‘ਖਾਲਿਸਤਾਨ ਦੀ ਸਾਜ਼ਿਸ਼` ਅਤੇ ਸਿੱਖ ਲੀਡਰਸ਼ਿਪ-2

ਹਰਚਰਨ ਸਿੰਘ ਪਰਹਾਰ
ਫੋਨ: 403-681-8689
ਹਰਚਰਨ ਸਿੰਘ ਪਰਹਾਰ ਸਿੱਖ ਮਸਲਿਆਂ ਬਾਰੇ ਅਕਸਰ ਲਿਖਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਖੁਫੀਆ ਅਫਸਰ ਰਹੇ ਜੀ.ਬੀ.ਐਸ. ਸਿੱਧੂ ਦੀ ਕਿਤਾਬ ‘ਦਿ ਖਾਲਿਸਤਾਨ ਕਾਂਸਪਿਰੇਸੀ’ (ਖਾਲਿਸਤਾਨ ਦੀ ਸਜ਼ਿਸ਼) ਅਤੇ ਕੁਝ ਹੋਰ ਕਿਤਾਬਾਂ ਨੂੰ ਆਧਾਰ ਬਣਾ ਕੇ 20ਵੀਂ ਸਦੀ ਦੇ ਮਗਰਲੇ ਦਹਾਕਿਆਂ ਬਾਰੇ ਲੰਮਾ ਲੇਖ ਭੇਜਿਆ ਹੈ। ਇਸ ਲੇਖ ਵਿਚ ਇਨ੍ਹਾਂ ਕਿਤਾਬਾਂ ਅਤੇ ਦਸਤਾਵੇਜ਼ਾਂ ਦੀ ਇਮਦਾਦ ਨਾਲ ਉਸ ਦੌਰ ਦੀ ਹਕੀਕਤ ਨੂੰ ਸਮਝਣ-ਸਮਝਾਉਣ ਦਾ ਯਤਨ ਕੀਤਾ ਹੈ। ਇਹ ਉਹੀ ਦੌਰ ਸੀ ਜਿਸ ਨੇ ਪੰਜਾਬ ਦੀ ਸਿਆਸਤ ਉਤੇ ਬਹੁਤ ਡੂੰਘਾ ਅਸਰ ਛੱਡਿਆ ਹੈ। ਇਸ ਲੰਮੇ ਲੇਖ ਦੀ ਦੂਜੀ ਕਿਸ਼ਤ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ।

ਸਾਲ 1982 ਦੇ ਸ਼ੁਰੂ ਤੋਂ ਹੀ ਪੰਜਾਬ ਦੇ ਹਾਲਾਤ ਤੇਜੀ ਨਾਲ ਬਦਲਣ ਲੱਗੇ ਸਨ। 17 ਮਾਰਚ, 1982 ਨੂੰ ਦਲ ਖਾਲਸਾ ਨੇ ਚੰਡੀਗੜ੍ਹ ਵਿਚ ਪੂਰੇ ਧੂਮ-ਧੜੱਕੇ ਨਾਲ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਪਹਿਲਾਂ ਦਲ ਖਾਲਸਾ ਦੇ ਪੰਚ ਜਸਵੰਤ ਸਿੰਘ ਠੇਕੇਦਾਰ ਤੇ ਫਿਰ 4 ਅਪਰੈਲ, 1982 ਨੂੰ ਦਲ ਖਾਲਸਾ ਦੇ ਇੱਕ ਹੋਰ ਪੰਚ ਮਨਮੋਹਨ ਸਿੰਘ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ। ਉਨ੍ਹਾਂ ਧਮਕੀ ਦਿੱਤੀ ਕਿ ਜੇ 13 ਅਪਰੈਲ, 1982 ਤੱਕ ਸ਼ਹਿਰ ਵਿਚੋਂ ਤੰਬਾਕੂ, ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਨਾ ਹਟਾਈਆਂ ਤਾਂ ਸਿੱਧੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸੇ ਸਮੇਂ ਦੌਰਾਨ ਸੰਤ ਜਰਨੈਲ ਸਿੰਘ ਨੇ ਆਪਣੇ ਹਥਿਆਰਬੰਦ ਪੈਰੋਕਾਰਾਂ ਨਾਲ ਦਿੱਲੀ ਦੀ ਯਾਤਰਾ ਕੀਤੀ ਜੋ ਉਸ ਸਮੇਂ ਵੀ ਚਰਚਾ ਦਾ ਵਿਸ਼ਾ ਸੀ ਤੇ ਹੁਣ ਤੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਗੁਰਦੇਵ ਸਿੰਘ ਗਰੇਵਾਲ ਆਪਣੀ ਕਿਤਾਬ ‘ਦਿ ਸਰਚਿੰਗ ਆਈ: ਐਨ ਇਨਸਾਈਡਰ ਲੁੱਕਸ ਐਟ ਪੰਜਾਬ ਕਰਾਈਸਿਸ’ ਦੇ ਪੰਨਾ 183 ‘ਤੇ ਲਿਖਦੇ ਹਨ: ‘1982 ਦੇ ਸ਼ਰੂਆਤੀ ਦਿਨਾਂ ਤੋਂ ਗਰਮ ਖਿਆਲ ਸਿੱਖਾਂ ਦੇ ਮਨਸੂਬਿਆਂ ਬਾਰੇ ਸਰਕਾਰ ਤੇ ਸਿਵਲ ਪ੍ਰਸ਼ਾਸਨ ਵਿਚ ਚਿੰਤਾ ਸ਼ੁਰੂ ਹੋ ਗਈ ਸੀ। ਮੈਂ 8 ਅਪਰੈਲ, 1982 ਨੂੰ ਹੋਮ ਸੈਕਟਰੀ ਬੀ.ਕੇ. ਚਤੁਰਵੇਦੀ ਨਾਲ ਇਸ ਸਬੰਧੀ ਗੱਲ ਕੀਤੀ, ਉਨ੍ਹਾਂ ਵਿਚਾਰ ਕਰਨ ਲਈ ਗ੍ਰਹਿ ਮੰਤਰਾਲੇ ਦੇ ਦਫਤਰ ਵਿਚ ਹਾਈ ਲੈਵਲ ਮੀਟਿੰਗ ਬੁਲਾਈ। ਗ੍ਰਹਿ ਮੰਤਰੀ ਜ਼ੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਪੀ.ਸੀ. ਸੇਠੀ, ਬੀ.ਕੇ. ਚਤੁਰਵੇਦੀ, ਦਿੱਲੀ ਦਾ ਗਵਰਨਰ, ਦਿੱਲੀ ਦਾ ਪੁਲਿਸ ਕਮਿਸ਼ਨਰ, ਪ੍ਰਧਾਨ ਮੰਤਰੀ ਦਾ ਸੁਰੱਖਿਆ ਸਲਾਹਕਾਰ, ਬੀ.ਐਸ.ਐਫ. ਤੇ ਸੀ.ਆਰ.ਪੀ.ਐਫ. ਦੇ ਡੀ.ਆਈ.ਜੀ. ਆਦਿ ਸ਼ਾਮਿਲ ਹੋਏ। ਸਭ ਨੇ ਸੰਤ ਨੂੰ ਉਸ ਦੇ ਹਥਿਆਰਬੰਦ ਸਾਥੀਆਂ ਸਮੇਤ ਦਿੱਲੀ ਵਿਚ ਹੀ ਗ੍ਰਿਫਤਾਰ ਕਰਨ ਦੀ ਵਕਾਲਤ ਕੀਤੀ। ਮੀਟਿੰਗ ਦੇ ਅਖੀਰ ‘ਤੇ ਗਿਆਨੀ ਜ਼ੈਲ ਸਿੰਘ ਨੇ ਆਪਣੇ ਉਰਦੂ ਅਤੇ ਪੰਜਾਬੀ ਮਿਸ਼ਰਨ ਵਾਲੀ ਭਾਸ਼ਾ ਵਿਚ ਬੜੇ ਨਾਟਕੀ ਅੰਦਾਜ ਵਿਚ ਕਿਹਾ: ‘ਮੈਂ ਤੁਹਾਡੇ ਸਭ ਦੀਆਂ ਦੇਸ਼ ਦੀ ਸੁਰੱਖਿਆ ਤੇ ਪੰਜਾਬ ਵਿਚ ਵਧ ਰਹੀ ਹਿੰਸਾ ਪ੍ਰਤੀ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਤੇ ਸਾਨੂੰ ਬਦੀ ਦੀ ਜੜ੍ਹ ਨੂੰ ਸ਼ੁਰੂ ਵਿਚ ਹੀ ਨੱਪ ਦੇਣਾ ਚਾਹੀਦਾ ਹੈ ਪਰ ਸੰਤ ਆਪਣੇ ਹਥਿਆਰਬੰਦ ਸਾਥੀਆਂ ਨਾਲ ਬੜੇ ਲੜਾਕੂ ਰੌਂਅ ਵਿਚ ਹੈ, ਉਸ ਨੂੰ ਦੇਸ਼ ਦੀ ਰਾਜਧਾਨੀ ਵਿਚ ਸੜਕਾਂ ‘ਤੇ ਗ੍ਰਿਫਤਾਰ ਕਰਨ ਨਾਲ ਖੂਨ-ਖਰਾਬਾ ਹੋ ਸਕਦਾ ਹੈ, ਜਿਸ ਦੇ ਛਿੱਟੇ ਨਾ ਸਿਰਫ ਦਿੱਲੀ ਦੀਆਂ ਗਲੀਆਂ ਵਿਚ ਪੈਣਗੇ ਸਗੋਂ ਮੈਡਮ ਗਾਂਧੀ ਦੇ ਪਾਕ ਦਾਮਨ ਨੂੰ ਵੀ ਦਾਗਦਾਰ ਕਰਨਗੇ। ਸਾਨੂੰ ਇਸ ਬਾਰੇ ਕੁਝ ਹੋਰ ਸੋਚਣਾ ਚਾਹੀਦਾ ਹੈ। ‘ਪਿਆਰੇ ਮਿੱਤਰੋ`, ਸਾਨੂੰ ਅਜਿਹਾ ਹੋਣ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ।` ਦਿੱਲੀ ਦੇ ਦਫਤਰਾਂ ਵਿਚ ਬੈਠੇ ਉਨ੍ਹਾਂ ‘ਬਾਬੂਆਂ` ਨੂੰ ਕੀ ਪਤਾ ਸੀ ਕਿ ਗਿਆਨੀ ਜੀ, ਆਪਣੇ ਸ਼ਰੀਕ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਆਉਣ ਵਾਲੇ ਦਿਨਾਂ ਵਿਚ ਮਘਦੇ ਅੰਗਿਆਰਾਂ ‘ਤੇ ਤੜਫਦਾ ਦੇਖਣ ਲਈ ਆਪਣੀ ‘ਵਿਸਾਤ` ਵਿਛਾ ਰਹੇ ਸਨ!
