ਹੁਣ ਪੰਥਕ ਸ਼ਰਨ ਲੈਣ `ਚ ਜੁੁਟੇ ਬਾਦਲ

ਚੰਡੀਗੜ੍ਹ: ਕਿਸਾਨ ਅੰਦੋਲਨ ਕਾਰਨ ਪੰਜਾਬ ਵਿਚ ਬਦਲ ਰਹੇ ਸਿਆਸੀ ਸਮੀਕਰਨਾਂ ਪਿੱਛੋਂ ਸੂਬੇ ਦੀਆਂ ਰਵਾਇਤੀ ਧਿਰਾਂ ਸੱਤਾ ਲਈ ਹਰ ਹੀਲਾ ਵਰਤਣ ਉਤੇ ਉਤਾਰੂ ਹਨ। ਸੱਤਾਧਾਰੀ ਕਾਂਗਰਸ ਵੱਲੋਂ ਜਿਥੇ ਮੁਫਤਖੋਰੀ ਵਾਲੇ ਐਲਾਨਾਂ ਦੀ ਝੜੀ ਲਾ ਦਿੱਤੀ ਹੈ, ਉਥੇ ਅਕਾਲੀ ਦਲ ਬਾਦਲ ਹੁਣ ਪੰਥਕ ਸ਼ਰਨ ਲੈਣ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਜਾਪਦਾ ਹੈ।

ਇਸੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਖਿਲਾਫ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਰੋਸ ਦਿਵਸ ਸਮਾਗਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਮਾਗਮ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਬਾਦਲ ਨੂੰ ਪੰਥਕ ਪਾਰਟੀ ਦੱਸਦੇ ਹੋਏ ਤਕੜਾ ਕਰਨ ਦੀ ਕੀਤੀ ਅਪੀਲ ਉਤੇ ਸਖਤ ਇਤਰਾਜ਼ ਉਠ ਰਹੇ ਹਨ। ਵਿਰੋਧੀ ਧਿਰਾਂ ਦੇ ਨਾਲ-ਨਾਲ ਕੁਝ ਸਿੱਖ ਜਥੇਬੰਦੀਆਂ ਨੇ ਵੀ ਸਵਾਲ ਕੀਤਾ ਹੈ ਕਿ ਜਿਸ ਪਾਰਟੀ ਦੀ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਸਿਲਸਲਾ ਸ਼ੁਰੂ ਹੋਇਆ ਹੋਵੇ ਤੇ ਸਾਰੇ ਸਬੂਤ ਹੁੰਦੇ ਹੋਏ ਵੀ ਨਿਆਂ ਦੇਣ ਤੋਂ ਟਾਲਾ ਵੱਟਦੀ ਰਹੀ, ਉਸ ਦੇ ਹੱਕ ਵਿਚ ਅਕਾਲ ਤਖਤ ਦੇ ਜਥੇਦਾਰ ਵੱਲੋਂ ਕੀਤੀ ਅਪੀਲ ਕਈ ਸਵਾਲ ਖੜ੍ਹੇ ਕਰਦੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਥੇਦਾਰ ਨੂੰ ਲਿਖੇ ਪੱਤਰ ਵਿਚ ਸਖਤ ਇਤਰਾਜ਼ ਕੀਤਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਤ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖੀ ਨੇ ਪੰਥ ਨੂੰ ਇਕੱਠਾ ਹੋ ਕੇ ਬਾਦਲ ਦਲ ਨੂੰ ਤਕੜਾ ਹੋਣ ਦੀ ਗੱਲ ਆਖੀ ਜੋ ਸਿੱਖ ਸੰਗਤ ਦੇ ਹਿਰਦਿਆਂ ਨੂੰ ਵਲੂੰਧਰਦੀ ਹੈ।
ਉਨ੍ਹਾਂ ਯਾਦ ਕਰਵਾਇਆ ਕਿ 1996 ਦੀ ਮੋਗਾ ਕਾਨਫਰੰਸ ਵੇਲੇ ਅਤੇ ਬਾਅਦ ਵਿਚ ਬਾਦਲ ਦਲ ਨੇ ਭਾਰਤੀ ਚੋਣ ਕਮਿਸ਼ਨ ਕੋਲ ਸੰਵਿਧਾਨ ਪੇਸ਼ ਕਰਕੇ ਖੁਦ ਨੂੰ ਪੰਥ ਤੇ ਪੰਥਕ ਹੋਣ ਤੋਂ ਵੱਖ ਕਰ ਲਿਆ ਸੀ। ਇਸ ਸਬੰਧੀ ਹੁਸ਼ਿਆਰਪੁਰ ਅਦਾਲਤਾਂ ਵਿਚੋਂ ਬਾਦਲਕਿਆਂ ਦੇ ਕਈ ਵਾਰੀ ਵਰੰਟ ਨਿਕਲੇ ਹਨ ਪਰ ਅਦਾਲਤ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਥਾਂ ਅੱਜ ਤੱਕ ਟਾਲਾ ਵੱਟਿਆ ਹੋਇਆ ਹੈ।
ਉਨ੍ਹਾਂ ਸਵਾਲ ਕੀਤਾ ਕਿ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਜਥੇਦਾਰ ਜੀ ਦੀ ਮੌਜੂਦਗੀ ਵਿਚ ਹੋਈਆਂ ਤਕਰੀਰਾਂ ਵਿਚ ਜਿੱਥੇ ਪੰਥ ਨੂੰ ਮਸੰਦਾਂ ਦੇ ਕਾਬਜ਼ ਹੋਣ ਤੋਂ ਸੁਚੇਤ ਕੀਤਾ ਗਿਆ ਹੈ ਤਾਂ ਇਹ ਵੀ ਪੁੱਛਣ ਦੀ ਲੋੜ ਹੈ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਰਹੇ, ਕਿਹੜੇ ਮਸੰਦਾਂ ਨੇ ਜਾਮ-ਏ-ਇੰਸਾਂ ਵਿਚ ਸ਼ਾਮਲ ਡੇਰਾਦਾਰ ਨਾਲ ਸਾਂਝਾਂ ਪੁਗਾਈਆਂ ਅਤੇ ਉਸ ਨੂੰ ਬਠਿੰਡਾ ਕੇਸ ਵਿਚੋਂ ਖਾਰਜ ਕਰਨ ਲਈ ਸਾਲ 2012 ਵਿਚ ਖਾਰਜ ਰਿਪੋਰਟ ਭਰੀ ਅਤੇ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦੇ ਹੋਏ ਉਸ ਦੀਆਂ ਵੋਟਾਂ ਲਈਆਂ।
ਅਕਾਲੀਆਂ ਦੀ ਪੁੱਠ ‘ਤੇ ਚੜ੍ਹੇ ਕੇ ਡੇਰੇਦਾਰ ਨੇ ਫਿਲਮਾਂ ਚਲਾਈਆਂ ਅਤੇ ਅਕਾਲੀਆਂ ਦੀ ਪੁਸ਼ਤਪਨਾਹੀ ਵਿਚ ਸਾਲ 2015 ਦੀਆਂ ਹਿਰਦੇ-ਵੇਦਕ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸੇ ਸਮੇਂ ਦੌਰਾਨ ਉਦੋਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੂੰ ਮਜਬੂਰ ਕਰਕੇ ਪਹਿਲਾਂ ਸੌਦੇ ਸਾਧ ਨੂੰ ਮੁਆਫੀ ਦਿਵਾਈ ਅਤੇ ਲਗਭਗ ਕਰੋੜ ਰੁਪਏ ਗੁਰੂ ਦੀਆਂ ਗੋਲਕਾਂ ਵਿਚੋਂ ਖਰਚਾ ਕੇ ਇਸ ਨੂੰ ਵਾਜਬ ਠਹਿਰਾਉਣ ਲਈ ਇਸ਼ਤਿਹਾਰ ਕਢਵਾਏ। ਕੀ ਇਹ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਪਿਉ-ਪੁੱਤ ਨਾਲੋਂ ਵੱਡਾ ਮਸੰਦ ਕੋਈ ਹੈ?
ਰੰਧਾਵਾ ਦੇ ਇਸ ਪੱਤਰ ਪਿੱਛੋਂ ਭਾਵੇਂ ਜਥੇਦਾਰ ਅਤੇ ਅਕਾਲੀ ਦਲ ਬਾਦਲ ਚੁੱਪ ਹੈ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰੰਧਾਵਾ ਨੂੰ ਆਪਣੀ ਪੀੜ੍ਹੀ ਹੇਠ ਝਾਕਣ ਦੀ ਸਲਾਹ ਦਿੰਦਿਆਂ ਆਖਿਆ ਹੈ ਕਿ ਉਸ (ਰੰਧਾਵਾ) ਨੂੰ ਪੰਥਕ ਮਸਲਿਆਂ ਵਿਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਇਸ ਦੀ ਮਾਂ ਪਾਰਟੀ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਕੇ ਸਿੱਖ ਕੌਮ ਦੇ ਖਾਤਮੇ ਦਾ ਕੋਝਾ ਯਤਨ ਕੀਤਾ ਸੀ।
ਯਾਦ ਰਹੇ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿਚ ਨਾ ਉਸ ਵੇਲੇ ਕੋਈ ਠੋਸ ਕਾਰਵਾਈ ਕੀਤੀ ਤੇ ਨਾ ਪਿਛਲੇ ਤਕਰੀਬਨ 5 ਸਾਲਾਂ ਦੌਰਾਨ ਕਾਂਗਰਸ ਵਾਲੀ ਸਰਕਾਰ ਉਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਇਥੋਂ ਤੱਕ ਕਿ ਕੇਂਦਰ ਵਿਚ ਭਾਜਪਾ ਦੀ ਭਾਈਵਾਲ ਹੁੰਦਿਆਂ ਹੋਇਆਂ ਵੀ ਬਾਦਲਾਂ ਨੇ ਬੰਦੀ ਸਿੰਘਾਂ ਦੀ ਰਿਹਾਈ, ਚੰਡੀਗੜ੍ਹ ਪੰਜਾਬ ਨੂੰ ਦੇਣ ਸਣੇ ਸਿੱਖ ਮਸਲਿਆਂ ਦੇ ਹੱਲ ਲਈ ਦਬਾਅ ਨਹੀਂ ਬਣਾਇਆ। ਹੁਣ ਭਾਈਵਾਲੀ ਟੁੱਟਣ ਤੇ ਚੋਣਾਂ ਨੇੜੇ ਹੋਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਅਕਾਲੀ ਦਲ ਨੇ ਅਜਿਹੇ ਮਸਲਿਆਂ ਦੀ ਸੂਚੀ ਚੁੱਕ ਲਈ ਹੈ। ਦਰਅਸਲ, ਅਕਾਲੀ ਦਲ ਬਾਦਲ ਹੁਣ ਤੱਕ ਆਪਣੇ ਆਪ ਨੂੰ ਪੰਥਕ ਪਾਰਟੀ ਦੱਸ ਤੇ ਆਪਣੇ ਚੋਣ ਨਿਸ਼ਾਨ ਨੂੰ ‘ਬਾਬੇ ਨਾਨਕ ਦੀ ਤੱਕੜੀ` ਨਾਲ ਜੋੜ ਕੇ ਹੀ ਚੋਣ ਮੈਦਾਨ ਵਿਚ ਨਿੱਤਰਦਾ ਰਿਹਾ ਹੈ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਕਾਰਜਕਾਲ ਵਿਚ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ, ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਅਕਾਲੀ ਤਖਤ ਤੋਂ ਮੁਆਫੀ ਸਣੇ ਹੋਰ ਮੁੱਦਿਆਂ ਉਤੇ ਘਿਰਨ ਪਿੱਛੋਂ ਆਪਣੇ ਪੰਥਕ ਏਜੰਡੇ ਤੋਂ ਕੁਝ ਕਿਨਾਰਾ ਕਰ ਲਿਆ ਸੀ। ਪਿਛਲੇ 5 ਸਾਲਾਂ ਵਿਚ ਅਕਾਲੀ ਦਲ ਨੇ ਅਜਿਹੇ ਮਸਲਿਆਂ ਉਤੇ ਖਾਮੋਸ਼ ਰਹਿਣ ਵਿਚ ਹੀ ਭਲਾ ਸਮਝਿਆ।
