ਸਫ਼ਰ-ਏ-ਸ਼ਹਾਦਤ ਦੌਰਾਨ ਮਨੁੱਖੀ ਮਾਨਸਿਕਤਾ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਮਨੁੱਖ, ਮਾਨਸਿਕਤਾ ਦਾ ਮੁਹਾਂਦਰਾ। ਇਹ ਮਾਨਸਿਕਤਾ ਉਸ ਦੇ ਮਾਨਵੀ, ਆਤਮਿਕ, ਸਰੀਰਕ ਅਤੇ ਮਾਨਸਿਕ ਵਿਕਾਸ ਦਾ ਆਧਾਰ। ਮਨੁੱਖੀ ਪ੍ਰਾਪਤੀਆਂ/ਅਸਫਲ਼ਤਾਵਾਂ, ਕੁਰਬਾਨੀਆਂ/ਕੁਤਾਹੀਆਂ, ਕ੍ਰਿਤਾਰਥਾ/ਅਕ੍ਰਿਤਘਣਤਾ ਜਾਂ ਅਪਣੱਤ/ਬਿਗਾਨੇਪਣ ਦਾ ਬਿੰਬ।

ਮਨੁੱਖੀ ਮਾਨਸਿਕਤਾ ਵਿਚ ਚੌਗਿਰਦੇ ਤੇ ਪਰਿਵਾਰ ਦਾ ਅਹਿਮ ਰੋਲ ਹੈ, ਜੋ ਮਨੁੱਖੀ ਸ਼ਖ਼ਸੀਅਤ ਰੂਪੀ ਮਹਿਲ ਦੀ ਬੁਨਿਆਦ ਅਤੇ ਸਰੂਪ ਹੈ। ਇਹ ਸੂਰਜਾਂ ਦਾ ਸਿਰਨਾਵਾਂ ਵੀ ਹੋ ਸਕਦਾ ਹੈ ਜਾਂ ਬੁੱਝਦੇ ਦੀਵੇ ਦਾ ਆਖਰੀ ਹਟਕੋਰਾ ਵੀ। ਇਹ ਸਰਘੀ ਦਾ ਸੁਰਖ ਸੁਨੇਹਾ ਵੀ ਹੁੰਦਾ ਹੈ ਜਾਂ ਉਤਰਦੀ ਸ਼ਾਮ ਵਿਚਲਾ ਅੰਧਿਆਰਾ ਵੀ।
ਮਾਨਸਿਕਤਾ ਮਾਣ ਵੀ ਹੁੰਦੀ ਹੈ ਤੇ ਮੌਤ ਵੀ। ਮਰਿਆਦਾ ਵੀ ਤੇ ਮਾਣਹਾਨੀ ਵੀ। ਮਾਂਗਵੀਂ ਵੀ ਤੇ ਮਾਤਰੀ ਵੀ। ਮਹਿਮਾਨ ਵੀ ਤੇ ਮਜਬੂਰੀ ਵੀ। ਮਾਨਸਿਕਤਾ ਵਿਚੋਂ ਹੀ ਇਤਿਹਾਸ ਸਿਰਜੇ ਜਾਂਦੇ ਹਨ। ਇਸ ਮਾਨਸਿਕਤਾ ਕਾਰਨ ਹੀ ਚਮਕੌਰ ਦੀ ਜੰਗ ਵਿਚ ਕੱਲਾ-ਕੱਲਾ ਯੋਧਾ ਵੀ ਸਵਾ ਲੱਖ ਹੁੰਦਾ ਹੈ। ਕਮਜ਼ੋਰ ਮਾਨਸਿਕਤਾ ਵਾਲੇ ਲੋਕ ਜ਼ਿੰਦਗੀ ਵਿਚ ਬੜੀ ਜਲਦੀ ਹਾਰ ਜਾਂਦੇ ਹਨ ਜਦਕਿ ਮਜ਼ਬੂਤ ਮਾਨਸਿਕਤਾ ਵਾਲੇ ਲੋਕ ਹਾਰ ਵਿਚੋਂ ਵੀ ਜਿੱਤਾਂ ਦੇ ਨਕਸ਼ ਦੇਖਦੇ ਅਤੇ ਆਖਰ ਨੂੰ ਹਾਰਾਂ ਦੇ ਮੱਥੇ `ਤੇ ਜਿੱਤਾਂ ਦਾ ਪ੍ਰਚਮ ਲਹਿਰਾਉਂਦੇ ਹਨ।
ਸਮੁੱਚਾ ਸਿੱਖ ਇਤਿਹਾਸ ਸਿੱਖਾਂ ਦੀ ਸ਼ਾਨਾਮੱਤੀ ਤੇ ਮਰਦਾਵੀਂ ਮਾਨਸਿਕਤਾ ਦਾ ਪ੍ਰਮਾਣ ਹੈ। ਇਤਿਹਾਸ ਦੇ ਵਰਕਿਆਂ `ਤੇ ਉਕਰੀ ਤਵਾਰੀਖ਼ ਦਾ ਸਿਰਜਣਹਾਰਾ ਜਿਸ ਕਰਕੇ ਸਿੱਖਾਂ ਦੀ ਇਕ ਵਿਲੱਖਣ ਪਛਾਣ ਹੈ। ਇਨ੍ਹਾਂ ਦੇ ਮਾਨਵੀ ਵਰਤੋਂ-ਵਿਹਾਰ ਨੇ ਇਨ੍ਹਾਂ ਨੂੰ ਅਲੋਕਾਰੀ ਨੁਹਾਰ ਅਤੇ ਨਾਮਗੀਰੀ ਬਖਸ਼ੀ ਹੈ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਮੁੱਚੇ ਘਟਨਾਕ੍ਰਮ ਨੂੰ ਨੀਝ ਨਾਲ ਦੇਖਿਆਂ ਪਤਾ ਲੱਗੇਗਾ ਕਿ ਇਸ ਸ਼ਹਾਦਤ ਨੂੰ ਅੰਜ਼ਾਮ ਦੇਣ ਕਾਰਨ ਉਗੀ ਰੋਹ ਦੀ ਜਵਾਲਾ ਨੂੰ ਪ੍ਰਚੰਡ ਕਰਨ ਵਿਚ ਦਰਅਸਲ ਇਸ ਨਾਲ ਜੁੜੇ ਉਨ੍ਹਾਂ ਕਿਰਦਾਰਾਂ ਦੀ ਵੰਨ-ਸੁਵੰਨੀ ਮਾਨਸਿਕਤਾ ਨੂੰ ਸਮਝਣਾ ਅਤੇ ਵਿਚਾਰਨਾ ਜ਼ਰੂਰੀ ਹੈ, ਜਿਸ ਕਰਕੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਸੰਸਾਰਕ ਇਤਿਹਾਸ ਵਿਚ ਨਵੀਂ ਤਹਿਰੀਕ ਨੂੰ ਸਿਰਜਿਆ, ਜੋ ਹੁਣ ਤੀਕ ਦੀ ਸਭ ਤੋਂ ਮਾਣਮੱਤੀ ਅਤੇ ਛੋਟੀ ਉਮਰ ਦੀ ਸ਼ਹਾਦਤ ਹੈ।
ਜਦ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਨਾਲ ਆਪਣੇ ਰਸੋਈਏ ਗੰਗੂ ਬ੍ਰਾਹਮਣ ਦੇ ਪਿੰਡ ਪਹੁੰਚਦੇ ਨੇ ਤਾਂ ਇਹ ਗੰਗੂ ਬ੍ਰਾਹਮਣ ਦੀ ਮਾਨਸਿਕਤਾ ਵਿਚ ਪੈਦਾ ਹੋਇਆ ਲੋਭ ਹੀ ਸੀ ਕਿ ਉਸ ਨੇ ਮਾਇਆ ਦੇ ਲਾਲਚ ਵਿਚ ਚੋਰੀ ਕੀਤੀ ਅਤੇ ਫਿਰ ਇਸ ਚੋਰੀ ਦੀ ਪਰਦਾਦਾਰੀ ਲਈ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਵਾਇਆ। ਮਨ ਵਿਚ ਬੈਠਾ ਲਾਲਚ ਮਨੁੱਖ ਨੂੰ ਅਸਮਾਨ ਤੋਂ ਰਸਾਤਲ ਵਿਚ ਗਰਕ ਕਰ ਦਿੰਦਾ ਹੈ ਅਤੇ ਬੰਦਾ ਅੱਖ ਦਾ ਤਾਰਾ ਹੁੰਦਿਆਂ ਵੀ ਅੱਖਾਂ ਵਿਚੋਂ ਬੇਅਰਥਾ ਕਿਰਦਾ ਨੀਰ ਬਣ ਕੇ ਆਪਣੀ ਹਯਾਤੀ ਨੂੰ ਰਾਖ਼ ਵਿਚ ਗਵਾ ਬਹਿੰਦਾ ਹੈ। ਅਜਿਹਾ ਹੀ ਗੰਗੂ ਬ੍ਰਾਹਮਣ ਦੀ ਲੋਭੀ ਮਾਨਸਿਕਤਾ ਨੇ ਉਸ ਰਾਹੀਂ ਕਰਵਾਇਆ ਇਹ ਕਾਲਾ ਕਾਰਾ ਜਿਸ ਨੇ ਉਸ ਦੀ ਸਮੁੱਚੀ ਕੁਲ ਨੂੰ ਬਦਨਾਮ ਕੀਤਾ ਅਤੇ ਸਾਹਿਬਜ਼ਾਦਿਆਂ ਦਾ ਪਹਿਲਾ ਕਦਮ ਸ਼ਹਾਦਤ ਪ੍ਰਾਪਤ ਕਰਨ ਵੰਨੀਂ ਉਠਿਆ।
ਠੰਢੇ ਬੁਰਜ ਵਿਚ ਕੈਦ ਤੇ ਭੁੱਖਣ-ਭਾਣੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਦੁੱਧ ਪਿਆਉਣ ਵਾਲੇ ਭਾਈ ਮੋਤੀ ਰਾਮ ਮਹਿਰਾ ਜੀ ਦੀ ਸੇਵਾਭਾਵੀ ਮਾਨਸਿਕਤਾ ਨੂੰ ਪੜ੍ਹਦਿਆਂ ਮਨ ਤਰਲ-ਤਰਲ ਹੋ ਜਾਂਦਾ ਹੈ। ਕੋਮਲ ਹਿਰਦੇ ਵਾਲਾ ਅਤੇ ਕਿਸੇ ਦੀ ਭੁੱਖ-ਪਿਆਸ ਦੀ ਪੂਰਤੀ ਲਈ ਜਾਨ ਦੀ ਪ੍ਰਵਾਹ ਨਾ ਕਰਨ ਵਾਲਾ ਗੁਰੂਘਰ ਦਾ ਅਨਿੰਨ ਸੇਵਕ ਸੀ ਭਾਈ ਮਹਿਰਾ। ਵਜ਼ੀਰ ਖਾਨ ਦੀ ਹੁਕਮ-ਅਦੂਲੀ ਕਰਦਿਆਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਆਉਣ ਦਾ ਜੋਖ਼ਮ ਉਠਾਉਣ ਵਾਲੇ ਭਾਈ ਮਹਿਰਾ ਦੀ ਮਜ਼ਬੂਤ ਮਾਨਸਿਕਤਾ ਨੂੰ ਸਲਾਮ ਕਰਨਾ ਬਣਦੈ, ਜਿਨ੍ਹਾਂ ਨੇ ਜਾਨ ਤਲੀ `ਤੇ ਧਰ ਕੇ ਇਹ ਸੇਵਾ ਨਿਭਾਈ। ਭਾਵੇਂ ਕਿ ਬਾਅਦ ਵਿਚ ਉਸ ਦੇ ਸਮੁੱਚੇ ਪਰਿਵਾਰ ਨੂੰ ਵਜ਼ੀਰ ਖਾਨ ਵਲੋਂ ਕੋਹਲੂ ਵਿਚ ਪੀੜ ਕੇ ਕਤਲ ਕਰਵਾ ਦਿੱਤਾ ਗਿਆ। ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਕਿਸੇ ਲਾਚਾਰ, ਬੰਦੀ ਅਤੇ ਬੇਗੁਨਾਹ ਨੂੰ ਦੇਖ ਕੇ ਅੱਖ ਭਰਦੇ ਨੇ ਅਤੇ ਫਿਰ ਅੱਖ ਵਿਚਲੇ ਰੌਂਅ ਦੀ ਰਾਗਣੀ ਵਿਚ ਭਲਾਈ ਵਾਲਾ ਕਰਮ ਨਿਭਾਉਂਦੇ ਜੀਵਨ ਨੂੰ ਤੁੱਛ ਸਮਝਦੇ ਨੇ। ਭਾਈ ਮਹਿਰਾ ਉਨ੍ਹਾਂ ਵਿਚੋਂ ਇਕ ਸਨ।
ਵਜ਼ੀਰ ਖਾਨ ਦੀ ਕਚਹਿਰੀ ਵਿਚ ਸਾਹਿਬਜ਼ਾਦਿਆਂ ਦੀ ਪੇਸ਼ੀ ਅਤੇ ਉਨ੍ਹਾਂ ਨੂੰ ਆਪਣੇ ਧਰਮ ਤੋਂ ਥਿੜਕਾਉਣ ਅਤੇ ਲੋਭ-ਲਾਲਚ ਵਿਚ ਫਸਾਉਣ ਲਈ ਹਰ ਹਰਬਾ ਵਰਤਣ ਦੌਰਾਨ, ਕਚਹਿਰੀ ਵਿਚਲੇ ਕਿਰਦਾਰਾਂ ਦੀ ਮਾਨਕਿਸਤਾ ਨੂੰ ਸਮਝਣ ਲਈ ਕਚਹਿਰੀ ਵਿਚ ਹੋਈਆਂ ਪੇਸ਼ੀਆਂ ਅਤੇ ਇਸ ਦੌਰਾਨ ਕਾਜ਼ੀ ਵਲੋਂ ਸੁਣਾਏ ਫਤਵੇ ਦੇ ਸਮੁੱਚੇ ਘਟਨਾਕ੍ਰਮ ਨੂੰ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਅਹਿਲਕਾਰ ਸੁੱਚਾ ਨੰਦ ਇਕ ਅਜਿਹਾ ਕਿਰਦਾਰ ਸੀ, ਜਿਸ ਦੀ ਮਾਨਸਿਕਤਾ ਆਪਣੇ ਆਕਾ ਨੂੰ ਖੁਸ਼ ਕਰਨ ਲਈ ਕੋਈ ਵੀ ਕੁਫ਼ਰ ਤੋਲ ਸਕਦੀ ਸੀ। ਉਹ ਸਾਹਿਬਜ਼ਾਦਿਆਂ `ਤੇ ਇਲਜ਼ਾਮ-ਤਰਾਸ਼ੀ ਕਰ ਕੇ ਆਪਣੀ ਕੋਝੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ। ਅਜਿਹੀ ਮਾਨਸਿਕਤਾ ਵਾਲੇ ਲੋਕ ਹਾਕਮਾਂ ਦੀ ਖੁਸ਼ੀ ਲਈ ਆਪਣੀ ਆਤਮਾ ਨੂੰ ਮਾਰ ਕੇ ਸਿਰਫ਼ ਨਿੱਜੀ ਮੁਫ਼ਾਦ ਨੂੰ ਸਾਹਮਣੇ ਰੱਖਦੇ ਨੇ। ਉਨ੍ਹਾਂ ਕੋਲੋਂ ਹਮਦਰਦੀ, ਇਨਸਾਫ਼ ਜਾਂ ਸੱਚ ਨੂੰ ਸੱਚ ਕਹਿਣ ਦੀ ਆਸ ਰੱਖਣਾ ਕੁਥਾਂਹ ਹੁੰਦਾ ਹੈ। ਉਹ ਸਿਰਫ਼ ਕਾਲਖ਼ਾਂ, ਕਮੀਨਗੀਆਂ ਅਤੇ ਕੁਕਰਮਾਂ ਦੀ ਰੋਟੀ ਖਾਂਦੇ ਨੇ। ਹਨੇਰਿਆਂ ਦਾ ਸਾਥ ਪਾਲਦੇ ਹੋਏ ਉਗਦੇ ਸੂਰਜਾਂ ਦੀ ਅੱਖ ਵਿਚ ਅੱਖ ਪਾਉਣ ਤੋਂ ਡਰਦੇ ਨੇ। ਉਨ੍ਹਾਂ ਦੀ ਮਾਨਸਿਕਤਾ ਵਿਚ ਮੌਤ ਦਾ ਸਹਿਮ ਇੰਨਾ ਭਾਰੂ ਹੁੰਦਾ ਹੈ ਕਿ ਉਨ੍ਹਾਂ ਨੂੰ ਹੱਥਕੜੀਆਂ ਵਿਚ ਜਕੜੇ ਛੋਟੇ ਸਾਹਿਬਜ਼ਾਦੇ ਵੀ ਮੌਤ ਦਾ ਪੈਗੰਬਰ ਹੀ ਜਾਪਦੇ ਹਨ, ਜਿਨ੍ਹਾਂ ਨੂੰ ਕਤਲ ਕਰਵਾਉਣ ਲਈ ਹਰ ਹਰਬਾ ਵਰਤਦੇ ਹਨ। ਅਜਿਹੇ ਲੋਕ ਅਕਸਰ ਰਾਜ ਦਰਬਾਰ ਵਿਚ ਆਪਣੀ ਚੌਧਰ ਚਮਕਾਉਂਦੇ ਅਤੇ ਭੋਲੇ-ਭਾਲੇ ਤੇ ਸੱਚ ਦੇ ਰਾਹੀਆਂ ਨੂੰ ਮਾਰ ਮੁਕਾਉਣ ਦੇ ਦੋਸ਼ੀ ਹੁੰਦੇ ਹਨ। ਆਖ਼ਰ ਨੂੰ ਇਹ ਪਾਪ ਢੋਂਦੇ ਖੁਦ ਪਾਪ-ਬੋਧ ਬਣ ਕੇ ਆਪਣੀ ਅਰਥੀ ਨੂੰ ਖ਼ੁਦ ਹੀ ਮੋਢਾ ਦਿੰਦੇ ਜਨ ਕਿਉਂਕਿ ਅਜਿਹੇ ਲੋਕ ਤਾਂ ਚਾਰ ਕੁ ਲੋਕ ਵੀ ਨਾਲ ਨਹੀਂ ਰੱਖਦੇ, ਜੋ ਉਨ੍ਹਾਂ ਨੂੰ ਕਬਰਾਂ ਤੀਕ ਲੈ ਕੇ ਜਾ ਸਕਣ।
ਦਰਬਾਰੀ ਸਾਜਿ਼ਸ਼ਾਂ ਅਤੇ ਰਾਜਸੀ ਇਨਸਾਫ਼ ਦੀ ਪ੍ਰਕਿਰਿਆ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਧਰਮ ਪਹਿਲਾਂ ਵੀ ਰਾਜਸੀ ਧੌਂਸ ਦਾ ਗੁਲਾਮ ਸੀ ਅਤੇ ਅੱਜ ਤੀਕ ਵੀ ਅਜਿਹਾ ਵਰਤਾਰਾ ਦੇਖਣ ਨੂੰ ਮਿਲਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਸਜ਼ਾ ਦਾ ਫਤਵਾ ਜਾਰੀ ਨਾ ਕਰ ਸਕਣ ਦਾ ਫੁਰਮਾਨ ਸੁਣਾਉਣ ਵਾਲਾ ਕਾਜ਼ੀ ਆਖ਼ਰ ਨੂੰ ਹਕੂਮਤੀ ਬੇਇਨਸਾਫ਼ੀ ਸਾਹਵੇਂ ਨਿਵ ਜਾਂਦਾ ਹੈ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਕੇ ਕਤਲ ਕਰਨ ਦਾ ਫਤਵਾ ਜਾਰੀ ਕਰਦਾ ਹੈ। ਇਹ ਕੁਕਰਮ ਕਰਨ ਲੱਗਿਆਂ ਕਾਜ਼ੀ ਦੇ ਮਨ ਵਿਚ ਆਪਣੇ ਅੱਲਾ੍ਹ ਦਾ ਰਤਾ ਭਰ ਵੀ ਖੌਫ਼ ਜ਼ਾਹਰ ਨਹੀਂ ਹੁੰਦਾ। ਉਹ ਰਾਜਸੀ ਪੈਂਤੜੇਬਾਜ਼ੀ ਦਾ ਇਕ ਪੁਰਜ਼ਾ ਬਣ ਜਾਂਦਾ ਹੈ। ਇਹ ਪੁਰਜ਼ਾਕਰਨ ਉਸ ਦੀ ਧੁੰਧਲਾਈ ਅਤੇ ਝੁੰਝਲਾਈ ਮਾਨਸਿਕਤਾ ਨੂੰ ਸਪੱਸ਼ਟ ਕਰਨ ਲਈ ਪ੍ਰਤੱਖ ਹੈ। ਧਰਮ ਦੇ ਸੱਚੇ ਪੈਰੋਕਾਰ ਕਦੇ ਵੀ ਆਪਣੇ ਅਕੀਦੇ ਤੋਂ ਨਹੀਂ ਥਿੜਕਦੇ ਅਤੇ ਹਕੂਮਤਾਂ ਸਾਹਵੇਂ ਝੁਕਣ ਵਾਲੇ ਕਦੇ ਵੀ ਧਾਰਮਿਕ ਰਹਿਬਰ ਦੀ ਪਦਵੀ ਦੇ ਹੱਕਦਾਰ ਨਹੀਂ ਹੁੰਦੇ। ਧਰਮ ਅਧੀਨਗੀ ਨਹੀਂ ਸਗੋਂ ਆਜ਼ਾਦ ਅਤੇ ਬੇਬਾਕ ਮਾਨਸਿਕਤਾ ਦਾ ਜਲੌਅ ਹੁੰਦਾ ਹੈ। ਧਰਮ ਤਾਂ ਪਾਕੀਜ਼ਗੀ, ਪ੍ਰਣ, ਪਾਬੰਦ ਅਤੇ ਪਹਿਰੇਦਾਰੀ ਦਾ ਨਾਮ ਹੁੰਦਾ ਹੈ, ਜਿਸ ਲਈ ਮਾਨਸਿਕ ਤਕੜਾਈ ਸਭ ਤੋਂ ਅਹਿਮ ਸੀ ਪਰ ਇਹ ਸਭ ਕੁਝ ਕਾਜ਼ੀ ਦੇ ਕਿਰਦਾਰ ਵਿਚੋਂ ਮਨਫ਼ੀ ਸੀ।
ਪਰ ਰਾਜ ਦਰਬਾਰ ਦੇ ਸਾਰੇ ਅਹਿਲਕਾਰ ਇਕੋ ਜਿਹੇ ਨਹੀਂ ਹੁੰਦੇ। ਕੁਝ ਅਜਿਹੇ ਵੀ ਹੁੰਦੇ ਹਨ, ਜੋ ਦੀਨ-ਈਮਾਨ ਦੇ ਪੱਕੇ ਹੁੰਦੇ ਹਨ। ਧਰਮ ਨੂੰ ਸਹੀ ਅਰਥਾਂ ਵਿਚ ਜਿਊਣ ਅਤੇ ਧਾਰਨ ਕਰਨ ਦੇ ਪਾਬੰਦ ਹੁੰਦੇ ਹਨ। ਇਨ੍ਹਾਂ ਵਿਚੋਂ ਸਭ ਤੋਂ ਮਜ਼ਬੂਤ ਤੇ ਬੁਲੰਦ ਮਾਨਸਿਕਤਾ ਵਾਲਾ ਮਾਲੇਰਕੋਟਲੇ ਦਾ ਨਵਾਬ ਮੁਹੰਮਦ ਸ਼ੇਰ ਖਾਨ ਸੀ। ਉਸ ਦੀ ਮਾਨਸਿਕਤਾ ਉਦੋਂ ਸਾਹਵੇਂ ਆਉਂਦੀ ਹੈ, ਜਦ ਉਹ ਆਪਣੇ ਭਰਾ ਦਾ ਬਦਲਾ ਲੈਣ ਲਈ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਤੋਂ ਕੋਰੀ ਨਾਂਹ ਕਰ ਕੇ, ਸਾਹਿਬਜ਼ਾਦਿਆਂ ਦੇ ਹੱਕ ਵਿਚ ਅਤੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੇ ਵਿਰੋਧ ਵਿਚ ਹਾਅ ਦਾ ਨਾਅਰਾ ਮਾਰ ਕੇ ਰਾਜ ਦਰਬਾਰ ਵਿਚੋਂ ਉਠ ਜਾਂਦਾ ਹੈ। ਇਹ ਉਸ ਦੀ ਮਾਨਸਿਕਤਾ ਵਿਚਲਾ ਧਾਰਮਿਕ ਜਜ਼ਬਾ ਅਤੇ ਇਸ ਦੀ ਸਾਰਥਕਿਤਾ ਵਿਚੋਂ ਧਰਮ ਨੂੰ ਸਮਝਣ ਅਤੇ ਜੀਵਨ ਦਾ ਹਿੱਸਾ ਬਣਾਉਣ ਦੀ ਸਮੁੱਚਤਾ ਵਿਚੋਂ ਪੈਦਾ ਹੋਇਆ ਸੀ। ਉਹ ਮਾਸੂਮਾਂ `ਤੇ ਹੋਣ ਵਾਲੇ ਜਬਰ ਦੇ ਵਿਰੁੱਧ ਸੀ। ਮੁਹੰਮਦ ਸ਼ੇਰ ਖਾਨ ਦੀ ਮਾਨਸਿਕਤਾ ਵਿਚਲੇ ਜਜ਼ਬਾਤ, ਜਜ਼ਬੇ ਅਤੇ ਜਨੂੰਨ ਨੂੰ ਸਲਾਮ। ਇਸ ਮਾਨਸਿਕਤਾ ਨੇ ਉਸ ਨੂੰ ਮੁਸਲਮਾਨ ਹੁੰਦਿਆਂ ਵੀ ਸਿੱਖਾਂ ਦਾ ਅਜੀਜ਼ ਬਣਾਉਣ ਦੇ ਨਾਲ-ਨਾਲ ਉਸ ਦੀ ਰਿਆਸਤ ਨੂੰ ਵੀ ਮਾਣ ਦਿੱਤਾ ਸੀ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਜਦ ਸਾਰੇ ਸ਼ਹਿਰ ਵਿਚ ਸੁੰਨ ਵਰਤ ਗਈ ਅਤੇ ਕੋਈ ਵੀ ਉਨ੍ਹਾਂ ਦੇ ਸਸਕਾਰ ਲਈ ਜੇਰਾ ਨਾ ਕਰ ਸਕਿਆ ਤਾਂ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਅਸ਼ਰਫ਼ੀਆਂ ਰੱਖ ਕਰ ਕੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜ਼ਮੀਨ ਖਰੀਦੀ। ਦੀਵਾਨ ਟੋਡਰ ਮੱਲ ਦੀ ਮਾਨਸਿਕਤਾ ਦੇ ਉਸ ਰੌਸ਼ਨ ਪੱਖ ਤੋਂ ਮਨ ਵਾਰੇ ਜਾਂਦਾ ਹੈ, ਜਿਸ ਕਾਰਨ ਉਸ ਨੇ ਆਪਣੀ ਜਾਇਦਾਦ ਦੀ ਪ੍ਰਵਾਹ ਨਾ ਕਰਦਿਆਂ, ਅੱਜ ਤੀਕ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦੀ। ਕੀ ਕੋਈ ਅਜੋਕੇ ਸਮੇਂ ਵਿਚ ਅਜਿਹਾ ਪੁਰਖ ਹੈ, ਜਿਹੜਾ ਸਸਕਾਰ ਲਈ ਇੰਨੀ ਮਹਿੰਗੀ ਥਾਂ ਖਰੀਦਣ ਲਈ ਖੁਦ ਕੰਗਾਲ ਹੋ ਜਾਵੇ ਅਤੇ ਨਾਲ ਹੀ ਵਜ਼ੀਰ ਖਾਨ ਦੀ ਨਫ਼ਰਤ ਦਾ ਸ਼ਿਕਾਰ ਵੀ ਹੋਵੇ। ਇਹ ਦੀਵਾਨ ਟੋਡਰ ਦੀ ਮਾਨਸਿਕਤਾ ਵਿਚ ਘਰ ਕਰੀ ਬੈਠੀ ਉਹ ਅਕੀਦਤ ਸੀ, ਜਿਸ ਨੂੰ ਉਹ ਆਪਣੇ ਸਾਹਾਂ ਤੋਂ ਵੀ ਪਿਆਰੀ ਸਮਝਦਾ ਸੀ। ਇਸ ਨੂੰ ਨਤਸਮਤਕ ਹੋਣ ਲਈ ਉਸ ਨੇ ਇਹ ਥਾਂ ਖਰੀਦੀ, ਜਿਸ ਨੂੰ ਅੱਜ ਸਮੁੱਚੀ ਲੋਕਾਈ ਨਤਮਸਤਕ ਹੁੰਦੀ ਹੈ। ਅਜੋਕੇ ਰਾਜਸੀ, ਧਾਰਮਿਕ ਅਤੇ ਸਮਾਜਿਕ ਚੌਧਰੀਆਂ ਵਿਚੋਂ ਕੌਣ ਹੈ, ਜਿਹੜਾ ਅਜਿਹੀ ਮਾਨਸਿਕਤਾ ਦਾ ਮਾਲਕ ਹੋਵੇ ਅਤੇ ਆਪਣਾ ਸਮੁੱਚ ਇਕ ਅਕੀਦੇ ਨੂੰ ਅਰਪਿਤ ਕਰ ਦੇਵੇ।
ਸਫ਼ਰ-ਏ-ਸ਼ਹਾਦਤ ਦੀ ਇਬਾਰਤ ਦੇ ਜਗਦੇ ਦੀਵੇ ਸਾਹਿਬਜ਼ਾਦੇ ਸਨ, ਜਿਨ੍ਹਾਂ ਦੀ ਬਚਪਨ ਵਿਚ ਹੀ ਮਾਨਸਿਕਤਾ ਅਜਿਹੀ ਰੁਸ਼ਨਾਈ, ਪਕਿਆਈ ਅਤੇ ਦਲੇਰ ਸੀ ਕਿ ਉਹ ਹਰ ਲਾਲਚ ਨੂੰ ਠੁਕਰਾ ਸਕਦੇ ਸਨ। ਹਰ ਹਰਬੇ ਦੀਆਂ ਬਾਰੀਕੀਆਂ ਨੂੰ ਸਮਝ ਕੇ ਇਸ ਨੂੰ ਨਕਾਰ ਸਕਦੇ ਸਨ। ਉਨ੍ਹਾਂ ਦੀ ਉਚੇਰੀ ਮਾਨਸਿਕਤਾ ਦੀ ਅੰਬਰੀਂ ਉਡਾਣ ਨੂੰ ਇਸ ਤੱਥ ਤੋਂ ਭਲੀ-ਭਾਂਤ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਦੁਨਿਆਵੀ ਲਾਭ ਜਾਂ ਜਾਨ ਬਖ਼ਸ਼ੀ ਵੀ ਨਾ ਡੁਲਾ ਸਕੀ। ਉਹ ਦੋਵੇਂ ਛੋਟੀ ਉਮਰ ਦੇ ਬਾਵਜੂਦ ਇਕ ਦੂਜੇ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਣ ਲਈ ਕਾਹਲੇ ਸਨ। ਉਨ੍ਹਾਂ ਦੀ ਅਜਿਹੀ ਮਾਨਸਿਕ ਬਣਤਰ ਲਈ ਉਨ੍ਹਾਂ ਨੂੰ ਮਿਲਿਆ ਦਾਦੀ ਮਾਤਾ ਗੁਜਰੀ ਦਾ ਮੱਤਾਂ ਭਰਪੂਰ ਸਾਥ। ਆਪਣੀ ਵਿਰਾਸਤ ਵਿਚਲੀਆਂ ਸ਼ਹਾਦਤਾਂ ਦੀਆਂ ਅਕੱਥ ਕਹਾਣੀਆਂ। ਉਨ੍ਹਾਂ ਦੇ ਬਾਪ ਦਾ ਸ਼ਖ਼ਸੀ ਪ੍ਰਭਾਵ। ਵੱਡੇ ਭਰਾਵਾਂ ਨੂੰ ਦੇਖ ਦੇਖ ਆਪਣੀ ਮਾਨਸਿਕਤਾ ਨੂੰ ਹਰ ਔਕੜ ਤੇ ਮੁਸੀਬਤ ਵਿਚ ਚੜ੍ਹਦੀ ਕਲਾ ਵਿਚ ਰੱਖਣ ਦਾ ਮੀਰੀ ਗੁਣ ਆਦਿ ਸ਼ਾਮਲ ਸੀ, ਜੋ ਉਨ੍ਹਾਂ ਨੂੰ ਬਹੁਤ ਪ੍ਰਤੱਖ ਰੂਪ ਵਿਚ ਪ੍ਰਾਪਤ ਹੋਇਆ ਸੀ। ਸਾਹਿਬਜ਼ਾਦਿਆਂ ਦੀ ਮਾਨਸਿਕਤਾ ਨੂੰ ਸਮਝ ਕੇ ਹੀ ਉਨ੍ਹਾਂ ਦੀ ਅਮੁੱਲ, ਅਜ਼ੀਮ, ਅਦੁੱਤੀ ਅਤੇ ਅਨੋਖੀ ਕੁਰਬਾਨੀ ਨੂੰ ਦੁਨੀਆ ਭਰ ਦੇ ਲੋਕ ਨਤਮਸਤਕ ਹੁੰਦੇ ਹਨ।
ਸਫ਼ਰ-ਏ-ਸ਼ਹਾਦਤ ਦੇ ਆਰ-ਪਾਰ ਫੈਲੀ ਹੋਈ ਹੈ ਮਾਤਾ ਗੁਜਰੀ ਜੀ ਦੀ ਪਾਕੀਜ਼, ਪ੍ਰਪੱਕ ਤੇ ਪਹੁੰਚੀ ਹੋਈ ਮਾਨਸਿਕਤਾ ਜੋ ਕਠਿਨ ਹਾਲਾਤ ਵਿਚ ਆਪਣੇ ਪੋਤਰਿਆਂ ਨੂੰ ਚੜ੍ਹਦੀ ਕਲਾ ਦਾ ਪਾਠ ਪੜ੍ਹਾਉਂਦੀ, ਠੁਰ-ਠੁਰ ਕਰਦੇ ਪੋਤਰਿਆਂ ਨੂੰ ਗੋਦ ਦੇ ਨਿੱਘ ਨਾਲ ਗਰਮਾਉਂਦੀ ਅਤੇ ਉਨ੍ਹਾਂ ਦੀ ਚੇਤਨਾ ਵਿਚ ਆਪਣੀ ਗੌਰਵਮਈ ਵਿਰਾਸਤ ਦਾ ਜਾਗ ਲਾਉਂਦੀ ਰਹੀ। ਉਸ ਨੇ ਪੋਤਰਿਆਂ ਨੂੰ ਜਿਸਮਾਨੀ ਤਕਲੀਫ਼ਾਂ ਨੂੰ ਦਰ-ਕਿਨਾਰ ਕਰ, ਭੁੱਖ-ਪਿਆਸ ਵਿਚ ਰੱਬ ਦਾ ਭਾਣਾ ਮੰਨਣ ਅਤੇ ਧਰਮ ਤੋਂ ਅਡੋਲ ਰਹਿ ਕੇ ਸ਼ਹਾਦਤ ਦੀ ਤਵਾਰੀਖ਼ ਨੂੰ ਸਰਹਿੰਦ ਦੀ ਦੀਵਾਰ ‘ਤੇ ਉਕਰਨ ਲਈ ਪ੍ਰੇਰਿਤ ਕੀਤਾ। ਇਹ ਮਾਤਾ ਗੁਜਰੀ ਦੀ ਮਾਨਸਿਕਤਾ ਦੀ ਕੇਹੀ ਵਿਲੱਖਣਤਾ ਸੀ ਕਿ ਉਹ ਪੋਤਰਿਆਂ ਨੂੰ ਸ਼ਹੀਦ ਹੋਣ ਲਈ ਤਿਆਰ ਕਰ ਕੇ ਭੇਜਦੀ ਮਾਣ ਮਹਿਸੂਸ ਕਰਦੀ ਅਤੇ ਬੱਚਿਆਂ ਦੇ ਜਜ਼ਬਾਤਾਂ ਨੂੰ ਜਿਉਂਦੇ ਰਹਿਣ ਦਾ ਵਰਦਾਨ ਦਿੰਦੀ ਰਹੀ। ਅਡੋਲ, ਨਿਰਭੈਅ ਤੇ ਅਣਮਨੁੱਖੀ ਹਾਲਤਾਂ ਨੂੰ ਟਿੱਚ ਜਾਣ, ਸਿੱਖ ਇਤਿਹਾਸ ਦੀਆਂ ਸੁਰਖ ਪੈੜਾਂ ਬਣਨ ਵਾਲੀ ਦਾਦੀ ਮਾਂ ਨੂੰ ਯਾਦ ਸੀ ਆਪਣੇ ਦਾਦਾ-ਸਹੁਰਾ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਤਸੀਹੇ ਜਰਦਿਆਂ ਦਿੱਤੀ ਹੋਈ ਸ਼ਹਾਦਤ। ਉਸ ਦੀਆਂ ਅੱਖਾਂ ਵਿਚ ਤੈਰਦਾ ਸੀ ਪਤੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦ ਹੋਣ ਲਈ ਦਿੱਲੀ ਨੂੰ ਜਾਣਾ ਅਤੇ ਭਾਈ ਜੈਤਾ ਜੀ ਵਲੋਂ ਉਨ੍ਹਾਂ ਦੇ ਸੀਸ ਨੂੰ ਆਨੰਦਪੁਰ ਸਾਹਿਬ ਲਿਆ ਕੇ ਹੱਥੀਂ ਸਸਕਾਰ ਕਰਨ ਦਾ ਦ੍ਰਿਸ਼। ਉਸ ਨੂੰ ਉਹ ਵੇਲਾ ਕਦ ਭੁੱਲਿਆ ਹੋਵੇਗਾ ਜਦ ਸਰਸਾ ਨਦੀ `ਤੇ ਗੁਰੂ ਪਰਿਵਾਰ ਵਿਛੜਿਆ ਸੀ ਅਤੇ ਉਹ ਇਨ੍ਹਾਂ ਲਾਡਲੇ ਬੱਚਿਆਂ ਨੂੰ ਲੈ ਕੇ ਸ਼ਹਾਦਤ ਦੇ ਸਫ਼ਰ `ਤੇ ਤੁਰੀ ਸੀ। ਅਜਿਹੀ ਮਜ਼ਬੂਤ ਤੇ ਮਹਾਨ ਮਾਨਸਿਕਤਾ ਵਾਲੀ ਮਾਂ-ਦਾਦੀ ਦੀਆਂ ਸਿੱਖਿਆਵਾਂ, ਅਸੀਸਾਂ ਅਤੇ ਦੁਆਵਾਂ ਸਦਕਾ ਹੀ ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੂੰ ਦੋ ਟੁੱਕ ਜਵਾਬ ਦਿੰਦਿਆਂ, ਜੀਊਣ ਦੀ ਖ਼ੈਰਾਤ ਠੁਕਰਾਅ ਕੇ ਮੌਤ ਨੂੰ ਅਪਣਾਇਆ ਸੀ।
ਦਰਅਸਲ ਇਹ ਮਨੁੱਖੀ ਮਾਨਸਿਕਤਾ ਦੇ ਮੀਰੀ ਗੁਣ ਹੀ ਹੁੰਦੇ ਹਨ, ਜੋ ਲੋਹੇ ਨੂੰ ਪਾਰਸ, ਕੰਗਾਲ ਨੂੰ ਹੀਰਾ ਅਤੇ ਚਿੜੀਆਂ ਨੂੰ ਬਾਜ਼ ਬਣਾ ਸਕਦੇ ਹਨ। ਇਹ ਮਾਨਸਿਕਤਾ ਦਾ ਜਲੌਅ ਹੀ ਸੀ ਕਿ ਭਾਈ ਬਚਿੱਤਰ ਸਿੰਘ ਹਾਥੀ ਦਾ ਮੁਕਾਬਲਾ ਕਰ ਸਕਦਾ ਸੀ। ਹਰੀ ਸਿੰਘ ਨਲੂਆ ਜਮਰੌਦ ਦੇ ਅਜਿੱਤ ਕਿਲੇ ਨੂੰ ਸਰ ਕਰ ਸਕਦਾ ਸੀ। ਮੁੱਠੀ ਭਰ ਸਿੰਘ ਲੱਖਾਂ ਦੀ ਤਾਦਾਦ ਵਿਚ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਚਮਕੌਰ ਦੀ ਗੜ੍ਹੀ ਨੂੰ ਸ਼ਹੀਦੀ ਅਖਾੜਾ ਬਣਾਉਂਦੇ ਨੇ। ਇਹ ਇਤਿਹਾਸ ਹੀ ਹੁੰਦਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਅਗਵਾਈ ਕਰਦਾ ਹੈ। ਹੱਕ-ਸੱਚ ਦਾ ਪਹਿਰਾ ਦੇਣ ਅਤੇ ਅਦਲੀ ਅਕੀਦਤ ਦੀ ਅਰਪਣਾ ਵਿਚੋਂ ਖੁਦ ਨੂੰ ਕੁਰਬਾਨ ਕਰਨ ਦਾ ਜਜ਼ਬਾ ਪੈਦਾ ਕਰਦਾ ਹੈ।
ਸਫ਼ਰ-ਏ-ਸ਼ਹਾਦਤ ਅਸਲ ਵਿਚ ਮਨੁੱਖੀ ਮਾਨਸਿਕਤਾ ਵਿਚਲੇ ਰੌਸ਼ਨ ਅਤੇ ਕਾਲਖ਼ੀ ਰੰਗਾਂ ਦਾ ਚਿਤਰਨ ਹੈ। ਇਸ ਦੇ ਸਾਰੇ ਪੱਖਾਂ ਨੂੰ ਵਿਚਾਰ ਕੇ ਅਤੇ ਇਸ ਸ਼ਹਾਦਤ ਵਿਚਲੇ ਸੁਖ਼ਦ ਤੇ ਸਦੀਵ ਸੁਨੇਹਿਆਂ ਨੂੰ ਆਪਣੀ ਜੀਵਨ-ਧਾਰਨਾ ਬਣਾ ਕੇ ਮਜ਼ਬੂਤ ਮਨੁੱਖੀ ਮਾਨਸਿਕਤਾ ਦਾ ਪੈਗ਼ਾਮ ਬਣ ਸਕਦੇ ਹਾਂ। ਇਹੀ ਸੁਨੇਹਾ ਸਾਨੂੰ ਸਫ਼ਰ-ਏ-ਸ਼ਹਾਦਤ ਦਿੰਦੀ ਹੈ।