ਦਲ ਖਾਲਸਾ ਨੇ ਆਪਣੀ ਧਮਕੀ ਨੂੰ ਅਮਲੀ ਰੂਪ ਦਿੰਦਿਆਂ 25-26 ਅਪਰੈਲ ਦੀ ਰਾਤ ਨੂੰ ਅੰਮ੍ਰਿਤਸਰ ਵਿਚ ਕਾਲੀ ਮਾਤਾ ਦੇ ਮੰਦਰਾਂ ਵਿਚ ਗਾਵਾਂ ਦੇ ਸਿਰ ਵੱਢ ਕੇ ਟੰਗ ਦਿੱਤੇ ਜਿਸ ਦੀ ਜ਼ਿੰਮੇਵਾਰੀ ਦਲ ਖਾਲਸਾ ਦੇ ਪੰਚ ਜਸਵੰਤ ਸਿੰਘ ਠੇਕੇਦਾਰ ਨੇ ਲਈ (ਜੋ ਅੱਜ ਕੱਲ੍ਹ ਇੰਗਲੈਂਡ ਵਿਚ ਰਹਿੰਦਾ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਮੋਦੀ ਕਿਆਂ ਦੀ ਕਿਰਪਾ ਨਾਲ ਵਤਨ ਯਾਤਰਾ ਵੀ ਕਰ ਆਇਆ ਹੈ)। ਅੰਮ੍ਰਿਤਸਰ ਵਿਚ ਇੱਕਦਮ ਤਣਾਅ ਵਧ ਗਿਆ। ਇਸ ਘਟਨਾ ਨਾਲ ਹਿੰਦੂ ਭਾਈਚਾਰਾ ਪੂਰੀ ਤਰ੍ਹਾਂ ਭੜਕ ਉਠਿਆ। ਫਿਰ ਗਿਆਨੀ ਜ਼ੈਲ ਸਿੰਘ ਸਿੰਘ ਤੁਰੰਤ ਸਥਿਤੀ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਪਹੁੰਚੇ। ਇਸ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਦਿੱਲੀ ਪਹੁੰਚ ਕੇ ਅਖੀਰ ਉਸ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਦਲ ਖਾਲਸਾ ‘ਤੇ ਪਾਬੰਦੀ ਲਗਾਉਣੀ ਪਈ ਪਰ ਤੀਰ ਉਦੋਂ ਤੱਕ ਕਮਾਨ ਵਿਚੋਂ ਨਿਕਲ ਚੁੱਕਾ ਸੀ। ਅਗਲੇ ਦਿਨੀਂ ਵਾਪਰੇ ਪੱਟੀ ਕਾਂਡ ਵਿਚ ਕੁਲਵੰਤ ਸਿੰਘ ਨਾਗੋਕੇ, ਸੁਖਦੇਵ ਸਿੰਘ ਬੱਬਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੱਟੀ (ਅੰਮ੍ਰਿਤਸਰ) ਦੇ ਬਾਜ਼ਾਰ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਚਾਰ ਗਰੀਬ ਹਿੰਦੂਆਂ ਦੀ ਹੱਤਿਆ ਕਰ ਦਿੱਤੀ। ਇਹ ਉਹ ਸਮਾਂ ਸੀ ਜਦੋਂ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਅਤੇ ਆਮ ਲੋਕ ਪੰਜਾਬ ਵਿਚ ਵਧ ਰਹੀ ਹਿੰਸਾ ਤੋਂ ਚਿੰਤਤ ਹੋ ਰਹੇ ਸਨ। ਗਰੇਵਾਲ ਅਨੁਸਾਰ ਇਸੇ ਸਮੇਂ ਦੌਰਾਨ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਤੇਜਿੰਦਰ ਖੰਨਾ ਨੇ ਕਿਹਾ ਕਿ ਸੰਤ ਨੂੰ ਐਨ.ਐਸ.ਏ. ਲਗਾ ਕੇ ਅੰਦਰ ਕੀਤਾ ਜਾਵੇ (ਸੰਤ ਆਪਣੇ ਹਥਿਆਰਬੰਦ ਸਾਥੀਆਂ ਨਾਲ ਉਸ ਸਮੇਂ ਅਜੇ ਦਿੱਲੀ ਵਿਚ ਹੀ ਸੀ)। ਉਹ ਪੰਜਾਬ ਸਰਕਾਰ ਦੀ ਹਦਾਇਤ ‘ਤੇ ਇੱਕ ਪ੍ਰੋਸਤਾਵ ਬਣਾ ਕੇ 6 ਮਈ, 1982 ਨੂੰ ਕਾਨੂੰਨ ਮੰਤਰਾਲੇ ਕੋਲ ਗਿਆ। ਜੁਆਇੰਟ ਸੈਕਟਰੀ ਪੀ. ਕੇ. ਕਾਰਥਾ ਨੇ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ ਸੰਤ ਨੂੰ ਗ੍ਰਿਫਤਾਰ ਕਰਨ ਲਈ ਹਾਂ ਕਰ ਦਿੱਤੀ। ਖੰਨੇ ਨੂੰ ਇਸ ਗੱਲ ‘ਤੇ ਬੜੀ ਤਸੱਲੀ ਹੋਈ ਪਰ ਇਹ ਬਹੁਤਾ ਚਿਰ ਰਹਿਣ ਵਾਲੀ ਨਹੀਂ ਸੀ। ਅਚਾਨਕ ਹੀ ਸੰਤ ਭਿੰਡਰਾਂਵਾਲੇ ਮੁੰਬਈ ਵਿਚ ਸੰਗਤਾਂ ਨੂੰ ਆਪਣੇ ਪ੍ਰਵਚਨ ਸੁਣਾ ਰਹੇ ਸਨ। ਤੇਜਿੰਦਰ ਖੰਨਾ ਤੇ ਉਸ ਦੇ ਬੌਸ ਦਰਬਾਰਾ ਸਿੰਘ ਨੂੰ ਰਾਹਤ ਪਹੁੰਚਾਉਣ ਲਈ ਪਹਿਲੀ ਅਤੇ ਆਖਰੀ ਕੋਸ਼ਿਸ਼ ਵਜੋਂ ਹੋਮ ਸੈਕਟਰੀ ਬੀ.