ਕਿਸਾਨਾਂ ਦੇ ਸਿਆਸੀ ਮੋਰਚੇ ਨੂੰ ਮਿਲੇ ਹੁੰਗਾਰੇ ਨੇ ਦਿੱਤੇ ਨਵੇਂ ਸਮੀਕਰਨਾਂ ਦੇ ਸੰਕੇਤ

ਜਲੰਧਰ: ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਲੜਨ ਲਈ ਬਣਾਏ ਗਏ ਸੰਯੁਕਤ ਸਮਾਜ ਮੋਰਚੇ ਦੇ ਸਮਰਥਨ ਵਿਚ 45 ਹੋਰ ਜਥੇਬੰਦੀਆਂ ਨੇ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਵੱਡੀ ਗਿਣਤੀ ਹੋਰ ਛੋਟੇ-ਵੱਡੇ ਧੜਿਆਂ ਦੀ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ।

ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਥੋਂ ਤੱਕ ਦਾਅਵਾ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਸੰਯੁਕਤ ਸਮਾਜ ਮੋਰਚਾ ਵਿਚ ਸ਼ਾਮਲ ਹੋਣਗੇ। ਇਸ ਗੱਠਜੋੜ ਨੇ ਪੰਜਾਬ ਦੀਆਂ ਰਵਾਇਤੀ ਧਿਰਾਂ ਦੀ ਨੀਂਦ ਉਡਾ ਦਿੱਤੀ ਹੈ।
ਦੇਸ਼ ਭਗਤ ਯਾਦਗਾਰ ਹਾਲ ਵਿਚ ਕੀਤੇ ਗਏ ਇਕੱਠ ਮਗਰੋਂ ਮੋਰਚੇ ਦੇ ਪ੍ਰਮੁੱਖ ਆਗੂਆਂ ਨੇ ਇਕਜੁੱਟ ਹੁੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਚਿਰੋਕਣੀ ਮੰਗ ‘ਤੇ ਬਦਲਵੀਂ ਅਤੇ ਲੋਕ ਪੱਖੀ ਨੀਤੀਆਂ ਵਾਲੀ ਰਾਜਸੀ ਧਿਰ ਖੜ੍ਹੀ ਕਰਕੇ ਚੋਣਾਂ ਲੜੀਆਂ ਜਾਣਗੀਆਂ। ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਸੰਯੁਕਤ ਸਮਾਜ ਮੋਰਚਾ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਐਮ.ਐਸ.ਪੀ. ਕਮੇਟੀ ਵਿਚ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਲੇ ਆਗੂਆਂ ਦੇ ਨਾਵਾਂ ਵਿਚ ਫੇਰ ਬਦਲ ਕੀਤਾ ਜਾ ਸਕਦਾ ਹੈ। ਸੰਯੁਕਤ ਸਮਾਜ ਮੋਰਚੇ ਵੱਲੋਂ ਜਿਹੜੇ ਆਗੂ ਚੋਣਾਂ ਲੜਨਗੇ, ਉਨ੍ਹਾਂ ਨੂੰ ਕਮੇਟੀ ਤੋਂ ਬਾਹਰ ਰਹਿਣ ਲਈ ਕਿਹਾ ਜਾਵੇਗਾ। ਸ੍ਰੀ ਸੰਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਸੰਯੁਕਤ ਸਮਾਜ ਮੋਰਚੇ ਦੇ ਸਮਰਥਨ ਵਿਚ ਆਉਣਗੀਆਂ। ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਰਵਾਇਤੀ ਰਾਜਨੀਤਕ ਪਾਰਟੀਆਂ ਤੋਂ ਖਹਿੜਾ ਛੁਡਵਾਇਆ ਜਾ ਸਕੇ।
ਇਸ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਜਲੰਧਰ ਦੇ ਵਿਸ਼ਨੂੰ ਗਣੇਸ਼ ਪਿੰਗਲੇ ਆਡੀਟੋਰੀਅਮ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੋਰਚੇ ਦੀ ਮਜ਼ਬੂਤੀ ਅਤੇ ਵਿਸਥਾਰ ਦੇ ਉਦੇਸ਼ ਨਾਲ ਇਕ ਸੂਬਾ ਪੱਧਰੀ ਨੁਮਾਇੰਦਾ ਇਕੱਤਰਤਾ ਸੱਦੀ ਗਈ ਸੀ।
