂ ਕੁਝ ਨਾ ਬੋਲੀ ਪਰ ਉਸ ਨੂੰ ਫਿਕਰ ਜਿਹਾ ਹੋ ਗਿਆ। ਪਾਲੋ ਜਦ ਰੋਟੀ ਲੈ ਕੇ ਆਈ ਤਾਂ ਉਸ ਬੱਲੀ ਨੂੰ ਫੇਰ ਪੁੱਛਿਆ, “ਬਾਈ ਤੂੰ ਦੱਸ ਨਾ ਦੱਸ, ਅੱਜ ਕੋਈ ਗੱਲ ਜ਼ਰੂਰ ਐ।”
“ਗੱਲ ਨੂੰ ਕੀ ਐ। ਬਹਿ ਜਾ, ਸੁਣ ਲੈ। ਮਾਮਾ ਅੱਜ ਤੇਰੇ ਵਿਆਹ ਦੀ ਗੱਲ ਚਲਾਉਂਦਾ ਸੀ।” ਅੱਖਾਂ ਭਰ ਕੇ ਬੱਲੀ ਮਸਾਂ ਬੋਲਿਆ।
“ਹੈਂਅ…ਨਾ ਬਾਈ ਨਾ, ਪਹਿਲਾਂ ਆਪਾਂ ਭਾਬੀ ਲੈ ਕੇ ਆਵਾਂਗੇ, ਫੇਰ ਦੇਖੀ ਜਾਊਗੀ।” ਪਾਲੋ ਲਾਡ ਨਾਲ ਬੱਲੀ ਦੇ ਸਿਰ ਤੇ ਹੱਥ ਮਾਰ ਕੇ ਚਲੀ ਗਈ।
ਬੱਲੀ ਉਸ ਵੱਲ ਦੇਖਦਾ ਹੋਇਆ ਸੋਚਾਂ ਵਿਚ ਡੁੱਬ ਗਿਆ। ਅੱਜ ਵੱਡੀ ਰਾਤ ਤੱਕ ਉਸ ਦੀ ਅੱਖ ਨਾ ਲੱਗੀ।
ਹਫਤੇ ਕੁ ਪਿੱਛੋਂ ਮਾਮਾ ਮੁੰਡੇ ਵਾਲਿਆਂ ਦਾ ਪਤਾ-ਸੁਤਾ ਕਰ ਕੇ ਫੇਰ ਆ ਗਿਆ। ਉਹ ਗੱਲ ਲੱਗਭੱਗ ਪੱਕੀ ਹੀ ਕਰ ਅਇਆ ਸੀ, ਫੇਰ ਵੀ ਉਸ ਨੇ ਬੱਲੀ ਨਾਲ ਸਲਾਹ ਕਰਨੀ ਜ਼ਰੂਰੀ ਸਮਝੀ। ਉਸ ਨੇ ਗੱਲ ਛੇੜੀ ਤਾਂ ਬੱਲੀ ਨੇ ਬੱਸ ਏਨਾ ਹੀ ਕਿਹਾ, “ਦੇਖ ਮਾਮਾ, ਮੈਨੂੰ ਨੀ ਕੁਸ ਪਤਾ। ਜੇ ਤੈਨੂੰ ਠੀਕ ਲੱਗਦੈ ਤਾਂ ਬੱਸ ਠੀਕ ਐ। ਮੈਨੂੰ ਤਾਂ ਦੱਸੀ ਜਾਈਂ, ਜਿਵੇਂ ਕਹੇਂਗਾ, ਮੈਂ ਕਰੀ ਜਾਊਂ।”
“ਇਹ ਤਾਂ ਠੀਕ ਐ ਪਰ ਰਾਏ ਕਰਨੀ ਤਾਂ ਜ਼ਰੂਰੀ ਹੁੰਦੀ ਐ। ਬੱਸ ਵਿਆਹ ਛੇਤੀ ਮੰਗਦੇ ਐ। ਨਾਲੇ ਕੁਸ ਮੰਨ-ਮਨੌਤੀਆਂ ਵੀ ਕਰਾਉਣਗੇ।” ਮਾਮੇ ਨੇ ਅਗਲੀ ਗੱਲ ਤੋਰੀ।
“ਤਾਂ ਕੀ ਐ, ਆੜ੍ਹਤੀਏ ਤੋਂ ਮੂਹਰੇ ਫੜ ਲਾਂ’ਗੇ। ਚੰਗਾ ਸਾਕ ਨਾ ਹੱਥੋਂ ਨਿੱਕਲ ਜੇ।” ਬੱਲੀ ਨੇ ਝੱਟ ਸਕੀਮ ਬਣਾ ਲਈ।
ਮੁੰਡੇ ਵਾਲਿਆਂ ਦੀਆਂ ਮੰਗਾਂ ਮੰਨ ਕੇ ਵਿਆਹ ਰੱਖ ਦਿੱਤਾ। ਪਾਲੋ ਨੂੰ ਵੀ ਸਾਰੀ ਬਿੜਕ ਲੱਗੀ ਤਾਂ ਜਾਂਦੀ ਸੀ ਪਰ ਉਹ ਬੇਵੱਸ ਸੀ ਅਤੇ ਵੀਰੇ ਦੀ ਗੱਲ ਨਹੀਂ ਸੀ ਮੋੜ ਸਕਦੀ। ਉਸ ਮਗਰੋਂ ਬੱਲੀ ਦਾ ਇਕੱਲਾ ਰਹਿ ਜਾਣਾ ਉਸ ਨੂੰ ਬਹੁਤ ਦੁਖੀ ਕਰਦਾ ਸੀ। ਓਧਰ ਬੱਲੀ ਦਾ ਵੀ ਬੁਰਾ ਹਾਲ ਸੀ। ਅਕਸਰ ਉਹ ਪਾਲੋ ਤੋਂ ਜਾਣ-ਬੁੱਝ ਕੇ ਪਾਸਾ ਵੱਟਣ ਲੱਗ ਗਿਆ ਸੀ। ਮਾੜੀ-ਮੋਟੀ ਗੱਲ ਕਰਕੇ ਉਹ ਉਸ ਕੋਲੋਂ ਭਰੀਆਂ ਅੱਖਾਂ ਲਕੋ ਕੇ, ਬਹਾਨਾ ਜਿਹਾ ਬਣਾ ਕੇ ਖਿਸਕ ਜਾਂਦਾ। ਵਿਆਹ ਦੀ ਸਾਰੀ ਤਿਆਰੀ ਦਾ ਭਾਰ ਮਾਮੇ, ਭੂਆ ਤੇ ਹੋਰ ਮਿੱਤਰਾਂ-ਦੋਸਤਾਂ ਨੇ ਵੰਡਾ ਲਿਆ ਸੀ।
ਵਿਆਹ ਦਾ ਦਿਨ ਆਇਆ ਤਾਂ ਘਰ ਵਿਚ ਰੌਣਕਾਂ ਲੱਗ ਗਈਆਂ। ਮਾਮੇ ਤੇ ਭੂਆ ਦੀਆਂ ਸੁਚੇਤ ਰੂਪ ਵਿਚ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਰੀਆਂ ਰਸਮਾਂ ‘ਤੇ ਬੇਬੇ ਬਾਪੂ ਦੀ ਅਣਹੋਂਦ ਦਾ ਪ੍ਰਛਾਵਾਂ ਛਾਇਆ ਰਿਹਾ। ਅੱਖਾਂ ਭਰਦੀਆਂ ਤੇ ਸੁੱਕਦੀਆਂ ਰਹੀਆਂ। ਜੰਝ ਢੁੱਕੀ, ਮਿਲਣੀਆਂ ਹੋਈਆਂ, ਅਨੰਦ ਕਾਰਜ ਹੋਏ, ਭੰਗੜੇ ਪਏ। ਮੁੰਡੇ ਦੇ ਮਾਮਿਆਂ, ਫੁੱਫੜਾਂ, ਮਾਸੜਾਂ, ਚਾਚੇ-ਤਾਇਆਂ ਸਭਨਾਂ ਦੀ ਮੰਗ ਅਨੁਸਾਰ ਮੰਨ-ਮਨੌਤੀ ਹੋਈ। ਡੋਲੀ ਵਿਦਾ ਕਰਨ ਦੀ ਤਿਆਰੀ ਹੋ ਗਈ।
ਮਨ ਤਾਂ ਬੱਲੀ ਦਾ ਸਵੇਰ ਤੋਂ ਹੀ ਕਈ ਵਾਰੀ ਡੋਲਿਆ ਸੀ ਪਰ ਜ਼ਿੰਮੇਵਾਰੀ ਦੇ ਅਹਿਸਾਸ ਨੇ ਉਸ ਨੂੰ ਤਕੜਾ ਕਰੀ ਰੱਖਿਆ। ਜਦ ਪਾਲੋ ਨੇ ਵਿਦਾ ਹੋਣ ਵੇਲੇ ਉਸ ਦੇ ਗਲ ਚਿੰਬੜ ਕੇ ਚੀਕ ਮਾਰੀ, “ਬਾਈ…ਤੂੰ ਤਾਂ ਹੁਣ ਕੱਲਾ…ਰਹਿ ਗਿਆ।” ਬੱਲੀ ਨੇ ਉਸ ਦੇ ਸਿਰ ਨੂੰ ਬੁੱਕਲ ਵਿਚ ਘੁੱਟ ਲਿਆ, ਮਨ ਦੇ ਨਾਲ ਅੱਖਾਂ ਵੀ ਭਰ ਆਈਆਂ ਪਰ ਨਿੱਕੀ ਭੈਣ ਸਾਹਮਣੇ ਉਹ ਕਮਜ਼ੋਰੀ ਜ਼ਾਹਿਰ ਨਹੀਂ ਸੀ ਹੋਣ ਦੇਣਾ ਚਾਹੁੰਦਾ। ਡੋਲੀ ਵਾਲੀ ਗੱਡੀ ਨੂੰ ਅਣਮੰਨੇ ਮਨ ਨਾਲ ਦੋਨਾਂ ਹੱਥਾਂ ਨਾਲ ਧੱਕਾ ਲਾ ਕੇ ਵਿਦਾ ਕਰਨ ਪਿੱਛੋਂ, ਉਸ ਦੇ ਮਸਾਂ ਡੱਕ ਕੇ ਰੱਖੇ ਮਨ ਵਿਚੋਂ ਭੁੱਬਾਂ ਦਾ ਹੜ੍ਹ ਵਗ ਤੁਰਿਆ ਸੀ। ਉਹ ਧਾਹਾਂ ਮਾਰਦਾ ਝੱਲਿਆ ਨਹੀਂ ਸੀ ਜਾਂਦਾ। ਮਾਂ-ਪਿਓ ਦੀ ਅਣਹੋਂਦ ਉਸ ਦੇ ਦਿਲ-ਦਿਮਾਗ ‘ਤੇ ਬੁਰੀ ਤਰ੍ਹਾਂ ਭਾਰੂ ਸੀ। ਭੂਆ ਨੇ ਆਪਣੀਆਂ ਅੱਖਾਂ ਨੂੰ ਪੂੰਝਦੇ ਹੋਏ ਉਸ ਨੂੰ ਬੁੱਕਲ ਵਿਚ ਲੈ ਕੇ ਹੌਸਲਾ ਦਿੱਤਾ। ਹੋਰਨਾਂ ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ ਨੇ ਵੀ ਮੋਢਾ ਥਾਪੜਿਆ। ਉਸ ਨੇ ਬਹੁਤ ਜ਼ੋਰ ਲਾ ਕੇ ਆਪਣੇ ਆਪ ਨੂੰ ਕੁਝ ਸੰਭਾਲਿਆ ਤੇ ਸਭ ਤੋਂ ਅੱਖ ਬਚਾ ਕੇ ਬਾਹਰਲੀ ਬੈਠਕ ਵਿਚ ਜਾ ਵੜਿਆ ਅਤੇ ਬਾਰ ਝੰਬ ਕੇ ਖਾਲੀ ਮੰਜੇ ‘ਤੇ ਜਾ ਡਿੱਗਿਆ। ਪਾਲੋ ਦੀਆਂ ਆਪਣੀ ਅਮੜੀ ਤੇ ਬਾਬਲ ਨੂੰ ਮਾਰੀਆਂ ਆਵਾਜ਼ਾਂ ਉਸ ਦੇ ਕੰਨਾਂ ਵਿਚ ਗੂੰਜਣ ਲੱਗੀਆਂ। ਜ਼ਬਰਦਸਤੀ ਬੰਨ੍ਹ ਮਾਰੇ ਜਜ਼ਬਾਤ ਦਾ ਹੜ੍ਹ ਇੱਕ ਵਾਰੀ ਫੇਰ ਬੁਰੀ ਤਰ੍ਹਾਂ ਵਹਿ ਤੁਰਿਆ। ਉਸ ਦੇ ਮਾਮੇ ਨੇ ਸਾਰਾ ਧਿਆਨ ਉਸ ਵੱਲ ਹੀ ਰੱਖਿਆ ਸੀ। ਬੈਠਕ ਦਾ ਬਾਰ ਖੋਲ੍ਹਦੇ ਹੋਏ ਮਾਮੇ ਨੇ ਬੱਲੀ ਨੂੰ ਬੁੱਕਲ ਵਿਚ ਲੈ ਲਿਆ। ਦੋਹਾਂ ਨੇ ਹੰਝੂਆਂ ਹਉਕਿਆਂ ਨਾਲ ਮਨ ਹੌਲੇ ਕੀਤੇ ਅਤੇ ਬਾਹਰ ਨਿੱਕਲ ਫੇਰ ਜ਼ਿੰਮੇਵਾਰੀਆਂ ਨਿਭਾਉਣ ਲੱਗ ਪਏ।
ਅਗਲੇ ਦਿਨ ਪਾਲੋ ਅਤੇ ਪ੍ਰਾਹੁਣਾ ਫੇਰੀ ਪਾਉਣ ਆਏ ਤਾਂ ਅੰਦਰ ਵੜਨ ਸਾਰ ਪਾਲੋ ਤਾਂ ਭੱਜ ਕੇ ਬਲੀ ਨੂੰ ਜਾ ਚਿੰਬੜੀ। ਦੋਹਾਂ ਦੀਆਂ ਅੱਖਾਂ ਨਮ ਹੋਈਆਂ ਪਰ ਪਾਲੋ ਦੇ ਚਿਹਰੇ ‘ਤੇ ਖੁਸ਼ੀ ਦੀ ਰੌਣਕ ਦੇਖ ਕੇ ਬੱਲੀ ਦੇ ਮਨ ਨੂੰ ਤਸੱਲੀ ਜਿਹੀ ਹੋ ਗਈ। ਪਾਲੋ ਤੇ ਪ੍ਰਾਹੁਣੇ ਦੇ ਜਾਣ ਪਿੱਛੋਂ ਭੂਆ ਤੇ ਮਾਮੇ ਨੂੰ ਛੱਡ ਬਾਕੀ ਮੇਲ-ਗੇਲ ਵੀ ਵਾਰੀ ਵਾਰੀ ਵਿਦਾ ਹੋ ਗਿਆ। ਬੱਲੀ ਰਹਿੰਦੇ ਕੰਮ ਨਿਬੇੜਨ ‘ਚ ਰੁੱਝਿਆ ਰਿਹਾ। ਰਾਤ ਨੂੰ ਉਹ ਮੰਜਿਆਂ ‘ਤੇ ਪੈ ਤਾਂ ਗਏ ਪਰ ਥੱਕਿਆ ਹੋਣ ਦੇ ਬਾਵਜੂਦ ਨੀਂਦ ਬੱਲੀ ਦੇ ਨੇੜੇ-ਤੇੜੇ ਵੀ ਨਾ ਆਈ। ਅੱਚਵੀ ਜਿਹੀ ਲੱਗੀ ਰਹੀ। ਅਖੀਰ ਉਸ ਤੋਂ ਰਿਹਾ ਨਾ ਗਿਆ, “ਮਾਮਾ, ਭਲਾ ਪਾਲੋ ਤੈਨੂੰ ਖੁਸ਼ ਤਾਂ ਲੱਗੀ?” ਮਾਮੇ ਨੂੰ ਉਸ ਦੀ ਹਾਲਤ ਦਾ ਪਹਿਲਾਂ ਹੀ ਪਤਾ ਸੀ।
“ਖੁਸ਼ ਕਿਉਂ ਨੀ ਹੋਊ ਭਾਣਜੇ। ਸੋਹਣਾ-ਸੁਨੱਖਾ ਮੁੰਡੈ, ਘਰ-ਬਾਰ ਵਧੀਆ ਬਣਿਆ ਹੋਇਐ। ਹੋਰ ਕੁੜੀਆਂ ਨੂੰ ਚਾਹੀਦਾ ਵੀ ਕੀ ਐ? ਨਾਲੇ ਆਪਾਂ ਕਿਹੜਾ ਕੋਈ ਕਸਰ ਛੱਡੀ ਐ।” ਮਾਮੇ ਦੇ ਬੋਲਾਂ ਨਾਲ ਬੱਲੀ ਦੀ ਸੰਤੁਸ਼ਟੀ ਹੋ ਗਈ ਤੇ ਉਸ ਦਾ ਮਨ ਸ਼ਾਂਤ ਹੋ ਗਿਆ।
