ਫਲਸਤੀਨੀ ਗਿਆਨੀ ਦੀ ਸੁਘੜ ਕਹਾਣੀ…

ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਬਹੁਪੱਖੀ ਤੇ ਬਹੁਪਸਾਰੀ ਸ਼ਖਸੀਅਤ ਸੀ ਐਡਵਰਡ ਵਿਲੀਅਮ ਸਈਦ (1935-2003)। ਪੱਛਮੀ ਯੋਰੋਸ਼ਲਮ ਵਿਚ ਜਨਮਿਆ ਪਰ ਮੁੱਢੋਂ-ਸੁੱਢੋਂ ਅਮਰੀਕੀ ਨਾਗਰਿਕ, ਪਰਿਵਾਰ ਦੌਲਤਮੰਦ ਪਰ ਖੁਦ ਸਾਦਗੀਪਸੰਦ, ਪੈਦਾਇਸ਼ ਤੇ ਅਕੀਦਿਆਂ ਪੱਖੋਂ ਇਸਾਈ ਪਰ ਪੱਛਮ ਵਿਚ ਇਸਲਾਮ ਤੇ ਇਸਲਾਮਪ੍ਰਸਤਾਂ ਦੇ ਹਿੱਤਾਂ ਦਾ ਸੱਚਾ-ਸੁੱਚਾ ਤਰਜਮਾਨ। ਉਹ ਸਾਹਿਤਕ ਸਿਧਾਂਤਕਾਰ ਵੀ ਸੀ ਅਤੇ ਸੰਗੀਤ ਸਮਾਲੋਚਕ ਵੀ।

ਸਮਾਜ ਸ਼ਾਸਤਰੀ ਤੇ ਇਤਿਹਾਸਕਾਰ ਵੀ ਸੀ ਅਤੇ ਫਲਸਤੀਨੀ ਕਾਜ਼ ਦਾ ਸੁਹਜਮਈ ਅਲੰਬਰਦਾਰ ਵੀ। ਉਸ ਦੀ ਵਿਦਵਤਾ ਦੇ ਕਦਰਦਾਨਾਂ ਦੀ ਗਿਣਤੀ ਬੇਸ਼ੁਮਾਰ ਸੀ। ਦੋਖੀਆਂ ਤੇ ਨਿੰਦਕਾਂ ਦੀ ਗਿਣਤੀ ਵੀ ਘੱਟ ਨਹੀਂ ਸੀ। ਅਮਰੀਕੀ ਸੱਜੇ-ਪੰਥੀ ਰਸਾਲੇ ‘ਕਮੈਂਟਰੀ` ਨੇ ਨਿਊ ਯਾਰਕ (ਅਮਰੀਕਾ) ਦੀ ਕੋਲੰਬੀਆ ਯੂਨੀਵਰਸਿਟੀ ਦੇ ਇਸ ਪ੍ਰੋਫੈਸਰ ਦੀ ਤਸਵੀਰ ਆਪਣੇ ਕਵਰ ਉੱਤੇ ਛਾਪ ਕੇ ਪ੍ਰੋ. ਸਈਦ ਨੂੰ ‘ਦਹਿਸ਼ਤ ਦਾ ਪ੍ਰੋਫੈਸਰ` (ਪ੍ਰੋਫੈਸਰ ਆਫ ਟੈਰਰ) ਦੱਸਿਆ ਸੀ। ਨੋਬੇਲ ਪੁਰਸਕਾਰ ਜੇਤੂ ਲੇਖਕ ਵੀ.