ਲਖੀਮਪੁਰ ਖੀਰੀ: ਆਸ਼ੀਸ਼ ਮਿਸ਼ਰਾ ਸਣੇ 14 ਖਿਲਾਫ ਚਾਰਜਸ਼ੀਟ

ਲਖੀਮਪੁਰ ਖੀਰੀ: ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖਿਲਾਫ ਤਕਰੀਬਨ ਪੰਜ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਚਾਰਜਸ਼ੀਟ ‘ਚ ਆਸ਼ੀਸ਼ ਮਿਸ਼ਰਾ ਅਤੇ 13 ਹੋਰਾਂ ਖਿਲਾਫ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਸਮੇਤ ਹੋਰ ਦੋਸ਼ ਲਾਏ ਗਏ ਹਨ।

ਪਿਛਲੇ ਸਾਲ 3 ਅਕਤੂਬਰ ਨੂੰ ਵਾਪਰੇ ਕਾਂਡ ‘ਚ ਇਹ ਪਹਿਲੀ ਚਾਰਜਸ਼ੀਟ ਹੈ। ਆਸ਼ੀਸ਼ ਖਿਲਾਫ ਧਾਰਾ 302, 307, 149, 326, 34, 427, ਅਤੇ 120-ਬੀ ਤਹਿਤ ਦੋਸ਼ ਲਾਏ ਗਏ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ ਅਤੇ ਉਹ ਘਟਨਾ ਵਾਲੇ ਦਿਨ ਆਪਣੇ ਜੱਦੀ ਪਿੰਡ ਬਨਵੀਰਪੁਰ ਦੇ ਦੰਗਲ ‘ਚ ਹਾਜ਼ਰ ਸੀ। ਉਂਜ ਕਿਸਾਨਾਂ ਮੁਤਾਬਕ ਜਿਹੜੇ ਵਾਹਨ ਨੇ ਉਨ੍ਹਾਂ ਦੇ ਸਾਥੀਆਂ ਨੂੰ ਦਰੜਿਆ ਸੀ, ਉਨ੍ਹਾਂ ‘ਚੋਂ ਇਕ ‘ਚ ਆਸ਼ੀਸ਼ ਵੀ ਸਵਾਰ ਸੀ। ਜ਼ਿਕਰਯੋਗ ਹੈ ਕਿ ਸਿਟ ਨੇ ਸਥਾਨਕ ਅਦਾਲਤ ‘ਚ ਦਾਖਲ ਕੀਤੀ ਰਿਪੋਰਟ ‘ਚ ਕਿਹਾ ਹੈ ਕਿ ਇਹ ਗਿਣੀ-ਮਿਥੀ ਸਾਜ਼ਿਸ਼ ਸੀ। ਉਨ੍ਹਾਂ ਰਿਪੋਰਟ ‘ਚ ਲਿਖਿਆ ਹੈ ਕਿ ਕਿਸਾਨਾਂ ਨੂੰ ਦਰੜਨ ਦਾ ਮਾਮਲਾ ਅਣਗਹਿਲੀ ਬਿਲਕੁਲ ਵੀ ਨਹੀਂ ਹੈ ਅਤੇ ਮੁਲਜ਼ਮਾਂ ਨੇ ਹੱਤਿਆ ਦੇ ਇਰਾਦੇ ਨਾਲ ਇਹ ਕਾਰਾ ਕੀਤਾ ਹੈ।