ਖੇਤੀ ਕਾਨੂੰਨਾਂ ਦੇ ਮੁੱਦੇ `ਤੇ ਘਮੰਡੀ ਹੋ ਗਏ ਸਨ ਨਰਿੰਦਰ ਮੋਦੀ!

ਚੰਡੀਗੜ੍ਹ: ਮੇਘਾਲਿਆ ਦੇ ਰਾਜਪਾਲ ਸੱਤਪਾਲ ਮਲਿਕ ਦੀਆਂ ਕਿਸਾਨ ਅੰਦੋਲਨ ਸਬੰਧੀ ਪ੍ਰਧਾਨ ਮੰਤਰੀ ਬਾਰੇ ਕਈ ਤਲਖ ਟਿੱਪਣੀਆਂ ਨਾਲ ਸਿਆਸੀ ਮਾਹੌਲ ਭਖ ਗਿਆ ਹੈ।

ਕਿਸਾਨਾਂ ਦੇ ਮੁੱਦੇ ‘ਤੇ ਲਗਾਤਾਰ ਕੇਂਦਰ ਸਰਕਾਰ ਦੀ ਆਲੋਚਨਾ ਕਰਨ ਵਾਲੇ ਮੇਘਾਲਿਆ ਦੇ ਰਾਜਪਾਲ ਨੇ ਕਿਹਾ ਹੈ ਕਿ ਜਦੋਂ ਉਹ ਖੇਤੀ ਕਾਨੂੰਨਾਂ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤਾਂ ਉਨ੍ਹਾਂ ਦੀ ਮੋਦੀ ਨਾਲ ਬਹਿਸ ਹੋ ਗਈ ਤੇ ਪੰਜ ਮਿੰਟ ਦੇ ਅੰਦਰ ਹੀ ਸਾਡੇ ਦੋਵਾਂ ‘ਚ ਝਗੜਾ ਹੋ ਗਿਆ। ਉਹ ਬਹੁਤ ਘਮੰਡ ‘ਚ ਸਨ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੇ 500 ਲੋਕ ਮਰ ਗਏ ਹਨ ਤਾਂ ਮੋਦੀ ਨੇ ਕਿਹਾ ਕਿ ਮੇਰੇ ਲਈ ਮਰੇ ਹਨ? ਮੈਂ ਕਿਹਾ ਤੁਹਾਡੇ ਲਈ ਹੀ ਮਰੇ ਹਨ ਕਿਉਂਕਿ ਤੁਸੀਂ ਰਾਜਾ ਜੋ ਬਣੇ ਹੋਏ ਹੋ, ਇਸ ਨੂੰ ਲੈ ਕੇ ਮੇਰਾ ਮੋਦੀ ਨਾਲ ਝਗੜਾ ਹੋ ਗਿਆ।
ਸੱਤਪਾਲ ਮਲਿਕ ਅੰਦੋਲਨ ਦੌਰਾਨ ਆਪਣੀਆਂ ਟਿੱਪਣੀਆਂ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਕਿਸਾਨਾਂ ਅਤੇ ਖਾਸ ਤੌਰ ਉੱਤੇ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦੇ ਹਵਾਲੇ ਵੀ ਦਿੱਤੇ ਸਨ। ਕਾਂਗਰਸ ਦੇ ਰਾਜ ਸਭਾ ਵਿਚ ਆਗੂ ਮਲਿਕਅਰਜੁਨ ਖੜਗੇ ਨੇ ਟਵੀਟ ਰਾਹੀਂ ਪੁੱਛਿਆ ਹੈ ਕਿ ਪ੍ਰਧਾਨ ਮੰਤਰੀ ਜੀ ਕੀ ਇਹ ਸਹੀ ਹੈ?