ਇਸ ਵਾਰ ਅਕਾਲੀ ਦਲ ਬਸਪਾ ਨਾਲ ਸਮਝੌਤੇ ਤਹਿਤ ਜਾਤੀ ਆਧਾਰ (ਦਲਿਤ) ਉਤੇ ਬਾਜ਼ੀ ਮਾਰਨ ਦੀ ਤਾਕ ਵਿਚ ਸੀ ਪਰ ਕਾਂਗਰਸ ਵੱਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕੁਝ ਹੱਦ ਅਕਾਲੀ ਦਲ ਦੀ ਖੇਡ ਵਿਗਾੜ ਦਿੱਤੀ। ਹੁਣ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਸਮਾਜ ਮੋਰਚਾ ਬਣਾ ਕੇ ਸਿਆਸੀ ਮੈਦਾਨ ਵਿਚ ਕੁੱਦਣ ਦੇ ਐਲਾਨ ਪਿੱਛੋਂ ਅਕਾਲੀ ਦਲ ਨੂੰ ਆਪਣੀ ਪੁਰਾਣੀ ਰਣਨੀਤੀ ਵੱਲ ਹੀ ਪਰਤਣ ਲਈ ਮਜਬੂਰ ਹੋਣਾ ਪਿਆ ਹੈ।
ਬਾਦਲ ਦਲ ਉਤੇ ਹਮੇਸ਼ਾ ਦੋਸ਼ ਲੱਗਦੇ ਆਏ ਹਨ ਕਿ ਇਸ ਲਾਣੇ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਉਤੇ ਕਬਜ਼ਾ ਕੀਤਾ ਹੋਇਆ ਹੈ ਤੇ ਹਮੇਸ਼ਾ ਆਪਣੇ ਹਿੱਤਾਂ ਲਈ ਵਰਤਿਆ ਹੈ। ਅਕਾਲੀ ਦਲ ਬਾਦਲ ਉਤੇ ਚੋਣਾਂ ਵੇਲੇ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਵੀ ਲੱਗਦੇ ਆਏ ਹਨ। ਹੁਣ ਚੋਣਾਂ ਸਿਰ ਉਤੇ ਹੋਣ ਪਿੱਛੋਂ ਅਕਾਲੀ ਦਲ ਦੀਆਂ ਸ਼੍ਰੋਮਣੀ ਕਮੇਟੀ ਦੁਆਲੇ ਸਰਗਰਮੀਆਂ ਪਿੱਛੋਂ ਉਹੀ ਸਵਾਲ ਉਠ ਖਲੋਤੇ ਹਨ।
ਅਕਾਲੀ ਦਲ ਵੱਲੋਂ ਕਰਵਾਏ ਰੋਸ ਦਿਵਸ ਸਮਾਗਮ ਤੋਂ ਪਹਿਲਾਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਸੀ। ਇਸ ਮੀਟਿੰਗ ‘ਚ ਕੀ ਗੱਲਬਾਤ ਹੋਈ, ਇਸ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਚਰਚਾ ਹੈ ਕਿ ਜਥੇਦਾਰ ਵੱਲੋਂ ਸਮਾਗਮ ਵਿਚ ਅਕਾਲੀ ਦਲ ਨੂੰ ਤਕੜਾ ਕਰਨ ਅਤੇ ਮੌਜੂਦਾ ਪੰਥਕ ਹਾਲਾਤ ਦੌਰਾਨ ਨਾਰਾਜ਼ ਸਿੱਖ ਆਗੂੁਆਂ ਨੂੰ ਮੁੜ ਅਕਾਲੀ ਦਲ ‘ਚ ਸ਼ਾਮਲ ਹੋਣ ਦੀ ਅਪੀਲ, ਇਸੇ ਮੁਲਾਕਾਤ ਦਾ ਸਿੱਟਾ ਸੀ।
ਕਿਸਾਨ ਅੰਦੋਲਨ ਮੁਲਤਵੀ ਹੋਣ ਪਿੱਛੋਂ ਅਕਾਲੀ ਦਲ ਦੀ ਪੁਰਾਣੀ ਭਾਈਵਾਲ ਨੇ ਪੰਜਾਬ ਵਿਚ ਸਿਆਸੀ ਸਰਗਰਮੀਆਂ ਵਧਾਈਆਂ ਹੋਈਆਂ ਹਨ। ਅਕਾਲੀ ਦਲ ਦੇ ਵੱਡੇ ਆਗੂ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਣੇ ਕਈ ਵੱਡੇ ਚਿਹਰੇ ਭਾਜਪਾ ਦਾ ਹਿੱਸਾ ਬਣ ਰਹੇ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਉਤੇ ਬਾਦਲਾਂ ਦੇ ਕਬਜ਼ੇ ਦਾ ਦੋਸ਼ ਲਾਉਂਦੇ ਹੋਏ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪਰਾ ਪਾਰਟੀ ਤੋਂ ਵੱਖ ਹੋ ਗਏ ਸਨ। ਬ੍ਰਹਮਪੁਰਾ ਨੇ ਅਕਾਲੀ ਦਲ ਵਿਚ ਵਾਪਸੀ ਕਰ ਲਈ ਹੈ ਪਰ ਹੋਰ ਕਈ ਆਗੂ ਭਾਜਪਾ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ। ਸਿਆਸੀ ਮਾਹਰਾਂ ਮੁਤਾਬਿਕ ਦਲ ਕੋਲ ਹੁਣ ‘ਪੰਥਕ ਓਟ` ਤੋਂ ਬਿਨਾ ਕੋਈ ਚਾਰਾ ਨਹੀਂ ਬਚਿਆ ਹੈ।