ਪੰਜਾਬੀ ਭਾਸ਼ਾ ਦਾ ਦੀਵਾਨਾ ਆਸ਼ਕ ਜੋਗਿੰਦਰ ਸਿੰਘ ਪੁਆਰ

ਪੰਜਾਬ ਦੇ ਸਾਹਿਤਕ ਅਤੇ ਬੌਧਿਕ ਹਲਕਿਆਂ ਅੰਦਰ ਡਾ. ਜੋਗਿੰਦਰ ਸਿੰਘ ਪੁਆਰ ਦਾ ਆਪਣਾ ਸਥਾਨ ਹੈ। ਮੁੱਖ ਰੂਪ ਵਿਚ ਭਾਸ਼ਾ ਉਨ੍ਹਾਂ ਦਾ ਕਾਰਜ ਖੇਤਰ ਸੀ। ਕੋਈ ਉਨ੍ਹਾਂ ਦੀ ਰਾਇ ਨਾਲ ਸਹਿਮਤ ਹੁੰਦਾ ਜਾਂ ਨਾ ਪਰ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਵੱਲ ਸੀ ਅਤੇ ਇਸ ਵੱਲ ਵਿਚ ਉਨ੍ਹਾਂ ਨੇ ਜ਼ਿੱਦ ਵੀ ਜੋੜੀ ਹੋਈ ਸੀ। ਉਘੇ ਲਿਖਾਰੀ ਵਰਿਆਮ ਸਿੰਘ ਸੰਧੂ ਨੇ ਉਨ੍ਹਾਂ ਬਾਰੇ ਲਿਖੀ ਲੰਮੀ ਰਚਨਾ ‘ਪੰਜਾਬ ਟਾਈਮਜ਼’ ਲਈ ਭੇਜੀ ਹੈ। ਇਸ ਵਿਚ ਡਾ. ਪੁਆਰ ਦੇ ਸੱਭੇ ਰੰਗ ਨਸ਼ਰ ਹੋਏ ਹਨ। ਇਸ ਲੰਮੇ, ਬੇਲਿਹਾਜ਼ ਲੇਖ ਦੀ ਪਹਿਲੀ ਕਿਸ਼ਤ ਹਾਜ਼ਰ ਹੈ।

ਵਰਿਆਮ ਸਿੰਘ ਸੰਧੂ
ਫੋਨ (ਵ੍ਹੱਟਸਐਪ): +91-98726-02296
ਜੋਗਿੰਦਰ ਸਿੰਘ ਪੁਆਰ ‘ਨਰ’ ਆਦਮੀ ਸੀ। ਯਾਰਾਂ ਦਾ ਯਾਰ। ਤੋੜ ਨਿਭਣ ਵਾਲਾ। ਆਪਣੀ ਧੁਨ ਤੇ ਵਿਚਾਰਾਂ ਦਾ ਪੱਕਾ। ਲੜਾਕਾ ਤੇ ਜੁਝਾਰੂ। ਬੇਲਚਕ ਤੇ ਬੇਲਿਹਾਜ਼। ਖਰ੍ਹਵਾ ਅਤੇ ਖੋਰੀ। ਸੱਚੀ ਗੱਲ ਮੂੰਹ ’ਤੇ ਕਹਿਣ ਵਾਲਾ। ਬਾਹਰੋਂ ਕਰੜਾ ਪਰ ਅੰਦਰੋਂ ਕੂਲਾ। ਪੰਜਾਬੀ ਭਾਸ਼ਾ ਦਾ ਦੀਵਾਨਾ ਆਸ਼ਕ। ਪੰਜਾਬੀ ਦਾ ਸੂਰਮਾ ਪੁੱਤ। ਸਾਰੀ ਉਮਰ ਪੰਜਾਬੀ ਭਾਸ਼ਾ ਦੀ ਹੋਂਦ, ਹਸਤੀ ਤੇ ਪਛਾਣ ਲਈ ਲੜਿਆ, ਉਹਦੇ ਲਈ ਜੀਵਿਆ। ਪੰਜਾਬੀ ਭਾਸ਼ਾ ਹੀ ਉਹਦਾ ਪਹਿਨਣ-ਪੱਚਰਨ ਸੀ। ਉਹਦਾ ‘ਓੜ੍ਹਨਾ-ਵਿਛੌਣਾ’ ਸੀ। ਉਹਦੇ ਜਾਗਦੇ-ਸੁੱਤਿਆਂ ਲਏ ਸੁਪਨਿਆਂ ਦੀ ਮਹਿਬੂਬਾ! ਆਪਣੇ ਵਿਦਿਆਰਥੀਆਂ ਪਿੱਛੇ ਕੰਧ ਬਣ ਕੇ ਖਲੋਣ ਵਾਲਾ। ‘ਆਪਣੀ ਬੇੜੀ’ ਵਿਚ ਬਿਠਾ ਕੇ, ਉਹਨੇ, ਪਤਾ ਨਹੀਂ ਕਿੰਨੇ ਪੂਰ ਪਾਰ ਲੰਘਾ ਦਿੱਤੇ। ਉਹਦੀ ਬਦੌਲਤ ਉਹਦੇ ਦਰਜਨਾਂ ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ ਤੱਕ ਪਹੁੰਚੇ। ਸਭਨਾਂ ਦੇ ਨਾਂ ਕੀ ਗਿਣਾਉਣੇ ਹੋਏ! ਕੱਚੇ-ਪੱਕੇ ਅਨੁਮਾਨ ਮੁਤਾਬਕ ਇਕੱਲੀ ਪੰਜਾਬੀ ਯੂਨੀਵਰਸਿਟੀ ਵਿਚ ਹੀ ਲਗਭਗ ਡੇਢ ਦਰਜਨ ਤੋਂ ਵੱਧ, ਉਹਦੇ ਵਿਦਿਆਰਥੀ ਵੱਖ-ਵੱਖ ਵਿਭਾਗਾਂ ਵਿਚ ਪ੍ਰੋਫੈਸਰ ਬਣ ਕੇ ਜ਼ਿੰਦਗੀ ਦੇ ਰੰਗ-ਤਮਾਸ਼ੇ ਮਾਣਦੇ ਰਹੇ ਹਨ। ਦੂਜੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਉਹਨੇ ਕਿਹੜੇ ਕਿਹੜੇ ਬੂਟੇ ਲਾਏ, ਉਨ੍ਹਾਂ ਦਾ ਹਿਸਾਬ-ਕਿਤਾਬ ਤੁਸੀਂ ਵੀ ਤਾਂ ਕਰ ਸਕਦੇ ਹੋ।
