ਸਿਆਸੀ ਧਿਰਾਂ ਨੇ ਹੁਣ ਵੱਖ-ਵੱਖ ਡੇਰਿਆਂ ਉਤੇ ਸਰਗਰਮੀਆਂ ਵਧਾਈਆਂ

ਜਲੰਧਰ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਡੇਰਿਆਂ ਵੱਲ ਸਰਗਰਮੀਆਂ ਵਧਾ ਦਿੱਤੀਆਂ ਹਨ। ਪਿਛਲੇ ਦਿਨੀਂ ਕਾਂਗਰਸ ਆਗੂਆਂ ਵੱਲੋਂ ਡੇਰਾ ਸਿਰਸਾ ਦੇ ਸਤਸੰਗ ਵਿਚ ਪਹੁੰਚਣ ਦੀ ਕਾਫੀ ਚਰਚਾ ਛਿੜੀ ਸੀ। ਇਸ ਤੋਂ ਬਾਅਦ ਬਾਕੀ ਧਿਰਾਂ ਵੀ ਅਜਿਹੇ ਹੀ ਰਾਹ ਤੁਰ ਪਈਆਂ। ਇਸ ਤੋਂ ਇਲਾਵਾ ਡੇਰਾ ਬਿਆਸ ਦਾ ਗੇੜਾ ਸਾਰੀਆਂ ਧਿਰਾਂ ਹੀ ਲਾ ਆਈਆਂ ਹਨ ਤੇ ਸਬੰਧੀ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਹਨ।

ਪੰਜਾਬ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਡੇਰਾ ਮੁਖੀ ਸੰਤ ਨਰੰਜਣ ਦਾਸ ਤੋਂ ਆਸ਼ੀਰਵਾਦ ਲਿਆ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਹੋਰ ਪ੍ਰਮੁੱਖ ਆਗੂ ਵੀ ਉਨ੍ਹਾਂ ਨਾਲ ਸਨ। ਕੇਜਰੀਵਾਲ ਨੇ ਕਿਹਾ ਕਿ ਅਧਿਆਤਮਕਤਾ ਦੇ ਨਾਲ ਭਾਈਚਾਰਕ ਸਾਂਝੀਵਾਲਤਾ ਅਤੇ ਸਮਾਨਤਾ ਦੀ ਸਥਾਪਤੀ ਲਈ ਡੇਰਾ ਸੱਚਖੰਡ ਬੱਲਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਲਈ ਉਹ ਆਪਣੇ ਪੰਜਾਬ ਦੌਰਿਆਂ ਦੌਰਾਨ ਇੱਥੇ ਨਤਮਸਤਕ ਹੋਣ ਲਈ ਜ਼ਰੂਰ ਆਉਂਦੇ ਹਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡੇਰਾ ਸੱਚਖੰਡ ਬੱਲਾਂ ਵਿਚ 50 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ 25 ਕਰੋੜ ਦਾ ਚੈੱਕ ਡੇਰਾ ਮੁਖੀ ਸੰਤ ਨਰੰਜਣ ਦਾਸ ਨੂੰ ਸੌਂਪਿਆ। ਡੇਰਾ ਬੱਲਾਂ ਵਿਚ ਨਤਮਸਤਕ ਹੋਣ ਮਗਰੋਂ ਸ੍ਰੀ ਚੰਨੀ ਨੇ ਕਿਹਾ ਕਿ ਗੁਰੂ ਰਵਿਦਾਸ ਬਾਣੀ ਅਧਿਐਨ ਖੋਜ ਕੇਂਦਰ ਪ੍ਰਬੰਧਕੀ ਕਮੇਟੀ ਦੇ ਮੁਖੀ ਸੰਤ ਨਰੰਜਣ ਦਾਸ ਹੋਣਗੇ ਤੇ ਉਨ੍ਹਾਂ ਦੇ ਨਾਲ ਸੈਲਾਨੀ ਵਿਭਾਗ ਦੇ ਸਕੱਤਰ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਰਕਾਰ ਦੀ ਪ੍ਰਤੀਨਿਧਤਾ ਕਰਨਗੇ। ਇਹ ਕਮੇਟੀ ਹੀ ਭਵਿੱਖ ਵਿਚ ਇਸ ਅਧਿਐਨ ਕੇਂਦਰ ਦੇ ਕੰਮਕਾਰ ਬਾਰੇ ਫੈਸਲਾ ਕਰੇਗੀ।
ਉਨ੍ਹਾਂ ਦੇ ਨਾਲ ਸਿੱਖਿਆ ਮੰਤਰੀ ਪਰਗਟ ਸਿੰਘ, ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਹਾਜ਼ਰ ਸਨ। ਇਸੇ ਦੌਰਾਨ ਮੁੱਖ ਮੰਤਰੀ ਨੇ ਜਲੰਧਰ ਸ਼ਹਿਰ ਦੇ ਬੂਟਾ ਮੰਡੀ ਇਲਾਕੇ ਵਿਚ ਸਤਿਗੁਰੂ ਰਵਿਦਾਸ ਧਾਮ ਲਈ ਇਕ ਕਰੋੜ ਦਾ ਚੈੱਕ ਪ੍ਰਬੰਧਕੀ ਕਮੇਟੀ ਨੂੰ ਭੇਟ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਪਰੰਤ, ਹਰਸਿਮਰਤ ਬਾਦਲ ਵੱਲੋਂ ਸੰਤ ਸਰਵਣ ਦਾਸ ਦੀ ਪ੍ਰਤਿਮਾ ਅੱਗੇ ਨਤਮਸਤਕ ਹੁੰਦਿਆਂ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਕੋਲੋਂ ਅਸ਼ੀਰਵਾਦ ਪ੍ਰਾਪਤ ਕੀਤਾ।