ਖੇਤੀਬਾੜੀ ਸੰਕਟ, ਕਿਸਾਨ ਅੰਦੋਲਨ ਅਤੇ ਪਾਪੂਲਿਜ਼ਮ

ਪਰਮਜੀਤ ਸਿੰਘ
ਫੋਨ: +91-94646-16395
ਪਰਗਟ ਸਿੰਘ
ਫੋਨ: +91-94178-62967
ਕਿਸਾਨਾਂ ਨੇ ਲੰਮੇ ਸਮੇਂ ਤੋਂ ਚੱਲ ਰਿਹਾ ਘੋਲ ਆਖਰਕਾਰ ਜਿੱਤ ਲਿਆ ਪਰ ਹੁਣ ਸਵਾਲ ਹੈ ਕਿ ਇਸ ਤੋਂ ਅਗਲਾ ਕਦਮ ਕੀ ਹੋਵੇ? ਇਸ ਵਕਤ ਸਮੁੱਚੇ ਭਾਰਤ ਜਿਸ ਵਿਚ ਪੰਜਾਬ ਵੀ ਸ਼ਾਮਿਲ ਹੈ, ਵਿਚ ਖੇਤੀ ਸੰਕਟ ਸਿਖਰਾਂ ਛੂਹ ਰਿਹਾ ਹੈ। ਮਾੜੀ ਗੱਲ ਇਹ ਹੋਈ ਹੈ ਕਿ ਲੋਕਾਂ ਦੇ ਹੱਕ ਵਿਚ ਖੜ੍ਹਨ ਦਾ ਦਾਅਵਾ ਕਰਨ ਵਾਲੇ ਬੁੱਧੀਜੀਵੀ ਵੀ ਇਸ ਦਾ ਹੱਲ ਪੇਸ਼ ਨਹੀਂ ਕਰ ਸਕੇ। ਇਨ੍ਹਾਂ ਅਹਿਮ ਨੁਕਤਿਆਂ ਬਾਰੇ ਚਰਚਾ ਨੌਜਵਾਨ ਵਿਦਵਾਨਾਂ ਪਰਮਜੀਤ ਸਿੰਘ ਅਤੇ ਪਰਗਟ ਸਿੰਘ ਨੇ ਇਸ ਲੇਖ ਵਿਚ ਕੀਤੀ ਹੈ। ਉਨ੍ਹਾਂ ਅੱਜ ਦੇ ਹਾਲਾਤ ਮੁਤਾਬਿਕ ਐਨ ਨਿਤਾਰ ਕੇ ਗੱਲ ਕੀਤੀ ਹੈ ਤੇ ਇਸ ਮਸਲੇ ਦੀਆਂ ਜੜ੍ਹਾਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ ਹੈ। ਇਸ ਲੰਮੇ ਲੇਖ ਦਾ ਪਹਿਲਾ ਹਿੱਸਾ ਅਸੀਂ ਪਾਠਕਾਂ ਲਈ ਛਾਪ ਰਹੇ ਹਾਂ।

ਭਾਰਤ ਵਿਚ ਕਿਸਾਨੀ ਅੰਦੋਲਨ ਨੇ 1990 ਤੋਂ ਬਾਅਦ ਚਲੇ ਆ ਰਹੇ ਖੇਤੀਬਾੜੀ ਖੇਤਰ ਦੇ ਸੰਕਟ ਨੂੰ ਮੁੜ ਉਜਾਗਰ ਕਰ ਦਿੱਤਾ ਹੈ। ਕਿਸਾਨੀ ਅੰਦੋਲਨ ਦੀ ਭਾਰਤ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਜਿੱਤ ਉਨ੍ਹਾਂ ਸਾਰੇ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਫਾਸ਼ੀਵਾਦੀ ਅਤੇ ਪੂੰਜੀਵਾਦੀ ਤਾਕਤਾਂ ਦੇ ਗਠਜੋੜ ਦੀਆਂ ਖੇਤੀਬਾੜੀ ਖੇਤਰ ਨੂੰ ਕਾਰਪੋਰੇਟ ਹੱਥਾਂ ਵਿਚ ਦੇਣ ਦੀਆਂ ਨੀਤੀਆਂ ਨੂੰ ਠੱਲ੍ਹ ਪਾ ਦਿੱਤੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨੀ ਅੰਦੋਲਨ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਪਿਛਲੇ ਇੱਕ ਸਾਲ ਦੌਰਾਨ ਵਿਚਾਰਧਾਰਕ ਵਖਰੇਵੇਂ ਹੋਣ ਦੇ ਬਾਵਜੂਦ ਇਕਜੁਟਤਾ ਬਣਾਈ ਰੱਖੀ ਪਰ ਹਥਲੇ ਲੇਖ ਦਾ ਵਿਸ਼ਾ ਕਿਸਾਨੀ ਅੰਦੋਲਨ ਦੀ ਜਿੱਤ ਦਾ ਮੁਲੰਕਣ ਕਰਨਾ ਨਹੀਂ ਬਲਕਿ ਪਿਛਲੇ ਇੱਕ ਸਾਲ ਦੌਰਾਨ ਖੇਤੀਬਾੜੀ ਸੰਕਟ ਅਤੇ ਖੇਤੀਬਾੜੀ ਕਾਨੂੰਨਾਂ ਬਾਰੇ ਪੰਜਾਬੀ ਬੁੱਧਜੀਵੀ ਵਰਗ ਨੇ ਜੋ ਸਮਝ ਪੇਸ਼ ਕੀਤੀ, ਉਸ ਦੀ ਵਿਗਿਆਨਕ ਪੜਚੋਲ ਕਰਨਾ ਹੈ।
ਜੇ ਅਸੀਂ ਪਿਛਲੇ ਇੱਕ ਸਾਲ ਦੌਰਾਨ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿਚ ਪੰਜਾਬੀ ਬੁੱਧੀਜੀਵੀਆਂ ਦੀਆਂ ਲਿਖਤਾਂ ਦੀ ਵਿਗਿਆਨਕ ਪੜਚੋਲ ਕਰੀਏ ਤਾਂ ਉਨ੍ਹਾਂ ਦੀ ਸਮਝ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਬੁੱਧੀਜੀਵੀ ਵਰਗ ਉਹ ਹੈ ਜੋ ਕਿਸਾਨੀ ਸਵਾਲ/ਸੰਕਟ ਅਤੇ ਖੇਤੀ ਕਾਨੂੰਨਾਂ ਦੀ ਆਰਥਿਕ ਅਤੇ ਸਿਆਸੀ ਸਮਝ ਪੇਸ਼ ਕਰਦਾ ਹੈ। ਇਸ ਵਰਗ ਨੇ ਕਿਸਾਨੀ ਅੰਦੋਲਨ ਦੀ ਮਹੱਤਤਾ ਦੇ ਸਿਆਸੀ ਅਤੇ ਆਰਥਿਕ ਕਾਰਨ ਉਜਾਗਰ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ ਪਰ ਇਸ ਲੇਖ ਦਾ ਮਕਸਦ ਉਨ੍ਹਾਂ ਦੀ ਹਮਦਰਦੀ ਅਤੇ ਭਾਵਨਾ ਦਾ ਮੁਲੰਕਣ ਕਰਨਾ ਨਹੀਂ ਬਲਕਿ ਉਨ੍ਹਾਂ ਦੀਆਂ ਲਿਖਤਾਂ ਦੀ ਵਿਗਿਆਨਕ ਨਿਸ਼ਾਨਦੇਹੀ ਕਰਨਾ ਹੈ।