ਡਾ. ਸਵੈਮਾਨ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਮੋਰਚੇ ਦਾ ਉਦੇਸ਼ ਸਪੱਸ਼ਟ ਕਰਦਿਆਂ ਕਿਹਾ ਕਿ ਮੋਰਚਾ ਧਰਮ ਨਿਰਪੱਖਤਾ, ਲੋਕ ਰਾਜ ਅਤੇ ਫੈਡਰਲਿਜ਼ਮ ਨੂੰ ਖਤਮ ਕਰਨ ਦੀਆਂ ਮੋਦੀ ਸਰਕਾਰ ਵੱਲੋਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਖਿਲਾਫ ਡਟਵੀਂ ਲੋਕ ਰਾਇ ਕਾਇਮ ਕਰੇਗਾ।
ਮੋਰਚਾ ਆਪਣੇ ਬਲਬੂਤੇ ਚੋਣਾਂ ਲੜੇਗਾ: ਰੁਲਦੂ ਸਿੰਘ
ਮਾਨਸਾ: ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਨੇ ਆਪਣੇ ਬਲਬੂਤੇ ਵਿਧਾਨ ਸਭਾ ਚੋਣਾਂ ਲੜਨ ਲਈ ਹਰ ਤਰ੍ਹਾਂ ਦੀ ਤਿਆਰੀ ਖਿੱਚ ਲਈ ਗਈ ਹੈ, ਜਿਸ ਵਿਚ ਹੋਰ ਭਰਾਤਰੀ ਜਥੇਬੰਦੀਆਂ ਨੇ ਸ਼ਾਮਲ ਹੋ ਕੇ ਸੂਬੇ ਵਿਚਲੀਆਂ ਵੱਡੀਆਂ ਸਿਆਸੀ ਧਿਰਾਂ ਨੂੰ ਮਾਤ ਦੇਣ ਲਈ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਕਿਸਾਨ ਅੰਦੋਲਨ ਨੂੰ ਜਿੱਤਣ ਤੋਂ ਬਾਅਦ ਪੰਜਾਬ ਦੇ ਲੋਕ ਨਵੇਂ ਬਦਲਾਅ ਦੀ ਉਡੀਕ ਕਰ ਰਹੇ ਸਨ।
ਲੱਖੋਵਾਲ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਚੋਣਾਂ ਤੋਂ ਕਿਨਾਰਾ
ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਆਗੂ ਰਾਕੇਸ਼ ਟਿਕੈਤ ਦੇ ਆਦੇਸ਼ਾਂ ਮੁਤਾਬਕ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਗ ਨਾ ਲੈਣ ਦਾ ਫੈਸਲਾ ਕੀਤਾ ਹੈ। ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਵਿਚਾਰਧਾਰਾ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਅਤੇ ਪੰਜਾਬ ਦੇ ਅਹੁਦੇਦਾਰਾਂ ਦੀ ਰਾਇ ਮੁਤਾਬਕ ਯੂਨੀਅਨ ਵਿਧਾਨ ਸਭਾ ਚੋਣਾਂ ਵਿਚ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਬਣੇਗੀ ਸਗੋਂ ਨਿਰਪੱਖ ਰਹਿੰਦਿਆਂ ਕਿਸਾਨੀ ਅੰਦੋਲਨ ਦੌਰਾਨ ਮਿਥੇ ਨਿਸ਼ਾਨਿਆਂ ਅਤੇ ਮੰਗਾਂ ਦੀ ਪੂਰਤੀ ਲਈ ਜੱਦੋ-ਜਹਿਦ ਕਰੇਗੀ। ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਚੋਣਾਂ ਸਬੰਧੀ ਐਲਾਨ ਕੀਤਾ ਹੈ ਕਿ ਜਥੇਬੰਦੀ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਹਮਾਇਤ ਨਹੀਂ ਦੇਵੇਗੀ ਅਤੇ ਸੰਯੁਕਤ ਸਮਾਜ ਮੋਰਚਾ ਦਾ ਹਿੱਸਾ ਵੀ ਨਹੀਂ ਬਣੇਗੀ।