ਡਰੋਨਾਂ ਰਾਹੀਂ ਤਸਕਰੀ: ਮੁਲਤਾਨੀ ਦੀ ਭੂਮਿਕਾ ਦੀ ਹੋਵੇਗੀ ਜਾਂਚ

ਨਵੀਂ ਦਿੱਲੀ: ਐਨ.ਆਈ.ਏ. ਨੇ ਕਿਹਾ ਹੈ ਕਿ ਸਰਹੱਦ ਪਾਰੋਂ ਡਰੋਨਾਂ ਰਾਹੀਂ ਤਸਕਰੀ ਦੇ ਮਾਮਲੇ ‘ਚ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦੇ ਕਥਿਤ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾਵੇਗੀ। ਜਰਮਨੀ ਵਿਚ ਰਹਿ ਰਹੇ ਮੁਲਤਾਨੀ ਖਿਲਾਫ ਹਾਲ ਹੀ ‘ਚ ਯੂ.ਏ.ਪੀ.ਏ. ਤਹਿਤ ਕੇਸ ਦਰਜ ਕੀਤਾ ਗਿਆ ਹੈ।

ਕੌਮੀ ਜਾਂਚ ਏਜੰਸੀ ਦੇ ਇਕ ਸੂਤਰ ਨੇ ਕਿਹਾ ਕਿ ਡਰੋਨਾਂ ਦੀ ਵਰਤੋਂ ਹਥਿਆਰ, ਧਮਾਕਾਖੇਜ ਸਮੱਗਰੀ ਤੇ ਨਸ਼ਿਆਂ ਦੀ ਤਸਕਰੀ ਲਈ ਕੀਤੀ ਗਈ ਹੈ ਤੇ ਜਾਂਚ ਇਸੇ ਪੱਖ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਰਹਿੰਦੇ ਅਤਿਵਾਦੀ ਇਸ ਵਿਚ ਸ਼ਾਮਲ ਹਨ ਤੇ ਉਨ੍ਹਾਂ ਨੂੰ ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਹੈ। ਜਸਵਿੰਦਰ ਉਨ੍ਹਾਂ ਦੇ ਸੰਪਰਕ ਵਿਚ ਸੀ। ਭਾਰਤ ਵਿਚ ਵੀ ਉਸ ਦਾ ਇਕ ਸੰਪਰਕ ਹੈ ਜੋ ਤਸਕਰੀ ਕਰ ਕੇ ਲਿਆਂਦੇ ਹਥਿਆਰ, ਧਮਾਕਖੇਜ ਸਮੱਗਰੀ ਤੇ ਡਰੱਗ ਹਾਸਲ ਕਰਦਾ ਸੀ। ਇਸ ਤਰ੍ਹਾਂ ਉਹ ਭਾਰਤੀ ਖੇਤਰ ਵਿਚ ਨਸ਼ਾ ਤੇ ਹਥਿਆਰ ਲਿਆ ਰਹੇ ਸਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੰਜਾਬ ਤੇ ਜੰਮੂ ਨਾਲ ਲੱਗਦੀ ਸਰਹੱਦ ‘ਤੇ ਪਿਛਲੇ ਸਾਲ ਕਰੀਬ 70 ਡਰੋਨ ਦੇਖੇ ਗਏ ਹਨ। ਕੁਝ ਡਰੋਨਾਂ ਨੂੰ ਬੀ.ਐਸ.ਐਫ. ਨੇ ਗੋਲੀ ਨਾਲ ਡੇਗਿਆ ਵੀ ਸੀ। ਇਕ ਹੋਰ ਡਰੋਨ ਜਿਸ ਨੂੰ ਬੀ.ਐਸ.ਐਫ. ਨੇ ਡੇਗਣ ਦੀ ਕੋਸ਼ਿਸ਼ ਕੀਤੀ ਸੀ, ਛੇ ਪੈਕੇਟ ਨਸ਼ੀਲੇ ਪਦਾਰਥਾਂ ਦੇ ਸੁੱਟ ਕੇ ਪਾਕਿਸਤਾਨ ਵਾਲੇ ਪਾਸੇ ਮੁੜ ਗਿਆ ਸੀ। ਜ਼ਿਕਰਯੋਗ ਹੈ ਕਿ ਮੁਲਤਾਨੀ ‘ਤੇ 30 ਦਸੰਬਰ ਨੂੰ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਭਾਰਤੀ ਏਜੰਸੀਆਂ ਵੱਲੋਂ ਦਿੱਤੀ ਸੂਚਨਾ ‘ਤੇ ਜਰਮਨੀ ਨੇ ਮੁਲਤਾਨੀ ਨੂੰ ਹਿਰਾਸਤ ਵਿਚ ਲਿਆ ਸੀ। ਮੁਲਤਾਨੀ ਨੇ ਮਗਰੋਂ ਜਰਮਨੀ ਸਰਕਾਰ ਨੂੰ ਜਾਂਚ ਵਿਚ ਸਹਿਯੋਗ ਦੇਣ ਦਾ ਹਲਫਨਾਮਾ ਦਿੱਤਾ ਸੀ ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਏਜੰਸੀ ਨੇ ਦੋਸ਼ ਲਾਇਆ ਹੈ ਕਿ ਮੁਲਤਾਨੀ ਖਾਲਿਸਤਾਨੀ ਤੱਤਾਂ ਨਾਲ ਰਲ ਕੇ ਨੌਜਵਾਨਾਂ ਨੂੰ ਕੱਟੜਤਾ ਤੇ ਆਪਣੀ ਵਿਚਾਰਧਾਰਾ ਨਾਲ ਪੰਜਾਬ ਨੂੰ ਅਤਿਵਾਦ ਵੱਲ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਪੰਜਾਬ ਨੂੰ ਭਾਰਤ ਨਾਲੋਂ ਤੋੜਿਆ ਜਾ ਸਕੇ।