ਉਂਜ, ਇਨ੍ਹਾਂ ਦੀ ਵਿਗਿਆਨਕ ਪੜਚੋਲ ਤੋਂ ਬਾਅਦ ਇੱਕ ਗੱਲ ਉੱਭਰ ਕੇ ਸਾਹਮਣੇ ਆਉਦੀ ਹੈ ਕਿ ਇਨ੍ਹਾਂ ਬੁੱਧੀਜੀਵੀਆਂ ਦੇ ਵਿਸ਼ਲੇਸਣ ਪਿੱਛੇ ਵੱਖ-ਵੱਖ ਵਿਗਿਆਨਕ ਵਿਚਾਰਧਾਰਾਵਾਂ ਨਹੀਂ ਹਨ; ਦੂਜੇ ਸਬਦਾਂ ਵਿਚ, ਇਨ੍ਹਾਂ ਸਾਰਿਆਂ ਦੀਆਂ ਲਿਖਤਾਂ ਵਿਚੋਂ ਪਾਪੂਲਿਸਟ ਵਿਚਾਰਧਾਰਾ ਹੀ ਨਜ਼ਰ ਆਉਂਦੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਚੇਨੋਵੀਅਨ (ਛਹਅੇਅਨੋਵਅਿਨ) ਪਾਪੂਲਿਸਟ ਜਾਪਦੇ ਹਨ। ਚੇਨੋਵੀਅਨ ਪਾਪੂਲਿਸਟਾਂ ਤੋਂ ਸਾਡਾ ਭਾਵ ਉਸ ਬੁੱਧੀਜੀਵੀ ਵਰਗ ਤੋਂ ਹੈ ਜਿਹੜਾ ਖੇਤੀਬਾੜੀ ਸਵਾਲ/ਸੰਕਟ ਨੂੰ ਵੱਡੇ ਆਰਥਿਕ ਢਾਂਚੇ (ਪੂੰਜੀਵਾਦ) ਦੇ ਵਿਕਾਸ ਦੇ ਨਿਯਮਾਂ ਅਤੇ ਵਿਰੋਧਤਾਈਆਂ ਨੂੰ ਅਣਗੌਲਿਆ ਕਰਕੇ ਦੇਖਦਾ ਹੈ।
ਦੂਜੀ ਤਰ੍ਹਾਂ ਦੇ ਬੁੱਧੀਜੀਵੀ ਵਰਗ ਵਿਚ ਉਹ ਸਾਰੇ ਬੁੱਧੀਜੀਵੀ ਸ਼ਾਮਿਲ ਹਨ ਜੋ ਕਿਸਾਨੀ ਸਵਾਲ/ਸੰਕਟ ਅਤੇ ਕਿਸਾਨੀ ਅੰਦੋਲਨ ਦੀ ਮਹੱਤਤਾ ਦੀ ਵਿਆਖਿਆ ਸਭਿਆਚਾਰਕ ਮਿੱਥਾਂ (ਭਾਸ਼ਾ, ਧਰਮ, ਪਛਾਣ, ਰੀਤੀ-ਰਿਵਾਜ਼ਾਂ, ਪਹਿਰਾਵਾ, ਗੀਤ-ਸੰਗੀਤ, ਪਰੰਪਰਾਵਾਂ, ਪੇਂਡੂ ਹੇਰਵਾ ਆਦਿ) ਦਾ ਸਹਾਰਾ ਲੈ ਕੇ ਕਰ ਰਹੇ ਸਨ। ਇਨ੍ਹਾਂ ਦੀ ਵਿਗਿਆਨਕ ਪੜਚੋਲ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਦਾ ਕੋਈ ਵਿਗਿਆਨਕ ਅਤੇ ਇਤਿਹਾਸਕ ਪਦਾਰਥਵਾਦੀ ਪ੍ਰਸੰਗ ਨਹੀਂ ਹੈ। ਇਹ ਸਾਰੇ ਹੀ ਰੂੜ੍ਹੀਵਾਦੀ
(ਚੋਨਸੲਰਵਅਟਵਿੲ) ਪਾਪੂਲਿਸਟ ਹਨ ਜੋ ਪੇਂਡੂ ਸਭਿਆਚਾਰ ਦੇ ਮਿਥਿਹਾਸਕ ਪੱਖਾਂ ਨੂੰ ਉਜਾਗਰ ਕਰਕੇ ਸ਼ਹਿਰੀਕਰਨ, ਉਦਯੋਗੀਕਰਨ ਅਤੇ ਆਰਥਿਕ ਵਿਕਾਸ ਨੂੰ ਪਿੰਡ-ਵਿਰੋਧੀ ਪੇਸ਼ ਕਰਦੇ ਹਨ।
ਪਿਛਲੇ ਇੱਕ ਸਾਲ ਦੌਰਾਨ (ਅਸਲ ਵਿਚ ਪਿਛਲੇ 30 ਸਾਲਾਂ ਤੋਂ) ਪੰਜਾਬ ਵਿਚ ਕੋਈ ਅਜਿਹਾ ਬੁੱਧੀਜੀਵੀ ਵਰਗ ਨਜ਼ਰ ਨਹੀਂ ਆਇਆ ਜਿਸ ਨੇ ਖੇਤੀਬਾੜੀ ਸਵਾਲ/ਸੰਕਟ ਦੇ ਸਥਾਈ ਹੱਲ ਲਈ ਕੋਈ ਵਿਗਿਆਨਕ ਅਤੇ ਵੱਖਰੀ ਵਿਚਾਰਾਧਾਰਾ ਪੇਸ਼ ਕੀਤੀ ਹੋਵੇ। ਪਿਛਲੇ ਸਮੇਂ ਦੌਰਾਨ ‘ਪੰਜਾਬ ਟਾਈਮਜ਼’ ਅਖਬਾਰ ਵਿਚ ਬਲਰਾਜ ਦਿਓਲ ਨੇ ਕੁਝ ਲੇਖ ਲਿਖੇ ਹਨ ਜਿਨ੍ਹਾਂ ਵਿਚ ਉਨ੍ਹਾਂ ਨੇ ਪੰਜਾਬ ਦੇ ਖੇਤੀਬਾੜੀ ਬੁੱਧੀਜੀਵੀ ਵਰਗ ਦੀ ਕਿਸਾਨੀ ਸਵਾਲ/ਸੰਕਟ ਅਤੇ ਕਿਸਾਨੀ ਅੰਦੋਲਨ ਬਾਰੇ ਪੈਦਾ ਕੀਤੀ ਜਾ ਰਹੀ ਚੇਤਨਾ ਨੂੰ ਚਰਚਾ ਹੇਠ ਲਿਆ ਕੇ ਕੁਝ ਅਹਿਮ ਸਵਾਲ ਉਠਾਏ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਲਰਾਜ ਦਿਓਲ ਦੁਆਰਾ ਉਠਾਏ ਸਵਾਲ ਬਹੁਤ ਅਹਿਮ ਹਨ ਪਰ ਬਲਰਾਜ ਦਿਓਲ ਦੀਆਂ ਲਿਖਤਾਂ ਵਿਚ ਕੋਈ ਵਿਚਾਰਧਾਰਕ ਆਧਾਰ ਦੇਖਣ ਨੂੰ ਨਹੀਂ ਮਿਲਦਾ ਅਤੇ ਨਾ ਹੀ ਉਨ੍ਹਾਂ ਨੇ ਪੰਜਾਬੀ ਬੁੱਧੀਜੀਵੀ ਵਰਗ ਦੀ ਨਿਸ਼ਾਨਦੇਹੀ (ਭਾਵ ਕਿਸੇ ਮਹਾਂ ਬਿਰਤਾਂਤ ਨੂੰ ਆਧਾਰ ਬਣਾ ਕੇ) ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਦੀਆਂ ਲਿਖਤਾਂ ਤੋਂ ਇਹ ਜਾਪਦਾ ਹੈ ਕਿ ਉਹ ਪੰਜਾਬੀ ਬੁੱਧੀਜੀਵੀਆਂ ਦੀ ਵਿਅਕਤੀਗਤ ਪੱਧਰ ‘ਤੇ ਹੀ ਆਲੋਚਨਾ ਕਰਦੇ ਹਨ।