“ਲੱਗਿਆ ਤਾਂ ਮੈਨੂੰ ਵੀ ਏਕਣ ਈ ਐ।” ਕਹਿੰਦਾ ਹੋਇਆ ਬੱਲੀ ਪਾਸਾ ਮਾਰ ਕੇ ਸੁਪਨਿਆਂ ਵਿਚ ਜਾ ਵੜਿਆ।
ਵਿਆਹ ਦੇ ਮਾਹੌਲ ‘ਚੋਂ ਨਿੱਕਲ ਸਮਾਂ ਆਪਣੀ ਚਾਲ ਚੱਲਣ ਲੱਗਿਆ ਪਰ ਬੱਲੀ ਦਾ ਮਨ ਕਿਸੇ ਕੰਮ ਵਿਚ ਨਾ ਖੁੱਭਦਾ। ਘਰ ਸੁੰਨਾ-ਸੁੰਨਾ ਲਗਦਾ, ਬਿੰਦੇ-ਝੱਟੇ ਪਾਲੋ ਦੀਆਂ ਬਿੜਕਾਂ ਜਿਹੀਆਂ ਆਈ ਜਾਂਦੀਆਂ। ਇੱਕ ਦਿਨ ਉਹ ਮਨ ਬਣਾ ਕੇ ਪਾਲੋ ਨੂੰ ਮਿਲਣ ਚਲਾ ਗਿਆ। ਸਾਰੇ ਪਰਿਵਾਰ ਨੇ ਉਸ ਦਾ ਪੂਰਾ ਆਦਰ ਮਾਣ ਕੀਤਾ। ਉਸ ਦਾ ਮਨ ਪਾਲੋ ਨੂੰ ਇਕੱਲਿਆਂ ਮਿਲਣ ਨੂੰ ਕਰਦਾ ਸੀ ਪਰ ਮੌਕਾ ਹੀ ਨਾ ਮਿਲਿਆ। ਵਾਪਸ ਆ ਕੇ ਉਹ ਕੰਮਾਂ-ਕਾਰਾਂ ਵਿਚ ਰੁੱਝ ਗਿਆ। ਕਦੇ ਕਦੇ ਉਸ ਦਾ ਮਨ ਪਾਲੋ ਨਾਲ ਗੱਲਾਂ ਕਰਨ ਲਈ ਤਰਸਦਾ। ਪਾਲੋ ਨੇ ਵੀ ਕਈ ਵਾਰ ਪਿੰਡ ਜਾਣ ਦੀ ਇੱਛਾ ਜਤਾਈ ਪਰ ਸਿੱਟਾ ਟਾਲ-ਮਟੋਲ ਹੀ ਨਿੱਕਲਦਾ ਰਿਹਾ। ਬੱਲੀ ਦਾ ਜਦੋਂ ਵੀ ਮਨ ਉਚਾਟ ਹੁੰਦਾ, ਉਹ ਪਾਲੋ ਨੂੰ ਮਿਲਣ ਤੁਰ ਪੈਂਦਾ। ਹੌਲੀ-ਹੌਲੀ ਉਸ ਨੂੰ ਇੱਕ ਗੱਲ ਰੜਕਣ ਲੱਗ ਗਈ ਕਿ ਉਸ ਨੂੰ ਜਾਣ-ਬੁੱਝ ਕੇ ਪਾਲੋ ਨਾਲ ਇਕੱਲੇ ਮਿਲਣ ਨਹੀਂ ਦਿੱਤਾ ਜਾ ਰਿਹਾ। ਪਾਲੋ ਦਾ ਚਿਹਰਾ ਵੀ ਉਸ ਨੂੰ ਕਈ ਸ਼ੰਕੇ ਖੜ੍ਹੇ ਕਰ ਗਿਆ।
ਇੱਕ ਦਿਨ ਜਦੋਂ ਉਹ ਪਾਲੋ ਨੂੰ ਮਿਲਣ ਗਿਆ ਤਾਂ ਅਜੀਬ ਗੱਲ ਹੋਈ ਕਿ ਪਹਿਲੀ ਵਾਰ ਪਾਲੋ ਇਕੱਲੀ ਚਾਹ ਫੜਾਉਣ ਉਸ ਕੋਲ ਬਾਹਰਲੀ ਬੈਠਕ ਵਿਚ ਆਈ। ਦੋਨਾਂ ਨੂੰ ਇਉਂ ਮਹਿਸੂਸ ਹੋਇਆ, ਜਿਵੇਂ ਸਦੀਆਂ ਦੇ ਵਿਛੜੇ ਮਿਲੇ ਹੋਣ। ਪਾਲੋ ਇੱਕ ਦਮ ਉਸ ਨੂੰ ਚਿੰਬੜ ਕੇ ਰੋਣ ਲੱਗ ਪਈ। ਬੱਲੀ ਅੰਦਰੋਂ ਡਰ ਗਿਆ ਪਰ ਉਸ ਨੇ ਤੁਰੰਤ ਆਪਣੇ ਆਪ ਨੂੰ ਸੰਭਾਲਦੇ ਹੋਏ ਪਾਲੋ ਨੂੰ ਦਿਲਾਸਾ ਦਿੱਤਾ ਅਤੇ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀ। ਰੋਂਦੀ ਰੋਂਦੀ ਦੇ ਉਸ ਦੇ ਮੂੰਹੋਂ ਬੱਸ ਐਨਾ ਨਿੱਕਲਿਆ, “ਬਾਈ… ਮੈਨੂੰ ਤਾਂ ਬੱ…ਸ ਤੂੰ ਲੈ ਚੱਲ।” ਬੱਲੀ ਹੋਰ ਵੀ ਡਰ ਗਿਆ। ਉਸ ਨੇ ਉਹਨੂੰ ਬੁੱਕਲ ਵਿਚ ਲੈ ਲਿਆ।
“ਤੂੰ ਗੱਲ ਤਾਂ ਦੱਸ, ਦੁੱਖ ਤਾਂ ਦੱਸ?” ਉਸ ਨੇ ਤਰਲਾ ਜਿਹਾ ਕੀਤਾ।
ਪਾਲੋ ਚੁੰਨੀ ਨਾਲ ਅੱਖਾਂ ਪੂੰਝ ਕੇ ਆਪਣੇ ਆਪ ਨੂੰ ਸੰਭਾਲਦੇ ਹੋਏ ਬੋਲੀ, “ਬਾਈ, ਪਹਿਲਾਂ ਤਾਂ ਇਹ ਮੈਨੂੰ ਦਾਜ ਘੱਟ ਲਿਆਉਣ ਦੇ ਗੱਲੀਂ-ਬਾਤੀਂ ਮਿਹਣੇ ਮਾਰਦੇ ਸੀ…ਪਰ ਹੁਣ ਤਾਂ ਰੋਜ਼ ਹੀ ਮੈਨੂੰ ਟ੍ਰੈਕਟਰ ਲੈਣ ਲਈ ਤੈਥੋਂ ਦੋ ਲੱਖ ਰੁਪੱਈਆ ਲਿਆਉਣ ਖਾਤਰ ਜ਼ੋਰ ਪਾਈ ਜਾਂਦੇ ਨੇ। ਆਥਣ-ਸਵੇਰ ਇਹੀ ਸਿਆਪਾ ਪਿਆ ਰਹਿੰਦੈ। ਅੱਜ ਵੀ ਏਸੇ ਕਰਕੇ ਮੈਨੂੰ ‘ਕੱਲੀ ਨੂੰ ਤੇਰੇ ਕੋਲ ਭੇਜਿਐ।” ਪਾਲੋ ਦਾ ਮਨ ਫੇਰ ਭਰ ਆਇਆ ਪਰ ਬੱਲੀ ਦੇ ਉਸ ਦੇ ਸਿਰ ‘ਤੇ ਲਗਾਤਾਰ ਫਿਰਦੇ ਹੱਥ ਨੇ ਉਸ ਨੂੰ ਕੁਝ ਮਜ਼ਬੂਤ ਕਰ ਦਿੱਤਾ, “ਮੈਂ ਬਥੇਰਾ ਕਹਿਨੀ ਆਂ ਬਈ ਬਾਈ ਕਿੱਥੋਂ ਦੇਊ ਦੋ ਲੱਖ, ਐਨਾ ਖਰਚ ਤਾਂ ਪਹਿਲਾਂ ਵਿਆਹ ‘ਤੇ ਹੋ ਗਿਆ। ਹੁਣ ਤਾਂ ਬਾਈ ਇਉਂ ਵੀ ਕਹਿਣ ਲੱਗ’ਗੇ ਬਈ ਤੇਰਾ ਉਥੇ ਦੀ ਜ਼ਮੀਨ ‘ਚ ਅੱਧ ਐ।” ਬੱਲੀ ਨੂੰ ਗੱਲ ਕਾਫੀ ਵਿਗੜੀ ਲੱਗੀ ਪਰ ਉਸ ਨੇ ਪਾਲੋ ਨੂੰ ਮਹਿਸੂਸ ਨਾ ਹੋਣ ਦਿੱਤਾ, “ਓ ਕਮਲੀ, ਤੂੰ ਦਿਲ ਨਾ ਛੋਟਾ ਕਰ। ਮੈਂ ਆਪੇ ਠੀਕ ਕਰ ਲੂੰ ਸਾਰਾ ਕੁਸ।” ਕਹਿੰਦੇ ਹੋਏ ਉਸ ਨੇ ਪਾਲੋ ਦਾ ਸਿਰ ਪਲੋਸਿਆ। ਕੁਝ ਚਿਰ ਇਧਰ-ਉਧਰ ਦੀਆਂ ਗੱਲਾਂ ਮਾਰ ਪਾਲੋ ਦੇ ਮਨ ਨੂੰ ਧਰਵਾਸ ਦਵਾ ਕੇ ਉਹ ਉਠ ਖੜ੍ਹਾ ਹੋਇਆ। ਉਸ ਨੇ ਘਰ ਦੇ ਅੰਦਰ ਨਿਗਾਹ ਮਾਰੀ। ਕੋਈ ਦਿਖਾਈ ਨਾ ਦਿੱਤਾ ਤਾਂ ਉਹ ਪਾਲੋ ਦਾ ਸਿਰ ਪਲੋਸ ਕੇ ਘਰੋਂ ਬਾਹਰ ਹੋ ਗਿਆ।
ਰਸਤੇ ਵਿਚ ਉਹ ਮਨ ਹੀ ਮਨ ਸਕੀਮਾਂ ਬਣਾਉਂਦਾ-ਢਾਹੁੰਦਾ ਰਿਹਾ। ਪਹਿਲਾਂ ਮਾਮੇ ਨਾਲ ਸਲਾਹ ਕਰਨ ਨੂੰ ਮਨ ਕੀਤਾ ਪਰ ਮਾਮੇ ਦੇ ਸੁਭਾਅ ਤੋਂ ਉਹ ਜਾਣੂ ਸੀ ਤੇ ਡਰਦਾ ਸੀ ਕਿ ਮਾਮਾ ਇਨ੍ਹਾਂ ਨਾਲ ਕਲੇਸ਼ ਹੀ ਨਾ ਪਾ ਲਵੇ। ਅਖੀਰ ਉਸ ਨੇ ਅਪਣੇ ਮਨ ‘ਚ ਆੜ੍ਹਤੀਏ ਤੋਂ ਪੈਸੇ ਫੜਨ ਦੀ ਪੱਕੀ ਸਕੀਮ ਬਣਾ ਲਈ ਅਤੇ ਉਹਨੇ ਸਕੂਟਰ ਪਿੰਡ ਦੀ ਬਜਾਏ ਮੰਡੀ ਨੂੰ ਸਿੱਧਾ ਕਰ ਲਿਆ।
“ਆ ਬਈ ਬੱਲੀ, ਕਿਵੇਂ ਅੱਜ ਕੁਵੇਲੇ ਜਿਹੇ ਈ ਤੁਰਿਆ ਫਿਰਦੈਂ?” ਸੇਠ ਨੇ ਅੰਦਰ ਵੜਨ ਸਾਰ ਸਵਾਲ ਕਰ ਦਿੱਤਾ।
“ਕਾਹਦਾ ਤੁਰਿਆ ਫਿਰਦਾਂ ਸੇਠ ਜੀ, ਬੱਸ ਇੱਕ ਤੁਹਾਡੇ ਗੋਚਰੀ ਲੋੜ ਆ ਪਈ। ਆਪਣੇ ਕਿਸੇ ਖਾਸ ਰਿਸ਼ਤੇਦਾਰ ਨੂੰ ਜ਼ਰੂਰੀ ਲੋੜ ਪੈ’ਗੀ ਦੋ ਲੱਖ ਰੁਪਈਆਂ ਦੀ। ਦੇਣੇ ਵੀ ਜ਼ਰੂਰ ਪੈਣੇ ਐਂ। ਕੋਈ ਹੀਲਾ ਕਰੋ।”
“ਹੈਂਅ… ਦੋ ਲੱਖ? ਕਮਲੇ ਨੀ ਬਣੀਦਾ। ਏਨੀ ਰਕਮ! ਐਵੈਂ ਨੀ ਕਿਸੇ ਦੀਆਂ ਗੱਲਾਂ ‘ਚ ਆਈਦਾ। ਪਿੱਛੋਂ ਕੋਈ ਨੀ ਪੂਛ ਫੜਾਉਂਦਾ।” ਸੇਠ ਨੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਨਹੀਂ ਸੇਠ ਜੀ ਸਰਨਾ ਨੀ, ਮਜਬੂਰੀ ਐ। ਨਾਲੇ ਬੰਦਾ ਲੋੜ ਪਈ ਤੋਂ ਕੰਮ ਆਉਣਾ ਈ ਚਾਹੀਦੈ। ਤੁਸੀਂ ਕਰੋ ਕੋਈ ਜੁਗਾੜ।”
“ਤੂੰ ਤਾਂ ਕਮਲੈਂ ਬੱਲੀ। ਤੇਰਮੇਂ ਮਹੀਨੇ ਤਾਂ ਪੈਸੇ ਬੰਦਾ ਮਾਰੇ ਤੋਂ ਨੀ ਮਿਲਦੇ। ਨਾਲੇ ਭਾਈ ਸੱਚੀ ਗੱਲ ਤਾਂ ਇਹ ਵੀ ਐ ਕਿ ਤੇਰੇ ਤਾਂ ਵਿਆਹ ਵੇਲੇ ਦੇ ਈ ਦੋ ਫਸਲਾ ‘ਚ ਮਸਾਂ ਨਿੱਬੜਨਗੇ।” ਸੇਠ ਨੇ ਸੁਣਵਾਈ ਜਿਹੀ ਕਰਕੇ ਉਸ ਨੂੰ ਟਾਲਣਾ ਚਾਹਿਆ ਪਰ ਬੱਲੀ ਤਾਂ ਜ਼ਿੱਦ ਕਰ ਕਰਕੇ ਬੈਠ ਗਿਆ। ਸੇਠ ਵੀ ਮਨੋ-ਮਨੀ ਸਕੀਮ ਲੜਾਉਣ ਲੱਗ ਗਿਆ। ਅਖੀਰ ਸੇਠ ਨੇ ਉਸ ਨੂੰ ਕੱਚਾ-ਪੱਕਾ ਹੁੰਗਾਰਾ ਭਰ ਦਿੱਤਾ।
“ਦੇਖ ਬੱਲੀ, ਮੇਰੇ ਪੱਲੇ ਤਾਂ ਨੀ ਧੇਲਾ ਵੀ ਏਸ ਵਕਤ। ਪੱਕਾ ਤਾਂ ਨੀ ਕਹਿੰਦਾ ਪਰ ਇੱਕ ਬੰਦਾ ਹੈਗਾ। ਉਹਤੋਂ ਪਤਾ ਕਰ ਲੈਨੇ ਆਂ ਜੇ ਮੰਨ ਗਿਆ ਪਰ ਉਹ ਜ਼ਮੀਨ ਲਿਖਾਊਗਾ, ਸਿੱਧੀ ਜਿਹੀ ਗੱਲ ਐ। ਤੂੰ ਗੁੱਸਾ ਨਾ ਕਰੀਂ।” ਸੇਠ ਨੇ ਢੰਗ ਨਾਲ ਦਾਅ ਖੇਡਿਆ।
“ਗੁੱਸਾ ਕਾਹਦਾ ਕਰਨੈ ਸੇਠ ਜੀ। ਇਹ ਤਾਂ ਵਿਹਾਰੀ ਗੱਲ ਐ। ਬੱਸ ਤੁਸੀਂ ਕਰ ਦਿਓ ਕੰਮ ਇੱਕ ਦੋ ਦਿਨ ‘ਚ ਈ। ਜਿਮੇਂ ਵੀ ਹੁੰਦੈ।” ਬੱਲੀ ਨੂੰ ਕੰਮ ਬਣਦਾ ਦੇਖ ਕੇ ਕਾਹਲੀ ਹੋ ਗਈ ਸੀ।
“ਨਾ ਏਡੀ ਛੇਤੀ ਨੀ ਹੋਣੀ। ਨਾਲੇ ਹਾਲੇ ਤਾਂ ਮੈਂ ਪਤਾ ਕਰਦਾਂ। ਦਸ ਪੰਦਰਾਂ ਦਿਨ ਤਾਂ ਘੱਟੋ-ਘੱਟ ਲੱਗ ਈ ਜਾਣੇ ਨੇ।” ਸੇਠ ਨੇ ਬੱਲੀ ਦੀ ਕਾਹਲੀ ਨੂੰ ਕੁਝ ਠੰਢਾ ਜਿਹਾ ਪਾ ਦਿੱਤਾ।
“ਚੱਲ ਫੇਰ ਕੋਈ ਨਾ ਪਰ ਕੰਮ ਹੋ ਜੇ ਜ਼ਰੂਰ।” ਬੱਲੀ ਕੁਝ ਹੌਸਲੇ ਜਿਹੇ ਨਾਲ ਉਠਦਾ ਹੋਇਆ ਹੱਥ ਜੋੜ ਕੇ ਤੁਰਨ ਲੱਗਿਆ।
“ਦੇਖ ਬਈ ਮੈਂ ਤਾਂ ਆਪਣੇ ਵੱਲੋਂ ਪੂਰੀ ਵਾਹ ਲਾਊਂ, ਤੇਰੇ ਕਰਕੇ ਪਰ ਗੱਲ ਤਾਂ ਬਿਗਾਨੇ ਵੱਸ ਐ ਨਾ।” ਸੇਠ ਨੇ ਪੂਰੀ ਗਿਣਤੀ-ਮਿਣਤੀ ਲਾ ਲਈ ਸੀ।
ਕੁਵੇਲਾ ਹੁੰਦਾ ਦੇਖ ਕੇ ਬੱਲੀ ਕਾਹਲੀ ਨਾਲ ਪਿੰਡ ਨੂੰ ਤੁਰ ਗਿਆ। ਸਮੱਸਿਆ ਦਾ ਕੁਝ ਰਾਹ ਜਿਹਾ ਬਣਦਾ ਦੇਖ ਉਸ ਨੂੰ ਤਸੱਲੀ ਜਿਹੀ ਹੋ ਗਈ ਸੀ। ਇੱਕ ਵਾਰੀ ਤਾਂ ਉਸ ਦੇ ਮਨ ਵਿਚ ਅਇਆ ਕਿ ਪਾਲੋ ਦੇ ਸਹੁਰੀਂ ਜਾ ਕੇ ਦੱਸ ਆਵੇ ਕਿ ਟ੍ਰੈਕਟਰ ਵਾਸਤੇ ਪੈਸਿਆਂ ਦਾ ਇੰਤਜ਼ਾਮ ਹੋ ਗਿਆ, ਫੇਰ ਉਸ ਨੇ ਸੋਚਿਆ ਕਿ ਪੈਸੇ ਨਾਲ ਲੈ ਕੇ ਹੀ ਜਾਇਆ ਜਾਵੇ, ਖਾਲੀ ਹੱਥ ਜਾਣ ਦਾ ਕੀ ਤੁਕ। ਉਹ ਆੜ੍ਹਤੀਏ ਕੋਲ ਦੂਜੇ ਚੌਥੇ ਦਿਨ ਗੇੜਾ ਮਾਰਦਾ ਰਿਹਾ। ਦਸ ਕੁ ਦਿਨ ਲੰਘ ਗਏ ਤਾਂ ਬੱਲੀ ਨੂੰ ਸੇਠ ਦਾ ਜ਼ਮੀਨ ਦੇ ਨੰਬਰ ਲੈ ਕੇ ਆਉਣ ਦਾ ਸੁਨੇਹਾ ਆ ਗਿਆ ਅਤੇ ਉਧਰ ਪਾਲੋ ਨਾਲ ਕਲੇਸ਼ ਵੀ ਦਿਨੋ-ਦਿਨ ਲਗਾਤਾਰ ਵਧਦਾ ਗਿਆ। ਕੁੱਟ-ਮਾਰ ਹਰ ਰੋਜ਼ ਦਾ ਸਿਲਸਿਲਾ ਬਣ ਗਿਆ। ਇੱਕ ਦਿਨ ਤਾਂ ਉਸ ਨੇ ਰੋਂਦੀ-ਕੁਰਲਾਉਂਦੀ ਨੇ ਕਹਿ ਹੀ ਦਿੱਤਾ, “ਮੈਂ ਨੀ ਆਪਦੇ ਬਾਈ ਨੂੰ ਦੁਖੀ ਕਰਨਾ, ਉਹ ਵਿਚਾਰਾ ਕਿੱਥੋਂ ਦੇਊ ਏਨੇ ਪੈਸੇ?”
“ਅੱਛਾ… ਉਹ ਵਿਚਾਰਾ! ਉਦੋਂ ਨੀ ਸੀ ਪਤਾ ਕੀਹਦੇ ਨਾਲ ਮੱਥਾ ਲਾਇਐ? ਜਾਹ ਫੇਰ ਤੂੰ ਵੀ ਆਪਦੇ ‘ਵਿਚਾਰੇ ਬਾਈ’ ਕੋਲ ਹੀ ਚਲੀ ਜਾਹ… ਜਾਹ ਨਿੱਕਲ ਏਥੋਂ।” ਗੁੱਤੋਂ ਫੜ ਕੇ ਥੱਪੜ ਮਾਰਦੇ ਹੋਏ ਉਸ ਦੇ ਘਰ ਵਾਲੇ ਨੇ ਏਨੀ ਬੁਰੀ ਤਰ੍ਹਾਂ ਧੱਕਾ ਦਿੱਤਾ ਕਿ ਪਾਲੋ ਚੀਕ ਮਾਰਦੀ ਹੋਈ ਦੂਰ ਜਾ ਡਿੱਗੀ।
“ਵੇ ਤੂੰ ਕਾਹਨੂੰ ਆਪਣੇ ਸਿਰ ਲੈਨੈ, ਏਹਨੂੰ ਤਾਂ ਆਪਣੇ ਬਾਈ ਦਾ ਘਰ ਈ ਦੀਂਹਦੈ। ਜਿੱਥੋਂ ਰੋਜ਼ ਡੱਫਦੀ ਐ, ਉਹ ਆਪਣਾ ਨੀ ਲੱਗਦਾ। ਕੁਲੱਛਣੀ ਨਾ ਹੋਵੇ।” ਦੂਰ ਖੜ੍ਹੀ ਦੇਖਦੀ ਪਾਲੋ ਦੀ ਸੱਸ ਨੇ ਆਪਣੀ ਭੜਾਸ ਕੱਢੀ।
ਡਿੱਗੀ ਪਈ ਪਾਲੋ ਬੇਵਸ ਰੋਂਦੀ ਰਹੀ ਪਰ ‘ਕੁਲੱਛਣੀ’ ਸ਼ਬਦ ਸੁਣ ਕੇ ਉਹ ਆਪਣੀ ਸੱਸ ਵੱਲ ਇੱਕ ਦਮ ਕੌੜੀ ਝਾਕੀ।
“ਦੇਖ, ਭਾਈਆਂ-ਪਿੱਟੀ ਹਾਲੇ ਵੀ ਕਿਵੇਂ ਡੇਲੇ ਕੱਢਦੀ ਐ?” ਸੱਸ ਨੂੰ ਪਾਲੋ ਦੀ ਝਾਕਣੀ ਨੇ ਹੋਰ ਅੱਗ ਲਾ ਦਿੱਤੀ।
“ਭਾਈਆਂ-ਪਿੱਟੀ ਹੋਵੇਂ ਤੂੰ, ਨਾਲੇ ਤੇਰੇ ਕੁ-ਲੱਗਦੇ, ਭਾਈ ਦੀ ਗਾਲ੍ਹ ਨਾ ਕੱਢੀਂ…ਮੈਂ ਤੈਨੂੰ ਦੱਸਾਂ।” ਉਚੀ-ਉਚੀ ਬੋਲਦੀ ਪਾਲੋ ਤਾਂ ਅੱਗ ਬਗੂਲਾ ਹੋ ਕੇ ਇੱਕ ਦਮ ਖੜ੍ਹੀ ਹੋ ਗਈ।
