ਪੰਜਾਬ: ਭਾਜਪਾ ਦੀ ਰਣਨੀਤੀ ਨੇ ਸਿਆਸੀ ਮਾਹੌਲ ਭਖਾਇਆ ਮਿਸ਼ਨ

ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੀਆਂ ਪੰਜਾਬ ਵਿਚ ਸਰਗਰਮੀਆਂ ਨੇ ਸੂਬੇ ਦੀ ਸਿਆਸਤ ਵਿਚ ਭੁਚਾਲ ਲਿਆ ਦਿੱਤਾ ਹੈ। ਭਾਜਪਾ ਨੇ ਆਪਣੀ ਪੁਰਾਣੀ ਰਣਨੀਤੀ ਤਹਿਤ ਦੂਜੀਆਂ ਸਿਆਸੀ ਧਿਰਾਂ ਦੇ ਵੱਡੇ ਆਗੂਆਂ ਨੂੰ ਆਪਣੇ ਵੱਲ ਖਿੱਚਣ ਲਈ ਟਿੱਲ ਲਾਇਆ ਹੋਇਆ ਹੈ। ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀਆਂ ਕੁਝ ਪੰਥਕ ਸ਼ਖਸੀਅਤਾਂ ਨੂੰ ਵੀ ਆਪਣੇ ਵੱਲ ਖਿੱਚਣ ਵਿਚ ਸਫਲ ਹੋਈ ਹੈ।

ਖਬਰ ਇਹ ਵੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਹੋਏ ਮੈਂਬਰਾਂ ਨਾਲ ਵੀ ਭਾਜਪਾ ਹਾਈਕਮਾਨ ਸੰਪਰਕ ਵਿਚ ਹੈ। ਭਾਜਪਾ ਵਿਚ ਸ਼ਾਮਲ ਹੋ ਚੁੱਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਵੱਲੋਂ ਆਪਣਾ ਅਸਤੀਫਾ ਵਾਪਸ ਲੈਣ ਦੇ ਫੈਸਲੇ ਨੂੁੰ ਵੀ ਇਸੇ ਕਰਮ ਨਾਲ ਜੋੜਿਆ ਜਾ ਰਿਹਾ ਹੈ।
ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਤੇ ਅਕਾਲੀ ਦਲ ਦੇ ਕਈ ਵੱਡੇ ਆਗੂ ਭਾਜਪਾ ਨਾਲ ਜੁੜੇ ਹਨ। ਇਨ੍ਹਾਂ ਵਿਚ ਕਾਂਗਰਸ ਦੇ ਦੋ ਮੌਜੂਦਾ ਵਿਧਾਇਕ ਵੀ ਹਨ। ਦੱਸ ਦਈਏ ਕਿ ਭਾਜਪਾ ਦੀ ਇਹ ਸਰਗਰਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਪਿੱਛੋਂ ਸ਼ੁਰੂ ਹੋਈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਗੈਰ ਰਸਮੀ ਪੱਧਰ ‘ਤੇ ਗੱਲਬਾਤ ਕਰਨ ਵਿਚ ਸਰਗਰਮੀ ਦਿਖਾਈ ਅਤੇ ਸੰਸਦ ਵਿਚ ਖੇਤੀ ਕਾਨੂੰਨਾਂ ਦੀ ਵਾਪਸੀ ਸਬੰਧੀ ਬਿਲ ਪਾਸ ਕਰਵਾ ਕੇ ਰਾਸ਼ਟਰਪਤੀ ਤੋਂ ਮਨਜ਼ੂਰੀ ਦਿਵਾਈ। ਭਾਜਪਾ ਦੀ ਸਰਗਰਮੀ ਦਾ ਮੁੱਖ ਨੁਕਤਾ ਇਹ ਸੀ ਕਿ ਕਿਸਾਨ ਜਥੇਬੰਦੀਆਂ ਟਿੱਕਰੀ, ਸਿੰਘੂ ਤੇ ਗਾਜੀਪੁਰ ਤੋਂ ਜਲਦੀ ਵਾਪਸ ਜਾਣ ਅਤੇ ਭਾਜਪਾ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ‘ਤੇ ਆਪਣਾ ਧਿਆਨ ਕੇਂਦਰਿਤ ਕਰ ਸਕੇ।