ਇਸ ਪ੍ਰਸੰਗ ਵਿਚ ਇਹ ਲੇਖ ਵਿਗਿਆਨਕ ਆਧਾਰ ‘ਤੇ ਖੇਤੀਬਾੜੀ ਸਵਾਲ/ਸੰਕਟ ਅਤੇ ਕਿਸਾਨੀ ਅੰਦੋਲਨ ਦੀ ਸਮਝ ਪੇਸ਼ ਕਰਨ ਵਾਲੀਆਂ ਪਾਪੂਲਿਸਟ ਲਿਖਤਾਂ ਦੇ ਖਾਸੇ ਦੀ ਵਿਗਿਆਨਕ ਪੜਚੋਲ ਕਰਨ ਦਾ ਯਤਨ ਹੈ। ਇਸ ਲੇਖ ਦੇ ਮੁਢਲੇ ਭਾਗ ਵਿਚ ਅਸੀਂ ਖੇਤੀ ਪਾਪੂਲਿਸਟ ਵਿਚਾਰਧਾਰਾ ਦਾ ਵਿਸ਼ਲੇਸ਼ਣ/ਮੁਲੰਕਣ ਕਰਾਂਗੇ। ਫਿਰ ਪੰਜਾਬੀ ਖੇਤੀ ਮਾਹਰ ਬੁੱਧੀਜੀਵੀਆਂ ਦੀਆਂ ਪਾਪੂਲਿਸਟ ਲਿਖਤਾਂ ਦੀ ਨਿਸ਼ਾਨਦੇਹੀ ਕਰਾਂਗੇ ਅਤੇ ਫਿਰ ਪੰਜਾਬ ਤੇ ਆਮ ਲੋਕਾਈ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੁਝ ਅਹਿਮ ਸਵਾਲ ਰੱਖਾਂਗੇ ਜਿਨ੍ਹਾਂ ਦੇ ਸਨਮੁੱਖ ਹੋਏ ਬਿਨਾ ਪੰਜਾਬ ਨੂੰ ਆਰਥਿਕ ਵਿਕਾਸ ਦੀਆਂ ਲੀਹਾਂ ਤੇ ਨਹੀਂ ਪਾਇਆ ਜਾ ਸਕਦਾ।
ਖੇਤੀ ਖੇਤਰ ਬਾਰੇ ਪਾਪੂਲਿਸਟ ਵਿਚਾਰਧਾਰਾ
ਕਿਸਾਨੀ ਅਤੇ ਸਮੁੱਚੀ ਆਰਥਿਕਤਾ ਦੇ ਪ੍ਰਸੰਗ ਵਿਚ ਪਾਪੂਲਿਸਟ ਵਿਚਾਰਧਾਰਾ ਦੀ ਸ਼ੁਰੂਆਤ 1870ਵਿਆਂ ਵਿਚ ਰੂਸ ਵਿਚ ਹੋਈ। ਅਸਲ ਵਿਚ ਪਾਪੂਲਿਸਟ ਵਿਚਾਰਧਾਰਾ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ ਜਿੰਨਾ ਮਾਰਕਸਵਾਦ ਦਾ। ਖੇਤੀ ਦੇ ਸਵਾਲ/ਸੰਕਟ ਦੀ ਪਾਪੂਲਿਸਟ ਧਾਰਨਾ ਖੇਤੀ ਸਵਾਲ ਅਤੇ ਸੰਕਟ ਦੇ ਹੱਲ ਦੇ ਦੋ ਇਤਿਹਾਸਿਕ ਮਹਾਂ ਬਿਰਤਾਤ (ਪੂੰਜੀਵਾਦ ਤੇ ਸਮਾਜਵਾਦ) ਦੇ ਬੁੱਧੀਜੀਵੀਆਂ ਦੁਆਰਾ ਦਿੱਤੀਆਂ ਵਿਕਾਸਪੱਖੀ ਧਾਰਨਾਵਾਂ ਦੇ ਵਿਚਕਾਰ ਦੀ ਧਾਰਨਾ ਹੈ। ਖੇਤੀ ਪਾਪੂਲਿਸਟ ਵਿਚਾਰਧਾਰਾ ਦਾ ਉਭਾਰ ਅਤੇ ਵਿਕਾਸ ਇਸ ਦੇ ਪੈਰੋਕਾਰਾਂ ਦੀ ਕਿਸਾਨੀ ਪ੍ਰਤੀ ਹਮਦਰਦੀ ਅਤੇ ਭਾਵੁਕਤਾ ਵਿਚੋਂ ਨਿਕਲਦਾ ਹੈ। ਇਸ ਵਿਚਾਰਧਾਰਾ ਦੇ ਮੁੱਖ ਬੁੱਧੀਜੀਵੀ ਮਾਰਕਸ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਤਾਂ ਸਨ ਪਰ ਉਹ ਮਾਰਕਸ ਦੇ ਦਿੱਤੇ ਪੂੰਜੀਵਾਦ ਦੇ ਵਿਕਾਸ ਦੇ ਸਿਧਾਂਤਾਂ ਅਤੇ ਉਸ ਵਿਚ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਅਸੰਗਤੀ (ਨਿਚੋਮਪਅਟਬਿਲਿਟਿੇ) ਤੋਂ ਇਨਕਾਰੀ ਸਨ। ਇਸ ਵਿਚਾਰਧਾਰਾ ਅਨੁਸਾਰ, ਛੋਟੀ ਤੇ ਦਰਮਿਆਨੀ ਕਿਸਾਨੀ ਪੂੰਜੀਵਾਦੀ (ਤੇ ਸਮਾਜਵਾਦੀ) ਆਰਥਿਕ ਢਾਂਚੇ ਵਿਚ ਵੀ ਆਪਣੀ ਹੋਂਦ ਨੂੰ ਬਣਾ ਕੇ ਰੱਖ ਸਕਦੀ ਹੈ। ਦੂਜੇ ਸ਼ਬਦਾਂ ਵਿਚ, ਖੇਤੀ ਪਾਪੂਲਿਸਟ ਬੁੱਧੀਜੀਵੀ ਵਰਗ ਛੋਟੀ ਅਤੇ ਦਰਮਿਆਨੀ ਕਿਸਾਨੀ ਦਾ ਅਧਿਐਨ ਇਸ ਨੂੰ ਪੂੰਜੀਵਾਦੀ ਵਿਕਾਸ ਅਤੇ ਸੰਗ੍ਰਹਿ (ਸਮਾਜਵਾਦੀ ਵਿਕਾਸ ਤੇ ਸੰਗ੍ਰਹਿ) ਤੋਂ ਵੱਖ ਕਰਕੇ ਕਰਦਾ ਹੈ। ਇਹ ਵਿਚਾਰਧਾਰਾ ਛੋਟੀ ਕਿਸਾਨੀ ਆਧਾਰਿਤ ਖੇਤੀ ਨੂੰ ਸੰਪੂਰਨ, ਵਿਸ਼ਵਵਿਆਪੀ ਅਤੇ ਆਜ਼ਾਦ ਸ਼ੇਣੀ ਦੇ ਰੂਪ ਵਿਚ ਪੇਸ਼ ਕਰਦੀ ਹੈ ਜਿਸ ਦਾ ਕਿਸੇ ਸਮਾਜ ਦੇ ਹਾਵੀ ਆਰਥਿਕ ਢਾਂਚੇ ਅਤੇ ਉਸ ਦੇ ਵਿਕਾਸ ਦੇ ਨਿਯਮਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਕਿਸਾਨੀ ਦੇ ਅੰਦਰ ਦੀਆਂ ਵਿਰੋਧਤਾਈਆਂ ਅਤੇ ਆਰਥਿਕ ਨਾ-ਬਰਾਬਰੀ ਜੋ ਖੇਤੀ ਵਿਚ ਪੂੰਜੀਵਾਦੀ ਵਿਕਾਸ ਦਾ ਸਿੱਟਾ ਹਨ, ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਦੀ ਹੈ। ਇਹ ਵਿਚਾਰਧਾਰਾ ਆਪਣੇ ਆਪ ਨੂੰ ਪੂਰੀ ਕਿਸਾਨੀ (ਜਿਸ ਨੂੰ ਇਹ ਜਮਾਤ ਰਹਿਤ ਪੇਸ਼ ਕਰਦੀ ਹੈ) ਅਤੇ ਪੇਂਡੂ ਖੇਤ ਮਜ਼ਦੂਰਾਂ ਦਾ ਹਮਦਰਦ ਤੇ ਬੁੱਧੀਜੀਵੀ ਮਸੀਹਾ ਪੇਸ਼ ਕਰਦੀ ਹੈ। ਦੂਜੇ ਸ਼ਬਦਾਂ ਵਿਚ, ਇਹ ਵਿਚਾਰਧਾਰਾ ਛੋਟੀ ਤੇ ਦਰਮਿਆਨੀ ਕਿਸਾਨੀ ਦਾ ਭਾਵਨਾਤਮਕ ਸ਼ੋਸ਼ਣ ਕਰਦੀ ਹੈ। ਇਹ ਕਿਸਾਨੀ ਨੂੰ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਆਖ ਕੇ ਭਰਮਾਉਦੀ ਹੈ। ਇਹ ਪੇਂਡੂ ਰੂੜੀਵਾਦੀ ਮਿੱਥ ਜਿਸ ਵਿਚ ਪੇਂਡੂ ਭਾਈਚਾਰਕ ਸਾਂਝ ਜਿਵੇਂ ਭਾਸ਼ਾ, ਧਰਮ, ਰੀਤੀ-ਰਿਵਾਜ਼, ਪਹਿਰਾਵਾ, ਗੀਤ, ਪਰੰਪਰਾਵਾਂ ਆਦਿ ਨੂੰ ਆਰਥਿਕ ਵਿਕਾਸ ਅਤੇ ਆਰਥਿਕ ਲੋੜਾਂ ਤੋਂ ਵੱਧ ਮਹੱਤਵਪੂਰਨ ਬਣਾ ਕੇ ਪੇਸ਼ ਕਰਦੀ ਹੈ।