ਪਾਲੋ ਦੀ ਸੱਸ ਉਹਦੇ ਭਖਦੇ ਚਿਹਰੇ ਵੱਲ ਦੇਖ ਇੱਕ ਦਮ ਠਠੰਬਰ ਗਈ। ਪਾਲੋ ਦੇ ਘਰ ਵਾਲੇ ਨੇ ਪਾਲੋ ਨੂੰ ਘੜੀਸ ਕੇ ਕਮਰੇ ਵਿਚ ਬੰਦ ਕਰ ਦਿੱਤਾ ਤਾਂ ਕਿ ਆਵਾਜ਼ ਬਾਹਰ ਨਾ ਜਾਵੇ। ਉਸ ਨੂੰ ਬਾਹਰੋਂ ਆਪਣੀ ਸੱਸ ਦੀ ਏਨੀ ਕੁ ਆਵਾਜ਼ ਸੁਣਾਈ ਦਿੱਤੀ, “ਕਿਵੇਂ ਖੇਖਣ ਕਰਦੀ ਐ? ਕੋਈ ਨਾ ਇਹ ਵੀ ਹਟਾ ਦੂੰ। ਕਰਦੀ ਆਂ ਕੋਈ ‘ਲਾਜ।”
ਡਰੀ ਹੋਈ ਪਾਲੋ ਸਾਰੀ ਰਾਤ ਭੁੱਖਣ-ਭਾਣੇ ਰੋਂਦੀ ਰਹੀ।
ਆੜ੍ਹਤੀਏ ਨੇ ਕਿਸੇ ਹੋਰ ਜ਼ਿਮੀਂਦਾਰ ਦੇ ਨਾਂ ‘ਤੇ ਸਾਰੇ ਕਾਗਜ਼ ਤਿਆਰ ਕਰਵਾ ਕੇ ਬੱਲੀ ਵੱਲ ਰਹਿੰਦੀ ਆਪਣੀ ਪਹਿਲੀ ਰਕਮ ਵੀ ਵਿਚ ਹੀ ਪਵਾ ਕੇ ਪੱਕਾ ਕੰਮ ਕਰਵਾ ਲਿਆ ਤੇ ਬੱਲੀ ਨੂੰ ਦੱਸ ਵੀ ਦਿੱਤਾ, “ਦੇਖ ਬਈ ਬੱਲੀ, ਤੈਨੂੰ ਮੈਂ ਸਾਰੀ ਗੱਲ ਸਾਫ-ਸਾਫ ਦੱਸ ਦਿਆਂ, ਕੋਈ ਓਹਲਾ ਨਹੀਂ ਰਹਿਣਾ ਚਾਹੀਦਾ। ਪਹਿਲੇ ਪੈਸਿਆਂ ਦਾ ਹਿਸਾਬ ਵੀ ਇਹਦੇ ਵਿਚ ਹੀ ਪਾ ਦਿੱਤਾ ਐ। ਤੇਰੇ ਕੋਲ ਕੀ ਲਕੋ ਐ। ਅਸਲ ‘ਚ ਉਸ ਜੱਟ ਦੇ ਪੈਸੇ ਮੇਰੇ ਸਿਰ ਖੜ੍ਹੇ ਸੀ। ਮੈਂ ਸੋਚਿਆ ਦੋ-ਦੋ ਪਾਸੇ ਕਾਹਨੂੰ ਹਿਸਾਬ ਰੱਖਣੈ। ਇੱਕੋ ਪਾਸੇ ‘ਕੱਠਾ ਕਰ ਦਿੰਨੇ ਆਂ। ਸਮਝ ਗਿਆ ਨਾ ਤੂੰ?”
“ਓਹ ਤਾਂ ਜੀ ਆਹ ਅਗਲੀ ਫਸਲ ‘ਚ ਹਿਸਾਬ ਹੋ ਜਾਣਾ ਸੀ। ਚਲੋ, ਠੀਕ ਐ। ਜਿਵੇਂ ਥੋਨੂੰ ਠੀਕ ਲੱਗਦੈ, ਉਵੇਂ ਸਹੀ।” ਬੱਲੀ ਨੂੰ ਹਾਲੇ ਵੀ ਡਰ ਲਗਦਾ ਸੀ ਕਿ ਸੇਠ ਮੁੱਕਰ ਹੀ ਨਾ ਜਾਵੇ। ਪੰਜ ਲੱਖ ‘ਤੇ ਹੱਥ ਵਢਾ ਕੇ, ਦੋ ਲੱਖ ਰੁਪਈਆ ਝੋਲੇ ‘ਚ ਪਾ ਉਹ ਤੇਜ਼ੀ ਨਾਲ ਪਿੰਡ ਨੂੰ ਤੁਰ ਪਿਆ। ਪਾਲੋ ਦੇ ਸਹੁਰਿਆਂ ਨੂੰ ਖੁਸ਼ ਕਰਨ ਦੇ ਮਾਰੇ, ਉਸ ਨੇ ਤਾਂ ਇਹ ਵੀ ਨਹੀਂ ਪੁੱਛਿਆ ਕਿ ਜਮੀਨ ਦੇ ਕਿਹੜੇ ਨੰਬਰ ਕਾਗਜ਼ੀਂ ਚੜ੍ਹ ਗਏ। ਘਰ ਆਏ ਨੂੰ ਭੂਆ ਨੇ ਬਥੇਰਾ ਪੁੱਛਿਆ ਕਿ ਉਹ ਕਿੱਧਰ ਅਤੇ ਕੀ ਕਰਦਾ ਫਿਰੀ ਜਾਂਦਾ ਹੈ ਪਰ ਉਸ ਨੇ ਬੱਸ ਐਵੈਂ ਬਹਾਨੇ ਜਿਹੇ ਲਾ ਕੇ ਸਾਰ ਦਿੱਤਾ। ਰੁਪਈਆਂ ਵਾਲਾ ਝੋਲਾ ਉਸ ਨੇ ਅਲਮਾਰੀ ਦੇ ਪਿੱਛੇ ਤਸੱਲੀ ਨਾਲ ਲਕੋ ਕੇ ਸਾਂਭ ਦਿੱਤਾ ਪਰ ਫਿਕਰ ਵਿਚ ਸਾਰੀ ਰਾਤ ਉਸ ਦੀ ਅੱਖ ਨਾ ਲੱਗੀ। ਸਵੇਰੇ ਸਵਖਤੇ ਹੀ ਉਠ ਕੇ ਭੂਆ ਨੂੰ ਜਗਾ ਕੇ ਚਾਹ ਧਰਾ ਲਈ। ਭੂਆ ਦੇ ਪੁੱਛਣ ਤੇ ਆਖ ਦਿੱਤਾ, “ਮੈਂ ਅੱਜ ਪਾਲੋ ਕੋਲ ਜਾ ਕੇ ਆਉਣੈ।” ਭੂਆ ਨੂੰ ਹੈਰਾਨੀ ਤਾਂ ਹੋਈ ਪਰ ‘ਚੱਲੋ ਇਹਦਾ ਮਨ ਕਰਦਾ ਹੋਊ’ ਸੋਚ ਕੇ ਕੁਝ ਨਾ ਬੋਲੀ। ਬੱਲੀ ਤਿਆਰ ਹੋਣ ਲੱਗਿਆ ਹੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ। ਘਰਾਂ ‘ਚੋਂ ਲਗਦਾ ਚਾਚੇ ਦਾ ਮੁੰਡਾ ਆਇਆ। ਉਹ ਅੰਦਰ ਵੜਨ ਸਾਰ ਹੀ ਬੱਲੀ ਨੂੰ ਇੱਕ ਪਾਸੇ ਲੈ ਗਿਆ।
“ਬੱਲੀ, ਖਬਰ ਤਾਂ ਮਾੜੀ ਐ। ਪਾਲੋ ਦੇ ਸਹੁਰਿਆਂ ਤੋਂ ਇੱਕ ਮੁੰਡਾ ਆਇਆ ਸੀ… ਹੁਣੇ, ਤੇ ਕਾਹਲੀ-ਕਾਹਲੀ ਏਨਾ ਕਹਿ ਕੇ ਭੱਜ ਗਿਆ ਕਿ…ਰਾਤੀਂ ਪਾਲੋ ਨੂੰ ਅਚਾਨਕ ਅੱਗ ਲੱਗ ਗਈ ਐ।” ਉਹਦਾ ਏਨਾ ਆਖਿਆ ਸੁਣ ਕੇ ਬੱਲੀ ਦੀ ਧਾਹ ਨਿੱਕਲ ਗਈ- “ਹਾਏ ਓਏ, ਬੱਸ ਓਹੀ ਹੋ ਗਿਆ…ਓਏ…ਲੋਕੋ।”
ਚੀਕ ਸੁਣ ਕੇ ਭੂਆ ਭੱਜੀ ਆਈ, “ਵੇ ਕੀ ਹੋ ਗਿਆ ਵੇ?”
