ਭਾਰਤ ਉਤੇ ਕਰੋਨਾ ਦਾ ਤੀਜਾ ਹੱਲਾ, ਕੇਂਦਰ ਵੱਲੋਂ ਚੌਕਸੀ ਦੇ ਹੁਕਮ

ਨਵੀਂ ਦਿੱਲੀ: ਕਰੋਨਾ ਵਾਇਰਸ ਨੇ ਨਵੇਂ ਰੂਪ ਓਮੀਕਰੋਨ ਨੇ ਇਕ ਵਾਰ ਫਿਰ ਦਹਿਸ਼ਤ ਮਚਾ ਦਿੱਤੀ ਹੈ। ਭਾਰਤ ਵਿਚ ਇਹ ਨਵਾਂ ਰੂਪ ਤੀਸਰੀ ਲਹਿਰ ਦਾ ਕਾਰਨ ਬਣ ਗਿਆ ਹੈ। ਪਿਛਲੇ ਇਕ ਹਫਤੇ ਵਿਚ ਕਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ 4 ਗੁਣਾ ਵਧ ਗਈ ਹੈ।

ਕੋਵਿਡ-19 ਦੇ ਕੇਸਾਂ ਵਿਚ ਵਾਧੇ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਰਜ਼ੀ ਹਸਪਤਾਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੇ ਘਰਾਂ ‘ਚ ਇਕਾਂਤਵਾਸ ਮਰੀਜ਼ਾਂ ਦੀ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਬਣਾਉਣ ਲਈ ਕਿਹਾ ਹੈ। ਸਾਰੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰਾਂ ਵਿਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸਾਰੇ ਸੂਬਿਆਂ ਤੇ ਯੂਟੀਜ ਵਿਚ ਸਿਹਤ ਢਾਂਚੇ ਨੂੰ ਸਮੇਂ ਸਿਰ ਅਤੇ ਤੇਜੀ ਨਾਲ ਅਪਗਰੇਡ ਕਰਨ ‘ਤੇ ਮੁੜ ਜੋਰ ਦੇਣਾ ਜਰੂਰੀ ਹੈ।
ਕੇਂਦਰੀ ਮੰਤਰੀ ਭਾਰਤੀ ਪਵਾਰ ਨੇ ਕਿਹਾ ਕਿ ਕੇਂਦਰ ਨੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਦੇਸ਼ ਵਿਚ 157 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ ਹੈ, ਪਰ ਕੁਝ ਸੂਬਿਆਂ ਵਿਚ ਜਮੀਨ ਨਾ ਮਿਲਣ ਕਾਰਨ ਇਹ ਪ੍ਰੋਜੈਕਟ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਢਾਂਚੇ ਵਿਚ ਸੁਧਾਰ ਲਈ ਪੱਛੜੇ ਜਿਲ੍ਹਿਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਕੇਂਦਰ ਸਰਕਾਰ ਨੇ ਵਧ ਰਹੇ ਕੇਸਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਗੋਆ ਸਮੇਤ 19 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਸਟਿੰਗ ਵਧਾਉਣ ‘ਤੇ ਜੋਰ ਦਿੱਤਾ ਹੈ। ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਆਰਤੀ ਆਹੂਜਾ ਨੇ ਪੱਤਰ ਲਿਖ ਕੇ ਇਨ੍ਹਾਂ ਸੂਬਿਆਂ ਨੂੰ ਕਿਹਾ ਹੈ ਕਿ ਉਹ ਕਰੋਨਾ ਦੇ ਪਸਾਰ ਰੋਕਣ ਤੇ ਟੈਸਟਿੰਗ ਵਧਾਉਣ ‘ਚ ਢਿੱਲ ਨਾ ਵਰਤਣ।