ਕਰੋਨਾ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਹੈ। ਇਕ ਦਿਨ ਫੋਨ ਆਇਆ ਕਿ ਮੈਂ ਅਗਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਪਹੁੰਚ ਜਾਵਾਂ। ਕੋਈ ਮੀਟਿੰਗ ਕਰਨ ਦਾ ਇਰਾਦਾ ਸੀ ਉਹਦਾ। ਉਹ ਚਾਹੁੰਦਾ ਸੀ ਕਿ ਪੰਜਾਬੀ ਭਾਸ਼ਾ ਅਕਾਦਮੀ ਵੱਲੋਂ ਜਲੰਧਰ ਵਿਚ, ਜੈਪੁਰ ਵਰਗੇ ਸਾਲਾਨਾ ਸਾਹਿਤ ਉਤਸਵ ਵਾਂਗ, ਭਾਰਤ ਪੱਧਰੀ ਭਾਸ਼ਾ ਸਮਾਗਮ ਕੀਤਾ ਜਾਵੇ ਜਿਸ ਵਿਚ ਭਾਰਤ ਭਰ ਤੋਂ ਵੱਡੇ ਭਾਸ਼ਾ ਵਿਗਿਆਨੀ ਬੁਲਾਏ ਜਾਣ। ਖੇਤਰੀ ਭਾਸ਼ਾਵਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ ਜਾਵੇ ਤੇ ਉਸ ਰੌਸ਼ਨੀ ਵਿਚ ਪੰਜਾਬੀ ਭਾਸ਼ਾ ਦੀ ਤਰੱਕੀ ਬਾਰੇ ਨਵਾਂ ਏਜੰਡਾ ਉਲੀਕਿਆ ਜਾਵੇ ਤੇ ਉਹਨੂੰ ਸਿਰੇ ਚਾੜ੍ਹਨ ਲਈ ਸਰਗਰਮ ਯਤਨ ਆਰੰਭੇ ਜਾਣ।
ਮੀਟਿੰਗ ਵਿਚ ਬੈਠੇ ਵੱਖ-ਵੱਖ ਸੱਜਣ ਬੜੇ ਹੁੱਬ ਕੇ ਇਸ ਮਹਾ ਸਮਾਗਮ ਤੋਂ ਹੋਣ ਵਾਲੀਆਂ ਪ੍ਰਾਪਤੀਆਂ ਬਾਰੇ ਚਰਚਾ ਕਰ ਰਹੇ ਸਨ।
ਮੈਂ ਮਨ ਹੀ ਮਨ ਵਿਚ ਸੋਚ ਰਿਹਾ ਸਾਂ।…
…ਚੌਦਾਂ-ਪੰਦਰਾਂ ਸਾਲ ਪਹਿਲਾਂ ਦੀ ਗੱਲ ਹੋਵੇਗੀ। ਪੰਜਾਬੀ ਭਾਸ਼ਾ ਅਕਾਦਮੀ ਵੱਲੋਂ ਸਾਲਾਨਾ ਕਾਨਫਰੰਸ ਕਰਵਾਈ ਜਾਣੀ ਸੀ। ਕੁਝ ਵਿਦਵਾਨਾਂ ਦੇ ਪਰਚੇ ਪਹੁੰਚ ਚੁੱਕੇ ਸਨ। ਮੈਂ ਦੋ-ਚਾਰ ’ਤੇ ਨਜ਼ਰ ਮਾਰੀ। ਫਿਰ ਮੇਰੇ ਮਨ ਵਿਚ ਖਿਆਲ ਆਇਆ ਕਿ ਇਸ ਤੋਂ ਪਹਿਲਾਂ ਹੋਈਆਂ ਕਾਨਫਰੰਸਾਂ ਵਿਚ ਪੜ੍ਹੇ ਪਰਚਿਆਂ ’ਤੇ ਵੀ ਝਾਤੀ ਮਾਰ ਕੇ ਵੇਖਾਂ। ਮੈਂ ਅਕਾਦਮੀ ਦੇ ਦਫਤਰ ਵਿਚ ਪਏ ਪੁਰਾਣੇ ਪਰਚੇ ਕੱਢੇ। ਵੇਖਿਆ ਕਿ ਉਸ ਤੋਂ ਵੀ ਦਸ ਸਾਲ ਪਹਿਲਾਂ ਕੀਤੀ ਕਾਨਫਰੰਸ ਵਿਚ ਵੀ ਉਸੇ ਵਿਦਵਾਨ ਦਾ ਇਕ ਪਰਚਾ ਪਿਆ ਸੀ ਜਿਸ ਦਾ ਪਰਚਾ ਹੁਣ ਵੀ ਆਇਆ ਸੀ। ਉੱਨੀ-ਇੱਕੀ ਦੇ ਫਰਕ ਨਾਲ ਹੁਣ ਵੀ ਉਸ ਨੇ ਉਹੋ ਗੱਲਾਂ ਕੀਤੀਆਂ ਸਨ ਜਿਹੜੀਆਂ ਦਸ ਸਾਲ ਪਹਿਲਾਂ ਕੀਤੀਆਂ ਸਨ। ਕਈ ਪੈਰੇ ਤਾਂ ਹੂ-ਬ-ਹੂ ਕਈ ਸਾਲ ਪਹਿਲਾਂ ਲਿਖੇ ਪਰਚੇ ਵਾਲੇ ਹੀ ਸਨ।
ਤੇ ਮੈਨੂੰ ਲੱਗਦਾ ਸੀ ਕਿ ਹੁਣ ਵੀਹ-ਪੰਝੀ ਸਾਲ ਬਾਅਦ ਵੀ ਪਰਚੇ ਤਾਂ ਸਾਡੇ ਵਿਦਵਾਨ ਉਹੋ ਜਿਹੇ ਹੀ ਰਹੇ ਨੇ ਤੇ ਲਿਖਣਗੇ, ਜਿਹੋ ਜਿਹੇ ਵੀਹ-ਪੰਝੀ ਸਾਲ ਪਹਿਲਾਂ ਲਿਖਦੇ ਰਹੇ ਹਨ। ਉਹੋ ਤਵਾ ਤੇ ਉਹੋ ਸੂਈ।
ਪੁਆਰ ਪੰਜਾਬੀ ਭਾਸ਼ਾ ਬਾਰੇ ਜਦ ਵੀ ਗੱਲ ਕਰਦਾ ਤਾਂ ਅਸੀਂ ਹੱਸਦੇ, “ਹੁਣੇ ਆਈ ਲਓ ਬੁਨਿਆਦੀ ਭਾਸ਼ਾ ਸਮੱਗਰੀ!”