ਐੱਸ. ਨਾਇਪਾਲ ਨੇ ਉਸ ਉੱਪਰ ‘ਲਿਫਾਫੇਬਾਜ਼` ਹੋਣ ਦਾ ਠੱਪਾ ਲਾਇਆ ਸੀ। ਅਜਿਹੇ ਲੇਬਲਾਂ-ਠੱਪਿਆਂ ਦੇ ਬਾਵਜੂਦ ਇਸ ਹਕੀਕਤ ਨੂੰ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਤਸਲੀਮ ਕੀਤਾ ਜਾਂਦਾ ਰਿਹਾ ਹੈ ਕਿ ਫਲਸਤੀਨੀਆਂ ਦੇ ਦੁੱਖ-ਦਰਦਾਂ ਨੂੰ ਜਿੰਨੀ ਸ਼ਿੱਦਤ ਤੇ ਸਲੀਕੇ ਨਾਲ ਐਡਵਰਡ ਸਈਦ ਨੇ ਉਭਾਰਿਆ, ਓਨੀ ਸਲੀਕੇਦਾਰੀ ਕਿਸੇ ਹੋਰ ਫਲਸਤੀਨੀ ਤਰਜਮਾਨ ਦੇ ਹਿੱਸੇ ਨਹੀਂ ਆਈ।
ਇਸੇ ਐਡਵਰਡ ਸਈਦ ਦੀ ਗਿਆਨ-ਗਾਥਾ ਪੇਸ਼ ਕਰਦੀ ਹੈ ਟਿਮੋਥੀ ਬ੍ਰੀਨਨ ਦੀ ਕਿਤਾਬ ‘ਪਲੇਸਜ਼ ਆਫ ਮਾਈਂਡ: ਲਾਈਫ ਆਫ ਐਡਵਰਡ ਸਈਦ`। ਬ੍ਰੀਨਨ, ਯੂਨੀਵਰਸਿਟੀ ਆਫ ਮਿਨੇਸੋਟਾ (ਅਮਰੀਕਾ) ਵਿਚ ਅੰਗਰੇਜ਼ੀ ਦਾ ਪ੍ਰੋਫੈਸਰ ਤੇ ਸਮਾਜ ਸ਼ਾਸਤਰੀ ਹੈ। ਉਸ ਨੇ ਸਈਦ ਦੀ ਜੀਵਨ-ਕਹਾਣੀ ਪੇਸ਼ ਕਰਨ ਦੀ ਥਾਂ ਉਸ ਦੀ ਬੌਧਿਕ ਸ਼ਖਸੀਅਤ ਤੇ ਰਚਨਾਵਾਂ ਉਤੇ ਕੇਂਦਰਤ ਕੀਤਾ ਹੈ। ਇਹ ਫੋਕਸ ਪ੍ਰੋ. ਸਈਦ ਦੀ ਵਿਦਵਤਾ ਤੇ ਬੁੱਧੀਮਾਨੀ ਦਾ ਸ਼ਾਨਦਾਰ ਅਕਸ ਸਾਬਤ ਹੋਇਆ ਹੈ। ਸਈਦ ਤਕਰੀਬਨ 40 ਵਰ੍ਹਿਆਂ ਤਕ ਅੰਗਰੇਜ਼ੀ ਸਾਹਿਤ ਪੜ੍ਹਾਉਂਦਾ ਰਿਹਾ। ਲੇਖਣ ਦੇ ਖੇਤਰ ਵਿਚ ਉਸ ਦੀ ਸ਼ੁਰੂਆਤ ਜੋਜ਼ੇਫ ਕੌਨਰੈਡ ਦੀ ਨਾਵਲ ਕਲਾ ਦੀ ਸਮਾਲੋਚਨਾ ਨਾਲ ਹੋਈ। ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ਵੀ ਅੰਗਰੇਜ਼ੀ ਸਾਹਿਤ ਬਾਰੇ ਹਨ।
