ਨੇਕੀ ਵਿਚ ਅਡੋਲ ਭਰੋਸਾ ਜਥੇਦਾਰ ਜੰਗੀਰ ਸਿੰਘ ਪੂਹਲਾ

ਗੁਰਬਚਨ ਸਿੰਘ ਭੁੱਲਰ
ਫੋਨ: +807-636-3058
ਦਿੱਲੀ ਵੱਸਦੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਆਪਣੀਆਂ ਕਹਾਣੀਆਂ ਨਾਲ ਪੰਜਾਬੀ ਸਾਹਿਤ ਜਗਤ ਵਿਚ ਵੱਖਰੀ ਪਛਾਣ ਬਣਾਈ ਹੈ। ਕੁਝ ਸਾਲ ਪਹਿਲਾਂ ਆਏ ਉਨ੍ਹਾਂ ਦੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਜੋ ਪ੍ਰਸਿੱਧ ਲਿਖਾਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ `ਤੇ ਆਧਾਰਿਤ ਸੀ, ਨਾਲ ਵੀ ਉਨ੍ਹਾਂ ਸਾਹਤਿਕ ਹਲਕਿਆਂ ਵਿਚ ਵਾਹਵਾ ਹਲਚਲ ਮਚਾਈ ਸੀ। ਅੱਜ ਕੱਲ੍ਹ ਉਹ ਬਹੁਤਾ ਧਿਆਨ ਵਾਰਤਕ ਵੱਲ ਲਾ ਰਹੇ ਹਨ। ਅਸੀਂ ਉਨ੍ਹਾਂ ਦੀ ਵਾਰਤਕ ਦੀ ਇਕ ਵੰਨਗੀ ‘ਮਾਨਸ ਤੋਂ ਦੇਵਤਾ’ ਦੇ ਰੂਪ ਵਿਚ ਆਪਣੇ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ ਜਿਸ ਵਿਚ ਉਨ੍ਹਾਂ ਕੁਝ ਅਸਾਧਾਰਨ ਸ਼ਖਸੀਅਤਾਂ ਦੇ ਦਿਲਚਸਪ ਅਤੇ ਨਿਆਰੇ ਸ਼ਬਦ ਚਿੱਤਰ ਉਲੀਕੇ ਹਨ।

ਇਹ 1966 ਦੀ ਗੱਲ ਹੈ। ਸਾਡੇ ਰਾਮਪੁਰਾ ਫੂਲ ਦੇ ਐਮ. ਐਲ. ਏ. ਮਾਸਟਰ ਬਾਬੂ ਸਿੰਘ ਤੇ ਮੈਂ ਬਠਿੰਡੇ ਦੇ ਬਾਜ਼ਾਰ ਵਿਚ ਜਾ ਰਹੇ ਸੀ। ਅੱਗੋਂ ਜਥੇਦਾਰ ਜੰਗੀਰ ਸਿੰਘ ਪੂਹਲਾ ਮਿਲ ਗਏ। ਉਹ ਕਾਫ਼ੀ ਵੱਡੇ ਅਕਾਲੀ ਆਗੂ ਸਨ। ਕਈ ਦਹਾਕਿਆਂ ਤੱਕ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। ਜੇ ਮੈਂ ਭੁਲਦਾ ਨਹੀਂ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗ਼ਜ਼ੈਕਟਿਵ ਦੇ ਮੈਂਬਰ ਵੀ ਰਹੇ। ਮਾਸਟਰ ਜੀ ਕਮਿਊਨਿਸਟ ਪਾਰਟੀ ਦੇ ਆਗੂ ਸਨ ਅਤੇ ਫੂਲ ਹਲਕੇ ਤੋਂ ਕਈ ਵਾਰ ਐਮ. ਐਲ. ਏ. ਚੁਣੇ ਗਏ ਸਨ। ਉਨ੍ਹਾਂ ਦੀ ਜਿੱਤ ਵਿਚ ਕਮਿਊਨਿਸਟ ਪਾਰਟੀ ਦੇ ਉਸ ਸਮੇਂ ਦੇ ਲੋਕ-ਹਿਤੈਸ਼ੀ ਰੂਪ ਤੋਂ ਇਲਾਵਾ ਉਨ੍ਹਾਂ ਦਾ ਸ਼ਰੀਫ਼-ਸਾਊ ਇਨਸਾਨ ਹੋਣਾ ਵੀ ਵੱਡੀ ਭੂਮਿਕਾ ਨਿਭਾਉਂਦਾ ਸੀ। ਉਨ੍ਹਾਂ ਦੇ ਵਿਰੋਧੀ ਵੀ ਮੰਨਦੇ ਕਿ ਸਾਨੂੰ ਇਕ ਮਨੁੱਖ ਵਜੋਂ ਉਨ੍ਹਾਂ ਵਿਰੁੱਧ ਬੋਲਣ ਲਈ ਕਝ ਵੀ ਨਹੀਂ ਮਿਲਦਾ। ਮਾਸਟਰ ਜੀ ਨਾਲ ਮੇਰੀ ਹੀ ਨੇੜਤਾ ਨਹੀਂ ਸੀ ਸਗੋਂ ਸਾਡੇ ਪਰਿਵਾਰ ਵੀ ਇਕ ਦੂਜੇ ਦੇ ਨੇੜੇ ਸਨ।
ਸਾਡੇ ਤਿੰਨਾਂ ਦੇ ਪਿੰਡਾਂ, ਪੂਹਲਾ, ਫੂਲ ਤੇ ਪਿੱਥੋ, ਦਾ ਇਕ ਦੂਜੇ ਨਾਲੋਂ ਕੁਛ-ਕੁਛ ਕੋਹਾਂ ਦਾ ਫ਼ਾਸਲਾ ਸੀ। ਕੁਦਰਤੀ ਗੱਲ ਸੀ, ਮੈਂ ਤਾਂ ਪੂਹਲਾ ਜੀ ਨੂੰ ਇਲਾਕੇ ਦੇ ਇਕ ਜਾਣੇ-ਪਛਾਣੇ ਆਗੂ ਹੋਣ ਸਦਕਾ ਜਾਣਦਾ ਸੀ ਪਰ ਅਜਿਹਾ ਕੋਈ ਸਬੱਬ ਕਦੀ ਨਹੀਂ ਸੀ ਬਣਿਆ ਕਿ ਉਹ ਮੈਨੂੰ ਜਾਣਨ ਲਗਦੇ। ਮੈਂ ਉਨ੍ਹਾਂ ਨੂੰ ਫ਼ਤਿਹ ਬੁਲਾ ਚੁੱਪ ਕਰ ਕੇ ਥੋੜ੍ਹਾ ਜਿਹਾ ਪਾਸੇ ਖਲੋ ਗਿਆ ਅਤੇ ਉਹ ਦੋਵੇਂ ਗੱਲੀਂ ਲੱਗ ਗਏ।
ਮਾਸਟਰ ਬਾਬੂ ਸਿੰਘ ਤੇ ਜਥੇਦਾਰ ਜੰਗੀਰ ਸਿੰਘ ਪੂਹਲਾ ਸਨ ਤਾਂ ਵੱਖ-ਵੱਖ ਪਾਰਟੀਆਂ ਵਿਚ। ਜਥੇਦਾਰ ਪੂਹਲਾ ਤਾਂ, ਸਾਫ਼ ਹੀ ਹੈ, ਪੱਕੇ ਅਕਾਲੀ ਸਨ ਤੇ ਮਾਸਟਰ ਜੀ ਪੱਕੇ ਕਮਿਊਨਿਸਟ ਸਨ। ਪਰ ਦੋਵੇਂ ਸੁੱਚੇ ਪੰਜਾਬੀ ਸਭਿਆਚਾਰ ਦੇ ਵੀ ਪੱਕੇ ਸਨ ਜਿਸ ਵਿਚ ਰਿਸ਼ਤਿਆਂ ਨੂੰ ਇਨਸਾਨੀਅਤ ਦੀ ਸਾਂਝ ਮਿਥਦੀ ਹੈ, ਕੋਈ ਹੋਰ ਸੋਚ ਨਹੀਂ। ਓਦੋਂ ਅਜੇ ਸਿਆਸਤ ਹੁਣ ਵਾਂਗ ਨਿੱਜੀ ਦੁਸ਼ਮਣੀਆਂ ਦਾ ਆਧਾਰ ਵੀ ਨਹੀਂ ਸੀ ਬਣਨ ਲੱਗੀ। ਸਿਆਸੀ ਲੋਕਾਂ ਦੀ ਬੋਲ-ਬਾਣੀ ਵਿਚ ਏਨਾ ਨਿਘਾਰ ਨਹੀਂ ਸੀ ਆਇਆ, ਜਿੰਨਾ ਹੁਣ ਦੇਖਣ ਨੂੰ ਮਿਲਦਾ ਹੈ। ਕਿਸੇ ਵਿਰੋਧੀ ਸਿਆਸਤਦਾਨ ਵਿਰੁੱਧ ਮੰਦਾ ਬੋਲਣ ਤੋਂ ਪਹਿਲਾਂ ਉਹ ਆਪਣੀ ਇੱਜ਼ਤ ਦਾ ਖ਼ਿਆਲ ਕਰਦੇ ਸਨ। ਸੋਚਦੇ, ਲੋਕ ਮੇਰੇ ਬਾਰੇ ਕੀ ਕਹਿਣਗੇ ਕਿ ਕਿਹੋ ਜਿਹੀਆਂ ਘਟੀਆ ਗੱਲਾਂ ਕਰ ਰਿਹਾ ਹੈ। ਸਾਡੇ ਇਲਾਕੇ ਦੇ ਆਮ ਲੋਕਾਂ ਵਿਚ ਵੀ ਉਨ੍ਹਾਂ ਦੋਵਾਂ ਦਾ ਭਲੇ ਪੁਰਸ਼ਾਂ ਵਜੋਂ ਮਾਣ-ਸਤਿਕਾਰ ਸੀ।