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਮਹਾਰਾਸ਼ਟਰ, ਪੱਛਮੀ ਬੰਗਾਲ, ਤਾਮਿਲ ਨਾਡੂ, ਦਿੱਲੀ, ਕਰਨਾਟਕ ਅਤੇ ਗੁਜਰਾਤ ਹਫਤਾਵਾਰੀ ਕੋਵਿਡ-19 ਦੇ ਮਾਮਲਿਆਂ ਅਤੇ ਪਾਜੇਟੀਵਿਟੀ ਦਰ ਦੇ ਆਧਾਰ ‘ਤੇ ਚਿੰਤਾ ਵਧਾਉਣ ਵਾਲੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਵਜੋਂ ਉਭਰ ਰਹੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਠ ਜਿਲ੍ਹਿਆਂ ‘ਚ ਕਰੋਨਾ ਦੇ ਹਫਤਾਵਾਰੀ ਲਾਗ ਦੇ 10 ਫੀਸਦ ਤੋਂ ਜਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜਦਕਿ 14 ਜਿਲ੍ਹਿਆਂ ‘ਚ ਲਾਗ ਦੀ ਦਰ 5 ਤੋਂ 10 ਫੀਸਦ ਹੈ। ਸਰਕਾਰ ਨੇ ਕਿਹਾ ਕਿ ਕਰੋਨਾ ਦੇ ਫੈਲਾਅ ਦਾ ਸੰਕੇਤ ਦੇਣ ਵਾਲੀ ਆਰ ਨੌਟ ਵੈਲਿਊ (ਰੀਪ੍ਰੋਡਕਸ਼ਨ ਵੈਲਿਊ) 1.22 ਹੈ। ਇਸ ਲਈ ਮਾਮਲੇ ਵਧ ਰਹੇ ਹਨ ਨਾ ਕਿ ਘੱਟ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਰੋਨਾ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਖਤਰੇ ਨੂੰ ਦੇਖਦਿਆਂ ਇਹਤਿਆਤ ਵਰਤਣ ਲਈ ਚਿੱਠੀ ਲਿਖੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਦਿੱਲੀ, ਹਰਿਆਣਾ, ਤਾਮਿਲ ਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਝਾਰਖੰਡ ਨੂੰ ਕਿਹਾ ਹੈ ਕਿ ਉਹ ਟੈਸਟਿੰਗ ਵਧਾਉਣ, ਹਸਪਤਾਲਾਂ ‘ਚ ਤਿਆਰੀਆਂ ਰੱਖਣ ਅਤੇ ਟੀਕਾਕਰਨ ਮੁਹਿੰਮ ਦੀ ਰਫਤਾਰ ਵਧਾਉਣ। ਇਸ ਤੋਂ ਇਲਾਵਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਖਤ ਪਾਬੰਦੀਆਂ ਯਕੀਨੀ ਬਣਾਉਣ।
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਓਮੀਕਰੋਨ ਲੋਕਾਂ ‘ਚ ਤੇਜੀ ਨਾਲ ਫੈਲ ਰਿਹਾ ਹੈ ਅਤੇ ਹੁਣ ਕਰਵਾਏ ਜਾ ਰਹੇ 46 ਫੀਸਦ ਟੈਸਟਾਂ ‘ਚ ਓਮੀਕਰੋਨ ਦੇ ਲੱਛਣ ਮਿਲੇ ਹਨ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ ਕੇ ਪੌਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਦੇ ਕੇਸਾਂ ‘ਚ ਵਾਧਾ ਦਰਜ ਹੋਇਆ ਹੈ ਅਤੇ ਕੁਝ ਸੂਬਿਆਂ ‘ਚ ਇਹ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਚੋਣ ਰੈਲੀਆਂ ਬਾਰੇ ਸ੍ਰੀ ਪੌਲ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਲਾਗ ਤੋਂ ਬਚਣ ਲਈ ਇਹਤਿਆਤੀ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਹਨ। ਕਰੋਨਾ ਤੋਂ ਬਚਾਅ ਦੇ ਨੇਮਾਂ ਦੀ ਪਾਲਣਾ ਨਾਲ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਮੌਜੂਦਾ ਸਾਲ `ਚ ਕਰੋਨਾ `ਤੇ ਜਿੱਤ ਪਾ ਲਈ ਜਾਵੇਗੀ: ਗੈਬ੍ਰਿਸਸ
ਜਨੇਵਾ: ਆਲਮੀ ਸਿਹਤ ਸੰਸਥਾ (ਡਬਲਿਊ.ਐਚ.ਓ.) ਦੇ ਮੁਖੀ ਟੈਡਰੋਸ ਐਡਹਾਨਮ ਗੈਬ੍ਰਿਸਸ ਨੇ ਕਿਹਾ ਹੈ ਕਿ ਜੇ ਸਾਰੇ ਮੁਲਕ ਕੋਵਿਡ-19 ਦਾ ਫੈਲਾਅ ਰੋਕਣ ਲਈ ਇਕੱਠਿਆਂ ਕੰਮ ਕਰਨ ਤਾਂ ਇਸ ਮਹਾਮਾਰੀ ‘ਤੇ 2022 ਵਿਚ ਜਿੱਤ ਹਾਸਲ ਕਰ ਲਈ ਜਾਵੇਗੀ। ਉਨ੍ਹਾਂ ਤੰਗ ਸੋਚ ਵਾਲੇ ਰਾਸ਼ਟਰਵਾਦ ਅਤੇ ਵੈਕਸੀਨ ਜਮ੍ਹਾਂ ਕਰਨ ਖਿਲਾਫ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਵੈਕਸੀਨ ਦੀ ਵੰਡ ਵਿਚ ਨਾ-ਬਰਾਬਰੀ ਨਾਲ ਵਾਇਰਸ ਵਧਣ ਦਾ ਜੋਖਮ ਵੀ ਵਧ ਰਿਹਾ ਹੈ।
15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ
ਨਵੀਂ ਦਿੱਲੀ: ਭਾਰਤ ਵਿਚ 15 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਕੋਵਿਡ-19 ਵਿਰੋਧੀ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਕਰੋਨਾ ਵਾਇਰਸ ਲਾਗ ਦੇ ਨਵੇਂ ਸਰੂਪ ਓਮੀਕਰੋਨ ਦੇ ਮੱਦੇਨਜ਼ਰ ਇਹ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ। ਡਾਕਟਰਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਜਲਦੀ ਟੀਕੇ ਲੁਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਤੀਜੀ ਲਹਿਰ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕੀਤੀ ਜਾ ਸਕੇ।
ਕੋਵਿਡ-19 ਵਿਕਾਸ ‘ਚ ਰੁਕਾਵਟ ਨਹੀਂ ਪਾ ਸਕਦਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਨਵੇਂ ਸਾਲ ਵਿਚ ਆਪਣੇ ਵਿਕਾਸ ਦੀ ਗਤੀ ਤੇਜ਼ ਕਰਨ ਦੀ ਲੋੜ ਹੈ ਤੇ ਇਹ ਕੋਵਿਡ- 19 ਮਹਾਮਾਰੀ ਕਾਰਨ ਪੈਦਾ ਚੁਣੌਤੀਆਂ ਕਾਰਨ ਵਿਕਾਸ ਨੂੰ ਪ੍ਰਭਾਵਿਤ ਨਹੀਂ ਹੋਣ ਦੇਵੇਗਾ। ਭਾਰਤ ਕਰੋਨਾ ਮਹਾਮਾਰੀ ਖਿਲਾਫ ਆਪਣੀ ਜੰਗ ਪੂਰੇ ਧਿਆਨ ਅਤੇ ਸਾਵਧਾਨੀ ਨਾਲ ਜਾਰੀ ਰੱਖਣ ਦੇ ਨਾਲ-ਨਾਲ ਕੌਮੀ ਹਿੱਤਾਂ ਦਾ ਵੀ ਪੂਰਾ ਖਿਆਲ ਰੱਖੇਗਾ।