ਪੂਰਬੀ ਜਗਤ ਤੇ ਇਸ ਨਾਲ ਜੁੜੀਆਂ ਘਟਨਾਵਲੀਆਂ ਬਾਰੇ ਪੱਛਮੀ ਜਗਤ ਵਿਚ ਪਾਏ ਜਾਂਦੇ ਭਰਮ-ਭੁਲੇਖਿਆਂ ਅਤੇ ਪੱਛਮੀ ਵਿਦਵਾਨਾਂ ਵੱਲੋਂ ਉਭਾਰੀਆਂ-ਫੈਲਾਈਆਂ ਗਲਤ ਧਾਰਨਾਵਾਂ ਦੇ ਖੰਡਨ ਲਈ 1978 ਵਿਚ ਉਸ ਨੇ ‘ਓਰੀਐਂਟਲਿਜ਼ਮ` ਕਿਤਾਬ ਛਪਵਾਈ। ਇਹ ਉਸ ਦੀ ਯਾਦਗਾਰੀ ਕਿਰਤ ਹੈ। ਖੂਬ ਚਰਚਿਤ ਹੋਈ। ਇਸ ਦੇ ਹੁਣ ਤਕ 20 ਐਡੀਸ਼ਨ ਛਪ ਚੁੱਕੇ ਹਨ। ਇਕ ਹੋਰ ਕਿਤਾਬ ‘ਕਲਚਰ ਐਂਡ ਇੰਪੀਰੀਅਲਿਜ਼ਮ` ਨੇ ਵੀ ਪੂਰਬੀ ਜਗਤ ਬਾਰੇ ਪੱਛਮੀ ਅਗਿਆਨਤਾ ਤੇ ਖੋਖਲੇਪਣ ਨੂੰ ਤਫਸੀਲ ਨਾਲ ਬੇਪਰਦ ਕੀਤਾ। ਇਨ੍ਹਾਂ ਕਿਤਾਬਾਂ ਨੇ ਜਿੱਥੇ ਪੱਛਮੀ ਵਿਦਵਾਨਾਂ ਨੂੰ ਪੂਰਬੀ ਜਗਤ ਦਾ ਇਤਿਹਾਸ ਤੇ ਬੌਧਿਕ ਖਜ਼ਾਨਾ ਮੁੜ ਘੋਖਣ ਲਈ ਹਲੂਣਿਆ, ਉੱਥੇ ਇਹ ਸੱਚ ਕਬੂਲਣ ਲਈ ਵੀ ਮਜਬੂਰ ਕੀਤਾ ਕਿ ਪੂਰਬੀ ਜਗਤ, ਪੱਛਮ ਨਾਲੋਂ ਕਿਸੇ ਵੀ ਤਰ੍ਹਾਂ ਊਣਾ ਨਹੀਂ ਸੀ। ‘ਓਰੀਐਂਟਲਿਜ਼ਮ` (ਪੂਰਬਪ੍ਰਸਤੀ) ਦੀ ਭੂਮਿਕਾ ਵਿਚ ਸਈਦ ਨੇ ਲਿਖਿਆ ਹੈ: “ਪੱਛਮੀ ਦਾਨਿਸ਼ਵਰਾਂ ਤੇ ਅਦੀਬਾਂ ਨੇ ਪੂਰਬ ਦੀਆਂ ਧਰਮ ਪੁਸਤਕਾਂ, ਗ੍ਰੰਥਾਂ ਤੇ ਸ਼ਿਲਾਲੇਖਾਂ ਦਾ ਗਲਤ ਤਰਜਮਾ ਤੇ ਗਲਤ ਵਿਆਖਿਆ ਕੀਤੀ। ਮੇਰੀ ਕਿਤਾਬ ‘ਉਲਟੇ ਚਸ਼ਮਿਆਂ` ਰਾਹੀਂ ਰਚੇ ਇਤਿਹਾਸ ਤੇ ਸਾਹਿਤ ਦਾ ਜਵਾਬ ਹੈ। ਇਹ ਪੂਰਬ ਦਾ ਅਸਲ ਅਕਸ ਪੇਸ਼ ਕਰਨ ਦਾ ਛੋਟਾ ਪਰ ਸੁਹਿਰਦ ਯਤਨ ਹੈ।”