ਤੇ ਉਹੋ ਗੱਲ ਹੁੰਦੀ। ਪੁਆਰ ਕਹਿਣ ਲੱਗਦਾ, “ਭਾਸ਼ਾ ਦੀ ਤਰੱਕੀ ਲਈ ਬੁਨਿਆਦੀ ਭਾਸ਼ਾ ਸਮੱਗਰੀ ਤੋਂ ਬਿਨਾਂ ਕੋਈ ਵੀ ਭਾਸ਼ਾ ਤਰੱਕੀ ਨਹੀਂ ਕਰ ਸਕਦੀ ਪਰ ਸਾਡੀਆਂ ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿਚ ਬੁਨਿਆਦੀ ਭਾਸ਼ਾ ਸਮੱਗਰੀ ਦੀ ਵੱਡੀ ਪੱਧਰ ‘ਤੇ ਅਣਹੋਂਦ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਸਾਡੀਆਂ ਸਰਕਾਰਾਂ ਨੇ ਕਦੇ ਵੀ ਠੀਕ ਭਾਸ਼ਾ ਵਿਉਂਤਬੰਦੀ ਵੱਲ ਧਿਆਨ ਨਹੀਂ ਦਿੱਤਾ। ਕਿਤੇ ਵੀ ਕੋਈ ਅਜਿਹਾ ਅਦਾਰਾ ਨਹੀਂ ਜੋ ਇਸ ਮਹੱਤਵਪੂਰਨ ਕਾਰਜ ਲਈ ਜ਼ਿੰਮੇਵਾਰ ਹੋਵੇ। ਠੀਕ ਭਾਸ਼ਾ ਵਿਉਂਤਬੰਦੀ ਬਗੈਰ ਪੰਜਾਬੀ ਦੀ ਬੁਨਿਆਦੀ ਭਾਸ਼ਾ ਸਮੱਗਰੀ ਤਿਆਰ ਨਹੀਂ ਹੋ ਸਕਦੀ।”
ਉਹਦੇ ਇਹ ਵਿਚਾਰ ਸਾਨੂੰ ਵਾਰ-ਵਾਰ ਸੁਣਨ ਨੂੰ ਮਿਲਦੇ। ਥੋੜ੍ਹੀ ਗੰਭੀਰਤਾ ਨਾਲ ਸੋਚਦਾ ਤਾਂ ਲੱਗਣ ਲੱਗਦਾ ਕਿ ਇਹ ਉਹਦੀ ਪੰਜਾਬੀ ਭਾਸ਼ਾ ਨਾਲ ਮੁਹੱਬਤ ਤੇ ਭਾਸ਼ਾ ਦੀ ਤਰੱਕੀ ਲਈ ਲਗਾਤਾਰ ਕੰਮ ਕਰਦੇ ਰਹਿਣ ਦੀ ਵਚਨਬੱਧਤਾ ਹੀ ਹੈ ਜੋ ਦਹਾਕਿਆਂ ਤੋਂ ਉਹਦੇ ਸਿਰ ’ਤੇ ਖਬਤ ਵਾਂਗ ਸਵਾਰ ਹੈ; ਜਿਵੇਂ ਭਗਤ ਸਿੰਘ ਦੇ ਆਸ਼ਕ ਉਹਦੀ ਇਹ ਉਕਤੀ ਅਕਸਰ ਦੁਹਰਾਉਂਦੇ ਰਹਿੰਦੇ ਨੇ ਕਿ, “ਸਾਡੀ ਲੜਾਈ ਓਨਾ ਚਿਰ ਜਾਰੀ ਰਹੇਗੀ, ਜਿੰਨਾ ਚਿਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ।” ਇੰਝ ਹੀ ਜੋਗਿੰਦਰ ਸਿੰਘ ਪੁਆਰ ਦਾ ਐਲਾਨ ਸੀ, “ਜਿੰਨਾ ਚਿਰ ਪੰਜਾਬੀ ਨੂੰ ਪੰਜਾਬ ਵਿਚ ਉਹਦਾ ਬਣਦਾ ਮਾਣ-ਸਨਮਾਨ ਨਹੀਂ ਮਿਲਦਾ, ਜਿੰਨਾ ਚਿਰ ਪੰਜਾਬੀ ਨੂੰ ਹਰ ਪੱਖ ਤੋਂ ਪ੍ਰਫੁੱਲਤ ਕਰਨ ਤੇ ਦੁਨੀਆ ਦੀਆਂ ਵਿਕਸਿਤ ਭਾਸ਼ਾਵਾਂ ਦੇ ਬਰਾਬਰ ਖੜ੍ਹਾ ਕਰਨ ਲਈ ਚੌਤਰਫੀ ਪ੍ਰਾਪਤੀ ਨਹੀਂ ਹੋ ਜਾਂਦੀ, ਓਨਾ ਚਿਰ ਉਹ ਆਪਣੀ ਆਵਾਜ਼ ਅਤੇ ਆਪਣਾ ਸੰਘਰਸ਼ ਜਾਰੀ ਰੱਖੇਗਾ।”…
…ਸਾਰੇ ਬੋਲ ਹਟੇ ਤਾਂ ਮੈਨੂੰ ਕਹਿੰਦਾ, “ਤੂੰ ਨਹੀਂ ਬੋਲਦਾ!”
ਮੈਂ ਉਸ ਪਰਚੇ ਵਿਚਲੇ ਦੁਹਰਾਓ ਅਤੇ ਉਸ ਨਾਲ ਜੁੜਵੀਆਂ ਆਪਣੀਆਂ ਸੋਚੀਆਂ ਸਾਰੀਆਂ ਗੱਲਾਂ ਸੁਣਾ ਕੇ ਕਿਹਾ, “ਇਹ ਠੀਕ ਹੈ ਕਿ ਭਾਸ਼ਾ ਬਾਰੇ ਵਰ੍ਹਿਆਂ ਤੋਂ ਵਾਰ-ਵਾਰ ਉਹੋ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ ਪਰ ਇਹ ਵੀ ਤਾਂ ਸੱਚ ਹੈ ਕਿ ਜਿੰਨਾ ਚਿਰ ਪੰਜਾਬੀ ਭਾਸ਼ਾ ਨਾਲ ਵਰ੍ਹਿਆਂ ਤੋਂ ਜੁੜੇ ਮਸਲੇ ਹੱਲ ਨਹੀਂ ਹੁੰਦੇ ਤੇ ਉਹ ਜਿਉਂ ਦੇ ਤਿਉਂ ਖੜ੍ਹੇ ਰਹਿੰਦੇ ਨੇ, ਤਾਂ ਇਹ ਗੱਲਾਂ ਦੁਹਰਾਉਣੀਆਂ ਵੀ ਲਾਜ਼ਮੀ ਹੋ ਜਾਂਦੀਆਂ ਨੇ। ‘ਬੋਲੇ ਕੰਨਾਂ’ ਵਿਚ ਲਗਾਤਾਰ ਆਵਾਜ਼ ਗੂੰਜਦੀ ਰਹਿਣੀ ਚਾਹੀਦੀ ਹੈ।
ਪੁਆਰ ‘ਬੋਲਿਆਂ’ ਤੇ ‘ਸੁੱਤਿਆਂ’ ਨੂੰ ਮਾਂ-ਬੋਲੀ ਦੇ ਮਹੱਤਵ ਬਾਰੇ ਦਹਾਕਿਆਂ ਤੋਂ ਸੱਚ ਸੁਣਾ ਰਿਹਾ ਸੀ। ਉਹਦਾ ਕੰਮ ਹੋਕਾ ਦੇਣਾ ਸੀ ਤੇ ਉਹ ਅੰਤਮ ਸਾਹਾਂ ਤੱਕ ਇਹ ਹੋਕਾ ਦਿੰਦਾ ਵੀ ਰਿਹਾ ਤੇ ਪੰਜਾਬੀ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਲੜਦਾ ਰਿਹਾ।
ਹੁਣ ਉਹ ‘ਭਾਸ਼ਾ ਉਤਸਵ’ ਕਰਵਾ ਕੇ ਇੱਕ ਵਾਰ ਫੇਰ ਵੱਡੇ ‘ਯੁਧ’ ਦਾ ਬਿਗ਼ਲ ਵਜਾਉਣਾ ਚਾਹੁੰਦਾ ਸੀ।
***
ਪੁਆਰ ਨਵਾਂ-ਨਵਾਂ ਵਾਈਸ ਚਾਂਸਲਰ ਬਣਿਆ ਸੀ। ਡਾ. ਸਾਧੂ ਸਿੰਘ ਪੰਜਾਬ ਆਇਆ ਹੋਇਆ ਸੀ। ਉਹ ਪੁਰਾਣੇ ਯਾਰ ਨੂੰ ਮਿਲਣਾ ਤੇ ਵਧਾਈ ਵੀ ਦੇਣਾ ਚਾਹੁੰਦਾ ਸੀ। ਅਸੀਂ, ਲੱਧੇਵਾਲੀ, ਪੁਆਰ ਦੇ ਘਰ, ਉਹਨੂੰ ਮਿਲਣ ਗਏ। ਸਾਧੂ ਸਿੰਘ ਕਹਿੰਦਾ, “ਲੈ ਭਈ ਜੋਗਿੰਦਰਾ! ਆਹ ਤਾਂ ਕੌਤਕ ਹੋ ਗਿਆ! ਆਪਾਂ ਕਦੀ ਸੋਚਿਆ ਵੀ ਨਹੀਂ ਸੀ ਜੋ ਹੋ ਗਿਆ। ਤੂੰ ਕਹਿੰਦਾ ਤਾਂ ਸੈਂ ਪਰ ਮੇਰਾ ਮਨ ਨਹੀਂ ਸੀ ਮੰਨਦਾ।”
ਪੁਆਰ ਜੇਤੂ ਅੰਦਾਜ਼ ਵਿਚ ਮਿੰਨ੍ਹਾ ਜਿਹਾ ਮੁਸਕਰਾਇਆ, “ਵੇਖ ਲੈ ਫੇਰ!”
‘ਮੌਕਾ ਆਉਣ’ ’ਤੇ ਵਾਈਸ ਚਾਂਸਲਰ ਬਣ ਜਾਣ ਦੀ ਭਵਿੱਖਬਾਣੀ ਉਹ ਕਈ ਸਾਲਾਂ ਤੋਂ ਆਪਣੇ ਮਿੱਤਰਾਂ-ਪਿਆਰਿਆਂ ਨਾਲ ਕਰ ਰਿਹਾ ਸੀ। ਸਾਧੂ ਸਿੰਘ ਨਾਲ ਵੀ ਕੀਤੀ ਹੋਈ ਸੀ। ਡਾ. ਸ.ਪ. ਸਿੰਘ ਨੇ 1988-89 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪਰਵਾਸੀ ਸਾਹਿਤ ਬਾਰੇ ਦੋ-ਦਿਨਾਂ ਵਿਸ਼ਵ ਕਾਨਫਰੰਸ ਕਰਵਾਈ ਸੀ। ਵਿਚਕਾਰਲੀ ਰਾਤ ਪੁਆਰ ਤੇ ਮੈਂ ਗੈਸਟ ਹਾਊਸ ਦੇ ਇੱਕੋ ਕਮਰੇ ਵਿਚ ਸਾਂ। ਪੁਆਰ ਆਪਣੇ ਮੁਢਲੇ ਜੀਵਨ ਬਾਰੇ ਗੱਲਬਾਤ ਕਰ ਰਿਹਾ ਸੀ। ਕਿਵੇਂ ਉਹ ਉਜੜ ਕੇ ਕਾਫਲੇ ਨਾਲ ਆਏ। ਕਿਵੇਂ ਬੇਅੰਤ ਸਿੰਘ ਨੇ ਬੰਦੂਕ ਲੈ ਕੇ, ਘੋੜੀ ’ਤੇ ਚੜ੍ਹ ਕੇ ਕਾਫਲੇ ਦੀ ਰਾਖੀ ਕੀਤੀ। ਕਿਵੇਂ ਉਹ ਲੱਧੇਵਾਲੀ ਆ ਕੇ ਵੱਸੇ। ਕਿਵੇਂ ਬਾਅਦ ਵਿਚ ਬੇਅੰਤ ਸਿੰਘ ਦਾ ਪਰਿਵਾਰ ਮਾਲਵੇ ਦੇ ਪਿੰਡ ਕੋਟਲੀ ਵਿਚ ਜਾ ਵੱਸਿਆ। ਤਦ ਵੀ, ਕਿਵੇਂ ਉਹਦਾ ਲੱਧੇਵਾਲੀ ਰਹਿੰਦੇ ਪੁਰਾਣੇ ਯਾਰਾਂ-ਬੇਲੀਆਂ ਨਾਲ ਮੁਹੱਬਤ ਦਾ ਰਿਸ਼ਤਾ ਬਣਿਆ ਹੋਇਆ ਸੀ। ਕਿਵੇਂ ਉਹ ਉਨ੍ਹਾਂ ਦੇ ਆਖੇ ਦਾ ਮਾਣ ਰੱਖਦਾ ਸੀ। ਕਿਵੇਂ ਖੁੱਲ੍ਹੇ ਦਿਲ ਨਾਲ ਉਨ੍ਹਾਂ ਦੀ ਮਦਦ ਕਰਦਾ ਸੀ।
ਅਚਨਚੇਤ ਉਹਨੇ ਚੱਲ ਰਹੀ ਗੱਲਬਾਤ ਨੂੰ ਵਿਚਾਲੇ ਛੱਡ ਕੇ ਕਿਹਾ, “ਵਰਿਆਮ ਸਿਹਾਂ! ਤੈਨੂੰ ਇੱਕ ਗੱਲ ਦੱਸਾਂ! ਬੇਅੰਤ ਸਿੰਘ ਕਾਂਗਰਸ ਦਾ ਪ੍ਰਧਾਨ ਹੈ। ਜੇ ਚੋਣਾਂ ਹੋ ਗਈਆਂ ਤੇ ਜੇ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਬੇਅੰਤ ਸਿੰਘ ਨੇ ਮੁੱਖ ਮੰਤਰੀ ਬਣ ਜਾਣਾ। ਉਹ ਮੁੱਖ ਮੰਤਰੀ ਬਣਿਆ ਤਾਂ ਆਪਾਂ ਵਾਈਸ ਚਾਂਸਲਰ ਬਣ ਜਾਣੈ।”
ਉਨ੍ਹਾਂ ਦਿਨਾਂ ਵਿਚ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ ਤੇ ਕਾਂਗਰਸ ਦੀ ਸਰਕਾਰ ਬਣਨ ਦੀ ਤਾਂ ਉਕਾ ਹੀ ਨਹੀਂ ਸੀ ਪਰ ਕਾਂਗਰਸ ਦੀ ਸਰਕਾਰ ਬਣਨਾ ਤੇ ਬੇਅੰਤ ਸਿੰਘ ਦਾ ਮੁੱਖ ਮੰਤਰੀ ਬਣਨਾ ਵੀ ‘ਕੌਤਕ’ ਹੀ ਸੀ ਤੇ ਪੁਆਰ ਦਾ ਵਾਈਸ ਚਾਂਸਲਰ ਬਣਨਾ ਵੀ ਸਾਧੂ ਸਿੰਘ ਵਰਗੇ ਦੋਸਤਾਂ ਨੂੰ ਕੌਤਕ ਹੀ ਲੱਗਦਾ ਸੀ। ਮੈਨੂੰ ਯਾਦ ਹੈ, ਪੁਆਰ ਦੇ ਮੂੰਹੋਂ ਮੈਂ ਇਹ ਗੱਲ ਪਹਿਲਾਂ ਉਦੋਂ ਵੀ ਸੁਣੀ ਸੀ ਜਦ ਮੈਂ ਤੇ ਸਾਧੂ ਸਿੰਘ ਲਾਇਲਪੁਰ ਖਾਲਸਾ ਕਾਲਜ ਵਿਚ ਮੇਰੀ ਨਿਯੁਕਤੀ ਦੇ ਹਵਾਲੇ ਨਾਲ ਰਾਜਾ ਹਰਨਰਿੰਦਰ ਸਿੰਘ ਨੂੰ ਮਿਲ ਕੇ ਪੁਆਰ ਦੇ ਘਰ ਬੈਠੇ ਗੱਲਬਾਤ ਕਰ ਰਹੇ ਸਾਂ ਤਾਂ ਪੁਆਰ ਨੇ ਸਾਧੂ ਸਿੰਘ ਕੋਲ ਵੀ ਇਹ ਦਾਅਵਾ ਕੀਤਾ ਸੀ। ਹੁਣ ਜਦ ਸਾਧੂ ਸਿੰਘ ਨੇ ਕਿਹਾ ਸੀ, “ਤੂੰ ਕਹਿੰਦਾ ਤਾਂ ਸੈਂ ਪਰ ਮੇਰਾ ਮਨ ਨਹੀਂ ਸੀ ਮੰਨਦਾ।” ਉਹਦਾ ਇਸ਼ਾਰਾ ਉਸ ਦਿਨ ਦੀ ਗੱਲਬਾਤ ਵੱਲ ਹੀ ਸੀ।
***
ਜੋਗਿੰਦਰ ਸਿੰਘ ਪੁਆਰ ਦਾ ਮੈਂ ਨਾਂ ਤਾਂ ਸੁਣਿਆਂ ਹੋਇਆ ਸੀ ਪਰ ਮਿਲਿਆ ਨਹੀਂ ਸਾਂ।
ਉਹ ਮੇਰੇ ਵੱਡੇ ਭਰਾਵਾਂ ਦੀ ਥਾਂ, ਮੇਰੇ ਜਿਗਰੀ ਦੋਸਤ ਡਾ. ਸਾਧੂ ਸਿੰਘ ਦਾ ਮਿੱਤਰ ਸੀ। ਦੋਵੇਂ ਲਗਭਗ ਅੱਗੜ-ਪਿੱਛੜ ਚੰਗੇਰੇ ਭਵਿੱਖ ਦੀ ਤਲਾਸ਼ ਵਿਚ ਇੰਗਲੈਂਡ ਗਏ ਸਨ। ਉਨ੍ਹੀਂ ਦਿਨੀ ਉਥੇ ਨਸਲੀ ਵਿਤਕਰਾ ਜ਼ੋਰਾਂ ’ਤੇ ਸੀ। ਦੋਵਾਂ ਨੇ ਇੱਜ਼ਤ ਨਾਲ ਜੀਣ ਦਾ ਸੰਕਲਪ ਲਿਆ ਤੇ ਥੋੜ੍ਹੇ-ਥੋੜ੍ਹੇ ਵਕਫੇ ਬਾਅਦ ਵਤਨ ਵਾਪਸ ਪਰਤ ਆਏ। ਉਹ ਉਥੇ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ ਸੀ ਰਹਿਣਾ ਚਾਹੁੰਦੇ। ਪੁਆਰ ਨੇ ਭਾਸ਼ਾ ਵਿਗਿਆਨ ਦੇ ਵਿਸ਼ੇ ਵਿਚ ਐਮ.ਲਿਟ. ਕੀਤੀ ਤੇ ਪੰਜਾਬੀ ਯੂਨੀਵਰਸਿਟੀ ਵਿਚ ਲੈਕਚਰਾਰ ਆ ਲੱਗਾ।
ਸਾਡੀ ਪਹਿਲੀ ਮੁਲਾਕਾਤ ਹਰਭਜਨ ਹਲਵਾਰਵੀ ਦੇ ਪਹਿਲੇ ਵਿਆਹ ’ਤੇ ਹੋਈ। ਮੁਲਾਕਾਤ ਵੀ ਕਾਹਦੀ! ਐਵੇਂ ਜਾਣ-ਪਛਾਣ ਜਿਹੀ ਹੀ ਸੀ। ਜੰਞੇਂ ਗਏ ਅਸੀਂ ਕੁਝ ਦੋਸਤ ਇੱਕੋ ਥਾਂ ਬੈਠੇ ਸਾਂ। ਸਾਧੂ ਸਿੰਘ, ਰਘਬੀਰ ਸਿੰਘ ਸਿਰਜਣਾ, ਬਰਜਿੰਦਰ ਹਮਦਰਦ, ਅਜਮੇਰ ਸਿੰਘ ਔਲਖ, ਜੋਗਿੰਦਰ ਸਿੰਘ ਪੁਆਰ ਤੇ ਮੈਂ ਵੀ। ਬਾਕੀਆਂ ਨਾਲ ਤਾਂ ਮੇਰੀ ਪਹਿਲਾਂ ਤੋਂ ਹੀ ਜਾਣ-ਪਛਾਣ ਸੀ, ਬੱਸ ਪੁਆਰ ਤੇ ਮੈਂ ਹੀ ਇੱਕ-ਦੂਜੇ ਲਈ ਓਪਰੇ ਸਾਂ। ਸਾਧੂ ਸਿੰਘ ਨੇ ਸਾਡਾ ਤੁਆਰਫ ਕਰਾਇਆ। ਮੇਰੇ ਵਾਂਗ ਹੀ ਪੁਆਰ ਵੀ ਮੇਰੇ ਬਾਰੇ ਜਾਣਦਾ ਹੀ ਸੀ। ਉਥੇ ਕੀ-ਕੀ ਗੱਲਾਂ ਹੋਈਆਂ, ਹੁਣ ਯਾਦ ਨਹੀਂ ਪਰ ਏਨਾ ਕੁ ਯਾਦ ਹੈ ਕਿ ਪਹਿਲੀ ਮੁਲਾਕਾਤ ਵਿਚ ਹੀ ਸਾਡਾ ਓਪਰਾਪਨ ਦੂਰ ਹੋ ਗਿਆ ਸੀ। ਅਕਸਰ ਅਸੀਂ ਸਾਂਝੇ ਦੋਸਤਾਂ ਦੀ ਲੜੀ ਵਿਚ ਪਰੁੱਚੇ ਹੋਏ ਸਾਂ!