ਕੇ. ਚਤੁਰਵੇਦੀ ਨੇ ‘ਗਿਆਨੀ ਜੀ ਤੋਂ ਚੋਰੀ-ਚੋਰੀ` ਮਹਾਰਾਸ਼ਟਰ ਦੇ ਚੀਫ ਸੈਕਟਰੀ ਤੇ ਮੁੰਬਈ ਦੇ ਪੁਲਿਸ ਕਮਿਸ਼ਨਰ ਜੂਲੀਓ ਐਫ. ਰਿਬੇਰੋ ਨੂੰ ਦਿੱਲੀ ਬੁਲਾ ਲਿਆ ਤਾਂ ਕਿ ਸੰਤ ਨੂੰ ਹੁਣ ਮੁੰਬਈ ਦੌਰੇ ਦੌਰਾਨ ਗ੍ਰਿਫਤਾਰ ਕੀਤਾ ਜਾ ਸਕੇ। ਉਹ ਸੰਤ ਨੂੰ ਬੰਬਈ ਦੇ ਦਾਦਰ ਗੁਰਦੁਆਰੇ ਤੋਂ ਗ੍ਰਿਫਤਾਰ ਕਰਨਾ ਚਾਹੁੰਦੇ ਸਨ ਪਰ ਗੁਰਦੁਆਰੇ ਵਿਚ ਕਿਸੇ ਤਰ੍ਹਾਂ ਦੇ ਖੂਨ-ਖਰਾਬੇ ਦੇ ਡਰੋਂ, ਫਿਰ ਸੰਤ ਨੂੰ ਮੁੰਬਈ ਤੋਂ ਵਾਪਸੀ ਮੌਕੇ ਨਾਸਿਕ ਦੇ ਰਸਤੇ ਵਿਚੋਂ ਗ੍ਰਿਫਤਾਰ ਕਰਨ ਦਾ ਪਲਾਨ ਬਣਿਆ, ਕਿਉਂਕਿ ਉਨ੍ਹਾਂ ਕੋਲ ਜਾਣਕਾਰੀ ਸੀ ਕਿ ਸੰਤ 10 ਮਈ ਨੂੰ ਨਾਸਿਕ ਦੇ ਰਸਤੇ ਵਾਪਸ ਜਾ ਰਿਹਾ ਹੈ। ਗਰੇਵਾਲ ਕਹਿੰਦਾ ਕਿ ਮੇਰੇ ਤਾਂ ਦੰਦ ਜੁੜੇ ਰਹਿ ਗਏ, ਮੇਰਾ ਸਾਹ ਰੁਕ ਗਿਆ, ਸਾਡੀ ਸਾਰੀ ਕੀਤੀ ‘ਤੇ ਪਾਣੀ ਫਿਰ ਗਿਆ ਸੀ, ਜਦੋਂ ਮੈਂ ਸੁਣਿਆ ਕਿ ਸੰਤ ਤਾਂ 9 ਮਈ ਨੂੰ ਆਪਣੇ ਹੈਡਕੁਆਰਟਰ ਮਹਿਤੇ ਪਹੁੰਚ ਚੁੱਕਾ ਸੀ। ਬਾਅਦ ਵਿਚ ਪਤਾ ਲੱਗਾ ਕਿ ਗ੍ਰਹਿ ਮੰਤਰਾਲੇ ਦੇ ਕਿਸੇ ਨੇੜਲੇ ਗੁਪਤ ਸੂਤਰ ਨੇ ਉਸ ‘ਗੁਸੈਲ਼ ਫਰਿਸ਼ਤੇ` ਨੂੰ ਸੰਭਾਵੀ ਗ੍ਰਿਫਤਾਰੀ ਦੀ ਅਗਾਊਂ ਜਾਣਕਾਰੀ ਦੇ ਦਿੱਤੀ ਸੀ ਤਾਂ ਕਿ ਉਹ ਸੁਰੱਖਿਅਤ ਪੰਜਾਬ ਪਹੁੰਚ ਸਕੇ।
ਜੂਲੀਓ ਰਿਬੇਰੋ ਦੀ ਕਿਤਾਬ ‘ਬੁਲਿਟ ਫਾਰ ਬੁਲਿਟ` ਅਨੁਸਾਰ, ਇਸ ਤੋਂ ਪਹਿਲਾਂ ਕਿ ਅਸੀਂ ਸੰਤ ਨੂੰ ਗ੍ਰਿਫਤਾਰ ਕਰਦੇ, ‘ਉਪਰੋਂ` ਕਿਸੇ ਨੇ ਪਹਿਲਾਂ ਹੀ ਜਾਣਕਾਰੀ ਸੰਤ ਤੱਕ ਪਹੁੰਚਾ ਕੇ ਇੱਕ ਵਾਰ ਫਿਰ ਉਸ ਨੂੰ ਸੁਰੱਖਿਅਤ ਪੰਜਾਬ ਤੱਕ ਪਹੁੰਚਾ ਦਿੱਤਾ ਸੀ। ਖੁਫੀਆ ਏਜੰਸੀ ਆਈ.ਬੀ. ਦੇ ਜੁਆਇੰਟ ਡਾਇਰੈਕਟਰ ਐਮ.ਕੇ. ਧਰ ਆਪਣੀ ਕਿਤਾਬ ‘ਖੁੱਲ੍ਹੇ ਭੇਤ` ਵਿਚ ਪੰਨਾ 292 ‘ਤੇ ਆਪਣੀ ਦਿੱਲੀ ਵਿਚ ਤਾਇਨਾਤੀ ਦੌਰਾਨ ਗਿਆਨੀ ਜ਼ੈਲ ਸਿੰਘ ਦੇ ਸੰਤ ਨਾਲ ਸਹਿਚਾਰ ਦਾ ਜ਼ਿਕਰ ਕਰਦੇ ਹੋਏ, ਸੰਤ ਦੇ ਇਸੇ ਦੌਰੇ ਬਾਰੇ ਲਿਖਦੇ ਹਨ: ‘ਬੇਸ਼ਕ ਮੈਨੂੰ ਉਸ ਦੀ (ਜ਼ੈਲ ਸਿੰਘ) ਪੇਂਡੂ ਸਾਦਗੀ ਨੇ ਮੋਹ ਲਿਆ ਸੀ ਪਰ ਮੈਂ ਪੂਰੀ ਤਰ੍ਹਾਂ ਸੁਚੇਤ ਸੀ ਕਿ ਉਹਦੀ ਖਲੜੀ ਹੇਠ ‘ਸ਼ੈਤਾਨ ਸਿਆਸੀ ਪੈਂਤੜੇਬਾਜ਼` ਲੁਕਿਆ ਹੋਇਆ ਸੀ। ਉਸ ਦੇ ਚਰਿੱਤਰ ਦਾ ਹਨੇਰਾ ਪੱਖ ਉਸ ਰਾਤ ਸਾਡੇ ਸੂਤਰਾਂ ਨੇ ਕੈਮਰੇ ਵਿਚ ਕੈਦ ਕਰ ਲਿਆ ਸੀ, ਜਦੋਂ ਉਹ ਬੰਗਲਾ ਸਾਹਿਬ ਗੁਰਦੁਆਰੇ ਦੇ ਇੱਕ ਕਮਰੇ ਵਿਚ ਚੋਰੀਓਂ ਸੰਤ ਜਰਨੈਲ ਸਿੰਘ ਨਾਲ ਇੱਕ ਘੰਟਾ ਮੀਟਿੰਗ ਕਰਦਾ ਰਿਹਾ ਸੀ। ਦਿੱਲੀ ਵਿਚ ਕਿਸੇ ਦੇ ਚਿਤ-ਚੇਤੇ ਵੀ ਨਹੀ ਸੀ ਕਿ ਦੇਸ਼ ਦਾ ਗ੍ਰਹਿ ਮੰਤਰੀ ਕਿਸੇ ਛੋਟੀ ਜਿਹੀ ਧਾਰਮਿਕ ਸੰਸਥਾ ਦੇ ਪ੍ਰਚਾਰਕ ਅੱਗੇ ਮੱਥਾ ਟੇਕ ਕੇ ਮੁਲਕ ਦੀ ਸੁਰੱਖਿਆ ਨਾਲ ਸਮਝੌਤਾ ਕਰੇਗਾ।’
ਸਿੱਖ ਵਿਦਵਾਨ ਅਜਮੇਰ ਸਿੰਘ ਦੀ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨਤੀ: ਇੱਕ ਗੁਲਾਮੀ ਤੋਂ ਦੂਜੀ ਗੁਲਾਮੀ` ਦੇ ਪੰਨਾ 359 ਅਨੁਸਾਰ: ‘ਸੰਤ ਨੂੰ ਵੇਲੇ ਸਿਰ ਸੂਚਨਾ ਮਿਲ ਜਾਣ ਕਰਕੇ ਪੰਜਾਬ ਸਰਕਾਰ ਦੀ ਉਸ ਨੂੰ ਪੰਜਾਬ ਤੋਂ ਬਾਹਰ ਗ੍ਰਿਫਤਾਰ ਕਰਨ ਦੀ ਯੋਜਨਾ ਸਿਰੇ ਨਾ ਚੜ੍ਹ ਸਕੀ। ਸੰਤ ਜੀ ਗੁਪਤ ਤਰੀਕਿਆਂ ਰਾਹੀਂ ਸੁਰੱਖਿਅਤ ਗੁਰੂ ਨਾਨਕ ਨਿਵਾਸ, ਦਰਬਾਰ ਸਾਹਿਬ (ਚੌਕ ਮਹਿਤਾ ਨਹੀਂ?) ਵਿਖੇ ਪਹੁੰਚ ਚੁੱਕੇ ਸਨ।`
ਪੰਜਾਬ ਪਹੁੰਚਣ ਤੋਂ ਬਾਅਦ ਸੰਤ ਦੀ ਪੂਰੀ ਚੜ੍ਹਤ ਹੋ ਚੁੱਕੀ ਸੀ। ਇਸ ਤੋਂ ਬਾਅਦ ਹਿੰਸਾ ਦੇ ਉਸ ਦੌਰ ਦੀ ਸ਼ੁਰੂਆਤ ਹੋ ਗਈ ਜਿਸ ਲਈ ਪਿਛਲੇ ਕੁਝ ਸਾਲਾਂ ਤੋਂ ਤਿਆਰੀ ਹੋ ਰਹੀ ਸੀ। ਇਥੇ ਗੁਰਦੇਵ ਸਿੰਘ ਗਰੇਵਾਲ਼ ਦੀ ਇਸੇ ਕਿਤਾਬ ਦੇ ਪੰਨਾ 197 ‘ਤੇ ਦਰਜ ਇੱਕ ਕਿੱਸਾ ਸਾਂਝਾ ਕਰਦੇ ਹਾਂ ਜਿਸ ਵਿਚ ਉਹ ਦੱਸਦੇ ਹਨ ਕਿ ਜਦੋਂ ਉਹ ਪਟਨੇ (ਬਿਹਾਰ) ਤਾਇਨਾਤ ਸੀ ਤਾਂ 1987 ਵਿਚ ਇੱਕ ਦਿਨ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਦਾ ਸੈਕਟਰੀ ਮਨਮੋਹਨ ਸਿੰਘ (ਜੋ ਮੇਰਾ ਵਿਦਿਆਰਥੀ ਵੀ ਸੀ ਤੇ ਕਿਸੇ ਮੀਟਿੰਗ ਲਈ ਉਥੇ ਆਇਆ ਸੀ) ਮਿਲਣ ਘਰ ਆਇਆ ਤਾਂ 1984 ਤੋਂ ਪਹਿਲੇ ਦੌਰ ਦੀ ਚੱਲ ਰਹੀ ਗੱਲਬਾਤ ਦੌਰਾਨ ਅਚਾਨਕ ਉਸ ਨੇ ਦੱਸਿਆ: ‘ਅਪਰੈਲ, 1982 ਵਿਚ ਅੰਮ੍ਰਿਤਸਰ ਦੇ ਕਾਲੀ ਮਾਤਾ ਦੇ ਮੰਦਰ ਵਿਚ ‘ਗਾਵਾਂ ਦੇ ਸਿਰ` ਵੱਢ ਕੇ ਸੁੱਟਣ ਵਾਲਾ ‘ਕੌਤਕ` ਤਾਂ ਅਸੀਂ ਖੁਦ ਕਰਾਇਆ ਸੀ। ਮੈਂ ਉਸ ਦੀ ਇਹ ਗੱਲ ਸੁਣ ਕੇ ਤ੍ਰਭਕ ਕੇ ਉਸ ਵੱਲ ਦੇਖਣ ਲੱਗਾ ਤੇ ਕਿੰਨਾ ਚਿਰ ਕੁਝ ਬੋਲਿਆ ਨਾ, ਉਸ ਨੂੰ ਮੇਰੇ ਭਾਵਾਂ ਦਾ ਪਤਾ ਲੱਗਾ ਜਾਂ ਨਾ, ਪਰ ਉਹ ਆਪਣੀ ਘੜੀ ਦੇਖਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਕਿਤੇ ਜਾਣਾ ਹੈ, ਫਿਰ ਉਸ ਤੋਂ ਬਾਅਦ ਉਹ ਕੁਝ ਸਮਾਂ ਕੁਝ ਨਾ ਬੋਲਿਆ ਤੇ ਇਹ ਕਹਿੰਦਿਆਂ ਤੁਰ ਗਿਆ ਕਿ ਉਸ ਦੀ ਤਾਂ ਮੀਟਿੰਗ ਦਾ ਸਮਾਂ ਹੋ ਗਿਆ ਹੈ।`
ਪੰਜਾਬ ਦੀ ਇਸ ਤ੍ਰਾਸਦਿਕ ਹੋਣੀ ਦਾ ਅਗਲਾ ਪੜਾਅ ਦਸੰਬਰ, 1982 ਦੀਆਂ ਏਸ਼ੀਆਈ ਖੇਡਾਂ ਮੌਕੇ ਉਸ ਵਕਤ ਆਇਆ, ਜਦੋਂ ਗਿਆਨੀ ਜੀ ਦੇ ‘ਗੁਰਭਾਈ` ਤੇ ਇਸ ਸਾਰੇ ਕਥਾਨਕ ਦੇ ਇੱਕ ਹੋਰ ‘ਮਹਾਂ ਖਲਨਾਇਕ`, ਹਰਿਆਣੇ ਦੇ ਮੁਖ ਮੰਤਰੀ ਭਜਨ ਲਾਲ ਨੇ ਦਿੱਲੀ ਜਾ ਰਹੇ ਸਿੱਖਾਂ ਨੂੰ ਖਾਹ-ਮਖਾਹ ਬੇਇੱਜ਼ਤ ਕਰਕੇ ਸੰਤ ਭਿੰਡਰਾਂਵਾਲੇ ਨੂੰ ਨਵੇਂ ਭੜਕਾਊ ਪ੍ਰਵਚਨਾਂ ਲਈ ਮਸਾਲਾ ਦੇ ਦਿੱਤਾ। ਹੁਣ ਜਨਵਰੀ, 1983 ਚੜ੍ਹਦਿਆਂ ਹੀ ਅਕਾਲੀ ਦਲ ਨੇ ਪਾਰਲੀਮੈਂਟ ਮੈਂਬਰਾਂ ਨੂੰ ਅਸਤੀਫੇ ਦੇਣ ਦਾ ਸੱਦਾ ਦੇ ਦਿੱਤਾ। ਉਸ ਸਮੇਂ ਦੇ ਹਾਲਾਤ ਦੀ ਪੁਖਤਾ ਗਵਾਹੀ ਸੰਤਾਂ ਦਾ ਨਜ਼ਦੀਕੀ ਰਿਹਾ ਪੱਤਰਕਾਰ ਜਗਤਾਰ ਸਿੰਘ ਆਪਣੀ ਕਿਤਾਬ ‘ਖਾਲਿਸਤਾਨ ਸਟਰਗਲ’ ਦੇ ਪੰਨਾ 109 ‘ਤੇ ਚੈਪਟਰ ‘ਕਾਲ ਫਾਰ ਆਰਮਡ ਸਟਰਗਲ’ ਵਿਚ ਇਵੇਂ ਦੇ ਰਿਹਾ ਹੈ: ‘ਜਿਥੇ ਅਕਾਲੀ ਪੰਜਾਬ ਵਿਚ ਸ਼ਾਂਤੀ ਬਣਾਈ ਰੱਖਣ ਅਤੇ ਜਮਹੂਰੀ ਢੰਗ ਨਾਲ ਮੰਗਾਂ ਦੀ ਪ੍ਰਾਪਤੀ ਲਈ ‘ਧਰਮ ਯੁੱਧ ਮੋਰਚਾ` ਜਾਰੀ ਰੱਖਣ ਲਈ ਦ੍ਰਿੜ ਸਨ; ਉਥੇ ਸੰਤ, ਨੌਜਵਾਨਾਂ ਨੂੰ ਹਥਿਆਰ ਅਤੇ ਮੋਟਰ ਸਾਈਕਲ ਰੱਖਣ ਦੀ ਕਾਲ ਦੇ ਰਿਹਾ ਸੀ ਕਿ ਹੁਣ ਵੱਡੀ ਲੜਾਈ ਲਈ ਤਿਆਰ ਹੋਣ ਦੀ ਲੋੜ ਹੈ। ਉਸ ਵਕਤ ਪੰਜਾਬ (ਦਰਬਾਰ ਸਾਹਿਬ) ਵਿਚ ਧੜਾ-ਧੜ ਹਥਿਆਰ ਆਉਣੇ ਸ਼ੁਰੂ ਹੋ ਗਏ ਸਨ ਪਰ ਸੈਂਟਰ ਸਰਕਾਰ ਕੋਈ ਐਕਸ਼ਨ ਲੈਣ ਲਈ ਤਿਆਰ ਨਹੀਂ ਸੀ।` ਇਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਸ਼ਾਂਤਮਈ ਚੱਲ ਰਹੇ ਸੰਘਰਸ਼ ਵਿਚ ਉਸ ਸਮੇਂ ਅਜਿਹੀ ਕਿਹੜੀ ਵੱਡੀ ਲੋੜ ਬਣ ਗਈ ਸੀ ਕਿ ਹਥਿਆਰਾਂ ਤੋਂ ਬਿਨਾ ਸੰਘਰਸ਼ ਲੜਿਆ ਨਹੀਂ ਜਾ ਸਕਦਾ ਸੀ? ਕੀ ਮੋਰਚੇ ਦੇ ਸੰਚਾਲਕਾਂ ਨੇ ਹੱਥ ਖੜ੍ਹੇ ਕਰ ਦਿੱਤੇ ਸਨ ਕਿ ਅਸੀਂ ਸ਼ਾਂਤਮਈ ਸੰਘਰਸ਼ ਜਿੱਤ ਨਹੀਂ ਸਕਦੇ ਤੇ ਅਗਲਾ ਸੰਘਰਸ਼ ਹਥਿਆਰਾਂ ਤੋਂ ਬਿਨਾ ਲੜਿਆ ਨਹੀਂ ਜਾਣਾ? ਕੀ ਲੀਡਰਸ਼ਿਪ ਨੂੰ ਇਹ ਸੋਚਣਾ ਨਹੀਂ ਬਣਦਾ ਸੀ ਕਿ ਇਹ ਹਥਿਆਰ ਕਿੱਥੋਂ ਆ ਰਹੇ ਹਨ ਤੇ ਦਰਬਾਰ ਸਾਹਿਬ ਅੰਦਰ ਹੀ ਕਿਉਂ ਆ ਰਹੇ ਹਨ? ਕੀ ਇਹ ਸਭ ਸਰਕਾਰ, ਪੁਲਿਸ ਪ੍ਰਸ਼ਾਸਨ, ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਦੀ ਸਹਿਮਤੀ ਤੋਂ ਬਿਨਾ ਸੰਭਵ ਹੋ ਸਕਦਾ ਸੀ?
ਇਥੇ ਗੁਰਦੇਵ ਸਿੰਘ ਗਰੇਵਾਲ ਦੀ ਕਿਤਾਬ ‘ਦਿ ਸਰਚਿੰਗ ਆਈ: ਐਨ ਇਨਸਾਈਡਰ ਲੁੱਕਸ ਐਟ ਪੰਜਾਬ ਕਰਾਈਸਿਸ’ ਦੇ ਚੈਪਟਰ ‘ਖਾਲਿਸਤਾਨ` ਦੇ ਪੰਨਾ 157-58 ਦਾ ਇੱਕ ਇੰਕਸ਼ਾਫ ਸਾਂਝਾ ਕਰਨਾ ਵੀ ਜ਼ਰੂਰੀ ਹੈ, ਜਿਸ ਅਨੁਸਾਰ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਆਪਣੇ ਧੜੇ ਵਲੋਂ 13 ਅਪਰੈਲ, 1982 ਨੂੰ ਸਿੱਖ ਕਨਵੈਨਸ਼ਨ ਕਰਨ ਦਾ ਐਲਾਨ ਕੀਤਾ। ਉਸ ਦੇ ਬੁਲਾਰੇ ਰਣਧੀਰ ਸਿੰਘ ਚੀਮਾ ਨੇ 10 ਅਪਰੈਲ ਨੂੰ ਐਲਾਨ ਕੀਤਾ ਕਿ ਇਸ ਕਨਵੈਨਸ਼ਨ ਵਿਚ ਜਾਮਾ ਮਸਜਿਦ ਦਾ ਸ਼ਾਹੀ ਇਮਾਮ ਅਤੇ ਅਮਰੀਕਾ ਤੋਂ ਖਾਲਿਸਤਾਨੀ ਲੀਡਰ ਗੰਗਾ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚ ਰਹੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਮਾਰਕ ਤੁਲੀ ਅਤੇ ਜੀ.ਬੀ. ਸਿੱਧੂ ਦੀਆਂ ਕਿਤਾਬਾਂ ਮੁਤਾਬਿਕ, ਜ਼ੈਲ ਸਿੰਘ ਜਿਥੇ ਇੱਕ ਪਾਸੇ ਭਿੰਡਰਾਂਵਾਲੇ ਤੇ ਦਲ ਖਾਲਸਾ ਰਾਹੀਂ ਕੱਟੜਵਾਦ ਤੇ ਖਾੜਕੂਵਾਦ ਅਤੇ ਚੌਹਾਨ, ਢਿੱਲੋਂ ਵਰਗਿਆਂ ਰਾਹੀਂ ਖਾਲਿਸਤਾਨ ਨੂੰ ਉਭਾਰ ਰਿਹਾ ਸੀ; ਉਥੇ ਤਲਵੰਡੀ ਤੇ ਟੌਹੜਾ ਨੂੰ ਵੀ ਬਾਦਲ ਦੀ ਅਕਾਲੀ ਸਰਕਾਰ ਡੇਗਣ ਲਈ ਸ਼ਹਿ ਦੇ ਰਿਹਾ ਸੀ। ਜਥੇਦਾਰ ਤਲਵੰਡੀ ਤੇ ਜਥੇਦਾਰ ਟੌਹੜਾ ਨੇ ਹੀ 1978 ਦੇ ਸਿੱਖ-ਨਿਰੰਕਾਰੀ ਕਤਲ ਕਾਂਡ ਵਿਚ ਬਾਦਲ ਸਰਕਾਰ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਗਵਰਨਰ ਨੂੰ ਬਾਦਲ ਸਰਕਾਰ ਭੰਗ ਕਰਨ ਦਾ ਮੰਗ ਪੱਤਰ ਦਿੱਤਾ ਸੀ। ਇੱਕ ਪਾਸੇ ਜਿੱਥੇ ਦਰਬਾਰਾ ਸਿੰਘ, ਢਿੱਲੋਂ ਨੂੰ ਰੋਕਣ ਲਈ ਯਤਨ ਕਰ ਰਿਹਾ ਸੀ, ਦੂਜੇ ਪਾਸੇ ਗਿਆਨੀ ਜ਼ੈਲ ਸਿੰਘ ਸਾਰਾ ਜ਼ੋਰ ਲਗਾ ਰਿਹਾ ਸੀ ਕਿ ਢਿੱਲੋਂ ਕਿਸੇ ਢੰਗ ਨਾਲ ਭਾਰਤ ਦਾਖਲ ਹੋ ਜਾਵੇ। ਇਸ ਕਿਤਾਬ ਦੇ ਲੇਖਕ ਗੁਰਦੇਵ ਸਿੰਘ ਗਰੇਵਾਲ (ਜੋ ਉਸ ਵਕਤ ਗ੍ਰਹਿ ਮੰਤਰਾਲੇ ਵਿਚ ਜੁਆਇੰਟ ਸੈਕਟਰੀ ਸੀ) ਅਨੁਸਾਰ, ‘ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਕੈਬਨਿਟ ਸੈਕਟਰੀ ਬੀ.