1950 ਤੋਂ ਬਾਅਦ ਅਮਰੀਕਾ ਅਤੇ ਹੋਰ ਪੂੰਜੀਵਾਦੀ ਮੁਲਕਾਂ ਨੇ ਤੀਜੀ ਦੁਨੀਆ ਦੇ ਦੇਸ਼ਾਂ ਵਿਚ ਸਮਾਜਵਾਦੀ ਵਿਚਾਰਧਾਰਾ ਦੇ ਪ੍ਰਸਾਰ ਅਤੇ ਸਮਾਜਵਾਦੀ ਕ੍ਰਾਂਤੀਆਂ ਨੂੰ ਰੋਕਣ ਲਈ ਖੇਤੀ ਪਾਪੂਲਿਸਟ ਵਿਚਾਰਧਾਰਾ ਨੂੰ ਖੂਬ ਉਤਸ਼ਾਹਿਤ ਕੀਤਾ। ਨਵ-ਪਾਪੂਲਿਜ਼ਮ ਦੇ ਆਰਥਿਕ ਸਿਧਾਂਤਕਾਰ ਚੇਨੋਵ (ਛਹਅੇਅਨੋਵ) ਦੀਆਂ ਲਿਖਤਾਂ ਅਮਰੀਕਨ ਆਰਥਿਕ ਐਸੋਸੀਏਸ਼ਨ ਦੁਆਰਾ ਅੰਗਰੇਜ਼ੀ ਵਿਚ ਅਨੁਵਾਦ ਕੀਤੀਆਂ ਗਈਆਂ। ਇਨ੍ਹਾਂ ਲਿਖਤਾਂ ਨੇ ਖੇਤੀ ਪਾਪੂਲਿਜ਼ਮ ਨੂੰ ਆਰਥਿਕ ਤਰਕ ਮੁਹੱਈਆ ਕੀਤਾ। ਨਵ-ਪਾਪੂਲਿਸਟ ਲਿਖਤਾਂ ਨੇ ਨਵ-ਕਲਾਸੀਕਲ ਸਿਧਾਂਤਾ ਨੂੰ ਆਧਾਰ ਬਣਾ ਕੇ ਛੋਟੀ ਅਤੇ ਦਰਮਿਆਨੀ ਕਿਸਾਨੀ ਨੂੰ ਵੱਡੇ ਪੂੰਜੀਵਾਦੀ ਢਾਂਚੇ ਦੇ ਵਿਕਾਸ ਦੇ ਨਿਯਮਾਂ ਤੋਂ ਵੱਖ ਕਰਕੇ ਸਵੈ-ਨਿਰਭਰ ਕਿਸਾਨੀ ਅਤੇ ਉਸ ਤੋਂ ਮਹੱਤਵਪੂਰਨ ਵੱਡੀ ਕਿਸਾਨੀ ਨਾਲੋਂ ਵੱਧ ਕੁਸ਼ਲ ਕਿਸਾਨੀ ਦੇ ਰੂਪ ਵਿਚ ਪੇਸ਼ ਕੀਤਾ। ਉਪਰੋਕਤ ਦੋਵੇਂ ਧਾਰਨਾਵਾਂ ਤੋਂ ਇਲਾਵਾ ਇਸ ਵਿਚਾਰਧਾਰਾ ਨੂੰ ਤੀਜੀ ਦੁਨੀਆ ਦੇ ਮੁਲਕਾਂ ਵਿਚ ਵਿਕਸਿਤ ਕਰਨ ਲਈ ਤੀਜਾ ਵੱਡਾ ਯੋਗਦਾਨ ਉੱਤਰ-ਆਧੁਨਿਕਤਾਵਾਦ ਦਾ ਹੈ ਜਿਸ ਨੇ ਇਤਿਹਾਸ, ਵੱਡੇ ਬਿਰਤਾਤਾਂ, ਵਿਚਾਰਧਾਰਾ ਆਦਿ ਆਧਾਰਿਤ ਵਿਕਾਸ ਦੇ ਮਾਰਗ ਦੀ ਮਹੱਤਤਾ ਨੂੰ ਖੋਜ ਅਤੇ ਵਿਸ਼ਲੇਸ਼ਣ ਵਿਚੋਂ ਪੂਰੀ ਤਰ੍ਹਾਂ ਮਨਫੀ ਕਰ ਦਿੱਤਾ। ਇਸ ਦੇ ਨਾਲ-ਨਾਲ ਉੱਤਰ-ਆਧੁਨਿਕਤਾਵਾਦ ਨੇ ਪੂੰਜੀਵਾਦੀ ਢਾਂਚੇ ਵਿਚ ਖੋਜ ਅਤੇ ਅਧਿਐਨ ਲਈ ਉਨ੍ਹਾਂ ਸਮੱਸਿਆਵਾਂ ਨੂੰ ਮੁੱਖ ਬਣਾ ਦਿੱਤਾ ਜੋ ਪੂੰਜੀਵਾਦ ਦੇ ਸੰਗ੍ਰਹਿ ਅਤੇ ਤਰਕ ਨੂੰ ਸਵਾਲ ਨਾ ਕਰ ਕੇ ਉਸ ਲਈ ਲਾਹੇਵੰਦ ਹਨ। ਇਸ ਸਾਰੀ ਪ੍ਰਕਿਰਿਆ ਵਿਚ ਇਸ ਵਿਚਾਰਧਾਰਾ ਨੇ ਪੂੰਜੀਵਾਦੀ ਢਾਂਚੇ ਦੇ ਅਧਿਐਨ ਨੂੰ ਖੋਜ ਅਤੇ ਅਧਿਐਨ ਕਾਰਜਾਂ ਵਿਚੋਂ ਉੱਕਾ ਹੀ ਖਤਮ ਕਰ ਦਿੱਤਾ ਹੈ।
ਅਜੋਕੀ ਪਾਪੂਲਿਸਟ ਵਿਚਾਰਧਾਰਾ ਉਪਰੋਕਤ ਵਿਚਾਰਧਾਰਾਵਾਂ (ਨਵ-ਪਾਪੂਲਿਜ਼ਮ, ਨਵ-ਕਲਾਸੀਕਲ ਅਤੇ ਉੱਤਰ-ਆਧੁਨਿਕਤਾਵਾਦ) ਦਾ ਸੁਮੇਲ ਹੈ। ਇਸ ਵਿਚਾਰਧਾਰਾ ਦੇ ਖਾਸੇ ਅਤੇ ਇਸ ਦੀ ਵਿਗਿਆਨਕ ਪੜਚੋਲ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਵਿਚਾਰਧਾਰਾ ਅਗਾਂਹਵਧੂ ਵਿਚਾਰਧਾਰਾ ਨਹੀਂ ਸਗੋਂ ਆਰਥਿਕ ਖੜੋਤ ਦੀ ਵਿਚਾਰਧਾਰਾ ਹੈ। ਇਹ ਖੇਤੀ ਦੇ ਸਵਾਲ/ਸੰਕਟ ਦਾ ਹੱਲ ਕਰਨ ਦੀ ਬਜਾਇ ਉਸ ਨੂੰ ਬਣਾ ਕੇ ਰੱਖਣ ਅਤੇ ਮਜ਼ਬੂਤ ਕਰਨ ਵਿਚ ਜ਼ਿਆਦਾ ਦਿਲਚਸਪੀ ਰੱਖਦੀ ਹੈ। ਖੇਤੀ ਪਾਪੂਲਿਸਟਾਂ ਦਾ ਇੱਕ ਵਰਗ ਖੇਤੀ ਖੇਤਰ ਦੀ ਆਧੁਨਿਕਤਾ ਦਾ ਤਾਂ ਹਾਮੀ ਹੋ ਸਕਦਾ ਹੈ ਪਰ ਆਧੁਨਿਕਤਾ ਦੇ ਮਾਡਲ (ਪੂੰਜੀਵਾਦ ਅਤੇ ਸਮਾਜਵਾਦ) ਦਾ ਵਿਰੋਧੀ ਹੀ ਰਹਿੰਦਾ ਹੈ। ਦੂਜੇ ਸ਼ਬਦਾਂ ਵਿਚ ਖੇਤੀ ਪਾਪੂਲਿਸਟ ਵਿਚਾਰਧਾਰਾ ਪਿਛਾਂਹਖਿੱਚੂ ਵਿਚਾਰਧਾਰਾ ਹੈ ਜੋ ਖੇਤੀਬਾੜੀ ਦੇ ਸਵਾਲ/ਸੰਕਟ ਨੂੰ ਆਰਥਿਕ ਰੋਮਾਂਸਵਾਦ ਅਤੇ ਸਭਿਆਚਾਰਕ ਮਿੱਥ ਦਾ ਨਿਰਮਾਣ ਕਰਕੇ ਬਣਾਈ ਰੱਖਣਾ ਚਾਹੁੰਦੀ ਹੈ। ਆਰਥਿਕ ਰੋਮਾਂਸਵਾਦੀ ਅਤੇ ਪਾਪੂਲਿਸਟ ਸਭਿਆਚਾਰ ਮਿੱਥ ਇੱਕ ਦੂਜੇ ਦੇ ਪੂਰਕ ਹਨ। ਇਹ ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਵਾਰ-ਵਾਰ ਦੇਸ਼ ਦਾ ਅੰਨਦਾਤਾ ਕਹਿ ਕੇ ਨਵਾਜਦੇ ਹਨ ਅਤੇ ਇਸ ਭਾਵਨਾਤਕ, ਮਿਥਿਹਾਸਕ ਝੂਠੀ ਸ਼ਾਨ ਅਤੇ ਮਾਣ ਦੇ ਬੋਝ ਥੱਲੇ ਇਨ੍ਹਾਂ ਜਮਾਤਾਂ ਦੀ ਗੁਰਬਤ ਨੂੰ ਹੋਰ ਗਹਿਰਾ ਕਰ ਦਿੰਦੇ ਹਨ। ਖੇਤੀ ਪਾਪੂਲਿਸਟ ਵਿਚਾਰਧਾਰਾ ਦੀਆਂ ਕੁਝ ਅਹਿਮ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ ਜੋ ਪੰਜਾਬ ਵਿਚ ਖੇਤੀ ਮਾਹਰਾਂ ਦੀਆਂ ਲਿਖਤਾਂ ਦੀ ਨਿਸ਼ਾਨਦੇਹੀ ਅਤੇ ਵਿਗਿਆਨਕ ਪੜਚੋਲ ਕਰਨ ਵਿਚ ਕਾਫੀ ਸਹਾਇਕ ਸਿੱਧ ਹੋਣਗੀਆਂ:
1) ਖੇਤੀ ਪਾਪੂਲਿਸਟ ਵਿਚਾਰਧਾਰਾ ਸਰਕਾਰ ਦੁਆਰਾ ਬਣਾਈਆਂ ਗਈਆਂ ਉਨ੍ਹਾਂ ਸਾਰੀਆਂ ਨੀਤੀਆਂ ਅਤੇ ਕਾਨੂੰਨਾਂ ਦਾ ਵਿਰੋਧ ਕਰਦੀ ਹੈ ਜੋ ਕਿਸੇ ਵੀ ਤਰੀਕੇ ਨਾਲ ਖੇਤੀ ਖੇਤਰ ਨੂੰ ਪ੍ਰਭਾਵੀ ਆਰਥਿਕ ਢਾਂਚੇ ਦਾ ਹਿੱਸਾ ਬਣਾਉਣਾ ਚਾਹੁੰਦੀਆਂ ਹਨ ਜਾਂ ਉਸ ਨੂੰ ਆਰਥਿਕ ਢਾਂਚੇ ਦੇ ਵਿਕਾਸ ਦੇ ਨਿਯਮਾਂ ਅਨੁਸਾਰ ਤਬਦੀਲ ਕਰਨਾ ਚਾਹੁੰਦੀਆਂ ਹਨ ਪਰ ਇਹ ਵਿਚਾਰਧਾਰਾ ਉਸ ਆਰਥਿਕ ਢਾਂਚੇ (ਪੂੰਜੀਵਾਦ) ਜਿਸ ਵਿਚ ਸਰਕਾਰ ਆਰਥਿਕ ਢਾਂਚੇ ਦਾ ਸਿਰਫ ਉੱਪਰੀ ਢਾਂਚਾ (ਸੁਪਰ ਸਟਰੱਕਚਰ) ਹੈ ਦਾ ਪੁਰਜ਼ੋਰ ਵਿਰੋਧ ਨਹੀਂ ਕਰਦੀ। ਜੇ ਇਹ ਵਿਚਾਰਧਾਰਾ ਉਸ ਆਰਥਿਕ ਢਾਂਚੇ ਦਾ ਵਿਰੋਧ ਵੀ ਕਰਦੀ ਹੈ ਤਾਂ ਉਸ ਦਾ ਆਧਾਰ ਆਰਥਿਕ ਜਾਂ ਕੋਈ ਹੋਰ ਅਗਾਂਹਵਧੂ ਆਰਥਿਕ ਬਦਲ ਨਹੀਂ ਹੁੰਦਾ।
2) ਖੇਤੀ ਪਾਪੂਲਿਸਟ ਵਿਚਾਰਧਾਰਾ ਸੁਧਾਰਵਾਦੀ ਅਤੇ ਰਿਆਇਤਾਂ ਮੰਗਣ ਦੀ ਵਿਚਾਰਧਾਰਾ ਹੈ ਜੋ ਕ੍ਰਾਂਤੀ ਦੁਆਰਾ ਆਰਥਿਕ ਅਤੇ ਸਿਆਸੀ ਤਬਦੀਲੀ ਦੇ ਮਾਰਗ ਦੀ ਹਾਮੀ ਨਹੀਂ। ਇਹ ਮੌਜੂਦਾ ਆਰਥਿਕ ਅਤੇ ਸਿਆਸੀ ਢਾਂਚੇ ਵਿਚ ਰਹਿ ਕੇ ਹੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੇ ਵੱਡੇ ਹਿੱਸੇ ਨੂੰ ਉਸੇ ਤਰ੍ਹਾਂ ਪਿੰਡਾਂ ਵਿਚ ਬਣਾਈ ਰੱਖਣ ਲਈ ਲਗਾਤਾਰ ਰਿਆਇਤਾਂ ਦੀ ਮੰਗ ਕਰਦੀ ਰਹਿੰਦੀ ਹੈ। ਦੂਜੇ ਸ਼ਬਦਾਂ ਵਿਚ, ਇਸ ਵਿਚਾਰਧਾਰਾ ਦਾ ਕਿਸਾਨੀ ਸਵਾਲ/ਸੰਕਟ ਦਾ ਸਥਾਈ ਹੱਲ ਲੱਭਣ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ।
3) ਇਹ ਖੇਤੀ ਸੰਕਟ/ਸਵਾਲ ਦੇ ਹੱਲ ਲਈ ਸ਼ਹਿਰੀਕਰਨ ਅਤੇ ਉਦਯੋਗੀਕਰਨ ਦੇ ਮਾਰਗਾਂ ਜੋ ਪੂੰਜੀਵਾਦ ਤੇ ਸਮਾਜਵਾਦ, ਦੋਹਾਂ ਵਿਚ ਮਹੱਤਵਪੂਰਨ ਹਨ, ਨੂੰ ਪਿੰਡਾਂ ਅਤੇ ਕਿਸਾਨੀ ਵਿਰੋਧੀ ਪੇਸ਼ ਕਰਦੀ ਹੈ।
4) ਖੇਤੀ ਪਾਪੂਲਿਸਟ ਅਰਥ-ਸ਼ਾਸਤਰੀ ਅਤੇ ਖੇਤੀ ਸਭਿਆਚਾਰ ਪਾਪੂਲਿਸਟ ਬੁੱਧੀਜੀਵੀ ਵਰਗ ਪਿੰਡਾਂ ਦੀਆਂ ਗਰੀਬ ਜਮਾਤਾਂ ਨੂੰ ਪਿੰਡਾਂ ਦੇ ਸਭਿਆਚਾਰ ਦਾ ਰਾਖਾ ਅਤੇ ਚਿੰਨ੍ਹ ਮੰਨਦੇ ਹਨ। ਉਹ ਉਨ੍ਹਾਂ ਦੀ ਗਰੀਬੀ ਦੇ ਅਸਲ ਕਾਰਨਾਂ ਨੂੰ ਉਜਾਗਰ ਕਰਨ ਦੀ ਬਜਾਇ, ਖੇਤੀ ਨੂੰ ਵਾਰ-ਵਾਰ ਉਨ੍ਹਾਂ ਦਾ ਸਭਿਆਚਾਰਕ ਵਿਰਸਾ ਕਹਿ ਕੇ ਉਨ੍ਹਾਂ ਦਾ ਭਾਵਨਾਤਮਕ ਸ਼ੋਸ਼ਣ ਕਰਦੇ ਹਨ।