ਕੁਝ ਸਮਾਂ ਪਹਿਲਾਂ ਕੈਰੋਂ ਸਰਕਾਰ ਨੇ ਮੈਨੂੰ ਪੰਜਾਬ ਵਿਚ ਟੀਚਰਜ਼ ਯੂਨੀਅਨ ਜਥੇਬੰਦ ਕਰਨ ਵਾਲੇ ਮੋਢੀਆਂ ਵਿਚੋਂ ਹੋਣ ਕਰਕੇ ਅਤੇ ਖੱਬੇਪੱਖੀ ਵਿਚਾਰਾਂ ਕਰਕੇ, ਖਾਸ ਕਰਕੇ ਮਾਸਟਰ ਜੀ ਨਾਲ ਨੇੜਤਾ ਸਦਕਾ, ਨੌਕਰੀਓਂ ਹਟਾ ਦਿੱਤਾ ਸੀ। ਰਾਮਪੁਰਾ ਫੂਲ ਦੇ ਇਕ ਸੀ. ਆਈ. ਡੀ. ਅਧਿਕਾਰੀ ਜਗਸੀਰ ਸਿੰਘ ਨੇ ਮੈਨੂੰ ਕਿਹਾ, ‘ਤੇਰੇ ਬਾਰੇ ਉਪਰ ਰਾਏ ਚੰਗੀ ਨਹੀਂ ਤੇ ਮੈਥੋਂ ਤੇਰੀਆਂ ਸਰਗਰਮੀਆਂ ਬਾਰੇ ਰਿਪੋਰਟ ਮੰਗੀ ਗਈ ਹੈ। ਜੇ ਤੂੰ ਲਿਖ ਕੇ ਦੇ ਦੇਵੇਂ ਕਿ ਅੱਗੇ ਤੋਂ ‘ਮਾਸਟਰ ਬਾਬੂ ਸਿੰਘ ਨਾਲ ਮੈਂ ਕੋਈ ਸਬੰਧ ਨਹੀਂ ਰੱਖਾਂਗਾ’, ਮੈਂ ਰਿਪੋਰਟ ਤੇਰੇ ਪੱਖ ਵਿਚ ਭੇਜ ਦੇਵਾਂਗਾ। ਨਹੀਂ ਤਾਂ ਮੈਂ ਮਾਸਟਰ ਬਾਬੂ ਸਿੰਘ ਤੇ ਕਮਿਊਨਿਸਟ ਪਾਰਟੀ ਨਾਲ ਤੇਰੇ ਸਬੰਧਾਂ ਬਾਰੇ ਸੱਚੋ-ਸੱਚ ਲਿਖ ਭੇਜਾਂਗਾ ਤੇ ਇਓਂ ਸ਼ਾਇਦ ਤੇਰੀ ਨੌਕਰੀ ਵੀ ਚਲੀ ਜਾਵੇ!’
ਮੈਂ ਜਵਾਬ ਦਿੱਤਾ, ‘ਕੱਲ੍ਹ ਨੂੰ, ਮੰਨ ਲੈ, ਤੇਰੇ ਉਪਰਲੇ ਕਹਿਣ, ਮਾਂ-ਪਿਉ ਭੈਣ-ਭਰਾਵਾਂ ਨਾਲ ਸਬੰਧ ਨਾ ਰੱਖ, ਮੈਂ ਸਭ ਨਾਲੋਂ ਸਬੰਧ ਤੋੜ ਲਵਾਂ?’
ਕੁਝ ਦਿਨਾਂ ਮਗਰੋਂ ਮੇਰੀ ਨੌਕਰੀ ਦੇ ਖ਼ਾਤਮੇ ਦਾ ਪੱਤਰ ਮੇਰੇ ਸਕੂਲ ਪਹੁੰਚ ਗਿਆ। ਮੈਂ ਕੋਈ ਦਸ ਸਾਲ ਤੋਂ ਸਰਕਾਰੀ ਅਧਿਆਪਕ ਲਗਿਆ ਹੋਇਆ ਸੀ ਅਤੇ ਅਜਿਹੇ ‘ਦੋਸ਼’ ਕਾਰਨ ਨੌਕਰੀਓਂ ਕੱਢਿਆ ਜਾਣ ਵਾਲਾ ਪੰਜਾਬ-ਭਰ ਵਿਚੋਂ ਪਹਿਲਾ ਅਧਿਆਪਕ ਸੀ। ਮੇਰੇ ਮਗਰੋਂ ਲੇਖਕ ਅਜੀਤ ਪੱਤੋ ਸਮੇਤ ਸਾਰੇ ਪੰਜਾਬ ਵਿਚੋਂ ਕਈ ਅਧਿਆਪਕ ਹਟਾ ਦਿੱਤੇ ਗਏ। ਜਦੋਂ ਕੋਈ ਮੇਰੀ ਨੌਕਰੀ ਚਲੀ ਜਾਣ ਦਾ ਅਫ਼ਸੋਸ ਕਰਦਾ, ਮੈਂ ਬਰਕਤ ਰਾਮ ਯੁਮਨ ਦਾ ਇਹ ਸ਼ਿਅਰ ਸੁਣਾ ਦਿੰਦਾ:
ਭਰੀ ਮਹਿਫ਼ਿਲ ’ਚੋਂ ਮੈਨੂੰ ਈ ਉਠਾਇਆ ਜਾ ਰਿਹਾ ਚੁਣ ਕੇ,
ਭਰੀ ਮਹਿਫ਼ਿਲ ’ਚੋਂ ਚੁਣਿਆ ਜਾਣ ਵਿਚ ਵੀ ਮਾਣ ਕਿੰਨਾ ਏ!