ਕੇ. ਚਤੁਰਵੇਦੀ ਨਾਲ਼ ਢਿੱਲੋਂ ਦੇ ਭਾਰਤ ਦਾਖਲੇ ਨੂੰ ਰੋਕਣ ਬਾਰੇ ਗੱਲ ਕੀਤੀ ਤਾਂ ਉਹ ਮੇਰੇ ਨਾਲ ਸਹਿਮਤ ਹੋ ਗਿਆ। ਜਦੋਂ ਢਿੱਲੋਂ ਦਿੱਲੀ ਏਅਰਪੋਰਟ ‘ਤੇ ਪਹੁੰਚਿਆ ਤਾਂ ਮੇਰੀਆਂ ਹਦਾਇਤਾਂ ‘ਤੇ ਦਿੱਲੀ ਦੇ ਕਮਿਸ਼ਨਰ ਬਜਰੰਗ ਲਾਲ ਨੇ ਆਪਣੀ ਫੋਰਸ ਨਾਲ ਏਅਰਪੋਰਟ ਪਹੁੰਚ ਕੇ ਢਿੱਲੋਂ ਨੂੰ ਭਾਰਤ ਵਿਚ ਐਂਟਰੀ ਨਾ ਦਿੱਤੀ ਕਿ ਉਸ ਦਾ ਨਾਮ ਬਲੈਕ ਲਿਸਟ ਵਿਚ ਹੈ ਤੇ ਉਹ ਅਮਰੀਕਾ ਵਿਚ ਭਾਰਤ ਵਿਰੋਧੀ ਗਤੀ-ਵਿਧੀਆਂ ਕਰ ਰਿਹਾ ਹੈ। ਇਸੇ ਘਟਨਾਕ੍ਰਮ ਬਾਰੇ ਉਘੇ ਪੱਤਰਕਾਰ ਸਤਿੰਦਰਾ ਸਿੰਘ ਨੇ ਆਪਣੀ ਕਿਤਾਬ ‘ਖਾਲਿਸਤਾਨ: ਐਨ ਅਕੈਡਮਿਕ ਅਨੈਲਸਿਸ’ ਵਿਚ ਵੀ ਸੰਕੇਤ ਕੀਤੇ ਹੋਏ ਹਨ। ਗਰੇਵਾਲ ਅੱਗੇ ਲਿਖਦਾ ਹੈ ਕਿ ਜਦੋਂ ਢਿੱਲੋਂ ਨੂੰ ਵਾਪਿਸ ਭੇਜਿਆ ਜਾਣਾ ਸੀ ਤਾਂ ਸਾਡੇ ਅਧਿਕਾਰੀ ਦੇ ਦੱਸਣ ਅਨੁਸਾਰ, ਉਹ ਉਸ ਦੇ ਮੂੰਹੋਂ ਇਹ ਸੁਣ ਕੇ ਹੈਰਾਨ ਰਹਿ ਗਏ: ‘ਮੈਨੂੰ ਵਾਪਿਸ ਕਿਉਂ ਭੇਜ ਰਹੇ ਹੋ, ਜੋ ਗੇਮ (ਖਾਲਿਸਤਾਨ) ਤੁਸੀਂ ਖੇਡ ਰਹੇ ਹੋ, ਉਹੀ ਮੈਂ ਖੇਡ ਰਿਹਾ ਹਾਂ?` ਗੁਰਦੇਵ ਗਰੇਵਾਲ ਅਨੁਸਾਰ, ਬਾਅਦ ਵਿਚ ਜਦੋਂ ਮੈਂ ਬਿਹਾਰ ਵਿਚ ਤਾਇਨਾਤ ਸੀ ਤਾਂ ਇੱਕ ਦਿਨ ਜੂਨ, 1986 ਵਿਚ ਆਈ.ਏ.ਐਸ. ਅਧਿਕਾਰੀ ਸਤਿਆ ਨਰਾਇਣ ਰਾਏ ਮੇਰੇ ਕੋਲ ਆਇਆ ਤਾਂ ਬੈਠਿਆਂ 1984 ਬਾਰੇ ਗੱਲਾਂ ਚੱਲ ਪਈਆਂ ਤਾਂ ਕਹਿੰਦਾ ਕਿ 1982 ਵਿਚ ਉਹ ਅਮਰੀਕਾ ਵਿਚ ਅੰਡਰ ਕਵਰ ਏਜੰਟ ਦੇ ਤੌਰ ‘ਤੇ ਕਿਸੇ ਮਿਸ਼ਨ ‘ਤੇ ਗਿਆ ਸੀ। ਉਥੇ ਆਪਣੇ ਕੰਮ ਲਈ ਇੱਕ ਸੂਤਰ (ਗੰਗਾ ਸਿੰਘ ਢਿੱਲੋਂ) ਵਿਕਸਤ ਕੀਤਾ, ਉਸ ਨੂੰ ਏਜੰਟ ਬਣਾਇਆ, ਉਸ ਨੂੰ ਫੰਡਿਗ ਕੀਤੀ, ਉਸ ਦੀ ਭਾਰਤ ਵਿਚ ਸਪੈਸ਼ਲ ਵੀਜ਼ੇ ‘ਤੇ ਯਾਤਰਾ ਦਾ ਪ੍ਰਬੰਧ ਕੀਤਾ। ‘ਦਿੱਲੀ ਵਿਚ ਬੈਠੇ ਇੱਕ ਬੇਵਕੂਫ ਜੁਆਇੰਟ ਸੈਕਟਰੀ ਨੇ ਮੇਰੇ ਸਾਰੇ ਹਾਰਡ ਵਰਕ ਦਾ ਭੱਠਾ ਬਿਠਾ ਦਿੱਤਾ। ਮੈਂ ਸੁਣ ਕੇ ਕਿਹਾ, ਜਾਣਨਾ ਚਾਹੇਂਗਾ ਕਿ ਉਹ ਬੇਵਕੂਫ ਸੈਕਟਰੀ ਮੈਂ ਹੀ ਸੀ ਜਿਸ ਨੇ ਗੰਗਾ ਸਿੰਘ ਢਿੱਲੋਂ ਨੂੰ ਭਾਰਤ ਵਿਚ ਐਂਟਰ ਹੋਣ ਤੋਂ ਰੁਕਵਾਇਆ ਸੀ। ਮੇਰੀ ਗੱਲ ਸੁਣ ਕੇ ਉਹ ਭਵੰਤਰ ਗਿਆ ਤੇ ਉਸ ਨੂੰ ਅੱਗਿਓਂ ਕੋਈ ਗੱਲ ਨਾ ਅਹੁੜੀ…। ਫਿਰ ਕੁਝ ਚਿਰ ਲਈ ਸੰਨਾਟਾ ਜਿਹਾ ਛਾਇਆ ਰਿਹਾ ਤੇ ਉਹ ਅੱਗਿਓਂ ਕੱਚਾ ਜਿਹਾ ਹੋ ਕੇ ਬਿਨਾ ਕੁਝ ਬੋਲਿਆਂ, ਮੇਰੇ ਕੋਲੋਂ ਵਿਦਾ ਹੋ ਗਿਆ…।`
ਗੁਰਦੇਵ ਸਿੰਘ ਗਰੇਵਾਲ ਵਾਂਗ ਗਿਆਨੀ ਜੀ ਦੇ ਸੰਤ ਨਾਲ ‘ਵਿਸ਼ੇਸ਼ ਸਨੇਹ` ਦੀ ਇੱਕ ਅਹਿਮ ਗਵਾਹੀ, ਸੀਨੀਅਰ ਪੱਤਰਕਾਰ ਮਰਹੂਮ ਦਲਬੀਰ ਸਿੰਘ ਦੀ ਕਿਤਾਬ ‘ਨੇੜਿਓਂ ਡਿੱਠੇ ਸੰਤ ਭਿੰਡਰਾਂਵਾਲੇ` ਦੇ ਪੰਨਾ 171 ਤੋਂ ਦਰਜ ਕਰਨੀ ਵੀ ਕੁਥਾਂਹ ਨਹੀਂ ਹੋਵੇਗੀ, ਜਿੱਥੇ ਉਹ ਲਿਖਦੇ ਹਨ: ਸੰਤ ਭਿੰਡਰਾਂਵਾਲਿਆਂ ਦੀ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿਚ ਗ੍ਰਿਫਤਾਰੀ ਦੌਰਾਨ ਮੈਂ ਉਨ੍ਹਾਂ ਨੂੰ ਫਿਰੋਜ਼ਪੁਰ ਜ਼ੇਲ੍ਹ ਵਿਚ ਮਿਲਣ ਗਿਆ ਤਾਂ ਸੰਤਾਂ ਨੇ ਅੰਦਰੋਂ ਦੇਖ ਕੇ, ਮੈਨੂੰ (ਦਲਬੀਰ ਸਿੰਘ) ਜ਼ੋਰ ਨਾਲ ਆਵਾਜ਼ ਦੇ ਕੇ ਕਿਹਾ ਕਿ ਭੀੜ ਘਟ ਲੈਣ ਦਿਉ, ਮੈਂ ਤੁਹਾਨੂੰ ਆਪ ਅੰਦਰ ਬੁਲਾ ਲੈਂਦਾ ਹਾਂ। ਕੁਝ ਚਿਰ ਬਾਅਦ ਜਦ ਮੈਂ ਇਕੱਲਾ ਅੰਦਰ ਗਿਆ ਤਾਂ ਉਨ੍ਹਾਂ ਨਾਲ ਗੱਲ ਕਰਨ ਸਮੇਂ ਸੀ.ਆਈ.ਡੀ. ਦੇ 6-7 ਬੰਦੇ ਸਾਡੇ ਉਪਰ ਨੂੰ ਝੁਕ ਗਏ। ਸੰਤਾਂ ਨਾਲ ਮੇਰੀ ਕੋਈ ਖਾਸ ਗੱਲ ਨਾ ਹੋਈ। ਮੈਂ ਕੋਈ ਜਾਣਕਾਰੀ ਲਏ ਬਿਨਾ ਵਾਪਿਸ ਆ ਗਿਆ। ਦਫਤਰ ਆਉਂਦਿਆਂ ਹੀ ਪਤਾ ਲੱਗਾ ਕਿ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਦਾ ਵਾਰ-ਵਾਰ ਫੋਨ ਆ ਰਿਹਾ ਸੀ। ਉਹ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦੇ ਸਨ। ਦਿੱਤੇ ਨੰਬਰ ‘ਤੇ ਜਦੋਂ ਮੈਂ ਫੋਨ ਕੀਤਾ ਤਾਂ ਰਿਸੀਵਰ ਚੁੱਕ ਕੇ ਬੋਲੇ: ‘ਦਲਬੀਰ ਤੂੰ ਅੱਜ ਫਿਰੋਜ਼ਪੁਰ ਗਿਆ ਸੀ। ਜਦੋਂ ਮੈਂ ‘ਹਾਂ’ ਵਿਚ ਉਤਰ ਦਿੱਤਾ ਤਾਂ ਕਹਿਣ ਲੱਗੇ, ‘ਕੀ ਗੱਲ ਹੋਈ?` ਮੇਰੇ ਇਹ ਕਹਿਣ ‘ਤੇ ਕਿ ਤੁਹਾਡੇ ਬੰਦਿਆਂ ਨੇ ਮੇਰੀ ਕੋਈ ਗੱਲ ਨਹੀਂ ਹੋਣ ਦਿੱਤੀ ਤਾਂ ਬੋਲੇ: “ਉਏ! ਉਹ (ਭਿੰਡਰਾਂਵਾਲਾ) ਕਿਤੇ ਉਸ ਚਵਲ (ਮੁੱਖ ਮੰਤਰੀ ਦਰਬਾਰਾ ਸਿੰਘ) ਵੱਲ ਤਾਂ ਨਹੀਂ ਝੁਕ ਗਿਆ?”
ਇੱਥੇ ਇਸੇ ਕਿਤਾਬ ਦੇ ਪੰਨਾ 165-66 ‘ਤੇ ਦਲਬੀਰ ਸਿੰਘ ਦੀ ਇੱਕ ਹੋਰ ਟਿੱਪਣੀ ਸ਼ੇਅਰ ਕਰਨੀ ਵੀ ਮੁੱਲਵਾਨ ਹੋਵੇਗੀ ਜੋ ਉਨ੍ਹਾਂ ਸੱਠਵਿਆਂ ਵਿਚ ਸਿੱਖ ਲੀਡਰਸ਼ਿਪ ਬਾਰੇ ਕੀਤੀ ਸੀ। ਇਹ ਟਿੱਪਣੀ 1947 ਤੋਂ ਬਾਅਦ, ਪਹਿਲਾਂ ਪੰਜਾਬ ਸੂਬੇ ਲਈ ਅਤੇ ਫਿਰ ਚੰਡੀਗੜ੍ਹ ਲਈ ਲਾਏ ਮੋਰਚਿਆਂ ਤੇ ਮਰਨ ਵਰਤਾਂ ਦੇ ਡਰਾਮਿਆਂ ਵਿਚ ਸਿੱਖ ਲੀਡਰਸ਼ਿਪ ਦੇ ਨਿਭਾਏ ਰੋਲ ਬਾਰੇ ਸੀ। ਇਸ ਵਿਚ ਦਿੱਲੀ ਤੋਂ ਸਰਦਾਰ ਹੁਕਮ ਸਿੰਘ ਰਾਹੀਂ ਸੰਤ ਫਤਹਿ ਸਿੰਘ ਦਾ ਮਰਨ ਵਰਤ ਛੁਡਵਾਏ ਜਾਣ ਦੇ ਨਾਟਕ ਤੇ ਅਤਿਅੰਤ ਖਫਾਖੂਨ ਹੁੰਦਿਆਂ ਉਹ ਲਿਖਦੇ ਹਨ: ‘ਇਨ੍ਹਾਂ ਦਿਨਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਵਿਚਰਨ ਨਾਲ਼ ਇੱਕ ਬਹੁਤ ਵੱਡੀ ਸਿੱਖਿਆ ਜੋ ਮੈਂ ਹਾਸਲ ਕੀਤੀ, ਉਹ ਇਹ ਸੀ ਕਿ ਉਸ ਸਮੇਂ ਦੀ ਸਿੱਖ ਲਡਿਰਸ਼ਿਪ ਦਾ ਅਸਲੀ ਸਰੂਪ ਕੀ ਹੈ? ਅੱਜ ਵੀ ਮੇਰੇ ਪਾਸ ਉਹ ਡਾਇਰੀ ਮੌਜੂਦ ਹੈ ਜਿਸ ਵਿਚ ਬਹੁਤੀ ਸਿੱਖ ਲੀਡਰਸ਼ਿਪ ਸਬੰਧੀ ਮੈਂ ਇਹ ਅੱਖਰ ਅੰਕਿਤ ਕੀਤੇ ਸਨ: ‘ਇਹ ਲੀਡਰਸ਼ਿਪ ਗਿਆਨਹੀਣ, ਲਾਲਚੀ, ਹਉਮੈ ਮਾਰੀ, ਬੁਜ਼ਦਿਲ, ਮੂੜ੍ਹ ਤੇ ਮੱਕਾਰ ਹੈ। ਅੱਜ ਤਾਈਂ ਵੀ ਸਿੱਖ ਲੀਡਰਸ਼ਿਪ ਸਬੰਧੀ ਇਹ ਟਿੱਪਣੀਆਂ ਵਾਪਸ ਲੈਣ ਜਾਂ ਸੋਧਣ ਦੀ ਮੈਨੂੰ ਲੋੜ ਨਹੀਂ ਪਈ।` ਦਲਬੀਰ ਸਿੰਘ ਨੇ ਅਜਿਹੀ ਫਤਵੇਬਾਜ਼ੀ ਸਾਰੀ ਅਕਾਲੀ ਲੀਡਰਸ਼ਿਪ ਬਾਰੇ ਆਪਣੇ ਅੰਤਲੇ ਸਮੇਂ ਤੱਕ ਜਾਰੀ ਰੱਖੀ। ਅਸਲ ਵਿਚ ਗੁਰਦੁਆਰਾ ਸੁਧਾਰ ਲਹਿਰ ਦੀ ਕਾਮਯਾਬੀ ਦੇ ਇਤਿਹਾਸ ਤੋਂ ਬਾਅਦ ਪਿਛਲੇ 100 ਸਾਲ ਦਾ ਸਿੱਖ ਇਤਿਹਾਸ ਪੜ੍ਹਦੇ ਹਾਂ ਤਾਂ ਸਿੱਖ ਲੀਡਰਸ਼ਿਪ ਬਾਰੇ ਕੀਤੀ, ਇਹ ਟਿੱਪਣੀ ਹਰ ਜਗ੍ਹਾ ਸੱਚ ਜਾਪਦੀ ਹੈ। ਮੈਨੂੰ ਤਾਂ ਇਵੇਂ ਵੀ ਮਹਿਸੂਸ ਹੁੰਦਾ ਹੈ ਕਿ ‘ਸਿੱਖ ਲੀਡਰਸ਼ਿਪ` ਦੇ ਨਾਲ-ਨਾਲ ਇਸ ਵਿਚ ‘ਸਿੱਖ ਵਿਦਵਾਨ` ਸ਼ਬਦ ਵੀ ਜੋੜ ਦੇਣਾ ਸ਼ਾਇਦ ਗਲਤ ਨਹੀਂ ਹੋਵੇਗਾ। ਸਿੱਖ ਲੀਡਰਸ਼ਿਪ ਬਾਰੇ ਇਸੇ ਤਰ੍ਹਾਂ ਦੀ ਨਿਰਾਸ਼ਤਾ ਸਿਰਦਾਰ ਕਪੂਰ ਸਿੰਘ, ਭਗਵਾਨ ਸਿੰਘ ਦਾਨੇਵਾਲੀਆ, ਡਾ. ਸੰਗਤ ਸਿੰਘ, ਹਰਜਿੰਦਰ ਸਿੰਘ ਦਿਲਗੀਰ, ਗੁਰਦਰਸ਼ਨ ਸਿੰਘ ਢਿੱਲੋਂ ਦੀਆਂ ਕਿਤਾਬਾਂ ਵਿਚੋਂ ਵੀ ਸਪੱਸ਼ਟ ਮਿਲਦੀ ਹੈ। ਸਵਾਲ ਸਾਡੇ ਸਭ ਲਈ ਹੈ ਕਿ ਫਿਰ ਇਸ ਦਾ ਹੱਲ ਕੀ ਹੈ? ਇਸ ਸਾਰੀ ਕਹਾਣੀ ਦਾ ਵਿਅੰਗਆਤਮਕ ਪਹਿਲੂ ਇਹ ਹੈ ਕਿ ਇਹ ਸਾਰੇ ਵਿਦਵਾਨ ਆਪਣੀ ਪੀੜ੍ਹੀ ਥੱਲੇ ਸੋਟਾ ਕਦੇ ਨਹੀਂ ਫੇਰਦੇ ਕਿ ਜੇ ਇਹ ਇਤਨੇ ਹੀ ਸਿਆਣੇ ਸਨ ਤਾਂ ਇਨ੍ਹਾਂ ਨੇ ਉਨ੍ਹਾਂ ਦੀ ਪੁਜ਼ੀਸ਼ਨ ਕਿਉਂ ਨਾ ਲੈ ਲਈ, ਇਹ ਇਸ ਸਾਰੇ ਦੌਰ ਵਿਚ ਆਪ ਕੀ ਕਰ ਰਹੇ ਸਨ? ਇਹ ਕਦੇ ਦੇਖਣ ਦਾ ਯਤਨ ਨਹੀਂ ਕਰਦੇ ਕਿ ਸਮੇਂ-ਸਮੇਂ ਸਿੱਖ ਲੀਡਰਸ਼ਿਪ ਦੀਆਂ ਕੀ-ਕੀ ਮਜਬੂਰੀਆਂ ਰਹੀਆਂ ਹੋਣਗੀਆਂ?
ਦਲਬੀਰ ਸਿੰਘ ਖੁਦ ਕਿਤਨੇ ਕੁ ਦੂਰ-ਅੰਦੇਸ਼ ਸਨ, ਉਨ੍ਹਾਂ ਦੀ ਇਸੇ ਕਿਤਾਬ ਦੇ ਪੰਨਾ 99 ‘ਤੇ ਦਰਜ ਟਿੱਪਣੀ ਤੋਂ ਬੜੀ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਉਹ ਲਿਖਦੇ ਹਨ: ‘ਇੱਕ ਦਿਨ ਸੰਤ ਕਹਿਣ ਲੱਗੇ ਕਿ ਮੇਰੇ ਪਾਸ ਕੁਝ ਸੱਜਣ ਆਏ ਸਨ ਤੇ ਅਖਬਾਰ ਕੱਢਣ ਬਾਰੇ ਗੱਲ ਕਰ ਰਹੇ ਸਨ, ਤੂੰ ਦੱਸ ਕੀ ਕਰੀਏ? ਮੈਂ ਸੋਚਣ ਦਾ ਸਮਾਂ ਮੰਗ ਕੇ ਕੁਝ ਦਿਨ ਬਾਅਦ ਆ ਕੇ ਦੱਸਿਆ ਕਿ ਇੱਕ ਕਰੋੜ ਨਾਲ ਅਖਬਾਰ ਕੱਢੀ ਜਾ ਸਕਦੀ ਹੈ? ਅਗਲੇ ਹਫਤੇ ਕਹਿੰਦੇ ਕਿ ਅਖਬਾਰ ਬਾਰੇ ਕੀ ਸੋਚਿਆ ਤਾਂ ਮੈਂ ਉਲਝਨ ਵਿਚ ਕਿਹਾ ਕਿ ਜੇ ਅਖਬਾਰ ਵਿਚ ਸਿਖਰਵਾਂ ਸੱਚ ਨਾ ਲਿਖਿਆ ਤਾਂ ਤੁਸੀਂ ਬੁਰਾ ਮਨਾਉਗੇ ਅਤੇ ਜੇ ਲਿਖਿਆ ਤਾਂ ਸਰਕਾਰ ਅਖਬਾਰ ਨੂੰ ਤਾਲੇ ਲਗਾ ਦੇਵੇਗੀ। ਸੰਤ ਬੋਲੇ: ਛੱਡ ਖਹਿੜਾ, ਅਖ਼ਬਾਰ ਦਾ। ਇੱਕ ਸਟੇਨਗੰਨ 8 ਹਜ਼ਾਰ ਦੀ ਆਉਂਦੀ ਆ ਤੇ ਇੱਕ ਕਰੋੜ ਦੀਆਂ ਕਿੰਨੀਆਂ ਆਈਆਂ? ਦਿਹਾੜੀ ਦਾ ਇੱਕ ਮੈਗਜ਼ੀਨ ਖਾਲੀ ਕਰਨ ਤਾਂ ਸਾਰੀ ਦੁਨੀਆ ਦੇ ਰੇਡੀਉ, ਅਖ਼ਬਾਰਾਂ ਤੇ ਟੈਲੀਵਿਜ਼ਨ ਬੋਲਦੇ ਹਨ। ਇੱਕ ਅਖਬਾਰ ਨਾਲ ਇਤਨਾ ਪ੍ਰਚਾਰ ਨਹੀਂ ਹੋ ਸਕਦਾ, ਜਿਤਨਾ ਗੰਨ ਨਾਲ…। ਗੱਲ ਇਥੇ ਹੀ ਮੁੱਕ ਗਈ?` … ਇਹ ਗੱਲਬਾਤ ਕਿਸੇ ਜੰਗੀ ਕਿਲ੍ਹੇ ਵਿਚ ਨਹੀਂ ਬਲਕਿ ਦਰਬਾਰ ਸਾਹਿਬ ਦੇ ਵਿਹੜੇ ਵਿਚ ਹੋ ਰਹੀ ਸੀ। ਦਲਬੀਰ ਸਿੰਘ ਸੰਤਾਂ ਦੀ ਅਦੁੱਤੀ ਯੁੱਧ ਕਲਾ ਤੋਂ ਕਿਵੇਂ ਵਾਰੇ-ਵਾਰੇ ਜਾ ਰਹੇ ਸਨ, ਉਨ੍ਹਾਂ ਦੀ ਲਿਖਤ ਦੇ ਅੰਦਾਜ਼ ਤੋਂ ਹੀ ਸਪੱਸ਼ਟ ਹੋ ਰਿਹਾ ਹੈ। ਅੱਜ ਕੱਲ੍ਹ ਸੰਤਾਂ ਦੀ ਇਸੇ ਤਰ੍ਹਾਂ ਦੀ ਬਿੰਬ-ਉਸਾਰੀ ਦਾ ਬੀੜਾ ਦਲਬੀਰ ਸਿੰਘ ਤੋਂ ਵੀ ਵੱਧ ਜ਼ੋਰ-ਸ਼ੋਰ ਨਾਲ ਸਿੱਖ ਚਿੰਤਕ ਅਜਮੇਰ ਸਿੰਘ ਨੇ ਚੁੱਕਿਆ ਹੋਇਆ ਹੈ। (ਚੱਲਦਾ)