ਕਿਸਾਨ ਅੰਦੋਲਨ ਮੁਲਤਵੀ ਹੁੰਦੇ ਹੀ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਦਾ ਮੁੱਖ ਆਗੂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਜਦੀਕੀ ਮਨਜਿੰਦਰ ਸਿੰਘ ਸਿਰਸਾ ਦੋ ਦਸੰਬਰ ਨੂੰ ਭਾਜਪਾ ਵਿਚ ਸ਼ਾਮਲ ਹੋਇਆ। 29 ਦਸੰਬਰ ਨੂੰ ਸੁਖਬੀਰ ਦੇ ਸਹਿਪਾਠੀ ਜਗਦੀਪ ਸਿੰਘ ਨਕਈ, ਪਾਰਟੀ ਦੇ ਜਨਰਲ ਸਕੱਤਰ ਤੇ ਖਜਾਨਚੀ ਰਵੀਪ੍ਰੀਤ ਸਿੰਘ ਸਿੱਧੂ ਨੇ ਵੀ ਭਾਜਪਾ ਦਾ ਲੜ ਫੜ ਲਿਆ। 21 ਦਸੰਬਰ ਨੂੰ ਭਾਜਪਾ ਦੇ ਹੱਥ ਕਾਂਗਰਸ ਤੱਕ ਪਹੁੰਚੇ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜੋ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਜਦੀਕੀ ਮੰਨਿਆ ਜਾਂਦਾ ਹੈ, ਭਾਜਪਾ ਵਿਚ ਸ਼ਾਮਲ ਹੋ ਗਿਆ। ਇਸੇ ਹਫਤੇ ਕਾਂਗਰਸ ਦੇ ਦੋ ਐਮ.ਐਲ.ਏ. ਫਤਹਿਜੰਗ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਵੀ ਰਾਣਾ ਸੋਢੀ ਵਾਲੀ ਰਾਹ ‘ਤੇ ਤੁਰਦੇ ਹੋਏ ਭਾਜਪਾ ਦੇ ਕਾਫਲੇ ਵਿਚ ਜਾ ਰਲੇ।
ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਸਾਬਕਾ ਵਿਧਾਇਕਾਂ, ਪੁਰਾਣੇ ਹਮਾਇਤੀਆਂ ਅਤੇ ਵਫ਼ਾਦਾਰਾਂ ਨੇ ਭਾਜਪਾ ਦੀ ਸ਼ਰਨ ਲੈ ਲਈ ਹੈ ਅਤੇ ਜਾਣਕਾਰ ਸੂਤਰਾਂ ਅਨੁਸਾਰ ਕਈ ਹੋਰ ਇਸ ਵਹੀਰ ਵਿਚ ਸ਼ਾਮਲ ਹੋਣ ਲਈ ਤਿਆਰ ਹਨ। ਇਸ ਘਟਨਾਕ੍ਰਮ ਤੋਂ ਸਪਸ਼ਟ ਹੁੰਦਾ ਹੈ ਕਿ ਭਾਜਪਾ ਦੋਹਾਂ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਭਾਜਪਾ ਨੇ ਅਜਿਹੀ ਰਣਨੀਤੀ ਪੱਛਮੀ ਬੰਗਾਲ ਵਿਚ ਵੀ ਅਪਣਾਈ ਸੀ ਪਰ ਮਮਤਾ ਬੈਨਰਜੀ ਨੇ ਉਸ ਦਾ ਡਟ ਕੇ ਮੁਕਾਬਲਾ ਕੀਤਾ।
ਭਾਜਪਾ ਨੇ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਸਮਾਜ ਪਾਰਟੀ ਬਣਾਉਣ ਨਾਲ ਪੰਜਾਬ ਦੇ ਬਹੁਤ ਸਾਰੇ ਹਲਕਿਆਂ ਵਿਚ ਚੋਣ ਮੁਕਾਬਲਾ ਚੌਨੁਕਰਾ ਹੋ ਸਕਦਾ ਹੈ, ਭਾਵੇਂ ਇਸ ਪਾਰਟੀ ਦੁਆਰਾ ਆਮ ਆਦਮੀ ਪਾਰਟੀ ਨਾਲ ਸਿੱਧੀ ਜਾਂ ਅਸਿੱਧੀ ਸਹਿਮਤੀ ਬਣਾ ਕੇ ਚੋਣਾਂ ਲੜਨ ਦੀਆਂ ਕਨਸੋਆਂ ਵੀ ਸੁਣਾਈ ਦੇ ਰਹੀਆਂ ਹਨ।
ਅਸਲ ਵਿਚ, ਦਿੱਲੀ ਤੋਂ ਕਿਸਾਨਾਂ ਦੀ ਵਾਪਸੀ ਪਿੱਛੋਂ ਭਾਜਪਾ ਦੀ ਹਰ ਪਾਸੇ ਸਰਗਰਮੀ ਵਧੀ ਹੈ। ਸਾਲ ਭਰ ਅੰਦੋਲਨਕਾਰੀਆਂ ਵਲੋਂ ਉਨ੍ਹਾਂ ਦੇ ਨੇਤਾਵਾਂ ਦੇ ਘਰਾਂ ਦੀ ਘੇਰਾਬੰਦੀ ਕੀਤੀ ਗਈ ਅਤੇ ਉਨ੍ਹਾਂ ਨੂੰ ਮੀਟਿੰਗਾਂ ਤੱਕ ਕਰਨ ਤੋਂ ਰੋਕਿਆ ਗਿਆ, ਇਸ ਕਾਰਨ ਪਾਰਟੀ ਰਾਜ ਵਿਚ ਬਹੁਤੀ ਸਰਗਰਮ ਨਹੀਂ ਸੀ ਹੋ ਸਕੀ। ਪਰ ਹੁਣ ਭਾਜਪਾ ਇਸ ਕਮੀ ਨੂੰ ਦੂਰ ਕਰਦੀ ਨਜ਼ਰ ਆ ਰਹੀ ਹੈ।