“ਕਿਵੇਂ ਲੱਗ’ਗੀ?…ਹੋਰ ਕੀ ਦੱਸ ਕੇ…ਗਿਐ?…ਜਿਉਂਦੀ ਵੀ…ਐ ਕਿ…ਬੱ…ਸ ?” ਚੀਕਾਂ ਮਾਰਦਾ ਬੱਲੀ ਹਾਲੇ ਵੀ ਕੁਝ ਆਸ ਭਾਲਦਾ ਸੀ।
“ਬੱਸ ਹੋਰ ਨੀ ਕੁਸ ਦੱਸਿਆ…ਉਹ ਤਾਂ ਏਨਾ ਕਹਿ ਕੇ ਭੱਜ ਗਿਆ। ਆਪਾਂ ਚਲਦੇ ਆਂ ਹੁਣੇ। ਛੇਤੀ ਕਰ, ਮੈਂ ਆਉਨਾ।” ਏਨਾ ਆਖ ਉਹ ਮੁੰਡਾ ਤੇਜ਼ੀ ਨਾਲ ਬਾਹਰ ਨਿੱਕਲ ਗਿਆ।
ਬੱਲੀ ਨੂੰ ਤਾਂ ਜਿਵੇਂ ਅੱਗ ਹੀ ਲੱਗ ਗਈ। ਉਹ ਤੇਜ਼ੀ ਨਾਲ ਕਦੇ ਅੰਦਰ ਕਦੇ ਬਾਹਰ ਭੱਜਣ ਲੱਗਿਆ। ਭੂਆ ਤਰਲੇ ਜਿਹੀ ਕਰਦੀ ਉਸ ਦੇ ਮਗਰ-ਮਗਰ ਫਿਰਦੀ ਲੇਲ੍ਹੜੀਆਂ ਜਿਹੀਆਂ ਕੱਢੀ ਜਾਵੇ, “ਮੈਨੂੰ ਤਾਂ ਦੱਸ ਦੇ ਕੁਸ… ਵੇ ਦੱਸ ਦੇ… ਕੀ ਹੋ ਗਿਆ?” ਪਰ ਬੱਲੀ ਨੂੰ ਤਾਂ ਜਾਣੋਂ ਸੁਣਨੋਂ ਹੀ ਹਟ ਗਿਆ ਸੀ। ਅਲਮਾਰੀ ਪਿੱਛੇ ਰੱਖਿਆ ਰੁਪਈਆਂ ਵਾਲਾ ਝੋਲਾ ਚੁੱਕਿਆ ਤੇ ਸਕੂਟਰ ਦੇ ਕਿੱਕ ਮਾਰ ਕੇ ਇੱਕ ਦਮ ਬਾਹਰ ਨਿੱਕਲ ਗਿਆ। ਭੂਆ ਰੋਂਦੀ-ਪਿੱਟਦੀ ਰਹਿ ਗਈ। ਪਿੰਡ ਵਿਚ ਵੀ ਰੌਲਾ ਪੈ ਗਿਆ ਪਰ ਬੱਲੀ ਨੇ ਤਾਂ ਕਿਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਸ ਨੂੰ ਤਾਂ ਪੈਸੇ ਲੈ ਕੇ ਪਹੁੰਚਣ ਦੀ ਕਾਹਲ ਸੀ। ਉਹ ਸੋਚੀ ਜਾਂਦਾ ਸੀ ਕਿ ਇਹ ਸਾਰੇ ਪੈਸੇ ਡਾਕਟਰ ਨੂੰ ਦੇ ਕੇ ਪਾਲੋ ਦਾ ਇਲਾਜ ਕਰਵਾ ਲਵਾਂਗਾ। ਵਾਹੋ-ਦਾਹੀ ਸਕੂਟਰ ਭਜਾ ਕੇ ਜਦ ਉਹ ਪਿੰਡੋਂ ਬਾਹਰ ਸਿਵਿਆਂ ਕੋਲ ਪਹੁੰਚਿਆ ਤਾਂ ਉਹ ਬੰਦੇ ਸਿਆਣ ਕੇ ਇੱਕ ਦਮ ਠਠੰਬਰ ਗਿਆ। ਚਿਤਾ ਨੂੰ ਅਗਨੀ ਦੇਣ ਦੀ ਪੂਰੀ ਤਿਆਰੀ ਸੀ। ਉਹ ਸਕੂਟਰ ਸੁੱਟ ਕੇ, ਭੁੱਬਾਂ ਮਾਰਦਾ ਝੋਲਾ ਚੁੱਕ ਕੇ ਚਿਤਾ ਵੱਲ ਭੱਜਿਆ। ਇਕੱਠੇ ਹੋਏ ਸਾਰੇ ਲੋਕ ਡਰ ਜਿਹੇ ਗਏ, ਕੁਝ ਤਾਂ ਹੌਲੀ-ਹੌਲੀ ਖਿਸਕਣੇ ਹੀ ਸ਼ੁਰੂ ਹੋ ਗਏ। ਚਾਰੇ ਪਾਸੇ ਚੁੱਪ ਛਾ ਗਈ।
“ਓਏ ਜ਼ਾਲਮੋਂ…ਓਏ ਪਾਪੀਓ…।” ਚੀਕਾਂ ਮਾਰਦੇ ਬੱਲੀ ਨੇ ਭੱਜ ਕੇ ਪਾਲੋ ਦੇ ਪ੍ਰਾਹੁਣੇ ਨੂੰ ਧੱਕਾ ਮਾਰ ਕੇ ਉਸ ਦੇ ਹੱਥੋਂ ਤੀਲਾਂ ਵਾਲੀ ਡੱਬੀ ਖੋਹ ਲਈ। ਨੇੜੇ ਖੜ੍ਹੇ ਹੋਰ ਲੋਕ ਵੀ ਇੱਕ ਦਮ ਪਿੱਛੇ ਹਟ ਗਏ।
“ਓਏ ਤੁਸੀਂ ਮੇਰਾ ਸਾਰਾ ਕੁਸ ਈ ਲੈ ਲੈਂਦੇ…ਬੇਈਮਾਨੋ…ਪਰ…ਮੇਰਾ ਤਾਂ ਜਹਾਨ ਸੁੰਨਾ ਕਰ’ਤਾ…ਪਾਪੀਓ।” ਸੁੰਨ ਹੋਏ ਖੜ੍ਹੇ ਲੋਕਾਂ ਨੂੰ ਬੱਲੀ ਦਾ ਵਿਰਲਾਪ ਅੰਦਰੋਂ ਹਿਲਾ ਰਿਹਾ ਸੀ।
“ਲਓ ਆਹ ਲੈ ਲੋ…ਆਹ ਐ ਮੇਰੀ ਪਾਲੋ ਦਾ ਹਿੱਸਾ…।” ਏਨਾ ਕਹਿੰਦੇ ਹੋਏ ਉਸ ਨੇ ਰੁਪਈਆਂ ਵਾਲਾ ਝੋਲਾ ਚਿਤਾ ਉਤੇ ਖਾਲੀ ਕਰ ਦਿੱਤਾ।
