ਸਾਡੇ ਇਥੇ ਪੰਜਾਬ ਟਾਈਮਜ਼ ਦਾ ਪ੍ਰਿੰਟ ਐਡੀਸ਼ਨ ਨਹੀਂ ਪਹੁੰਚਦਾ ਪਰ ਇੰਟਰਨੈਟ ‘ਤੇ ਪੜ੍ਹਨ ਦਾ ਐਸਾ ਭੁੱਸ ਪਿਆ ਹੈ ਕਿ ਬੁੱਧਵਾਰ ਸਵੇਰੇ ਹੀ ਕੰਪਿਊਟਰ ਖੋਲ੍ਹ ਪੰਜਾਬ ਟਾਈਮਜ਼ ਪੜ੍ਹਨ ਲਗਦਾ ਹਾਂ। ਇਹ ਵੀ ਚੰਗੀ ਗੱਲ ਹੈ ਕਿ ਸਵੇਰੇ 7 ਵਜੇ ਤੱਕ ਅਖਬਾਰ ਵੈਬਸਾਈਟ ‘ਤੇ ਪਿਆ ਹੋਇਆ ਹੁੰਦਾ ਹੈ। ਬਾਬੂ ਰਜਬ ਅਲੀ ਦੀ ਰਚਨਾ (‘ਪੰਜਾਬ ਟਾਈਮਜ਼’ ਅੰਕ 32) ਪੜ੍ਹ ਕੇ ਖੁਸ਼ੀ ਵੀ ਹੋਈ ਅਤੇ ਹੈਰਾਨੀ ਵੀ। ਹੈਰਾਨੀ ਸਗੋਂ ਵੱਧ ਹੋਈ। ਅੱਜਕੱਲ੍ਹ ਅਜਿਹੀਆਂ ਰਚਨਾਵਾਂ ਅਤੇ ਰਚਨਾਕਾਰਾਂ ਨੂੰ ਕੌਣ ਗੌਲਦਾ ਹੈ? ਐਤਕੀਂ ਵਾਲੀ ਕਵਿਤਾ ਪੜ੍ਹ ਕੇ ਵਜਦ ਜਿਹੇ ਵਿਚ ਆ ਗਿਆ। ਘਰ ਵਾਲੇ ਪੁੱਛਣ ਕਿ ਤੁਹਾਨੂੰ ਹੋ ਕੀ ਗਿਆ ਹੈ? ਮੈਂ ਝੱਟ ‘ਯੂਟਿਊਬ’ ਉਤੇ ਬਾਬੂ ਰਜਬ ਅਲੀ ਕੱਢ ਲਿਆ। ਸਾਰੇ ਟੱਬਰ ਨੇ ਉਹਦੀ ਕਵਿਤਾ ਦਾ ਅਨੰਦ ਲਿਆ। ਚਿਰਾਂ ਬਾਅਦ ਟੱਬਰ ਵਿਚ ਅਜਿਹਾ ਕ੍ਰਿਸ਼ਮਾ ਵਾਪਰਿਆ। ਇਸ ਕ੍ਰਿਸ਼ਮੇ ਵਿਚ ‘ਪੰਜਾਬ ਟਾਈਮਜ਼’ ਦਾ ਯੋਗਦਾਨ ਮੈਂ ਹੁਣ ਸ਼ਾਇਦ ਕਦੀ ਨਾ ਭੁਲਾ ਸਕਾਂ। ਹੁਣ ਤਾਂ ਨਿਆਣੇ ‘ਯੂਟਿਊਬ’ ਉਤੇ ਅਜਿਹੇ ਹੋਰ ਗੀਤ ਲੱਭਣ ਲੱਗ ਪਏ ਹਨ।
ਬਾਬੂ ਰਜਬ ਅਲੀ ਦੀਆਂ ਰਚਨਾਵਾਂ ਬਹੁਤ ਚਿਰ ਪਹਿਲਾਂ ਐਮæਏæ ਕਰਦਿਆਂ ਪੜ੍ਹੀਆਂ ਸਨ। ਫਿਰ ਕਦੀ-ਕਦਾਈਂ ਇਹ ਕੰਨੀਂ ਪੈਂਦੀਆਂ ਰਹੀਆਂ। ਹੁਣ ਇਤਨੇ ਸਾਲਾਂ ਬਾਅਦ ਉਸੇ ਤਰ੍ਹਾਂ ਦਾ ਜਾਦੂ ਫਿਰ ਹੋ ਗਿਆ ਹੈ। ਮੈਂ ਸ਼ਾਇਦ ਇਸ ਕਰ ਕੇ ਵੀ ਭਾਵੁਕ ਹੋ ਰਿਹਾ ਹਾਂ, ਕਿਉਂਕਿ ਬਾਬੂ ਰਜਬ ਅਲੀ ਦਾ ਗੀਤ ਗਾਉਣ ਤੋਂ ਬਾਅਦ, ਮੇਰੇ ਬੂਹੇ ਉਤੇ ਪਿਆਰ ਨੇ ਦਸਤਕ ਦੇ ਦਿੱਤੀ ਸੀ। ਖੌਰੇ ਉਸੇ ਪਿਆਰ ਸਦਕਾ ਹੀ ਬਾਬੂ ਰਜਬ ਅਲੀ ਮੇਰੇ ਅੰਦਰ ਕਿਤੇ ਬੈਠਾ ਗਾਉਂਦਾ ਰਹਿੰਦਾ ਹੈ।
-ਕੁਲਜੀਤ ਸਿੰਘ ਐਲ ਏ, ਕੈਲੀਫੋਰਨੀਆ
Leave a Reply