ਸਬੱਬ ਅਜਿਹਾ ਬਣਿਆ ਕਿ ਉਸ ਸਮੇਂ ਕੁੜੀਆਂ ਦੇ ਸਕੂਲਾਂ ਨੂੰ ਸਾਇੰਸ ਟੀਚਰ ਕੁੜੀਆਂ ਨਹੀਂ ਸਨ ਮਿਲਦੀਆਂ ਕਿਉਂਕਿ ਸਾਇੰਸ ਪੜ੍ਹੀ ਹੋਈ ਕੁੜੀ ਨੂੰ ਝੱਟ ਸਰਕਾਰੀ ਨੌਕਰੀ ਮਿਲ ਜਾਂਦੀ ਸੀ। ਬੀ. ਏ., ਬੀ. ਟੀ. ਕਰਨ ਤੋਂ ਪਹਿਲਾਂ ਮੈਂ ਐਫ਼. ਐਸ-ਸੀ. ਕੀਤੀ ਹੋਈ ਸੀ। ਮੰਡੀ ਫੂਲ ਛੋਟਾ ਜਿਹਾ ਸ਼ਹਿਰ ਸੀ, ਮੇਰੀ ਨੌਕਰੀ ਚਲੀ ਜਾਣ ਦੀ ਖ਼ਬਰ ਸਭ ਨੂੰ ਪਤਾ ਲੱਗ ਗਈ। ਛੇਤੀ ਹੀ ‘ਮੇਰੀ ਸ਼ਰਾਫ਼ਤ ਬਾਰੇ ਤਸੱਲੀ ਕਰ ਕੇ’ ਮੈਨੂੰ ਐਸ. ਡੀ. ਕੰਨਿਆ ਮਹਾਵਿਦਿਆਲਾ ਵਾਲਿਆਂ ਨੇ ਬੁਲਾ ਲਿਆ।
ਜਦੋਂ ਪੂਹਲਾ ਜੀ ਨਾਲ ਇਹ ਮੁਲਾਕਾਤ ਹੋਈ, ਓਦੋਂ ਮੈਂ ਕੰਨਿਆ ਮਹਾਂਾਵਿਦਿਆਲਾ ਵਿਚ ਸਾਇੰਸ ਅਧਿਆਪਕ ਲੱਗਿਆ ਹੋਇਆ ਸੀ। ਨੌਕਰੀਓਂ ਹਟਾਏ ਜਾਣ ਮਗਰੋਂ ਮੈਂ ਐਮ. ਏ. ਵੀ ਪਾਸ ਕਰ ਗਿਆ ਸੀ। ਗੱਲਾਂ ਕਰਦਿਆਂ ਸ਼ਾਇਦ ਜਥੇਦਾਰ ਜੀ ਨੂੰ ਮੇਰਾ ਚੁੱਪ ਕਰ ਕੇ ਪਾਸੇ ਜਿਹੇ ਖੜ੍ਹੇ ਰਹਿਣਾ ਠੀਕ ਨਾ ਲੱਗਿਆ। ਉਨ੍ਹਾਂ ਨੇ ਮੈਨੂੰ ਗੱਲਬਾਤ ਵਿਚ ਸ਼ਾਮਲ ਕਰਨ ਲਈ ਮਾਸਟਰ ਜੀ ਨੂੰ ਪੁੱਛਿਆ, ‘ਇਹ ਕਾਕਾ?’
ਮਾਸਟਰ ਜੀ ਮੇਰਾ ਨਾਂ ਤੇ ਪਿੰਡ ਦੱਸ ਕੇ ਕਹਿਣ ਲੱਗੇ, ‘ਇਹ ਆਪਣੀ ਮੰਡੀ ਦੇ ਕੁੜੀਆਂ ਦੇ ਸਕੂਲ ਵਿਚ ਪੜ੍ਹਾਉਂਦਾ ਹੈ ਤੇ ਇਹਨੇ ਹੁਣੇ-ਹੁਣੇ ਚੰਗੇ ਨੰਬਰਾਂ ਨਾਲ ਐਮ.ਏ. ਕੀਤੀ ਹੈ।’
ਮਾਸਟਰ ਜੀ ਦੀ ਗੱਲ ਸੁਣਦਿਆਂ ਹੀ ਪੂਹਲਾ ਜੀ ਨੇ ਮੇਰੇ ਮੋਢੇ ਉਤੇ ਹੱਥ ਰੱਖਿਆ, ‘ਕਾਕਾ, ਜੇ ਤੂੰ ਚੰਗੇ ਨੰਬਰਾਂ ਨਾਲ ਐਮ. ਏ. ਕੀਤੀ ਹੋਈ ਹੈ, ਸਕੂਲ ਵਿਚ ਕਿਉਂ ਲੱਗਿਆ ਹੋਇਆ ਹੈਂ? ਸੰਤ ਜੀ ਨੇ ਆਪਣੇ ਇਲਾਕੇ ਦੇ ਭਲੇ ਵਾਸਤੇ ਦਮਦਮਾ ਸਾਹਿਬ ਕਾਲਜ ਖੋਲ੍ਹਿਆ ਹੈ, ਤੂੰ ਆਪਣੇ ਕਾਲਜ ਵਿਚ ਆ।…ਸਾਡੀ ਮੀਟਿੰਗ ਹੋਈ ਸੀ। ਪ੍ਰੋਫ਼ੈਸਰ ਰੱਖਣੇ ਨੇ। ਅਖ਼ਬਾਰਾਂ ਵਿਚ ਵੀ ਇਸ਼ਤਿਹਾਰ ਆ ਜਾਊ। ਤੂੰ ਅਰਜ਼ੀ ਭੇਜਣੀ ਨਾ ਭੁੱਲੀਂ।…ਭਾਈ, ਜੇ ਤੇਰੇ ਵਰਗੇ ਇਲਾਕੇ ਦੇ ਮੁੰਡੇ ਆਪਣੇ ਕਾਲਜ ਵਿਚ ਪੜ੍ਹਾਉਣ ਨਹੀਂ ਲੱਗਣਗੇ, ਸ਼ਹਿਰੀਆਂ ਜਾਂ ਦੂਰ ਤੋਂ ਆਇਆਂ ਨੇ ਤਾਂ ਇਥੇ ਅਜੇ ਸੁਖ-ਸਹੂਲਤਾਂ ਦੀ ਘਾਟ ਦੇਖ ਕੇ ਟਿਕਣ ਤੋਂ ਪਹਿਲਾਂ ਭੱਜਣ ਦੀ ਤਿਆਰੀ ਕਰਨ ਲੱਗ ਪੈਣੀ ਹੈ। ਆਪਣੇ ਬੰਦੇ ਹੋਣਗੇ ਤਾਂ ਉਨ੍ਹਾਂ ਦੇ ਦਿਲ ਵਿਚ ਇਲਾਕੇ ਦੇ ਕਾਲਜ ਦਾ ਦਰਦ ਤਾਂ ਹੋਊ।’
ਮੈਂ ਨਵੀਂ-ਨਵੀਂ ਐਮ. ਏ. ਕੀਤੀ ਸੀ। ਕਿਸੇ ਕਾਲਜ ਵਿਚ ਲੈਕਚਰਾਰ ਲੱਗਣ ਦਾ ਤਾਂ ਸੁਫ਼ਨਾ ਵੀ ਅਜੇ ਮਨ ਵਿਚ ਜਾਗਿਆ ਨਹੀਂ ਸੀ ਤੇ ਪੂਹਲਾ ਜੀ ਆਪ ਮੈਨੂੰ ਲੈਕਚਰਾਰ ਲੱਗਣ ਦਾ ਸੱਦਾ ਦੇ ਰਹੇ ਸਨ। ਮੈਨੂੰ ਭਲਾ ਹੋਰ ਕੀ ਚਾਹੀਦਾ ਸੀ! ਮੈਂ ਕਿਹਾ, ‘ਜੀ, ਇਸ਼ਤਿਹਾਰ ਆ ਜਾਵੇ, ਮੈਂ ਅਰਜ਼ੀ ਭੇਜ ਦੇਊਂ।’
ਸੰਤ ਜੀ ਤੋਂ ਉਨ੍ਹਾਂ ਦਾ ਭਾਵ ਸੰਤ ਫ਼ਤਿਹ ਸਿੰਘ ਤੋਂ ਸੀ। ਉਹ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਹੀ ਨਹੀਂ, ਸਰਬੋ-ਸਰਬਾ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਉਨ੍ਹਾਂ ਦੀ ਭਾਰੀ ਬਹੁਸੰਮਤੀ ਸੀ। ਉਨ੍ਹਾਂ ਨੇ ਆਪਣਾ ਟਿਕਾਣਾ ਭਾਵੇਂ ਰਾਜਸਥਾਨ ਵਿਚ ਗੁਰਦੁਆਰਾ ਸਾਹਿਬ ਬੁੱਢਾ ਜੌਹੜ ਬਣਾਇਆ ਹੋਇਆ ਸੀ, ਪਰ ਉਨ੍ਹਾਂ ਦਾ ਜਨਮ-ਨਗਰ ਬਦਿਆਲਾ ਮੇਰੇ ਪਿੰਡ ਪਿੱਥੋ ਤੋਂ ਕੁੱਲ ਦੋ ਕੋਹ ਵਾਟ ਸੀ। ਸਾਡੇ ਇਲਾਕੇ ਦਾ ਭਲਾ ਹਮੇਸ਼ਾ ਉਨ੍ਹਾਂ ਦੇ ਧਿਆਨ ਵਿਚ ਰਹਿੰਦਾ।
ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਚਿਰਾਂ-ਪੁਰਾਣੀ ਮੰਗ ਪੂਰੀ ਕਰਦਿਆਂ ਦਮਦਮਾ ਸਾਹਿਬ, ਤਲਵੰਡੀ ਸਾਬੋ ਨੂੰ ਤਖ਼ਤ ਵਜੋਂ ਮਾਨਤਾ ਦਿਵਾਈ। ਜਿਵੇਂ ਕਿ ਸਰਬ-ਗਿਆਤ ਹੈ, ਇਥੇ ਲਗਭਗ ਨੌਂ ਮਹੀਨੇ ਨਿਵਾਸ ਕਰ ਕੇ ਦਸਮੇਸ਼ ਪਿਤਾ ਨੇ ਪੰਜਵੇਂ ਗੁਰੂ ਜੀ ਦੀ ਸੰਪਾਦਿਤ ਬੀੜ ਵਿਚ ਨੌਵੇਂ ਗੁਰੂ ਸਾਹਿਬ ਦੀ ਬਾਣੀ ਜੋੜ ਕੇ ਗ੍ਰੰਥ ਸਾਹਿਬ ਦਾ ਹੁਣ ਪ੍ਰਕਾਸ਼ਮਾਨ ਹੁੰਦਾ ਸਰੂਪ ਤਿਆਰ ਕੀਤਾ। ਏਨੇ ਸਮੇਂ ਵਿਚ ਪੰਥ ਦੀ ਅਗਵਾਈ ਲਈ ਉਨ੍ਹਾਂ ਦਾ ਸਮੇਂ-ਸਮੇਂ ਹੁਕਮਨਾਮੇ ਜਾਰੀ ਕਰਨਾ ਤਾਂ ਸੁਭਾਵਿਕ ਸੀ ਹੀ। ਇਸੇ ਕਰਕੇ ਇਸ ਸਥਾਨ ਨੂੰ ਤਖ਼ਤ ਐਲਾਨੇ ਜਾਣ ਦੀ ਇਲਾਕੇ ਦੇ ਲੋਕਾਂ ਦੀ ਮੰਗ ਚਿਰਾਂ-ਪੁਰਾਣੀ ਸੀ।
ਦੂਜਾ ਵੱਡਾ ਕੰਮ ਸੰਤ ਜੀ ਨੇ ਦਸਮੇਸ਼ ਪਿਤਾ ਦੇ ਵਚਨ ‘ਕਿਸੇ ਸਮੇਂ ਇਹ ਸਥਾਨ ਗੁਰੂ-ਕੀ-ਕਾਸ਼ੀ ਬਣੇਗਾ ਤੇ ਗਿਆਨ ਦਾ ਚਾਨਣ ਫ਼ੈਲਾਵੇਗਾ’ ਉਤੇ ਫੁੱਲ ਚੜ੍ਹਾਉਂਦਿਆਂ ਇਥੇ ਗੁਰੂ ਕਾਸ਼ੀ ਕਾਲਜ ਖੋਲ੍ਹਿਆ। ਸੰਤ ਜੀ ਦੇ ਇਸੇ ਬੁਨਿਆਦੀ ਕਦਮ ਦਾ ਫਲ ਹੈ ਕਿ ਅੱਜ ਦਮਦਮਾ ਸਾਹਿਬ ਉਚੀ ਵਿੱਦਿਆ ਦੀਆਂ ਕਈ ਸੰਸਥਾਵਾਂ ਦਾ ਕੇਂਦਰ ਬਣ ਚੁੱਕਿਆ ਹੈ।
ਪੂਹਲਾ ਜੀ ਦੀ ਸ਼ਹਿਰੀਆਂ ਤੇ ਦੂਰ ਦਿਆਂ ਪਰੋਫ਼ੈਸਰਾਂ ਦੇ ਨਾ ਟਿਕਣ ਦੀ ਗੱਲ ਦਾ ਵੀ ਨਰੋਆ ਆਧਾਰ ਸੀ। ਕਾਲਜ ਦੀ ਇਮਾਰਤ ਵੀ ਅਜੇ ਉਸਰ ਰਹੀ ਸੀ ਅਤੇ ਲੈਕਚਰਾਰਾਂ ਦੇ ਰਿਹਾਇਸ਼ੀ ਕੁਆਰਟਰ ਅਧੂਰੇ ਵੀ ਸਨ ਤੇ ਥੋੜ੍ਹੇ ਵੀ। ਪੈਰਾਂ ਹੇਠ ਰੇਤਲਾ ਖੇਤ ਸੀ। ਚਾਰ-ਦੀਵਾਰੀ ਤੋਂ ਸੱਖਣੇ ਤਿੰਨ ਕਮਰੀਏ ਕੁਆਰਟਰ ਦੇ ਰਸੋਈ-ਗੁਸਲਖਾਨੇ ਵਾਲੇ ਅਗਲੇ ਦੋ ਕਮਰੇ ਵਿਆਹੇ ਪ੍ਰੋਫ਼ੈਸਰਾਂ ਲਈ ਸਨ ਤੇ ਵੱਖਰੀ ਆਵਾਜਾਈ ਵਾਲਾ ਪਿਛਲਾ ਤੀਜਾ ਕਮਰਾ ਕਿਸੇ ਛੜੇ-ਛਾਂਟ ਪ੍ਰੋਫ਼ੈਸਰ ਨੂੰ ਦਿੱਤਾ ਜਾਂਦਾ ਸੀ। ਸਾਡੇ ਤੀਜੇ ਕਮਰੇ ਵਿਚ ਅੱਗੇ ਚੱਲ ਕੇ ਨਾਵਲਕਾਰ ਤੇ ਫ਼ਿਲਮ-ਨਿਰਮਾਤਾ ਬਣਿਆ ਬੂਟਾ ਸਿੰਘ ਸ਼ਾਦ ਰਹਿੰਦਾ ਸੀ ਜਿਸ ਦਾ ਓਦੋਂ ਵੀ ਕਹਾਣੀਕਾਰ ਵਜੋਂ ਵਾਹਵਾ ਨਾਂ ਸੀ।
ਸਭ ਤੋਂ ਡਰਾਉਣੀ-ਭਜਾਉਣੀ ਗੱਲ ਇਹ ਸੀ ਕਿ ਕੁਆਰਟਰਾਂ ਦੇ ਅੱਗੋਂ ਖੇਤਾਂ ਨੂੰ ਭੀੜਾ ਜਿਹਾ ਰੇਤਲਾ ਰਾਹ ਜਾਂਦਾ ਸੀ ਅਤੇ ਰਾਹ ਦੇ ਪਾਰ ਸ਼ਮਸ਼ਾਨ ਸੀ। ਵੱਡਾ ਪਿੰਡ ਹੋਣ ਕਰਕੇ ਮਹੀਨੇ ਵੀਹੀਂ ਦਿਨੀਂ ਚਿਤਾ ਬਲਦੀ ਹੀ ਰਹਿੰਦੀ ਜੋ ਖਾਸ ਕਰ ਕੇ ਰਾਤ ਨੂੰ ਬਹੁਤ ਭਿਆਨਕ ਲਗਦੀ। ਅਜਿਹੇ ਦਿਨ ਸਾਡੇ ਹਿੰਦੀ ਦੇ ਪਰੋਫ਼ੈਸਰ ਸੇਖੋਂ ਤਾਂ ਸੂਰਜ ਨੂੰ ਡੁਬਦਾ ਦੇਖ ਕੇ ਲੋਹੇ ਦਾ ਪੰਜ-ਫੁੱਟਾ ਸਰੀਆ ਫੜ ਲੈਂਦੇ ਸਨ ਤੇ ਸੌਣ ਲੱਗੇ ਵੀ ਉਹਨੂੰ ਆਪਣੇ ਨਾਲ ਹੀ ਬਿਸਤਰੇ ਵਿਚ ਪਾਉਂਦੇ ਸਨ। ਸਵੇਰੇ ਉਠ ਕੇ ਉਹ ਉਸ ਨੂੰ ਕਮਰੇ ਵਿਚ ਇਕ ਖੂੰਜੇ ਸਾਂਭ ਦਿੰਦੇ ਸਨ। ਉਨ੍ਹਾਂ ਨੂੰ ਕਿਸੇ ਨੇ ਦੱਸਿਆ ਹੋਇਆ ਸੀ ਕਿ ਸੂਰਜ ਛਿਪਦਾ ਦੇਖ ਕੇ ਪਰੇਤ ਬਾਹਰ ਨਿੱਕਲ ਆਉਂਦੇ ਹਨ ਜੋ ਸਿਰਫ਼ ਲੋਹੇ ਤੋਂ ਡਰਦੇ ਹੋਏ ਬੰਦੇ ਦੇ ਨੇੜੇ ਨਹੀਂ ਆਉਂਦੇ।
ਖ਼ੈਰ, ਇਸ਼ਤਿਹਾਰ ਛਪਿਆ, ਮੈਂ ਅਰਜ਼ੀ ਭੇਜੀ, ਇੰਟਰਵਿਊ ਹੋਈ ਅਤੇ ਮੈਂ ਲੈਕਚਰਾਰ ਲੱਗ ਗਿਆ। ਇੰਟਰਵਿਊ ਵੇਲੇ ਜਥੇਦਾਰ ਪੂਹਲਾ ਵੀ ਸ਼ਾਮਲ ਸਨ। ਉਹ ਕਾਲਜ ਕਮੇਟੀ ਦੇ ਖ਼ਜ਼ਾਨਚੀ ਸਨ। ਤਿੰਨ-ਚਾਰ ਹਫ਼ਤਿਆਂ ਮਗਰੋਂ ਉਹ ਮੈਨੂੰ ਕਾਲਜ ਵਿਚ ਤੁਰੇ ਜਾਂਦੇ ਮਿਲ ਗਏ ਤਾਂ ਬੜੇ ਨਿੱਘ ਨਾਲ ਪੇਸ਼ ਆਏ। ਉਹ ਬਹੁਤ ਖ਼ੁਸ਼ ਸਨ ਕਿ ਇਲਾਕੇ ਦੇ ਇਕ ਮੁੰਡੇ ਨੂੰ ਚੰਗੀ ਨੌਕਰੀ ਮਿਲ ਗਈ ਸੀ ਤੇ ਕਾਲਜ ਨੂੰ ਇਕ ਅਜਿਹਾ ਪ੍ਰੋਫ਼ੈਸਰ ਮਿਲ ਗਿਆ ਸੀ ਜੀਹਦੇ ਛੇਤੀ ਕੀਤਿਆਂ ਕਾਲਜ ਛੱਡ ਕੇ ਜਾਣ ਦਾ ਡਰ ਨਹੀਂ ਸੀ। ਉਨ੍ਹਾਂ ਨੇ ਬੜੀ ਅਪਣੱਤ ਨਾਲ ਪੁੱਛਿਆ, ‘ਕਾਕਾ ਕੋਈ ਸਮੱਸਿਆ ਤਾਂ ਨਹੀਂ? ਜੇ ਕੋਈ ਤਕਲੀਫ਼ ਹੋਵੇ, ਦੱਸਣ ਤੋਂ ਸੰਗੀਂ ਨਾ।’
ਮੈਂ ਕਿਹਾ, ‘ਨਹੀਂ ਜੀ, ਕੋਈ ਤਕਲੀਫ਼ ਨਹੀਂ। ਸਭ ਠੀਕ ਹੈ।’
ਉਨ੍ਹਾਂ ਨੂੰ ਜਿਵੇਂ ਇਕਦਮ ਕੋਈ ਖ਼ਿਆਲ ਆਇਆ। ਕਹਿਣ ਲੱਗੇ, ‘ਕਾਕਾ, ਮੰਨ ਲਓ, ਕਿਸੇ ਕਾਰਨ ਤੈਨੂੰ ਕਦੇ ਮੇਰੀ ਲੋੜ ਪਵੇ, ਮੈਂ ਕੀ ਪਤਾ, ਕਿਥੇ ਹੋਵਾਂ। ਪਿੰਡ, ਅੰਮ੍ਰਿਤਸਰ, ਚੰਡੀਗੜ੍ਹ ਜਾਂ ਹੋਰ ਕਿਤੇ! ਮੈਂ ਇਕ ਕੰਮ ਕਰਦਾ ਹਾਂ…’