“ਓਏ ਆਹ ਕੀ? ਰੋਕੋ ਭਾਈ ਮੁੰਡੇ ਨੂੰ।” ਇਕੱਠ ‘ਚੋਂ ਇੱਕ ਆਵਾਜ਼ ਆਈ। ਦੋ-ਤਿੰਨ ਜਣੇ ਨੇੜੇ ਨੂੰ ਹੋਣ ਲੱਗੇ ਪਰ ਬੱਲੀ ਨੇ ਚਿਤਾ ਵਾਲੀਆਂ ਲੱਕੜਾਂ ਵਿਚੋਂ ਇੱਕ ਤੈਂਬੜ ਖਿੱਚ ਕੇ ਉਗਰ ਲਿਆ, “ਆਓ ਕਿਹੜਾ ਆਉਂਦੈ…ਹੋਵੋ ‘ਗਾਹਾਂ ਨੂੰ…ਦੇਵਾਂ ਥੋਨੂੰ ਪਾਲੋ ਦਾ ਹਿੱਸਾ…ਆ ਜੋ…ਆ ਜੋ।” ਬੱਲੀ ਦਾ ਭਿਅੰਕਰ ਰੂਪ ਦੇਖ ਕੇ ਚਾਹੁੰਦੇ ਵੀ ਕੋਈ ਨੇੜੇ ਨਾ ਲੱਗਿਆ ਸਗੋਂ ਤੇਜ਼ੀ ਨਾਲ ਸਾਰੇ ਹੀ ਬੰਦੇ ਵਾਰੀ-ਵਾਰੀ ਮੁੜ-ਮੁੜ ਚਿਤਾ ਵੱਲ ਟੱਡੀਆਂ ਅੱਖਾਂ ਨਾਲ ਝਾਕਦੇ ਹੋਏ ਖਿਸਕਣ ਲੱਗੇ। ਬੱਲੀ ਨੇ ਚਾਰੇ ਪਾਸੇ ਘੁੰਮ ਕੇ ਚਿਤਾ ਨੂੰ ਅੱਗ ਲਾ ਦਿੱਤੀ। ਸੁੱਕੀ ਲੱਕੜ ਨੂੰ ਅੱਗ ਇੱਕ ਦਮ ਚੜ੍ਹ ਕੇ ਨੋਟਾਂ ਤੱਕ ਅੱਪੜ ਗਈ। ਦੂਰ ਖੜ੍ਹਾ ਪਾਲੋ ਦਾ ਪ੍ਰਾਹੁਣਾ ਪਾਲੋ ਦੀ ਚਿਤਾ ਦੀਆਂ ਅਸਮਾਨ ਵੱਲ ਉਠਦੀਆਂ ਲਾਟਾਂ ਵਿਚੋਂ ਨੋਟਾਂ ਦੀ ਉਡਦੀ ਸੁਆਹ ਵੱਲ ਇਓਂ ਤੱਕ ਰਿਹਾ ਸੀ, ਜਿਵੇਂ ਉਸ ਨੂੰ ਨੋਟਾਂ ਦੇ ਜਲਣ ਦਾ ਪਛਤਾਵਾ ਹੋ ਰਿਹਾ ਹੋਵੇ। ਬੱਲੀ ਤੈਂਬੜ ਮੋਢੇ ‘ਤੇ ਰੱਖ ਕੇ ਚਿਤਾ ਦੁਆਲੇ ਕਾਹਲੀ ਕਾਹਲੀ ਗੇੜੇ ਕੱਢਦਾ ਉਚੀ-ਉਚੀ ਅਵਾ-ਤਵਾ ਬੋਲਣ ਲੱਗ ਪਿਆ। ਏਨੇ ਨੂੰ ਉਸ ਦੇ ਆਪਣੇ ਪਿੰਡੋਂ ਕੁਝ ਬੰਦੇ ਪਹੁੰਚ ਗਏ। ਬੱਲੀ ਼ਉਨ੍ਹਾਂ ਨੂੰ ਦੇਖ ਕੇ ਹੋਰ ਵੀ ਉਚੀ-ਉਚੀ ਬੋਲਣ ਲੱਗ ਪਿਆ- “ਦੇ’ਤਾ ਚਾਚਾ, ਦੇ…‘ਤਾ…ਪਾਲੋ ਦਾ ਹਿੱਸਾ ਮੰਗਦੇ ਸੀ…ਅਹੁ ਦੇ’ਤਾ। ਅਹੁ ਜਾਂਦੈ ਪਾਲੋ ਦਾ ਹਿੱਸਾ…ਓਹਦੇ ਨਾਲ ਈ।” ਬੱਲੀ ਨੇ ਨੋਟਾਂ ਦੀ ਉਡੀ ਜਾਂਦੀ ਸੁਆਹ ਵੱਲ ਹੱਥ ਕਰਕੇ ਚੀਕ ਮਾਰੀ। ਬੰਦਿਆਂ ਨੇ ਬੱਲੀ ਨੂੰ ਧੱਕੇ ਨਾਲ ਮਸਾਂ ਚਿਤਾ ਤੋਂ ਪਾਸੇ ਕੀਤਾ ਅਤੇ ਪਿੰਡ ਨੂੰ ਲੈ ਤੁਰੇ। ਉਸ ਦੇ ਮਾਮੇ, ਭੂਆ ਤੇ ਹੋਰ ਰਿਸ਼ਤੇਦਾਰਾਂ ਨੂੰ ਸਨੇਹੇ ਭੇਜ ਕੇ ਸੱਦ ਲਿਆ ਪਰ ਬੱਲੀ ਤਾਂ ਚੁੱਪ ਹੀ ਕਰ ਗਿਆ। ਸਾਰਿਆਂ ਨੇ ਰੋ-ਪਿੱਟ ਕੇ ਵੀ ਜ਼ੋਰ ਲਾ ਲਿਆ ਪਰ ਬੱਲੀ ਨੇ ਜ਼ੁਬਾਨ ਨਹੀਂ ਖੋਲ੍ਹੀ। ਉਹ ਤਾਂ ਬੱਸ ਸਾਹਮਣੇ ਵਾਲੇ ਬੰਦੇ ਵੱਲ ਇੱਕ ਟੱਕ ਅੱਖਾਂ ਟੱਡ ਕੇ ਸਵਾਲੀਆ ਨਜ਼ਰ ਨਾਲ ਝਾਕੀ ਜਾਂਦਾ ਸੀ। ਸਭਨਾਂ ਨੂੰ ਹੁਣ ਬੱਲੀ ਦਾ ਫਿਕਰ ਲੱਗ ਗਿਆ ਸੀ।
ਕੁਝ ਹੀ ਦਿਨਾਂ ਪਿੱਛੋਂ ਕਿਸਾਨ ਯੂਨੀਅਨ ਅਤੇ ਹੋਰ ਜਮਹੂਰੀ ਜਥੇਬੰਦੀਆਂ ਨੇ ਰਲ ਕੇ ਏਸ ਘਿਨਾਉਣੇ ਕਾਰੇ ਦੀ ਪੂਰੀ ਪੜਤਾਲ ਕਰਕੇ ਸੰਘਰਸ਼ ਵਿੱਢ ਦਿੱਤਾ। ਪਾਲੋ ਦੇ ਸਹੁਰੇ ਪਿੰਡ ਵਿਚੋਂ ਵੀ ਬਹੁਗਿਣਤੀ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਜਿਸ ਦੇ ਸਿੱਟੇ ਵਜੋਂ ਪੁਲਿਸ ਨੂੰ ਚੜ੍ਹਾਵਾ ਚਾੜ੍ਹਨ ਦੇ ਬਾਵਜੂਦ ਕੇਸ ਦਰਜ ਕਰਨਾ ਪਿਆ। ਉਧਰ ਬੱਲੀ ਦਾ ਮਾਮਾ ਬੱਲੀ ਨੂੰ ਲੈ ਕੇ ਦੂਰ-ਦੂਰ ਦੇ ਡਾਕਟਰਾਂ ਕੋਲ ਫਿਰਦਾ ਰਿਹਾ, ਉਸ ਨੇ ਕੋਈ ਕਸਰ ਨਹੀਂ ਛੱਡੀ ਪਰ ਬੱਲੀ ਤਾਂ ਜਿਉਂਦੀ ਲਾਸ਼ ਹੀ ਬਣ ਗਿਆ। ਉਸ ਨੂੰ ਤਾਂ ਹਰ ਇੱਕ ਕੁੜੀ ਵਿਚੋਂ ਪਾਲੋ ਹੀ ਦਿਸਣ ਲੱਗ ਪਈ।