5) ਖੇਤੀ ਪਾਪੂਲਿਸਟ ਬੁੱਧੀਜੀਵੀ ਪਿੰਡਾਂ ਅੰਦਰਲੀ ਆਰਥਿਕ ਨਾ-ਬਰਾਬਰੀ ਦਾ ਜਮਾਤੀ ਵਿਸ਼ਲੇਸ਼ਣ ਕਰਨ ਦੀ ਬਜਾਇ ਜਾਤੀ, ਲਿੰਗਕ, ਖੇਤਰ ਆਦਿ ਆਧਾਰਿਤ ਉੱਤਰ-ਆਧੁਨਿਕਤਾਵਾਦੀ ਵਿਸ਼ਲੇਸ਼ਣ ਕਰਨਾ ਜ਼ਿਆਦਾ ਮਹੱਤਵਪੂਰਨ ਸਮਝਦੇ ਹਨ। ਇਨ੍ਹਾਂ ਦੇ ਵਿਸ਼ਲੇਸ਼ਣ ਵਿਚ ਪੂੰਜੀਵਾਦ ਦੇ ਵਿਕਾਸ ਦੇ ਨਿਯਮਾਂ ਅਤੇ ਅੰਦਰੂਨੀ ਵਿਰੋਧਤਾਈਆਂ ਜਿਨ੍ਹਾਂ ਦਾ ਖਾਸਾ ਆਰਥਿਕ ਨਾ-ਬਰਾਬਰੀ ਹੈ, ਹਿੱਸਾ ਨਾ ਹੋਣ ਕਾਰਨ ਉਨ੍ਹਾਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਪੂੰਜੀਵਾਦ ਦਾ ਵਿਰੋਧੀ ਨਾ ਹੋ ਕੇ ਉਸ ਦਾ ਪੂਰਕ ਹੋ ਨਿੱਬੜਦਾ ਹੈ।
ਪੰਜਾਬ ਦੀ ਖੇਤੀ ਪਾਪੂਲਿਸਟ ਵਿਚਾਰਧਾਰਾ ਦੀ ਪੜਚੋਲ
ਜੇ ਅਸੀਂ ਪੰਜਾਬ ਵਿਚ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨੀ ਸਵਾਲ/ਸੰਕਟ ਅਤੇ ਸਮਕਾਲੀ ਕਿਸਾਨੀ ਅੰਦੋਲਨ ਦੌਰਾਨ ਪੰਜਾਬੀ ਬੁੱਧੀਜੀਵੀਆਂ ਦੀਆਂ ਲਿਖਤਾਂ ਦੀ ਵਿਗਿਆਨਕ ਪੜਚੋਲ ਕਰੀਏ ਤਾਂ ਉਨ੍ਹਾਂ ਵਿਚੋਂ ਜ਼ਿਆਦਤਰ ਲਿਖਤਾਂ ਪਾਪੂਲਿਸਟ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰੂਸੀ ਪਾਪੂਲਿਸਟਾਂ ਵਾਂਗ ਪੰਜਾਬੀ ਪਾਪੂਲਿਸਟ ਵੀ ਕਿਸਾਨੀ ਨਾਲ ਭਾਵੁਕਤਾ ਅਤੇ ਹਮਦਰਦੀ ਰੱਖਦੇ ਹਨ। ਪੰਜਾਬੀ ਪਾਪੂਲਿਸਟ ਬੁੱਧੀਜੀਵੀ ਵਰਗ ਜੋ ਪੰਜਾਬੀ ਅਖਬਾਰਾਂ ਅਤੇ ਰਸਾਲਿਆਂ ਵਿਚ ਪਿਛਲੇ ਲੰਮੇ ਸਮੇਂ ਤੋਂ (ਖਾਸ ਤੌਰ ‘ਤੇ ਕਿਸਾਨੀ ਅੰਦੋਲਨ ਦੌਰਾਨ) ਲਿਖ ਰਿਹਾ ਹੈ, ਉਹ ਵੱਖੋ-ਵੱਖਰੇ ਵਿਸ਼ਿਆਂ ਦੀ ਤਰਜਮਾਨੀ ਕਰਦਾ ਹੈ। ਅਖਬਾਰਾਂ ਦੇ ਸੰਪਾਦਕਾਂ ਤੋਂ ਲੈ ਕੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਤੱਕ ਨੇ ਪੂਰੀ ਇਮਾਨਦਾਰੀ ਨਾਲ ਆਪਣੇ ਆਪ ਨੂੰ ਕਿਸਾਨੀ ਅੰਦੋਲਨ ਦੇ ਸਮਰਥਕਾਂ ਵਜੋਂ ਪੇਸ਼ ਕਰਨ ਲਈ ਪੁਰਜ਼ੋਰ ਯਤਨ ਕੀਤਾ ਹੈ; ਉਂਜ, ਜੇ ਅਸੀਂ ਇਨ੍ਹਾਂ ਦੀਆਂ ਲਿਖਤਾਂ ਦੀ ਵਿਗਿਆਨਕ ਆਧਾਰ ‘ਤੇ ਪੜਚੋਲ ਕਰੀਏ ਤਾਂ ਭਾਵਨਾਤਮਕਵਾਦ, ਆਰਥਿਕ ਰੋਮਾਂਸਵਾਦ, ਪੇਂਡੂ ਸਭਿਆਚਾਰਕ ਇਕਜੁਟਤਾ ਦੀਆਂ ਮਿੱਥਾਂ ਅਤੇ ਉੱਤਰ-ਆਧੁਨਿਕਤਾਵਾਦ ਸਪੱਸ਼ਟ ਨਜ਼ਰ ਆਉਂਦੇ ਹਨ। ਪਿਛਲੇ ਇੱਕ ਸਾਲ ਦੇ ਅਖਬਾਰਾਂ ਦੀਆਂ ਲਿਖਤਾਂ ਪੜ੍ਹਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਅਖਬਾਰਾਂ ਦੇ ਸੰਪਾਦਕਾਂ ਨੇ ਆਪ ਪਾਪੂਲਿਸਟ ਲਿਖਤਾਂ ਲਿਖਣ ਅਤੇ ਆਪਣੇ ਵਰਗੇ ਪਾਪੂਲਿਸਟ ਵਿਦਵਾਨਾਂ ਦੀਆਂ ਲਿਖਤਾਂ ਨੂੰ ਪ੍ਰਫੁੱਲਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਸਮੇਂ ਦੌਰਾਨ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਸੰਪਾਦਕਾਂ ਨੇ ਕਿਸੇ ਵੀ ਅਜਿਹੀ ਲਿਖਤ ਨੂੰ ਤਵੱਜੋਂ ਨਹੀਂ ਦਿੱਤੀ (ਜਾਂ ਅਜਿਹੀ ਲਿਖਤ ਲਿਖੀ ਹੀ ਨਹੀਂ ਗਈ) ਜੋ ਖੇਤੀ ਸਵਾਲ/ਸੰਕਟ ਅਤੇ ਕਿਸਾਨੀ ਅੰਦੋਲਨ ਦੀ ਕਿਸੇ ਹੋਰ ਵਿਚਾਰਧਾਰਾ (ਵਿਗਿਆਨਕ) ਦੇ ਆਧਾਰ ‘ਤੇ ਵੱਖਰੀ ਸਮਝ ਪੇਸ਼ ਕਰਦੀ ਹੋਵੇ। ਦੂਜੇ ਸ਼ਬਦਾਂ ਵਿਚ, ਪੰਜਾਬੀ ਅਖਬਾਰਾਂ ਵਿਚ ਬਹਿਸ ਤੇ ਪੜਚੋਲ ਜਿਸ ਦੁਆਰਾ ਕਿਸਾਨੀ ਅੰਦੋਲਨ ਨੇ ਸੇਧ ਲੈ ਕੇ ਖੇਤੀ ਸਵਾਲ/ਸੰਕਟ ਦੇ ਸਥਾਈ ਹੱਲ ਲਈ ਸੰਘਰਸ਼ ਵਿੱਢਣ ਲਈ ਪ੍ਰੇਰਨਾ ਲੈਣ ਦੇ ਨਾਲ-ਨਾਲ ਜਨਤਕ ਘੋਲ ਬਣਨ ਦੀਆਂ ਸੰਭਾਵਨਾਵਾਂ ਪੈਦਾ ਕਰਨੀਆ ਸਨ, ਨੂੰ ਕੋਈ ਤਵੱਜ਼ੋ ਨਹੀਂ ਦਿੱਤੀ। ਇੱਕੋ ਵਿਚਾਰਧਾਰਾ ਵਾਲੇ ਬੁੱਧੀਜੀਵੀਆਂ (ਪਾਪੂਲਿਜ਼ਮ/ਰੋਮਾਂਸਵਾਦ) ਦੇ ਲੇਖਾਂ ਦੀ ਭਰਮਾਰ ਅਤੇ ਵਾਰ-ਵਾਰ ਦੁਹਰਾਈਆਂ ਗੱਲਾਂ ਨੇ ਅਖਬਾਰਾਂ ਦੀ ਭੂਮਿਕਾ ‘ਤੇ ਤਾਂ ਸਵਾਲੀਆ ਨਿਸ਼ਾਨ ਲਗਾਇਆ ਹੀ ਹੈ ਸਗੋਂ ਪੰਜਾਬੀ ਬੁੱਧੀਜੀਵੀ ਵਰਗ ਦੀ ਕਿਸਾਨੀ ਸਵਾਲ/ਸੰਕਟ ਦੀ ਸਮਝ ਦੀ ਨਿਸ਼ਾਨਦੇਹੀ ਕਰਨ ਦੀ ਮਹੱਤਤਾ ਨੂੰ ਹੋਰ ਵੀ ਵਧਾ ਦਿੱਤਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਪਾਪੂਲਿਸਟ ਬੁੱਧੀਜੀਵੀਆਂ ਨੇ ਭਾਰਤ ਸਰਕਾਰ ਅਤੇ ਪੂੰਜੀਵਾਦੀ ਜਮਾਤ ਦੇ ਗੱਠਜੋੜ ਜੋ ਖੇਤੀ ਦੇ ਸਵਾਲ/ਸੰਕਟ ਨੂੰ ਨਵ-ਉਦਾਰਵਾਦੀ ਪੂੰਜੀਵਾਦ ਦੁਆਰਾ ਹੱਲ ਕਰਨ ਦਾ ਯਤਨ ਕਰਨਾ ਚਾਹੁੰਦਾ ਸੀ, ਨੂੰ ਕਿਸਾਨੀ ਅੰਦੋਲਨ ਦੌਰਾਨ ਆਮ ਲੋਕਾਈ ਦੇ ਸਾਹਮਣੇ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਪ੍ਰਸੰਗ ਵਿਚ ਪੰਜਾਬੀ ਬੁੱਧੀਜੀਵੀਆਂ ਦੀ ਵਿਚਾਰਧਾਰਾ ਕਿਸਾਨੀ ਸਵਾਲ/ਸੰਕਟ ਦੇ ਪੂੰਜੀਵਾਦੀ ਹੱਲ ਦੀ ਪੂਰੀ ਤਰ੍ਹਾਂ ਵਿਰੋਧੀ ਨਜ਼ਰ ਆਉਦੀ ਹੈ। ਅਜਿਹਾ ਕਰਨ ਕਰਕੇ ਇਹ ਮਾਰਕਸਵਾਦ ਦੇ ਨੇੜੇ ਵੀ ਜਾਪਦੀ ਹੈ ਪਰ ਇਨ੍ਹਾਂ ਦੀ ਵਿਗਿਆਨਕ ਪੜਚੋਲ ਤੋਂ ਇਹ ਗੱਲ ਸ਼ਪੱਸ਼ਟ ਹੋ ਜਾਵੇਗੀ ਕਿ ਇਹ ਮਾਰਕਸਵਾਦੀ ਤਾਂ ਉੱਕਾ ਹੀ ਨਹੀਂ ਹੈ; ਹਾਲਾਂਕਿ ਇਨ੍ਹਾਂ ਵਿਚੋਂ ਕੁਝ ਬੁੱਧੀਜੀਵੀ ਆਪਣੇ-ਆਪ ਨੂੰ ਕਿਸੇ ਨਾ ਕਿਸੇ ਪੱਧਰ ‘ਤੇ ਮਾਰਕਸਵਾਦੀ ਪੇਸ਼ ਕਰਨ ਦਾ ਯਤਨ ਵੀ ਕਰਦੇ ਹੋਣਗੇ ਪਰ ਸਮੱਸਿਆ ਇਹ ਹੈ ਕਿ ਇਨ੍ਹਾਂ ਦੀਆਂ ਲਿਖਤਾਂ ਵਿਚ ਕਿਤੇ ਵੀ ਮਾਰਕਸ ਅਤੇ ਮਾਰਕਸਵਾਦੀ ਵਿਚਾਰਧਾਰਕਾਂ (ਮਾਰਕਸ, ਏਂਗਲਜ਼, ਕਾਉਟਸਕੀ, ਲੈਨਿਨ, ਮਾਓ ਆਦਿ) ਦਾ ਜ਼ਿਕਰ ਜਾਂ ਹਵਾਲਾ ਤੱਕ ਨਹੀਂ ਮਿਲਦਾ।
ਅਜੋਕੇ ਬੁੱਧੀਜੀਵੀਆਂ ਵਿਚ ਮਾਰਕਸ ਅਤੇ ਮੌਲਿਕ ਮਾਰਕਸਵਾਦੀਆਂ ਦੀਆਂ ਲਿਖਤਾਂ ਨੂੰ ਸੋਵੀਅਤ ਸੰਘ ਦੇ ਖਾਤਮੇ ਤੱਕ ਸੀਮਤ ਕਰ ਦੇਣ ਦੀ ਰੁਚੀ ਅਤੇ ਮਾਰਕਸਵਾਦੀ ਵਿਚਾਰਧਾਰਾ ਨੂੰ ਉੱਕਾ ਹੀ ਅਣਗੌਲਿਆ ਕਰਨ ਦੇ ਰੁਝਾਨ ਆਮ ਦਿਖਾਈ ਦਿੰਦੇ ਹਨ ਪਰ ਇੱਥੇ ਇਹ ਗੌਰਤਲਬ ਹੈ ਕਿ ਸਿਧਾਂਤ (ਆਈਡੀਆ) ਅਤੇ ਉਸ ਦਾ ਅਭਿਆਸ/ਅਮਲ/ਵਿਹਾਰ (ਪ੍ਰੈਕਟਿਸ) ਦੋ ਵੱਖ-ਵੱਖ ਪਹਿਲੂ ਹਨ। ਕਿਸੇ ਵਿਚਾਰਧਾਰਾ ਦੇ ਅਭਿਆਸ/ਅਮਲ ਦੇ ਫੇਲ੍ਹ ਹੋਣ ਦਾ ਮਤਲਬ ਇਹ ਨਹੀਂ ਕਿ ਸਿਧਾਂਤ ਫੇਲ੍ਹ ਹੋ ਗਿਆ। ਇਸ ਲਈ ਉਨ੍ਹਾਂ ਬੁੱਧੀਜੀਵੀਆਂ ਲਈ ਜੋ ਸਮਾਜ ਨੂੰ ਕਿਸੇ ਵਿਕਾਸਪੱਖੀ ਅਤੇ ਸ਼ੋਸ਼ਣ ਰਹਿਤ ਮਾਰਗ ‘ਤੇ ਲਿਜਾਣਾ ਚਾਹੁੰਦੇ ਹਨ, ਅਹਿਮ ਹੈ ਕਿ ਉਹ ਮਾਰਕਸ ਅਤੇ ਮੌਲਿਕ ਮਾਰਕਸਵਾਦੀ ਲਿਖਤਾਂ ਨੂੰ ਸਮੇਂ ਦੀਆਂ ਚੁਣੌਤੀਆਂ ਨੂੰ ਮੁੱਖ ਰੱਖ ਕੇ ਨਵਿਆਉਣ ਦਾ ਯਤਨ ਕਰਨ। ਪਿਛਲੇ 30 ਸਾਲਾਂ ਤੋਂ ਪੰਜਾਬੀ ਬੁੱਧੀਜੀਵੀਆਂ ਵਿਚ ਮਾਰਕਸ ਅਤੇ ਮੌਲਿਕ ਮਾਰਕਸਵਾਦੀਆਂ ਦੀਆਂ ਲਿਖਤਾਂ ਨੂੰ ਨਵਿਆਉਣ ਦਾ ਯਤਨ ਕਰਨਾ ਤਾਂ ਦੂਰ ਦੀ ਗੱਲ, ਉਹ ਤਾਂ ਮਾਰਕਸਵਾਦੀ ਸਿਧਾਂਤ ਦੀ ਨਿਆਇਕ ਅਤੇ ਸ਼ੋਸ਼ਣ-ਰਹਿਤ ਸਮਾਜ ਸਿਰਜਣ ਲਈ ਮਹੱਤਤਾ ਤੋਂ ਵੀ ਕਿਨਾਰਾ ਕਰ ਚੁੱਕੇ ਹਨ।