ਸਈਦ ਨੇ ਫਲਸਤੀਨੀਆਂ ਦੇ ਹੱਕਾਂ ਤੇ ਹਿੱਤਾਂ ਨੂੰ 1967 ਦੀ ਅਰਬ-ਇਜ਼ਰਾਈਲ ਜੰਗ ਤੋਂ ਬਾਅਦ ਆਪਣੇ ਲੇਖਣ-ਕਲਾਵੇ ਵਿਚ ਲਿਆ। ਛੇ ਦਿਨਾਂ ਦੀ ਇਸ ਜੰਗ ਵਿਚ ਅਰਬ ਦੇਸ਼ਾਂ ਦੀ ਨਮੋਸ਼ੀਪੂਰਨ ਸ਼ਿਕਸਤ ਅਤੇ ਇਸ ਤੋਂ ਬਾਅਦ ਫਲਸਤੀਨੀਆਂ ਨਾਲ ਹੋਈਆਂ ਨਿਰੰਤਰ ਜ਼ਿਆਦਤੀਆਂ ਨੇ ਸਈਦ ਦੀ ਜ਼ਮੀਰ ਨੂੰ ਹਲੂਣਿਆ। ਉਹ ਫਲਸਤੀਨੀ ਮੁਕਤੀ ਮੁਹਾਜ਼ (ਪੀ.ਐਲ.ਓ.) ਦੇ ਮੁਖੀ ਯਾਸਿਰ ਅਰਾਫਾਤ ਦੇ ਸੰਪਰਕ ਵਿਚ ਆਇਆ। 1977 ਤੋਂ 1991 ਤਕ ਫਲਸਤੀਨੀ ਨੈਸ਼ਨਲ ਕੌਂਸਲ (ਪੀ.ਐਨ.ਸੀ.) ਦਾ ਮੈਂਬਰ ਵੀ ਰਿਹਾ ਪਰ ਅਰਾਫਾਤ ਵੱਲੋਂ ਇਜ਼ਰਾਇਲੀ ਨੇਤਾ ਇਤਜ਼ਹਾਕ ਰਾਬੀਨ ਨਾਲ ਕੀਤੀਆਂ ਓਸਲੋ ਸੰਧੀਆਂ ਤੋਂ ਰੋਹ ਵਿਚ ਆ ਕੇ ਉਸ ਨੇ ਪੀ.ਐਨ.ਸੀ. ਨਾਲੋਂ ਨਾਤਾ ਤੋੜ ਲਿਆ। ਉਸ ਨੂੰ ਪੱਕਾ ਯਕੀਨ ਸੀ ਕਿ ਓਸਲੋ ਸੰਧੀਆਂ, ਫਲਸਤੀਨੀਆਂ ਨੂੰ ਇਨਸਾਫ ਦਿਵਾਉਣ ਦੀ ਥਾਂ ਗੈਰ-ਮੁਨਸਿਫਾਨਾ ਸਾਬਤ ਹੋਣਗੀਆਂ। ਉਸ ਦਾ ਇਹ ਯਕੀਨ ਅਗਲੇ ਵਰ੍ਹਿਆਂ ਦੌਰਾਨ ਸਹੀ ਸਾਬਤ ਹੋਇਆ।
ਕਿਤਾਬ ਦੇ ਲੇਖਕ ਬ੍ਰੀਨਨ ਅਨੁਸਾਰ ਸਲਮਾਨ ਰਸ਼ਦੀ ਤੇ ਕਈ ਹੋਰ ਨਾਮਵਰ ਲੇਖਕ ਸਈਦ ਦੇ ਹਮਾਇਤੀ ਤੇ ਦੋਸਤ ਹੋਣ ਦੇ ਦਾਅਵੇ ਕਰਦੇ ਰਹੇ ਪਰ ਦਾਨਿਸ਼ਵਰਾਂ ਦੇ ਮੰਚਾਂ ਉੱਤੇ ਉਸ ਨਾਲ ਖੜ੍ਹਨ ਦੀ ਜੁਰਅਤ ਨਾ ਦਿਖਾ ਸਕੇ। ਉਨ੍ਹਾਂ ਦੀ ਅਜਿਹੀ ਪਹੁੰਚ ਦੇ ਬਾਵਜੂਦ ਐਡਵਰਡ ਸਈਦ ਪੱਛਮੀ ਅਕਾਦਮਿਕ ਹਲਕਿਆ ਦੀ ਫਲਸਤੀਨ ਤੇ ਫਲਸਤੀਨੀ ਲੋਕਾਂ ਬਾਰੇ ਸੋਚ ਉੱਪਰ ਸਾਰਥਕ ਅਸਰ ਪਾਉਣ ਵਿਚ ਕਾਮਯਾਬ ਰਿਹਾ। ਉਸ ਦੇ ਕਦਰਦਾਨਾਂ ਵਿਚ ਇਜ਼ਰਾਇਲੀ ਵਿਚਾਰਵਾਨ ਵੀ ਸ਼ਾਮਲ ਸਨ। ਮੱਧ-ਪੂਰਬ, ਖਾਸ ਕਰਕੇ ਫਲਸਤੀਨੀਆਂ ਬਾਰੇ ਉਸ ਦੇ ਵਿਚਾਰਾਂ ਦੇ ਹਵਾਲੇ ਉਹ ਹੁਣ ਵੀ ਦਿੰਦੇ ਹਨ। ਇਹ ਆਪਣੇ ਆਪ ਵਿਚ ਛੋਟੀ ਪ੍ਰਾਪਤੀ ਨਹੀਂ। ਐਡਵਰਡ ਸਈਦ ਦੀ ਸ਼ਖਸੀਅਤ, ਲਿਆਕਤ ਅਤੇ ਸਦਾਕਤ ਨੂੰ ਸਮਝਣ ਪੱਖੋਂ ਟਿਮੋਥੀ ਬ੍ਰੀਨਨ ਦੀ ਕਿਤਾਬ ਪੜ੍ਹਨ ਤੇ ਸਾਂਭਣਯੋਗ ਹੈ।
ਕਲਮਾਂ ਵਾਲੇ
ਗੁਰਬਚਨ ਸਿੰਘ ਭੁੱਲਰ ਦੀ ਰਚਨਾਤਮਿਕ ਮੌਲਿਕਤਾ ਤੋਂ ਪੰਜਾਬੀ ਅਦਬੀ ਜਗਤ ਚੰਗੀ ਤਰ੍ਹਾਂ ਵਾਕਫ ਹੈ। ਵਿਧਾ ਜਾਂ ਵਿਸ਼ਾ ਕੋਈ ਵੀ ਹੋਵੇ, ਆਪਣੀ ਮੌਲਿਕ ਦ੍ਰਿਸ਼ਟੀ ਤੇ ਕਲਮੀ ਹੁਨਰ ਦੇ ਜ਼ਰੀਏ ਉਹ ਉਸ ਵਿਚ ਨਿਵੇਕਲੀ ਜਾਨ ਪਾ ਦਿੰਦੇ ਹਨ। ਉਨ੍ਹਾਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਕਲਮਾਂ ਵਾਲੇ` ਇਸੇ ਹੁਨਰ ਦੀ ਤਾਜ਼ਾਤਰੀਨ ਮਿਸਾਲ ਹੈ। ਦਸ ਸ਼ਬਦ ਚਿੱਤਰਾਂ ਦਾ ਸੰਗ੍ਰਹਿ ਹੈ ਇਹ ਪੁਸਤਕ। ਉਨ੍ਹਾਂ ਦੇ ਆਪਣੇ ਸ਼ਬਦਾਂ ਅਨੁਸਾਰ “ਕੁਝ ਸਮਾਂ ਪਹਿਲਾਂ ਕੁਲ ਲੇਖਕਾਵਾਂ ਦੇ ਸ਼ਬਦ ਚਿੱਤਰਾਂ ਦੀ ਪੁਸਤਕ ‘ਕਲਮਾਂ ਵਾਲੀਆਂ` ਛਪੀ ਤਾਂ ਕੁਝ ਚਿਰ ਉਡੀਕ ਕੇ ਅਨੇਕ ਲੇਖਕ ਤੇ ਪਾਠਕ ਪੁੱਛਣ ਲੱਗੇ ‘ਬਿਚਾਰੇ ਕਲਮਾਂ ਵਾਲੇ ਕਿੱਥੇ ਰਹਿ ਗਏ?` ਇਸੇ ਸ਼ਿਕਵਾਨੁਮਾ ਸਵਾਲ ਤੋਂ ‘ਕਲਮਾਂ ਵਾਲੇ` ਵਜੂਦ ਵਿਚ ਆਈ।”
ਇਸ ਸੰਗ੍ਰਹਿ ਵਿਚ ਭਾਈ ਕਾਨ੍ਹ ਸਿੰਘ ਨਾਭਾ, ਦੇਵਿੰਦਰ ਸਤਿਆਰਥੀ, ਬਲਵੰਤ ਗਾਰਗੀ, ਹਰਿਭਜਨ ਸਿੰਘ, ਸੰਤੋਖ ਸਿੰਘ ਧੀਰ, ਕੁਲਵੰਤ ਸਿੰਘ ਵਿਰਕ, ਰਤਨ ਸਿੰਘ, ਮੋਹਨ ਭੰਡਾਰੀ, ਸਰਵਣ ਸਿੰਘ ਤੇ ਜਸਬੀਰ ਭੁੱਲਰ ਦੇ ਸ਼ਬਦ ਚਿਤਰ ਸ਼ਾਮਲ ਹਨ। ਹਰ ਰਚਨਾ ਸਬੰਧਤ ਹਸਤੀ ਦੀ ਸ਼ਖਸੀਅਤ, ਅਦਬ ਤੇ ਸਾਹਿਤਕ ਯੋਗਦਾਨ ਬਾਰੇ ਵਡਮੁੱਲੀ ਜਾਣਕਾਰੀ ਦਿੰਦੀ ਹੈ। ਸ਼ਬਦਾਂ ਦੀ ਚੋਣ ਤੇ ਵਾਕ-ਬਣਤਰ ਵੀ ਬਾਕਮਾਲ ਹੈ; ਮਸਲਨ, ਭਾਈ ਕਾਨ੍ਹ ਸਿੰਘ ਨਾਭਾ ਬਾਰੇ ਉਹ ਲਿਖਦੇ ਹਨ, “ਭਾਈ ਸਾਹਿਬ ਦੇ ਵਿਚਾਰਾਂ ਦਾ ਜੋ ਪ੍ਰਭਾਵ ਉਸ ਸਮੇਂ ਦੇ ਸਾਡੇ ਪੇਂਡੂ ਮਾਹੌਲ ਉੱਤੇ ਪਿਆ ਹੈ, ਉਹਦਾ ਮਹੱਤਵ ਤੇ ਮੁੱਲ ਬਹੁਤ ਵਡੇਰਾ ਸੀ। ਉਹ ਭੂਪਵਾਦੀ-ਰਾਜਸ਼ਾਹੀ ਮਾਹੌਲ ਵਿਚ ਪਲੇ ਤੇ ਵੱਡੇ ਹੋਏ ਅਤੇ ਸਾਰੀ ਉਮਰ ਕੱਟੜਤਾ ਦੀ ਹੱਦ ਤਕ ਜਾਣ ਵਾਲੇ ਧਾਰਮਿਕ ਲੋਕਾਂ ਵਿਚ ਵਿਚਰਦੇ ਰਹੇ। ਇਸ ਦੇ ਬਾਵਜੂਦ ਉਨ੍ਹਾਂ ਦੇ ਵਿਚਾਰ ਕਿੰਨੇ ਵਿਗਿਆਨਕ ਅਤੇ ਮਾਨਵਵਾਦੀ ਸਨ, ਇਹ ਦੇਖ ਕੇ ਚਿੱਤ ਵਿਚ ਉਨ੍ਹਾਂ ਦੀ ਵਡੱਤਣ ਹੋਰ ਵੀ ਵਧ ਜਾਂਦੀ ਹੈ।” ਦੇਵਿੰਦਰ ਸਤਿਆਰਥੀ ਬਾਰੇ, “ਉਨ੍ਹਾਂ ਨਾਲ ਗੱਲਾਂ ਕਰਨ ਲਈ ਬੰਦੇ ਨੂੰ ਬੜੇ ਦਮ ਦੀ ਲੋੜ ਪੈਂਦੀ ਸੀ- ਸਰੀਰਕ ਦਮ ਦੀ ਵੀ ਤੇ ਮਾਨਸਿਕ ਦਮ ਦੀ ਵੀ। ਉਹ ਸਰੋਤੇ ਨੂੰ ਉਂਗਲੀ ਫੜ ਕੇ ਆਪਣੇ ਨਾਲ ਉਸ ਅਮੁੱਕ ਅਨੰਤ ਭੂਗੋਲ ਦਾ ਯਾਤਰੀ ਬਣਾ ਲੈਂਦੇ ਸਨ ਜਿਸ ਵਿਚ ਉਨ੍ਹਾਂ ਨੇ ਲੋਕਯਾਨ ਦਾ ਅਸ਼ਵਮੇਧੀ ਘੋੜਾ ਛੱਡ ਰੱਖਿਆ ਸੀ ਜੋ ਉਨ੍ਹਾਂ ਦੇ ਚਕਰਵਰਤੀ ਸਾਹਿਤ-ਸਮਰਾਟ ਹੋਣ ਵਿਚ ਕੋਈ ਸੰਦੇਹ ਨਹੀਂ ਸੀ ਰਹਿਣ ਦੇ ਦਿੰਦਾ।” ਕੁਲਵੰਤ ਸਿੰਘ ਵਿਰਕ ਬਾਰੇ, “ਵਿਰਕ ਦੀ ਕਹਾਣੀ ਪੜ੍ਹ ਕੇ ਇਉਂ ਲੱਗਦਾ ਸੀ, ਜਿਵੇਂ ਸਰ੍ਹੋਂ ਦੇ ਖਿੜੇ ਹੋਏ ਖੇਤ ਵਿਚੋਂ ਦੀ ਲੰਘ ਕੇ ਆਏ ਹੋਈਏ। ਟਹਿਕਿਆ ਰੰਗ ਚਿਰਾਂ ਤੱਕ ਅੱਖਾਂ ਵਿਚ ਵਸਿਆ ਰਹਿੰਦਾ ਅਤੇ ਮਹਿਕਿਆ ਮਾਹੌਲ ਚਿਰਾਂ ਤਕ ਆਲੇ-ਦੁਆਲੇ ਬਣਿਆ ਰਹਿੰਦਾ। ਉਹਦੀਆਂ ਕਹਾਣੀਆਂ ਇਸ ਲਈ ਵੀ ਚੰਗੀਆਂ ਲਗਦੀਆਂ ਕਿ ਉਨ੍ਹਾਂ ਦੀਆਂ ਜੜ੍ਹਾਂ ਸੱਚ ਦੀ ਧਰਤੀ ਵਿਚ ਹੁੰਦੀਆਂ ਸਨ।” ਸਮੁੱਚਾ ਸੰਗ੍ਰਹਿ ਅਜਿਹੇ ਅਨਮੋਲ ਮਣਕਿਆਂ ਨਾਲ ਲੈਸ ਹੈ। ਇਨ੍ਹਾਂ ਸ਼ਬਦੀ-ਮਣਕਿਆਂ ਦਾ ਅਸਲ ਲੁਤਫ ਪੁਸਤਕ ਪੜ੍ਹ ਕੇ ਹੀ ਲਿਆ ਜਾ ਸਕਦਾ ਹੈ।