ਕੇਂਦਰ ਵੱਲੋਂ ਰਾਣਾ ਸੋਢੀ ਨੂੰ ‘ਜ਼ੈੱਡ` ਸ਼੍ਰੇਣੀ ਦੀ ਸੁਰੱਖਿਆ
ਨਵੀਂ ਦਿੱਲੀ: ਹਾਲ ਹੀ ‘ਚ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੇਂਦਰ ਸਰਕਾਰ ਵੱਲੋਂ ‘ਜੈੱਡ‘ ਕੈਟਾਗਰੀ ਦੀ ਵੀ.ਆਈ.ਪੀ. ਸੁਰੱਖਿਆ ਦੇ ਦਿੱਤੀ ਗਈ ਹੈ। ਵਿਧਾਇਕ ਸੋਢੀ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਮੰਨੇ ਜਾਂਦੇ ਹਨ, ਜਿਨ੍ਹਾਂ ਕਾਂਗਰਸ ਤੋਂ ਅਸਤੀਫੇ ਦੇ ਦਿੱਤਾ ਸੀ।
ਲਾਲਚ ਤੇ ਡਰਾਵੇ ਨਾਲ ਸੱਤਾ ਚਾਹੁੰਦੀ ਹੈ ਭਾਜਪਾ: ਬਾਦਲ
ਲੰਬੀ: ਭਾਜਪਾ ‘ਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਕੇਂਦਰ ਸਰਕਾਰ ਵੱਲੋਂ ਜੈੱਡ ਸੁਰੱਖਿਆ ਦੇਣ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਭਾਜਪਾ, ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਲਾਲਚ ਅਤੇ ਡਰਾਵੇ ਦੀ ਨੀਤੀ ‘ਤੇ ਉਤਰ ਆਈ ਹੈ। ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਨਾਲ ਹੋਇਆ, ਜਿਸ ਨੂੰ ਭਾਜਪਾ ਜਾਂ ਜੇਲ੍ਹ ਵਿਚੋਂ ਇਕ ਰਾਹ ਚੁਣਨ ਲਈ ਆਖਿਆ ਗਿਆ। ਆਖਰ ਉਸ ਨੇ ਭਾਜਪਾ ‘ਚ ਜਾਣ ਦਾ ਫੈਸਲਾ ਲਿਆ।
ਪੰਥ ਹਮਾਇਤੀ ਪਾਰਟੀ ਨਾਲ ਹੀ ਗੱਠਜੋੜ ਕੀਤਾ: ਢੀਂਡਸਾ
ਅੰਮ੍ਰਿਤਸਰ: ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਭਾਜਪਾ ਨਾਲ ਗੱਠਜੋੜ ਬਾਰੇ ਕਿਹਾ ਕਿ ਜੋ ਪਾਰਟੀ ਪੰਥ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਸਹਿਯੋਗ ਦੇ ਸਕਦੀ ਹੈ, ਉਸ ਨਾਲ ਚੋਣ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਮੁੱਖ ਮੰਤਰੀ ਸਮੇਤ ਹੋਰ ਆਗੂਆਂ ਵੱਲੋਂ ਵੱਡੇ-ਵੱਡੇ ਐਲਾਨ ਕਰ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ ਪਰ ਉਨ੍ਹਾਂ ਦੀ ਪਾਰਟੀ ਇਸ ਹੱਕ ਵਿਚ ਨਹੀਂ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਕ ਦੂਜੇ ਖਿਲਾਫ ਕੀਤੀ ਜਾ ਰਹੀ ਦੂਸ਼ਣਬਾਜ਼ੀ ‘ਤੇ ਵੀ ਉਨ੍ਹਾਂ ਇਤਰਾਜ਼ ਪ੍ਰਗਟਾਇਆ।