ਉਸ ਤੋਂ ਬਾਅਦ ਕਿਸੇ ਨਾ ਕਿਸੇ ਸਾਹਿਤਕ ਸਭਿਆਚਾਰਕ ਸਮਾਗਮ ’ਤੇ ਸਾਡੀਆਂ ਮੇਲ-ਮੁਲਾਕਾਤਾਂ ਹੁੰਦੀਆਂ ਰਹਿੰਦੀਆਂ। ਇਹ ਮੇਲ-ਮੁਲਾਕਾਤਾਂ ਹੋਰ ਵਧ ਗਈਆਂ ਜਦ ਪੁਆਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪ੍ਰੋਫੈਸਰ ਆਣ ਲੱਗਾ। ਜਦ ਕਦੀ ਵੀ ਯੂਨੀਵਰਸਿਟੀ ਜਾਈਦਾ ਤਾਂ ਪੁਆਰ ਨਾਲ ਵੀ ਮੇਲ ਹੋ ਜਾਂਦਾ। ਸਾਧੂ ਸਿੰਘ, ਹਲਵਾਰਵੀ ਤੇ ਰਘਬੀਰ ਸਿੰਘ ਨਾਲ ਸਾਂਝੇ ਯਾਰਾਨੇ ਕਰ ਕੇ ਮੈਂ ਵੀ ਉਹਦੀ ਮਿੱਤਰ ਸੂਚੀ ਵਿਚ ਸ਼ਾਮਲ ਹੋ ਗਿਆ ਸਾਂ। ਕਦੀ-ਕਦੀ ਉਹਦੇ ਕਮਰੇ ਵਿਚ ਬਹਿ ਕੇ ਚਾਹ-ਪਾਣੀ ਪੀਣ ਤੇ ਗੱਪ-ਸ਼ੱਪ ਮਾਰਨ ਦਾ ਮੌਕਾ ਵੀ ਮਿਲ ਜਾਂਦਾ। ਇੱਕ ਅੱਧ ਵਾਰ ਤਾਂ ਰੋਟੀ-ਵੇਲਾ ਹੋ ਜਾਣ ਕਰ ਕੇ ਉਹਦੇ ਡੱਬੇ ਵਿਚੋਂ ਇੱਕ-ਅੱਧਾ ਫੁਲਕਾ ਖਾਣ ਦਾ ਮੌਕਾ ਵੀ ਮਿਲ ਗਿਆ।
ਰੋਟੀ-ਵੇਲੇ ਤੋਂ ਗੱਲ ਯਾਦ ਆ ਗਈ। ਉਹਦੇ ਸਹਿਕਰਮੀ ਕਈ ਵਾਰ ਹੱਸਦੇ ਹੋਏ ਕਹਿੰਦੇ, “ਡਾਕਟਰ ਸਾਬ੍ਹ ਕਈ ਵਾਰ ਤਾਂ ਜਲੰਧਰੋਂ ਲਿਆਂਦੀ ਰੋਟੀ ਖਾਣ ਈ ਯੂਨੀਵਰਸਿਟੀ ਆਉਂਦੇ ਨੇ!”
ਪੁਆਰ ਉਨ੍ਹੀਂ ਦਿਨੀਂ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਦੀ ਸਟਾਫ ਕਾਲੋਨੀ ਵਿਚ ਰਹਿੰਦਾ ਸੀ। ਉਹਦੀ ਪਤਨੀ ਡਾ. ਰਤਨੇਸ਼ ਪੁਆਰ ਕਾਲਜ ਵਿਚ ਪੜ੍ਹਾਉਂਦੀ ਸੀ ਤੇ ਉਹਦੇ ਕਰ ਕੇ ਉਨ੍ਹਾਂ ਨੂੰ ਸਟਾਫ ਕਾਲੋਨੀ ਵਿਚ ਘਰ ਮਿਲਿਆ ਹੋਇਆ ਸੀ। ਸਵੇਰੇ ਉਹ ਤਿਆਰ ਹੋ ਕੇ ਰੋਟੀ ਵਾਲਾ ਡੱਬਾ ਸਾਈਕਲ ਦੀ ਟੋਕਰੀ ਵਿਚ ਰੱਖਦਾ ਤੇ ਰੇਲਵੇ ਸਟੇਸ਼ਨ ’ਤੇ ਆ ਕੇ ਅੰਮ੍ਰਿਤਸਰ ਜਾਣ ਵਾਲੀ ਟਰੇਨ ਉਡੀਕਣ ਲੱਗਦਾ। ਸਮੇਂ ਸਿਰ ਟਰੇਨ ਆ ਜਾਂਦੀ ਤਾਂ ਉਹ ਯੂਨੀਵਰਸਿਟੀ ਪਹੁੰਚ ਜਾਂਦਾ। ਜੇ ਕਦੀ ਕੁਝ ਚਿਰ ਲੇਟ ਹੋ ਜਾਣੀ ਤਾਂ ਉਹਦੇ ਸਹਿਕਰਮੀਆਂ ਦਾ ਕਹਿਣਾ ਸੀ, “ਡਾਕਟਰ ਸਾਬ੍ਹ ਪਲੇਟਫਾਰਮ ਦੇ ਬੈਂਚਾਂ ’ਤੇ ਬਹਿ ਕੇ ਰੋਟੀ ਵਾਲਾ ਡੱਬਾ ਖੋਲ੍ਹਦੇ ਨੇ, ਪਰਸ਼ਾਦਾ ਛਕਦੇ ਨੇ ਤੇ ਸਾਈਕਲ ਫੜ ਕੇ ਘਰ ਨੂੰ ਪਰਤ ਜਾਂਦੇ ਨੇ।”