ਉਨ੍ਹਾਂ ਨੇ ਹੱਥ ਵਿਚ ਫੜਿਆ ਹੋਇਆ ਛੋਟਾ ਜਿਹਾ ਬੈਗ ਖੋਲ੍ਹਿਆ ਅਤੇ ਉਸ ਵਿਚੋਂ ਇਕ ਨਵਾਂ ਪੋਸਟ ਕਾਰਡ ਕੱਢਿਆ। ਉਸ ਦੇ ਅੰਤ ਉਤੇ ਆਪਣੇ ਦਸਖ਼ਤ ਕਰ ਕੇ ਮੈਨੂੰ ਦਿੰਦਿਆਂ ਬੋਲੇ, ‘ਲੈ ਇਹ ਸਾਂਭ ਕੇ ਰੱਖ। ਜੇ ਪ੍ਰਿੰਸੀਪਲ ਸਾਹਿਬ ਤਾਈਂ ਕੋਈ ਕੰਮ ਹੋਵੇ ਤੇ ਮੈਥੋਂ ਕਹਾਉਣ ਦੀ ਲੋੜ ਹੋਵੇ, ਮੇਰੇ ਵੱਲੋਂ ਇਹ ਕਾਰਡ ਲਿਖ ਕੇ ਉਨ੍ਹਾਂ ਦੇ ਨਾਂ ਡਾਕ ਵਿਚ ਪਾ ਦੇਈਂ। ਜੇ ਉਹ ਮੈਨੂੰ ਪੁੱਛਣਗੇ, ਮੈਂ ਕਹਿ ਦੇਊਂ, ਹਾਂ, ਮੈਂ ਲਿਖਿਆ ਸੀ।’
ਉਹ ਮੇਰਾ ਮੋਢਾ ਥਾਪੜ ਕੇ ਤੁਰ ਗਏ। ਮੈਂ ਉਨ੍ਹਾਂ ਦੀ ਇਸ ਅਨੋਖੀ ਕਰਨੀ ਤੋਂ ਹੈਰਾਨ ਹੀ ਰਹਿ ਗਿਆ। ਮੈਂ ਸੋਚਿਆ, ਇਸ ਭਲੇ ਪੁਰਸ਼ ਨੂੰ ਇਹ ਅਹਿਸਾਸ ਹੈ, ਇਸ ਮੁੰਡੇ ਨੂੰ ਕਾਲਜ ਵਿਚ ਮੈਂ ਲੈ ਕੇ ਆਇਆ ਹਾਂ, ਇਸ ਕਰਕੇ ਇਹ ਧਿਆਨ ਰੱਖਣਾ ਮੇਰਾ ਫ਼ਰਜ਼ ਹੈ ਕਿ ਇਹਨੂੰ ਕਿਸੇ ਕਿਸਮ ਦੀ ਕੋਈ ਤਕਲੀਫ਼ ਨਾ ਹੋਵੇ! ਨਾਲ ਹੀ ਮੈਂ ਹੈਰਾਨ ਹੋਇਆ ਖਲੋਤਾ ਦਸਖ਼ਤ ਕਰ ਕੇ ਦਿੱਤੇ ਕੋਰੇ ਕਾਰਡ ਨੂੰ ਉਲਟ-ਪਲਟ ਕੇ ਦੇਖਣ ਲੱਗਿਆ। ਕੋਈ ਨਿਰਮਲ-ਚਿੱਤ ਮਨੁੱਖ ਹੀ ਇਕ ਅਣਜਾਣੇ ਬੰਦੇ ਉਤੇ ਇਉਂ ਭਰੋਸਾ ਕਰ ਸਕਦਾ ਹੈ। ਏਨਾ ਤਾਂ ਉਹ ਵੀ ਜਾਣਦੇ ਸਨ ਕਿ ਜੇ ਮੈਂ ਚਾਹਾਂ, ਕਾਰਡ ਦੀ ਦੁਰਵਰਤੋਂ ਵੀ ਕਰ ਸਕਦਾ ਹਾਂ ਤੇ ਇਉਂ ਉਨ੍ਹਾਂ ਨੂੰ ਵੀ ਕਿਸੇ ਕਸੂਤੀ ਹਾਲਤ ਵਿਚ ਫਸਾ ਸਕਦਾ ਹਾਂ। ਪਰ ਆਪ ਭਰੋਸੇਜੋਗ ਸੱਜਣ ਹੋਣ ਸਦਕਾ ਉਨ੍ਹਾਂ ਨੂੰ ਮਨੁੱਖ ਦੀ ਮੂਲ ਚੰਗਿਆਈ ਵਿਚ ਅਡੋਲ ਭਰੋਸਾ ਸੀ। ਉਨ੍ਹਾਂ ਦਾ ਮੱਤ ਸੀ, ਜੇ ਉਹ ਆਪ ਕਿਸੇ ਦਾ ਬੁਰਾ ਨਹੀਂ ਸਨ ਚਿਤਵਦੇ ਤੇ ਭਰੋਸਾ ਨਹੀਂ ਸਨ ਤੋੜਦੇ, ਕੋਈ ਉਨ੍ਹਾਂ ਦਾ ਬੁਰਾ ਕਿਉਂ ਚਿਤਵੇਗਾ ਤੇ ਭਰੋਸਾ ਕਿਉਂ ਤੋੜੇਗਾ!
ਅੱਜ ਦੇ ਗੰਧਲੇ ਹੋਏ ਸਮਾਜਿਕ ਹਾਲਾਤ ਵਿਚ ਜਦੋਂ ਮਨੁੱਖ ਤੋਂ ਭਰੋਸਾ ਡੋਲਣ ਲਗਦਾ ਹੈ, ਮੈਂ ਪੂਹਲਾ ਜੀ ਦਾ ਕਾਰਡ ਕੱਢ ਕੇ ਨਿਹਾਰਨ ਲਗਦਾ ਹਾਂ ਜੋ ਮੈਂ ਬੜੇ ਅਦਬ ਨਾਲ ਇਕ ਅਮੋਲ ਵਸਤ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ।