ਟਰਮੀਨੇਸ਼ਨ ਦਾ ਸ਼ਗਨ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿ਼ਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿ਼ਕਸ ਵਰਗੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਸੁਣਾ ਰਿਹਾ ਹੋਵੇ। ਉਹ ਅਸਲ ਵਿਚ ਕਾਵਿਕ ਵਾਰਤਕ ਦੇ ਸ਼ਾਹ-ਅਸਵਾਰ ਹਨ, ਜਿਨ੍ਹਾਂ ਦੀਆਂ ਲਿਖਤਾਂ ਜ਼ਿੰਦਗੀ ਦੇ ਸਰੋਕਾਰਾਂ ਨਾਲ ਸੰਵਾਦ ਰਚਾਉਂਦੀਆਂ ਹਨ, ਜੋ ਅੰਤਰੀਵੀ ਨਾਦ ਬਣ ਕੇ ਉਨ੍ਹਾਂ ਦੀ ਕਿਰਤ ਵਿਚ ਫੈਲਦਾ ਹੈ। ਉਹ ਉਨ੍ਹਾਂ ਵਿਸ਼ਿਆਂ ਦੀਆਂ ਪਰਤਾਂ ਫਰੋਲਦੇ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਇਸ ਲੇਖ ਰਾਹੀਂ ਉਨ੍ਹਾਂ ਨੇ ਆਪਣੀਆਂ ਕੁਝ ਕੌੜੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਹੈ ਕਿ ਮਿਹਨਤੀ ਹੋਣ ਦੇ ਬਾਵਜੂਦ ਂਨੌਕਰੀ ਤੋਂ ਕੱਢੇ ਜਾਣ ਦਾ ਦੁਖ ਕਿੰਨੀ ਪੀੜਾ ਦਿੰਦਾ ਹੈ ਪਰ ਟੀਚੇ ਪ੍ਰਤੀ ਨਿਸ਼ਠਾ ਤੇ ਆਪਣੇ-ਆਪ `ਤੇ ਯਕੀਨ ਰੱਖੋ ਤਾਂ ਮੰਜ਼ਲ ਮਿਲ ਹੀ ਜਾਂਦੀ ਹੈ।

ਸ਼ਗਨ, ਕਿਸੇ ਪ੍ਰਾਪਤੀ ਦਾ ਜਸ਼ਨ, ਕਿਸੇ ਸ਼ੁੱਭ ਕਾਰਜ ਲਈ ਸ਼ਾਬਾਸ਼ੀ, ਕਿਸੇ ਚੰਗੇਰੇ ਉਦਮ ਲਈ ਹੱਲਾਸ਼ੇਰੀ ਜਾਂ ਪਰਿਵਾਰਕ ਖੁਸ਼ੀਆਂ ਵਿਚ ਵਾਧੇ ਉਤੇ ਵਡੇਰਿਆਂ ਵਲੋਂ ਦਿੱਤੀ ਹੋਈ ਅਸੀਸ।
ਸ਼ਗਨ, ਸੱਚੀਆਂ-ਸੁੱਚੀਆਂ ਭਾਵਨਾਵਾਂ ਦਾ ਪ੍ਰਤੀਕ, ਕਿਸੇ ਦੀਆਂ ਖ਼ੁਸ਼ੀਆਂ ਵਿਚ ਸ਼ਾਮਲ ਹੋਣ ਅਤੇ ਇਨ੍ਹਾਂ ਨੂੰ ਦੂਣ-ਸਵਾਈਆਂ ਕਰਨ ਦਾ ਉਦਮ। ਪਿਆਰਿਆਂ ਵਲੋਂ ਉਚੇਰੀ ਮੰਜ਼ਲ ਪ੍ਰਾਪਤੀ ਲਈ ਨਵੇਂ ਦਿਸਹੱਦਿਆਂ ਨੂੰ ਛੂਹਣ ਅਤੇ ਉਨ੍ਹਾਂ ‘ਤੇ ਆਪਣਾ ਸਿਰਨਾਵਾਂ ਉਕਰਨ ਦਾ ਕਰਮ। ਸ਼ਗਨ ਅਕਸਰ ਹੀ ਮਨੁੱਖ ਦਾ ਉਤਸ਼ਾਹ ਵਧਾਉਂਦਾ, ਸੁਪਨਿਆਂ ਲਈ ਉਚੇਰੀ ਪ੍ਰਵਾਜ਼ ਦਾ ਨਾਮ ਅਤੇ ਉਸ ਦੀ ਸ਼ੁੱਭ-ਇੱਛਾਵਾਂ ਦੀ ਪੂਰਤੀ ਲਈ ਅਰਦਾਸ।
ਸ਼ਗਨ ਕਿਸੇ ਨੂੰ ਵਿਆਹ ਦੇ ਮੌਕੇ, ਬੱਚੇ ਦੇ ਜਨਮ ‘ਤੇ, ਕਿਸੇ ਦੀ ਤਰੱਕੀ ਜਾਂ ਉੱਚੇ ਅਹੁਦੇ ਦੀ ਪ੍ਰਾਪਤੀ ਲਈ ਮਿਲਦਾ। ਮਨ ਬਹੁਤ ਖੁਸ਼ ਤੇ ਉਤਸ਼ਾਹਿਤ ਹੁੰਦਾ। ਉੱਚੇ ਅੰਬਰਾਂ ਵਿਚ ਉਡਾਰੀਆਂ ਲਾਉਂਦਾ। ਅਸਗਾਹ ਸਾਗਰਾਂ ਦੀ ਵਿਸ਼ਾਲਤਾ ਕਿਆਸਦਾ ਅਤੇ ਅੰਬਰ ਨੂੰ ਕਲਾਵੇ ਵਿਚ ਲੈਣ ਦਾ ਅਹਿਦ ਕਰਦਾ ਪਰ ਜਦ ਟਰਮੀਨੇਸ਼ਨ ਦਾ ਸ਼ਗਨ ਕਿਸੇ ਨਵ-ਵਿਆਹੇ ਦੀ ਝੋਲੀ ਵਿਚ ਪਾ ਦਿੱਤਾ ਜਾਵੇ ਤਾਂ ਉਸ ਦੇ ਰਾਂਗਲੇ ਦਿਨਾਂ ਦੀ ਤਾਸੀਰ ਵਿਚ ਕਿਵੇਂ ਪੀਲੱਤਣਾਂ ਉੱਗਦੀਆਂ, ਕਿੰਝ ਉਸ ਦੀਆਂ ਸੋਚਾਂ ਦੇ ਜੁਗਨੂੰ ਅਣਿਆਈ ਮੌਤੇ ਮਰਦੇ ਅਤੇ ਕਿਵੇਂ ਸੱਤਵੇਂ ਅਸਮਾਨ ‘ਚ ਉਡਦਾ, ਉਹ ਧਰਤ `ਤੇ ਡਿੱਗ ਕੇ ਆਪਣੀ ਹੋਣੀ ਕਿਆਸਦਾ, ਇਸ ਦਾ ਅੰਦਾਜ਼ਾ ਸਿਰਫ਼ ਉਹੀ ਲਾ ਸਕਦਾ ਹੈ, ਜਿਸ ਦੀ ਤਲੀ `ਤੇ ਅਜਿਹੇ ਸ਼ਗਨ ਦੀਆਂ ਛਿੱਲਤਰਾਂ ਨੇ ਜ਼ਖ਼ਮ ਕੀਤੇ ਹੋਣ ਅਤੇ ਇਨ੍ਹਾਂ ਦੀ ਚੀਸ ਉਸ ਦੀ ਜ਼ਿੰਦਗੀ ਦੇ ਮੱਥੇ `ਤੇ ਖੁਣੀ ਜਾਵੇ। ਸਮੇਂ ਨਾਲ ਜ਼ਖ਼ਮ ਤਾਂ ਮਿਟ ਜਾਂਦੇ ਨੇ ਪਰ ਇਹ ਦਾਗ਼ ਤਾਅ ਉਮਰ ਚਸਕਦੇ ਰਹਿੰਦੇ ਨੇ। ਤੁਹਾਡੀ ਜਵਾਨੀ ਦੇ ਧੁਆਂਖੇ ਦਿਨਾਂ ਦੀ ਯਾਦ ਸਾਹਵੇਂ ਲਿਆ ਖ਼ਲਿਆਰਦੇ ਭਾਵੇਂ ਕਿ ਬਾਅਦ ਵਿਚ ਜ਼ਿੰਦਗੀ ਨੇ ਤੁਹਾਨੂੰ ਉਸ ਸਭ ਕੁਝ ਨਾਲ ਨਿਵਾਜਿਆ ਹੋਵੇ ਜਿਸ ਦੀ ਕਦੇ ਤਵੱਕੋਂ ਵੀ ਨਾ ਕੀਤੀ ਹੋਵੇ।
ਸਾਧਾਰਨ ਕਿਸਾਨ ਦੇ ਪੁੱਤ ਲਈ ਨੌਕਰੀ ਪ੍ਰਾਪਤ ਕਰਨਾ ਸੌਖਾ ਨਹੀਂ ਹੁੰਦਾ ਭਾਵੇਂ ਕਿ ਅਕਾਦਮਿਕ ਪੱਧਰ ‘ਤੇ ਉਹ ਸਭ ਤੋਂ ਅੱਗੇ ਹੋਵੇ। ਬੱਚੇ ਨੂੰ ਨੌਕਰੀ ਦਾ ਮਿਲਣਾ, ਥੁੜ੍ਹੇ ਪਰਿਵਾਰ ਦੀ ਆਸ ਬਣ ਜਾਂਦਾ ਹੈ, ਜਿਸ ਵਿਚੋਂ ਨਵੀਆਂ ਸੋਚਾਂ ਤੇ ਸੁਪਨਿਆਂ ਨੇ ਉਚੇਰੀ ਪਰਵਾਜ਼ ਭਰਨੀ ਹੁੰਦੀ ਹੈ।
1978 ਵਿਚ ਖਾਲਸਾ ਕਾਲਜ ਸੁਧਾਰ ਵਿਚ ਮੇਰੀ ਰੈਗੂਲਰ ਨਿਯੁਕਤੀ ਹੋ ਗਈ ਤਾਂ ਪਰਿਵਾਰ ਨੂੰ ਹੌਸਲਾ ਹੋ ਗਿਆ ਕਿ ਘਰ ਦੀ ਆਰਥਿਕ ਦਸ਼ਾ ਹੁਣ ਸੁਧਰ ਜਾਵੇਗੀ। ਪੱਕੀ ਨੌਕਰੀ ਮਿਲਦੇ ਸਾਰ ਘਰਦਿਆਂ ਨੂੰ ਜਲਦੀ-ਜਲਦੀ ਵਿਆਹ ਕਰਨ ਦੀ ਪੈ ਗਈ ਅਤੇ ਵਿਆਹ ਹੋ ਗਿਆ। ਜਵਾਨੀ ਦੇ ਰਾਂਗਲੇ ਦਿਨਾਂ ਵਿਚ ਜ਼ਿੰਦਗੀ ਦੇ ਸੁਰਖ਼ ਰੰਗਾਂ ਵਿਚ ਸਮੇਂ ਦੇ ਬੀਤਣ ਦਾ ਪਤਾ ਵੀ ਨਹੀਂ ਲੱਗਦਾ। ਸੁਧਾਰ ਵਿਚ ਕਿਰਾਏ ਦਾ ਮਕਾਨ ਲੈ ਕੇ ਮੈਂ ਤੇ ਬੀਵੀ ਉਥੇ ਹੀ ਰਹਿਣ ਲੱਗ ਪਏ ਅਤੇ ਜ਼ਿੰਦਗੀ ਦੇ ਸੁਖ਼ਨਮਈ ਪਲਾਂ ਨੂੰ ਜਿਊਣ ਲੱਗ ਪਏ ਪਰ ਕਾਲਜ ਵਾਲਿਆਂ ਨੇ ਸਾਲ ਬਾਅਦ ਪੱਕਾ ਕਰਨ ਦੀ ਥਾਂ ਇਕ ਸਾਲ ਦੀ ਹੋਰ ਪ੍ਰੋਬੇਸ਼ਨ ਵਧਾ ਦਿੱਤੀ। ਮੈਂ ਪੇਂਡੂ ਭੋਲਾ ਭਾਲਾ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੀਆਂ ਚਾਲਾਂ ਅਤੇ ਤੌਰ-ਤਰੀਕਿਆਂ ਤੋਂ ਅਣਜਾਣ ਸਾਂ। ਵੈਸੇ ਕਈ ਪ੍ਰੋਫ਼ੈਸਰ ਕਹਿੰਦੇ ਸਨ ਕਿ ਪ੍ਰਧਾਨ ਬਖਤਾਵਰ ਸਿੰਘ ਗਿੱਲ ਕਿਸੇ ਨੂੰ ਪੱਕਾ ਨਹੀਂ ਕਰਦਾ, ਦੋ ਸਾਲਾਂ ਬਾਅਦ ਘਰ ਤੋਰ ਦਿੰਦਾ ਏ।
ਮੇਰੀ ਪੜ੍ਹਾਉਣ ਪ੍ਰਤੀ ਪ੍ਰਤੀਬੱਧਤਾ, ਲਗਨ ਅਤੇ ਮਿਹਨਤੀ ਹੁੰਦਿਆਂ, ਮਨ ਨੂੰ ਧਰਵਾਸ ਸੀ ਕਿ ਸ਼ਾਇਦ ਅਜਿਹਾ ਕੁਝ ਮੇਰੇ ਨਾਲ ਨਾ ਵਾਪਰੇ ਪਰ ਸੱਚੀਂ ਦੋ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਅਜਿਹਾ ਕੁਝ ਵਾਪਰ ਗਿਆ, ਜਿਸ ਦਾ ਧੁੜਕੂ ਹਮੇਸ਼ਾ ਮਨ ਵਿਚ ਰਹਿੰਦਾ ਸੀ ਅਤੇ ਮੇਰੇ ਸਮੇਤ ਪ੍ਰੋਬੇਸ਼ਨ ‘ਤੇ ਤਿੰਨ ਪ੍ਰੋਫੈਸਰਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ। ਜਦੋਂ ਤੁਹਾਡੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਹੋਵੇ ਅਤੇ ਇਕ ਬੱਚੀ ਵੀ ਹੋਵੇ ਤਾਂ ਬੇਰੁਜ਼ਗਾਰ ਹੋ ਜਾਣਾ ਤੁਹਾਡੇ ਤੇ ਤੁਹਾਡੀ ਜੀਵਨ ਸਾਥਣ ਦੋਵਾਂ ਲਈ ਸਦਮਾ ਹੁੰਦਾ ਹੈ। ਤੁਹਾਡੀ ਜ਼ਿੰਦਗੀ ਵਿਚ ਆਉਣ ਵਾਲੀਆਂ ਦੁਸ਼ਵਾਰੀਆਂ ਦਾ ਉਗਮਣਾ ਵੀ ਜ਼ਰੂਰੀ ਹੁੰਦਾ ਹੈ। ਸੁਪਨਈ ਉਡਾਣ ਦੌਰਾਨ ਧੜੱਮ ਕਰ ਕੇ ਡਿੱਗ ਪੈਣਾ ਅਤੇ ਸੰਭਲਣ ਦਾ ਕੋਈ ਮੌਕਾ ਵੀ ਨਾ ਮਿਲਣਾ। ਬਹੁਤ ਪੀੜਤ ਕਰਦਾ ਏ ਅਜਿਹਾ ਵਕਤ। ਖ਼ੁਦ ਦੇ ਰੂਬਰੂ ਹੋਣਾ ਅਤੇ ਖ਼ੁਦ ਨੂੰ ਉਨ੍ਹਾਂ ਪ੍ਰਸਥਿਤੀਆਂ ਵਿਚੋਂ ਉਭਾਰਨਾ, ਪਰਿਵਾਰ ਨੂੰ ਸੰਭਾਲਣਾ, ਧਰਵਾਸ ਦੇਣਾ ਅਤੇ ਥਿੜਕਦੇ ਕਦਮਾਂ ਤੋਂ ਸਾਬਤ ਕਰਮਾਂ ਨਾਲ ਜਟਿਲ-ਸਫ਼ਰ ਨੂੰ ਪੂਰਾ ਕਰਨ ਦਾ ਅਹਿਦ ਕਰਨਾ।
ਦਰਅਸਲ ਉਸ ਸਾਲ ਪ੍ਰੋਫ਼ੈਸਰ ਹਰਭਜਨ ਸਿੰਘ ਦਿਓਲ ਜਿਹੜੇ ਸੁਧਾਰ ਕਾਲਜ ਵਿਚ ਪੜ੍ਹਾਉਂਦੇ ਸਨ, ਨੂੰ ਅਕਾਲੀ ਦਲ ਨੇ ਐਮ.ਪੀ. ਦੀ ਚੋਣ ਲਈ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਪੰਜਾਬ ਤੇ ਚੰਡੀਗੜ੍ਹ ਪ੍ਰਾਈਵੇਟ ਕਾਲਜ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਦੇ ਦਬਦਬੇ ਕਾਰਨ ਹੀ ਮੈਨੇਜਮੈਂਟ ਪ੍ਰੋਫ਼ੈਸਰਾਂ ਨੂੰ ਨੌਕਰੀ ਤੋਂ ਕੱਢਣ ਤੋਂ ਪ੍ਰਹੇਜ਼ ਕਰਦੀ ਸੀ ਪਰ ਉਨ੍ਹਾਂ ਦੇ ਜਾਣ ਨਾਲ ਪ੍ਰਧਾਨ ਬਖਤਾਵਰ ਸਿੰਘ ਜੋ ਕਮੇਟੀ ਦੇ ਕਰਤਾ-ਧਰਤਾ ਸਨ, ਲਈ ਕਿਸੇ ਦੀਆਂ ਭਾਵਨਾਵਾਂ, ਕਿਸੇ ਦੇ ਕੰਮ, ਲਗਨ ਜਾਂ ਪ੍ਰਤੀਬੱਧਤਾ ਲਈ ਕੋਈ ਕਦਰ ਨਹੀਂ ਸੀ। ਉਹ ਤਾਂ ਸਿਰਫ਼ ਜੀਅ-ਹਜ਼ੂਰੀ ਚਾਹੁੰਦੇ ਸਨ। ਉਨ੍ਹਾਂ ਦੇ ਅਬਦਾਲੀ ਹੁਕਮ ਨੂੰ ਟਾਲਣ ਦੀ ਕੋਈ ਵੀ ਪ੍ਰਬੰਧਕ ਜਾਂ ਪ੍ਰਿੰਸੀਪਲ ਹਿੰਮਤ ਨਹੀਂ ਸੀ ਕਰ ਸਕਦਾ।
ਨੌਕਰੀ ਤੋਂ ਕੱਢਣ ਦਾ ਮਤਲਬ ਸੀ ਤਿੰਨਾਂ ਨਵ-ਵਿਆਹੇ ਪ੍ਰੋਫ਼ੈਸਰਾਂ ਦੀ ਝੋਲੀ ਵਿਚ ਟਰਮੀਨੇਸ਼ਨ ਦਾ ਸ਼ਗਨ ਪਾਉਣਾ, ਅਜਿਹਾ ਸ਼ਗਨ ਜਿਸ ਨਾਲ ਮਨੁੱਖ ਟੁੱਟ ਜਾਂਦਾ ਏ ਪਰ ਇਹੀ ਸ਼ਗਨ ਮਨੁੱਖ ਨੂੰ ਪਰਖ਼ਦਾ ਵੀ ਏ ਅਤੇ ਉਸ ਦੀ ਕਮਜ਼ੋਰੀ ਨੂੰ ਉਸ ਦੀ ਤਾਕਤ ਵੀ ਬਣਾਉਂਦਾ ਹੈ। ਯੂਨੀਅਨ ਵਲੋਂ ਕੁਝ ਸਮਾਂ ਤਿੰਨਾਂ ਦੀ ਬਹਾਲੀ ਲਈ ਅੰਦੋਲਨ ਵੀ ਚਲਾਇਆ ਗਿਆ ਪਰ ਪ੍ਰਧਾਨ ਦੇ ਅੜ੍ਹਬ ਵਤੀਰੇ ਅਤੇ ਹਿੰਡ ਸਾਹਵੇਂ ਕਿਸੇ ਦੀ ਵੀ ਪੇਸ਼ ਨਾ ਗਈ ਅਤੇ ਤਿੰਨੇ ਹੀ ਜ਼ਿੰਦਗੀ ਦੇ ਨਵੇਂ ਰਾਹਾਂ ਦੀ ਪਛਾਣ ਲਈ ਨਵੀਆਂ ਪਹਿਲਾਂ ਅਤੇ ਪ੍ਰਮੁੱਖਤਾਵਾਂ ਨੂੰ ਸਿਰਜਣ ਵੱਲ ਹੋ ਗਏ।
ਹੁਣ ਜਦੋਂ ਬੀਤੇ ਨੂੰ ਪਰਤਦਾ ਹਾਂ ਤਾਂ ਬੇਰੁਜ਼ਗਾਰੀ ਦੇ ਆਲਮ ਦੌਰਾਨ ਪਟਿਆਲੇ ਵਿਚ ਡਾ. ਦਿਓਲ ਸਾਹਿਬ ਨੂੰ ਮਿਲਣਾ ਯਾਦ ਆਉਂਦਾ ਏ, ਜਦ ਉਹ ਪੀਪੀਐੱਸਸੀ ਦੇ ਮੈਂਬਰ ਬਣ ਗਏ ਸਨ। ਉਨ੍ਹਾਂ ਦੀ ਬੰਨ੍ਹਾਈ ਹੋਈ ਧੀਰਜ ਕਿ ‘ਗੁਰਬਖ਼ਸ਼ ਫ਼ਿਕਰ ਨਾ ਕਰ, ਜੋ ਤੇਰੇ ਨਾਲ ਹੋਇਆ ਹੈ, ਇਸ ਵਿਚ ਵੀ ਭਲਾਈ ਹੈ, ਤੂੰ ਸਾਰੀ ਉਮਰ ਇਸ ਕਾਲਜ ਵਿਚ ਨੌਕਰੀ ਸਹਿਮ ਦੇ ਸਾਏ ਹੇਠ ਕਰਨੀ ਸੀ। ਜੇ ਬਖਤਾਵਰ ਸਿੰਘ ਤੈਨੂੰ ਕਾਲਜ ਵਿਚੋਂ ਕੱਢ ਸਕਦਾ ਏ ਤਾਂ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਿਚ ਮੈਂ ਤੇਰੀ ਮਦਦ ਵੀ ਕਰ ਸਕਦਾ ਹਾਂ ਅਤੇ ਆਸ ਹੈ ਕਿ ਤੂੰ ਇਕ ਦਿਨ ਸਰਕਾਰੀ ਕਾਲਜ ਵਿਚ ਪੜ੍ਹਾਵੇਂਗਾ।‘
ਉਨ੍ਹੀਂ ਦਿਨੀਂ ਮੇਰੀ ਪਤਨੀ ਮੁੱਲਾਂਪੁਰ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਚ ਪੜ੍ਹਾਉਂਦੀ ਅਤੇ ਅਸੀਂ 300 ਰੁਪਏ ਵਿਚ ਗੁਜ਼ਾਰਾ ਕਰਦੇ ਸਾਂ। ਉਹ ਸਵੇਰੇ ਅਤੇ ਸ਼ਾਮ ਛੋਟੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦੀ। ਮੇਰੀ ਵੱਡੀ ਬੇਟੀ ਗੁਆਂਢੀਆਂ ਦੇ ਘਰ ਵਿਚ ਪਲੀ, ਜੋ ਉਸ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਸਮਝਦੇ ਸਨ। ਕਿੰਨੀ ਤੰਗੀ ਦੇ ਦਿਨ ਸਨ ਉਹ ਜਦ ਲੱਕੜੀਆਂ ਦੀ ਅੰਗੀਠੀ ਰੋਟੀ ਬਣਾਉਣ ਲਈ ਵਰਤਦੇ ਸਾਂ। ਅਜਿਹੀਆਂ ਤੰਗੀਆਂ-ਤੁਰਸ਼ੀਆਂ ਦੇ ਦਿਨਾਂ ਦੀ ਯਾਦ ਬੰਦੇ ਨੂੰ ਹਮੇਸ਼ਾ ਆਪਣੇ ਬੀਤੇ ਨਾਲ ਜੁੜੇ ਰਹਿਣ ਲਈ ਪ੍ਰੇਰਦੀ ਹੈ ਅਤੇ ਬੰਦਾ ਕਦੇ ਵੀ ਹਊਮੈ ਦਾ ਸ਼ਿਕਾਰ ਨਹੀਂ ਹੁੰਦਾ। ਆਪਣੇ ਬੀਤੇ ਨੂੰ ਯਾਦ ਰੱਖਣਾ, ਆਪਣੇ ਆਪ ਦੇ ਰੂਬਰੂ ਹੋਣਾ ਹੁੰਦਾ ਹੈ। ਨਿਰੰਤਰ ਖ਼ੁਦ ਦੀ ਪੁਣਛਾਣ ਕਰਦਾ ਰਹੇ ਤਾਂ ਬੰਦਾ ਨਿਮਰ ਰਹਿੰਦਾ ਹੈ ਅਤੇ ਪ੍ਰਾਪਤੀਆਂ ‘ਤੇ ਮਾਣ ਨਹੀਂ ਕਰਦਾ, ਸਗੋਂ ਉਸ ਦੀ ਰੂਹ ਵਿਚ ਸ਼ੁਕਰਗੁਜ਼ਾਰੀ ਦਾ ਨਾਦ ਹੀ ਹਮੇਸ਼ਾ ਗੂੰਜਦਾ ਏ।
ਉਹ ਵੀ ਕੇਹੇ ਦਿਨ ਸਨ ਕਿ ਬੱਚੀ ਨੂੰ ਟੀਕੇ ਲਗਵਾਉਣ ਲਈ ਮੁੱਲਾਂਪੁਰ ਤੋਂ ਸੀ.ਐਮ.ਸੀ. ਹਸਪਤਾਲ ਲੁਧਿਆਣਾ ਸਾਈਕਲ ‘ਤੇ ਜਾਈਦਾ ਸੀ ਤਾਂ ਕਿ ਬੱਸ ਦੇ ਕਿਰਾਏ ਦੀ ਬੱਚਤ ਹੋ ਸਕੇ। ਜ਼ਿੰਦਗੀ ਨੂੰ ਸੀਮਤ ਸਾਧਨਾਂ, ਸੰਕੋਚ ਅਤੇ ਸਮਝ ਨਾਲ ਜਿਊਣ ਦੀ ਆਦਤ ਤਾਂ ਪਹਿਲਾਂ ਸੀ ਪਰ ਵਿਆਹੁਤਾ ਜੀਵਨ ਦੇ ਸ਼ੁਰੂਆਤੀ ਦੌਰ ਵਿਚ ਆਏ ਔਖੇ ਦਿਨਾਂ ਨੇ ਸਧਾਰਨਤਾ, ਸੰਖ਼ੇਪਤਾ ਅਤੇ ਸਾਦਗੀ ਨੂੰ ਜ਼ਿੰਦਗੀ ਦੇ ਪਰਮ ਗੁਣ ਬਣਾਉਣ ਵਿਚ ਮਦਦ ਕੀਤੀ। ਇਨ੍ਹਾਂ ਗੁਣਾਂ ਰਾਹੀਂ ਇਨਸਾਨ ਨੂੰ ਹੈਸੀਅਤ ਤੇ ਹੋਂਦ ਨੂੰ ਨਾਜ਼ਲ ਹੋਣ ਦਾ ਵਲ ਆ ਜਾਵੇ ਤਾਂ ਜ਼ਿੰਦਗੀ ਹਰ ਹਾਲਤ ਵਿਚ ਸੁਖ਼ਨ ਅਤੇ ਸ਼ੂਕਰਸਬੂਰੀ ਨਾਲ ਨਿਵਾਜ਼ਦੀ ਏ।
ਕਦੇ ਕਦੇ ਮਨ ਵਿਚ ਉਨ੍ਹਾਂ ਦਿਨਾਂ ਦੀ ਪੀੜਾ ਬਹੁਤ ਤਾਰੀ ਹੋ ਜਾਂਦੀ ਏ ਤਾਂ ਮਨ ਨੂੰ ਸਮਝਾਉਂਦਾ ਹਾਂ ਕਿ ਅਜਿਹਾ ਸਿਰਫ਼ ਤੇਰੇ ਨਾਲ ਹੀ ਨਹੀਂ ਹਰੇਕ ਉਸ ਸ਼ਖ਼ਸ ਨਾਲ ਵਾਪਰਦਾ ਹੈ, ਜੋ ਸਮਾਜ ਵਿਚ ਵਿਚਰਦਿਆਂ ਕਰੂਰ ਰੰਗੇ ਅਤੇ ਮੁਖੌਟਿਆਂ ਹੇਠ ਵਿਚਰਦੇ ਚਿਹਰਿਆਂ ਤੋਂ ਅਣਜਾਣ ਹੁੰਦਾ ਹੈ। ਉਨ੍ਹਾਂ ਦੀਆਂ ਚਾਲਾਂ ਪੜ੍ਹਨ ਤੋਂ ਕੋਰਾ ਅਤੇ ਉਨ੍ਹਾਂ ਦੀ ਕਮੀਨਗੀਆਂ ਨੂੰ ਸਮਝਣ ਤੋਂ ਅਣਭੋਲ ਹੁੰਦਾ ਹੈ ਪਰ ਅਜਿਹਾ ਵਕਤ ਤੁਹਾਨੂੰ ਅਜਿਹੀਆਂ ਨਿਆਮਤਾਂ ਨਾਲ ਨਿਵਾਜਦਾ ਹੈ ਕਿ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਜੋ ਕੁਝ ਵੀ ਵਰਤਿਆ ਏ ਇਸ ਵਿਚ ਕੁਝ ਚੰਗੇਰਾ ਹੀ ਸੀ ਕਿਉਂਕਿ ਕੁਦਰਤ ਦਾ ਵਰਤਾਰਾ ਵਿਲੱਖਣ ਹੁੰਦਾ ਹੈ ਅਤੇ ਇਸ ਵਰਤਾਰੇ ਵਿਚ ਕੁਝ ਨਿਵੇਕਲਾ ਅਤੇ ਵਿਕਲੋਤਰਾ ਤੁਹਾਡੀ ਝੋਲੀ ਵਿਚ ਪੈਂਦਾ ਏ ਤੇ ਤੁਹਾਡੇ ਹੱਥ ਸ਼ੁਕਰਗੁਜ਼ਾਰੀ ਵਿਚ ਖ਼ੁਦ-ਬ-ਖੁ਼ਦ ਜੁੜ ਜਾਂਦੇ ਹਨ।
