ਨਵੇਂ ਸਾਲ ਵਿਚ ਦੋ ਵਾਰ ਆਵੇਗਾ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ

ਅੰਮ੍ਰਿਤਸਰ: ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਇਸ ਨਵੇਂ ਵਰ੍ਹੇ ਮੁੜ ਚਰਚਾ ਵਿਚ ਰਹੇਗਾ ਕਿਉਂਕਿ ਵਰ੍ਹਾ 2022 ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੋ ਵਾਰ ਮਨਾਇਆ ਜਾਵੇਗਾ। ਇਕ ਵਾਰ ਪ੍ਰਕਾਸ਼ ਪੁਰਬ 9 ਜਨਵਰੀ ਨੂੰ ਅਤੇ ਦੂਜੀ ਵਾਰ 29 ਦਸੰਬਰ ਨੂੰ ਮਨਾਇਆ ਜਾਵੇਗਾ।

ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਰ੍ਹੇ ਦਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਫਿਲਹਾਲ ਤਿਆਰ ਕੀਤਾ ਜਾ ਰਿਹਾ ਹੈ ਪਰ ਕਈ ਸੰਸਥਾਵਾਂ ਵੱਲੋਂ ਇਹ ਕੈਲੰਡਰ ਤੇ ਜੰਤਰੀਆਂ ਤਿਆਰ ਕਰ ਲਈਆਂ ਗਈਆਂ ਹਨ। ਸਰਕਾਰ ਵੱਲੋਂ ਵੀ ਇਸੇ ਆਧਾਰ ‘ਤੇ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਇਸ ਕੈਲੰਡਰ ਮੁਤਾਬਕ ਪਹੁ ਸੁਧੀ ਸੱਤਵੀਂ ਇਸ ਅੰਗਰੇਜ਼ੀ ਵਰ੍ਹੇ ਦੌਰਾਨ ਦੋ ਵਾਰ ਆਵੇਗੀ। ਇਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਦੋ ਵਾਰ ਆਵੇਗਾ। ਮਿਲੇ ਵੇਰਵਿਆਂ ਮੁਤਾਬਕ ਨਵੇਂ ਵਰ੍ਹੇ ਵਿਚ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਵੀ 28 ਦਸੰਬਰ ਨੂੰ ਆ ਰਿਹਾ ਹੈ। ਇਸ ਤੋਂ ਇਕ ਦਿਨ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੋਵੇਗਾ।
ਸਿੱਖ ਰਹੁਰੀਤਾਂ ਅਤੇ ਪੰਥਕ ਰਵਾਇਤਾਂ ਮੁਤਾਬਕ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 29 ਦਸੰਬਰ ਨੂੰ ਹੋਣ ਕਾਰਨ ਨਗਰ ਕੀਰਤਨ ਸ਼ਹੀਦੀ ਦਿਵਸ ਵਾਲੇ ਦਿਨ 28 ਦਸੰਬਰ ਨੂੰ ਸਜਾਇਆ ਜਾਵੇਗਾ। ਕੁਝ ਵਰ੍ਹੇ ਪਹਿਲਾਂ ਵੀ ਇਸੇ ਤਰ੍ਹਾਂ ਇਹ ਦੋਵੇਂ ਸਮਾਗਮ ਇਕੱਠੇ ਆਏ ਸਨ, ਜਿਸ ਕਾਰਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਪ੍ਰਕਾਸ਼ ਪੁਰਬ ਦੀ ਮਿਤੀ ਬਦਲ ਦਿੱਤੀ ਗਈ ਸੀ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇਕ ਨੁਮਾਇੰਦੇ ਨੇ ਇਸ ਦੀ ਪੁਸ਼ਟੀ ਕਰਦਿਆਂ ਗੁਰਪੁਰਬ ਅਤੇ ਸ਼ਹੀਦੀ ਪੁਰਬ ਦੀਆਂ ਮਿਤੀਆਂ ਵਿਚ ਬਦਲਾਅ ਬਾਰੇ ਕਿਹਾ ਕਿ ਇਸ ਸਬੰਧੀ ਫੈਸਲਾ ਉਚ ਪੱਧਰ ‘ਤੇ ਹੀ ਹੋਵੇਗਾ।