ਜਦੋਂ ਕਿਸਾਨੀ ਅੰਦੋਲਨ ਦੌਰਾਨ ਇਹ ਬੁੱਧੀਜੀਵੀ ਵਰਗ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਖੇਤੀ ਕਾਨੂੰਨਾਂ ਵਿਰੁੱਧ ਲੜਨ ਲਈ ਪ੍ਰੇਰਦਾ ਨਜ਼ਰ ਆਉਂਦਾ ਸੀ ਤਾਂ ਉਹ ਅੰਦੋਲਨ ਨੂੰ ਪੂੰਜੀਵਾਦੀ ਢਾਂਚੇ ਦੇ ਆਰਥਿਕ ਤਰਕ ਅਤੇ ਖਾਸੇ ਵਿਰੁੱਧ ਪੇਸ਼ ਨਾ ਕਰਕੇ (ਜੋ ਛੋਟੀ/ਦਰਮਿਆਨੀ ਕਿਸਾਨੀ ਤੇ ਖੇਤ ਮਜ਼ਦੂਰਾਂ ਦੀ ਗੁਰਬਤ ਦਾ ਮੁੱਖ ਕਾਰਨ ਹਨ) ਖੇਤੀ ਕਾਨੂੰਨਾਂ ਅਤੇ ਸਰਕਾਰ ਦੀਆਂ ਖੇਤੀ ਖੇਤਰ ਵਿਰੁੱਧ ਨੀਤੀਆਂ ਤੱਕ ਹੀ ਸੀਮਤ ਕਰਨ ਵਿਚ ਸਹਾਈ ਹੋਇਆ ਹੈ; ਭਾਵੇਂ ਇਨ੍ਹਾਂ ਦੀਆਂ ਲਿਖਤਾਂ ਨੇ ਆਮ ਲੋਕਾਂ ਦੀ ਚੇਤਨਾ ਵਿਚ ਵਾਧਾ ਕਰਨ ਲਈ ਮਹੱਤਵਪੂਰਨ ਯੋਗਦਾਨ ਤਾਂ ਪਾਇਆ ਹੈ ਪਰ ਕਿਸਾਨੀ ਅੰਦੋਲਨ ਦੌਰਾਨ ਇਨ੍ਹਾਂ ਦੀਆਂ ਲਿਖਤਾਂ ਦੀ ਭੂਮਿਕਾ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਤੋਂ ਵੱਧ ਪੂੰਜੀਵਾਦੀ ਢਾਂਚੇ ਨਾਲ ਲੜਨ ਲਈ ਕੋਈ ਠੋਸ ਰਣਨੀਤੀ ਦੀ ਵਕਾਲਤ ਨਹੀਂ ਕਰਦੀਆਂ। ਕਿਸਾਨੀ ਅੰਦੋਲਨ ਦੌਰਾਨ ਅਤੇ ਪਿਛਲੇ 30 ਸਾਲਾਂ ਤੋਂ ਇਸ ਬੁੱਧੀਜੀਵੀ ਵਰਗ (ਜੋ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਮਾਹਰ ਸਮਝੇ ਜਾਂਦੇ ਹਨ) ਨੇ ਖੇਤੀ ਸਵਾਲ/ਸੰਕਟ ਦਾ ਕੋਈ ਸਥਾਈ ਹੱਲ ਲੱਭਣ/ਪੇਸ਼ ਕਰਨ ਦੀ ਕੋਸ਼ਿਸ ਨਹੀਂ ਕੀਤੀ। ਜੇ ਅਸੀਂ ਇਹ ਵੀ ਮੰਨ ਲਈਏ ਕਿ ਸਰਕਾਰੀ ਬੁੱਧੀਜੀਵੀਆਂ (ਜਿਨ੍ਹਾਂ ਨੇ ਕਿਸਾਨੀ ਸੰਕਟ ਨੂੰ ਹੱਲ ਕਰਨ ਲਈ ਖੇਤੀ ਕਾਨੂੰਨਾਂ ਦੀ ਤਰਜਮਾਨੀ ਕੀਤੀ ਹੈ) ਅਤੇ ਪਾਪੂਲਿਸਟ ਬੁੱਧੀਜੀਵੀਆਂ (ਜਿਨ੍ਹਾਂ ਨੇ ਇਨ੍ਹਾਂ ਕਾਨੂੰਨਾਂ ਦੀ ਆਲੋਚਨਾ ਕੀਤੀ ਹੈ) ਦੇ ਬੌਧਿਕ ਅਤੇ ਸਿਧਾਂਤਕ ਕਸ਼ਮਕਸ਼ ਦਾ ਧੁਰਾ ਕਿਸਾਨੀ ਸਵਾਲ/ਸੰਕਟ ਦਾ ਹੱਲ ਸੀ ਤਾਂ ਸਰਕਾਰੀ ਬੁੱਧੀਜੀਵੀਆਂ ਅਨੁਸਾਰ, ਸਰਕਾਰ ਇਨ੍ਹਾਂ ਤਿੰਨੇ ਕਾਨੂੰਨਾਂ ਦੁਆਰਾ ਖੇਤੀ ਸਵਾਲ/ਸੰਕਟ ਨੂੰ ਨਵ-ਉਦਾਰਵਾਦੀ ਪੂੰਜੀਵਾਦ ਦੇ ਖੇਤੀ ਖੇਤਰ ਵਿਚ ਪਸਾਰ ਦੁਆਰਾ ਹੱਲ ਕਰਨਾ ਚਾਹੁੰਦੀ ਸੀ; ਦੂਜੇ ਪਾਸੇ, ਪਾਪੂਲਿਸਟ ਬੁੱਧੀਜੀਵੀ ਜੋ ਇਸ ਦਾ ਵਿਰੋਧ ਕਰ ਰਹੇ ਸਨ, ਇਸ ਹੱਲ ਤੋਂ ਇਨਕਾਰੀ ਸਨ। ਉਂਜ, ਇਨ੍ਹਾਂ ਪਾਪੂਲਿਸਟ ਬੁੱਧੀਜੀਵੀਆਂ ਦੁਆਰਾ ਵੀ ਕੋਈ ਅਜਿਹਾ ਸਿਧਾਂਤ ਨਹੀਂ ਪੇਸ਼ ਕੀਤਾ ਗਿਆ ਜੋ ਸਰਕਾਰੀ ਹੱਲ ਦੀ ਪੜਚੋਲ ਕਰਨ ਦੇ ਨਾਲ-ਨਾਲ ਖੇਤੀ ਸਵਾਲ/ਸੰਕਟ ਦਾ ਕੋਈ ਸਥਾਈ ਹੱਲ ਕਰਨ ਦੀ ਸਮਰੱਥਾ ਰੱਖਦਾ ਹੋਵੇ। ਖੇਤੀਬਾੜੀ ਪਾਪੂਲਿਸਟ ਵਿਚਾਰਧਾਰਾ ਦੀ ਤਰਜਮਾਨੀ ਕਰਦੇ ਪੰਜਾਬੀ ਬੁੱਧੀਜੀਵੀ ਵਰਗ ਦੀਆਂ ਲਿਖਤਾਂ ਦੀ ਵਿਗਿਆਨਕ ਪੜਚੋਲ ਇਹ ਦਰਸਾਉਂਦੀ ਹੈ ਕਿ ਇਹ ਖੇਤੀ ਸਵਾਲ/ਸੰਕਟ ਨੂੰ ਜਿਉਂ ਦਾ ਤਿਉਂ ਬਣਾ ਕੇ ਰੱਖਣਾ ਚਾਹੁੰਦੇ ਹਨ। ਇਹ ਦੋਵੇਂ ਧਾਰਨਾਵਾਂ (ਸਰਕਾਰੀ ਤੇ ਪਾਪੂਲਿਸਟ) ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀ ਗੁਰਬਤ ਦਾ ਕੋਈ ਸਥਾਈ ਹੱਲ ਨਹੀਂ ਦੇ ਰਹੀਆਂ। ਪੰਜਾਬੀ ਪਾਪੂਲਿਸਟ ਬੁੱਧੀਜੀਵੀਆਂ ਦੇ ਤਰਕ ਦੀ ਵਿਗਿਆਨਕ ਪੜਚੋਲ ਨੂੰ ਮੁੱਖ ਰੱਖਦੇ ਹੋਏ ਅਸੀਂ ਉਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ: ਆਰਥਿਕ-ਸਿਆਸੀ ਪਾਪੂਲਿਸਟ ਅਤੇ ਸਭਿਆਚਾਰਕ ਪਾਪੂਲਿਸਟ।
ਇਸ ਬਾਰੇ ਚਰਚਾ ਅਸੀਂ ਅਗਲੇ ਅੰਕ ਵਿਚ ਕਰਾਂਗੇ। (ਚੱਲਦਾ)