ਅਜਿਹੇ ਵਕਤ ਹੀ ਸਬੰਧਾਂ ਦੀ ਪਰਖ਼ ਹੁੰਦੇ ਹਨ ਕਿ ਮੀਆਂ-ਬੀਵੀ ਕਿਵੇਂ ਔਖ਼ੇ ਸਮਿਆਂ ਵਿਚੋਂ ਸੁਰਖ਼ਰੂ ਹੋ ਕੇ ਨਿਕਲਦੇ ਜਨ। ਕਿਵੇਂ ਉਨ੍ਹਾਂ ਦੇ ਰਿਸ਼ਤਿਆਂ ਦੀ ਤੰਦ ਹੋਰ ਪੀਢੀ ਹੁੰਦੀ ਹੈ। ਉਹ ਮੁਸ਼ਕਲ ਘੜੀ ਨੂੰ ਵੀ ਹੱਸਦਿਆਂ ਜਿਊਂਦੇ, ਸਰਘੀ ਦੀ ਆਸ ਵਿਚ ਰਾਤ ਦੇ ਕਾਲੇ ਪਹਿਰ ਨੂੰ ਟਰਕਾਉਂਦੇ ਰਹਿੰਦੇ ਹਨ। ਮੱਸਿਆ ਸਦਾ ਨਹੀਂ ਰਹਿੰਦੀ ਅਤੇ ਨਾ ਹੀ ਬੱਦਲ ਸੂਰਜ ਨੂੰ ਹਮੇਸ਼ਾ ਲੁਕੋ ਸਕਦੇ ਨੇ। ਆਖ਼ਰ ਬੱਦਲਾਂ ਨੇ ਪਾਟਣਾ ਹੀ ਹੁੰਦਾ ਹੈ। ਰਾਤ ਦੀ ਕੁੱਖ ਵਿਚ ਲੋਅ ਨੇ ਉਗਮਣਾ ਹੁੰਦਾ ਅਤੇ ਨਵੇਂ ਸਵੇਰੇ ਨੇ ਦਸਤਕ ਦੇਣੀ ਹੁੰਦੀ ਹੈ। ਰੌਸ਼ਨੀ ਨੇ ਕਰਮ-ਰੇਖ਼ਾਵਾਂ ਦੀ ਕਲਾ-ਨਕਾਸ਼ੀ ਕਰਨੀ ਹੁੰਦੀ ਹੈ। ਤਦਬੀਰਾਂ ਨੇ ਤਕਦੀਰ ਦੀ ਸਿਰਜਣਾ ਕਰਨੀ ਹੁੰਦੀ ਹੈ। ਤੁਹਾਡੀਆਂ ਤਰਜੀਹਾਂ ਵਿਚ ਤਮੰਨਾਵਾਂ ਅਤੇ ਤਾਂਘਾਂ ਨੇ ਅੰਗੜਾਈ ਵੀ ਭਰਨੀ ਹੁੰਦੀ ਹੈ।
ਇਸ ਵਕਤ ਦੌਰਾਨ ਹੀ ਡਾ. ਹਰਭਜਨ ਸਿੰਘ ਦਿਓਲ ਵਰਗੀ ਨਾਯਾਬ, ਪਿਆਰੀ ਅਤੇ ਉਚ-ਦੁਮੇਲੜੀ ਸ਼ਖ਼ਸੀਅਤ ਨਾਲ ਅਜਿਹੀ ਸਾਂਝ ਬਣੀ, ਜਿਹੜੀ ਉਨ੍ਹਾਂ ਦੇ ਆਖ਼ਰੀ ਵਕਤ ਤਕ ਨਿਭੀ। ਉਨ੍ਹਾਂ ਨਾਲ ਬਿਤਾਇਆ ਪੂਰ-ਖਲੂਸ ਵਕਤ ਅਤੇ ਹਰਦਿਲ-ਅਜ਼ੀਜ਼ੀ ਦੀਆਂ ਯਾਦਾਂ ਮੇਰੀ ਜ਼ਿੰਦਗੀ ਦਾ ਸੁਖ਼ਨ ਅਤੇ ਸਕੂਨ ਹਨ। ਅਜਿਹੀਆਂ ਦੋਸਤੀਆਂ ਸਿਰਫ਼ ਵਿਰਲਿਆਂ ਦੇ ਨਸੀਬ ‘ਚ ਹੁੰਦੀਆਂ ਹਨ, ਜਿਨ੍ਹਾਂ `ਤੇ ਤੁਸੀਂ ਨਾਜ਼ ਕਰ ਸਕਦੇ ਹੋ।
ਇਨ੍ਹਾਂ ਵੇਲਿਆਂ ਵਿਚ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਆਲ਼ੇ-ਦੁਆਲ਼ੇ ਵਸਦੇ ਲੋਕ ਕਿਹੋ ਜਿਹੇ ਹਨ? ਉਨ੍ਹਾਂ ਦੇ ਮਨਾਂ ਵਿਚ ਕਿੰਨੀ ਕੁ ਹਮਦਰਦੀ ਹੈ ਅਤੇ ਉਹ ਤੁਹਾਡੀ ਮਦਦ ਲਈ ਕਿੰਨਾ ਕੁ ਤਤਪਰ ਹੁੰਦੇ ਹਨ। ਮੁੱਲਾਂਪੁਰ ਰਹਿੰਦਿਆਂ ਸਾਡੇ ਗੁਆਂਢ ਵਿਚ ਤਰਖਾਣਾਂ ਦਾ ਘਰ ਸੀ। ਮੇਰੀ ਵੱਡੀ ਬੇਟੀ ਬਹੁਤ ਛੋਟੀ ਸੀ। ਪਤਨੀ ਸਕੂਲ ਵਿਚ ਨੌਕਰੀ ਕਰਦੀ ਅਤੇ ਮੈਂ ਬੇਰੁਜ਼ਗਾਰੀ ਦੇ ਆਲਮ ਵਿਚ ਦਰ-ਬ-ਦਰ ਦੀਆਂ ਠੋਕਰਾਂ ਖਾ ਰਿਹਾ ਸਾਂ। ਘਰ ਘੱਟ ਹੀ ਟਿਕਦਾ ਸਾਂ। ਉਸ ਪਰਿਵਾਰ ਨੇ ਮੇਰੀ ਬੱਚੀ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਪਿਆਰ ਅਤੇ ਅਪਣੱਤ ਨਾਲ ਪਾਲਿਆ। ਉਨ੍ਹਾਂ ਦਾ ਇਹ ਅਹਿਸਾਨ ਹੀ ਇੰਨਾ ਵੱਡਾ ਸੀ ਕਿ ਅਸੀਂ ਉਸ ਅਹਿਸਾਨ ਨੂੰ ਕਦੇ ਮਨੋਂ ਨਹੀਂ ਭੁਲਾਇਆ। ਹੁਣ ਵੀ ਅਕਸਰ ਬੀਤੇ ਦੀਆਂ ਪਰਤਾਂ ਫਰੋਲਦੇ ਹਾਂ ਤਾਂ ਮੁੱਲਾਂਪੁਰ ਵਿਚ ਬੱਚੀ ਦੇ ਬਚਪਨੇ ਦੇ ਦਿਨਾਂ ਵਿਚ ਉਸ ਪਰਿਵਾਰ ਵਲੋਂ ਦਿਖਾਏ ਮੋਹ ਨੂੰ ਯਾਦ ਕਰ ਕੇ ਅੱਖਾਂ ਤਰ ਹੋ ਜਾਦੀਆਂ ਨੇ। ਕੋਸ਼ਿਸ਼ ਹੁੰਦੀ ਹੈ ਕਿ ਜਦ ਵੀ ਮੁੱਲਾਂਪੁਰ ਜਾਈਏ ਤਾਂ ਉਸ ਪਰਿਵਾਰ ਨੂੰ ਜ਼ਰੂਰ ਮਿਲ ਕੇ ਆਈਏ।
ਇਸ ਅਣਸੁਖਾਵੀਂ ਘਟਨਾ ਨੇ ਇਹ ਵੀ ਸਿਖਾਇਆ ਕਿ ਤੁਹਾਨੂੰ ਬਹੁਤ ਸਾਰੇ ਲੋਕ ਸਲਾਹਾਂ ਤੇ ਮੱਤਾਂ ਦੇਣਗੇ ਪਰ ਤੁਹਾਡੀ ਹੱਲਾਸ਼ੇਰੀ ਲਈ ਕੋਈ ਅੱਗੇ ਨਹੀਂ ਆਉਂਦਾ। ਨਾ ਹੀ ਕੋਈ ਆਪਣਾ ਮੋਢਾ ਅੱਗੇ ਕਰਦਾ ਹੈ, ਜਿਸ ‘ਤੇ ਸਿਰ ਰੱਖ ਕੇ ਮਨ ਦਾ ਭਾਰ ਹਲਕਾ ਕੀਤਾ ਜਾਵੇ। ਸਿਰਫ਼ ਕੁਝ ਕੁ ਹੁੰਦੇ ਹਨ, ਜਿਨ੍ਹਾਂ ਨਾਲ ਮਨ ਦਾ ਗੁਬਾਰ ਫ਼ਰੋਲਿਆ ਜਾ ਸਕਦਾ ਹੈ। ਉਹ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਅਤੇ ਕਈ ਵਾਰ ਤੁਹਾਡੀ ਜਾਣਕਾਰੀ ਤੋਂ ਬਗੈਰ ਕੁਝ ਅਜਿਹਾ ਕਰ ਜਾਂਦੇ ਕਿ ਬੰਦੇ ਨੂੰ ਨਾਜ਼ ਹੁੰਦਾ ਕਿ ਅਜਿਹਾ ਕੁਝ ਵੀ ਹੋ ਸਕਦਾ ਹੈ। ਅਜਿਹਾ ਕੁਝ ਹੀ ਮੇਰੇ ਨਾਲ ਹੋਇਆ ਕਿ ਜਦ ਮੇਰੀ ਖਾਲਸਾ ਕਾਲਜ ਸੁਧਾਰ ਵਿਚ ਬਹਾਲੀ ਨਾ ਹੋਈ ਤਾਂ ਡੀਏਵੀ ਕਾਲਜ ਜਲੰਧਰ ਦੇ ਪ੍ਰਿੰਸੀਪਲ ਸੁਭਾਸ਼ ਕੁਮਾਰ ਦਾ ਸੁਨੇਹਾ ਆਇਆ ਕਿ ਡੀਏਵੀ ਕਾਲਜ ਹੁਸ਼ਿਆਰਪੁਰ ਵਿਚ ਐਡਹਾਕ ਦੇ ਤੌਰ ‘ਤੇ ਪੜ੍ਹਾਉਣਾ ਸ਼ੁਰੂ ਕਰ ਦੇ। ਇਕ ਰਾਹਤ ਮਿਲਦੀ ਹੈ ਜਦ ਕੋਈ ਤੁਹਾਡੀ ਬਿਹਤਰੀ ਲਈ ਅਚੇਤ ਰੂਪ ਵਿਚ ਸ਼ੁੱਭ ਕਰਦਾ ਅਤੇ ਅਹਿਸਾਨ ਵੀ ਨਹੀਂ ਜਤਾਉਂਦਾ। ਵਰਨਾ ਕਈਆਂ ਦੀ ਇਹ ਵੀ ਸਲਾਹ ਸੀ ਕਿ ਪ੍ਰੋਫ਼ੈਸਰੀ ਛੱਡ ਤੇ ਬੀ.ਐਡ. ਕਰ ਤੇ ਕਿਸੇ ਸਕੂਲ ਵਿਚ ਅਧਿਆਪਕ ਲੱਗ ਜਾ। ਸਿਰਫ਼ ਮਨ ਦੀ ਤਕੜਾਈ, ਟੀਚੇ ਪ੍ਰਤੀ ਨਿਸ਼ਠਾ ਅਤੇ ਆਪਣੇ ਆਪ ‘ਤੇ ਵਿਸ਼ਵਾਸ ਹੀ ਹੁੰਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਰਾਹਾਂ ਦੇ ਖ਼ੁਦ ਹੀ ਸਿਰਜਣਹਾਰੇ ਬਣਦੇ ਹੋ। ਵਿਸਾਖ਼ੀਆਂ ਸਹਾਰੇ ਮੰਜ਼ਲਾਂ ਸਰ ਨਹੀਂ ਹੁੰਦੀਆਂ। ਪੈਰਾਂ ਹੇਠ ਧਰਤੀ ਹੋਵੇ ਅਤੇ ਨੈਣਾਂ ਵਿਚ ਅੰਬਰ ਦਾ ਸਿਰਨਾਵਾਂ ਹੋਵੇ ਤਾਂ ਸਫ਼ਲਤਾਵਾਂ ਦੇ ਸ਼ਿਲਾਲੇਖਾਂ ‘ਤੇ ਤੁਹਾਡੇ ਨਾਮ ਦੇ ਅੱਖ਼ਰ ਜਗਣਗੇ।
ਟਰਮੀਨੇਸ਼ਨ ਦੇ ਸ਼ਗਨ ਤੋਂ ਸਰਕਾਰੀ ਨੌਕਰੀ ਤੀਕ ਦਾ ਸਫ਼ਰ ਸ਼ਾਇਦ ਇਕ ਪਰਖ਼ ਦਾ ਸਮਾਂ ਸੀ। ਉਸ ਪਰਖ਼ ਵਿਚੋਂ ਪੂਰਨ ਤਨਦੇਹੀ ਨਾਲ ਖੁ਼ਦ ਨੂੰ ਸਾਬਤ ਕਰਨਾ ਅਤੇ ਸਾਬਤ ਕਦਮੀਂ ਸਿਰ ਉੱਚਾ ਕਰ ਕੇ ਅੱਗੇ ਵਧਣ ਦਾ ਤਹੱਈਆ ਕਰਨ ਨਾਲ ਹੀ ਕੁਝ ਪ੍ਰਾਪਤ ਹੋ ਸਕਦਾ। ਹਿੰਮਤਾਂ ਅੱਗੇ ਹੀ ਸੁਪਨਿਆਂ ਦਾ ਸੱਚ ਨਸਮਕਾਰਦਾ ਹੈ। ਬੇਹਿੰਮਤਿਆਂ ਨੂੰ ਜਾਂ ਤਾਂ ਸੁਪਨੇ ਹੀ ਨਹੀਂ ਆਉਂਦੇ ਜਾਂ ਉਹ ਸਿਰਫ਼ ਸੁਪਨੇ ਲੈਣ ਜੋਗੇ ਹੀ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਸੁਪਨਿਆਂ ਵਿਚ ਪ੍ਰਾਪਤੀਆਂ ਦਾ ਜੋਸ਼, ਜਨੂੰਨ, ਜ਼ਜਬ ਅਤੇ ਜਗਿਆਸਾ ਹੀ ਨਹੀਂ ਹੁੰਦੀ।
ਅਸਫ਼ਲਤਾਵਾਂ ਜ਼ਿੰਦਗੀ ਦਾ ਹਿੱਸਾ ਹਨ। ਕਈ ਵਾਰ ਇਹ ਤੁਹਾਡੀ ਕੋਈ ਕਮੀ ਜਾਂ ਘਾਟ ਨਹੀਂ ਹੁੰਦੀਆਂ, ਸਗੋਂ ਦੂਸਰਿਆਂ ਵਲੋਂ ਤੁਹਾਡੇ ‘ਤੇ ਕੀਤੀ ਕਰੂਰਤਾ ਦਾ ਰੂਪ ਹੁੰਦਾ ਹੈ, ਜਿਹੜਾ ਤੁਹਾਨੂੰ ਹੀ ਹੰਢਾਉਣਾ ਪੈਣਾ ਹੈ। ਇਹ ਤਾਂ ਇਕ ਪੜਾਅ ਹੁੰਦਾ ਏ ਸਫ਼ਲਤਾਵਾਂ ਨੂੰ ਪਾਉਣ ਦਾ। ਇਸ ਮੋੜ ‘ਤੇ ਥਿੜਕਣਾ ਤੁਹਾਨੂੰ ਰਸਾਤਲ ਵੰਨੀਂ ਧਕੇਲ ਸਕਦਾ ਹੈ, ਜਦਕਿ ਮਜ਼ਬੂਤ ਕਦਮਾਂ ਦੀ ਆਹਟ ਨਾਲ ਸਫ਼ਲਤਾਵਾਂ ਤੁਹਾਡੀ ਝੋਲੀ ਵਿਚ ਪੈਣ ਲਈ ਅਹੁਲਦੀਆਂ ਹਨ।
ਸਭ ਤੋਂ ਜ਼ਰੂਰੀ ਹੁੰਦਾ ਏ ਜ਼ਿੰਦਗੀ ਦੇ ਕਿਸੇ ਵੀ ਮੁਕਾਮ ‘ਤੇ ਆਪਣੇ ਆਪ ਨੂੰ ਉਹੀ ਸਮਝੋ, ਜੋ ਤੁਸੀਂ ਅੰਦਰੋਂ ਹੋ ਪਰ ਕਦੇ ਵੀ ਉਹ ਨਾ ਸਮਝੋ ਜੋ ਤੁਸੀਂ ਨਹੀਂ ਸੀ ਅਤੇ ਨਾ ਹੀ ਹੋ। ਆਪਣੇ ਬੀਤੇ ਨੂੰ ਕਦੇ ਵੀ ਨਾ ਭੁਲਾਵੋ ਸਗੋਂ ਵਕਤ-ਬ-ਵਕਤ ਇਸ ਦੇ ਸਨਮੁੱਖ ਹੋ ਕੇ ਇਸ ਨੂੰ ਨਿਹਾਰਦੇ ਰਹੋ ਤਾਂ ਤੁਸੀਂ ਖੁਦ ਨਾਲ ਜੁੜੇ ਰਹੋਗੇ। ਆਪਣੇ ਅਤੀਤ ਨਾਲ ਮੋਹ ਕਰੋਗੇ ਕਿਉਂਕਿ ਇਹ ਅਤੀਤ ਸਦਕਾ ਹੀ ਹੁੰਦਾ ਹੈ, ਜਿਸ ਕਾਰਨ ਤੁਸੀਂ ਮੌਜੂਦਾ ਮੁਕਾਮ ‘ਤੇ ਹੋ।