ਜ਼ਾਹਿਰ ਹੈ, ਸਹਿਕਰਮੀਆਂ ਦੀ ਹਾਸੇ ਵਿਚ ਕੀਤੀ ਟਿੱਪਣੀ ਵਿਚ ਅਤਿਕਥਨੀ ਦਾ ਅੰਸ਼ ਵੀ ਹੁੰਦਾ ਹੋਵੇਗਾ ਤੇ ਕੁਝ-ਕੁਝ ਸਚਾਈ ਵੀ ਪਰ ਇਹੋ ਜਿਹੇ ਮਜ਼ਾਕ ਪੁਆਰ ਦੀ ਹਾਜ਼ਰੀ ਵਿਚ ਕਰ ਸਕਣ ਦਾ ਕਿਸੇ ਕੋਲ ਜੇਰਾ ਨਹੀਂ ਸੀ। ਪੁਆਰ ਕੋਰਾ-ਕਰਾਰਾ, ਕੌੜਾ ਤੇ ਖਰਵਾ ਬੰਦਾ ਸੀ। ਸੱਚੀ ਗੱਲ ਅਗਲੇ ਦੇ ਮੂੰਹ ’ਤੇ ਮਾਰਨ ਵਾਲਾ। ਉਹਦੇ ਕੋਲ ਵੀ ਸਾਰਿਆਂ ਦੇ ਪੋਲ ਸਨ ਤੇ ਉਹ ਬਿਨਾ ਕਿਸੇ ਤਥਾਕਥਿਤ ਸ਼ਿਸ਼ਟਾਚਾਰ ਦੀ ਪ੍ਰਵਾਹ ਕੀਤਿਆਂ ਸਭ ਦੇ ਪੋਲ ਖੋਲ੍ਹ ਸਕਦਾ ਸੀ। ਸਾਰੇ ਉਹਦੇ ‘ਸੱਚ ਦੀ ਸੱਟ’ ਤੋਂ ਬਚ ਕੇ ਰਹਿੰਦੇ। ਪਿੱਠ ਪਿੱਛੇ ਜੋ ਮਰਜ਼ੀ ਕਹਿੰਦੇ ਫਿਰਨ ਪਰ ਮੂੰਹ ’ਤੇ ‘ਡਾ. ਸਾਬ੍ਹ! ਡਾ. ਸਾਬ੍ਹ!’ ਕਰਦੇ ਰਹਿੰਦੇ।
ਜਦੋਂ ਪੁਆਰ ਵਾਈਸ ਚਾਂਸਲਰ ਲੱਗਾ ਤਾਂ ਉਹਨੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਡਿਊਟੀ ’ਤੇ ਸਮੇਂ ਸਿਰ ਆਉਣ-ਜਾਣ ਦੀ ਪੱਕੀ ਆਦਤ ਪਾਉਣ ਲਈ ਨਵਾਂ ਢੰਗ ਵਰਤਿਆ। ਉਹ ਸਵੇਰੇ ਨੌਂ ਵਜੇ ਯੂਨੀਵਰਸਿਟੀ ਦੇ ਗੇਟ ’ਤੇ ਖੜ੍ਹਾ ਹੋ ਜਾਂਦਾ। ਯੂਨੀਵਰਸਿਟੀ ਦੇ ਅਧਿਆਪਕ ਆਪਸ ਵਿਚ ਬੁੜਬੁੜਾਉਂਦੇ। ਉਹਦੀ ਇਸ ਹਰਕਤ ਨੂੰ ‘ਅਕਾਦਮਿਕ ਆਜ਼ਾਦੀ’ ’ਤੇ ਹਮਲਾ ਆਖਦੇ।
ਜਗਦੇਵ ਕਲਾਂ ਦੇ ਮੇਲੇ ’ਤੇ ਪ੍ਰਬੰਧਕਾਂ ਨੇ ਕੋਈ ਸਾਹਿਤਕ ਸੈਮੀਨਾਰ ਵੀ ਰੱਖਿਆ ਹੋਇਆ ਸੀ। ਵੱਖ-ਵੱਖ ਵਿਦਵਾਨ ਬੁਲਾਏ ਗਏ ਸਨ। ਜਲੰਧਰ ਤੋਂ ਸਾਡੇ ਟੋਲੇ ਨੇ ਵੀ ਜਾਣਾ ਸੀ। ਕਾਰਾਂ ’ਤੇ ਬਹਿਣ ਲਈ ਸਵਾਰੀਆਂ ਦੀ ਵੰਡ ਹੋਣ ਲੱਗੀ। ਪੁਆਰ ਮੈਨੂੰ ਕਹਿੰਦਾ, “ਤੂੰ ਮੇਰੇ ਨਾਲ ਆ ਜਾ।”
ਕਾਰ ਵਿਚ ਬੈਠਿਆਂ ਯੂਨੀਵਰਸਿਟੀ ਦੇ ਪ੍ਰਬੰਧ ਬਾਰੇ ਗੱਲਬਾਤ ਚੱਲ ਰਹੀ ਸੀ। ਮੈਂ ਆਖ ਦਿੱਤਾ, “ਪੁਆਰ ਸਾਬ੍ਹ! ਇਹ ਵੀ ਸੁਣਨ ਨੂੰ ਮਿਲਦਾ ਏ ਕਿ ਡਾ. ਸਾਬ੍ਹ ਆਪ ਤਾਂ ਜਦ ਜੀਅ ਕਰਦਾ ਯੂਨੀਵਰਸਿਟੀ ਜਾਂਦੇ ਤੇ ਜਦ ਜੀਅ ਕਰਦਾ ਵਾਪਸ ਆ ਜਾਂਦੇ ਸਨ, ਹੁਣ ਸਾਡੇ ’ਤੇ ਡਸਿਪਲਨ ਲਾਗੂ ਕਰਨ ਲੱਗੇ ਨੇ!”
ਉਹ ਤੁਣਕ ਕੇ ਕਹਿੰਦਾ, “ਮੇਰੀ ਗੱਲ ਸੁਣ! ਮੇਰੇ ’ਤੇ ਡਸਿਪਲਨ ਲਾਗੂ ਕਰਨ ਦੀ ਜ਼ਿੰਮੇਵਾਰੀ ਮੇਰੇ ਵਾਈਸ ਚਾਂਸਲਰ ਦੀ ਸੀ। ਉਹਨੇ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਤਾਂ ਮੇਰਾ ਕੀ ਕਸੂਰ! ਹੁਣ ਮੈਂ ਤਾਂ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾਂ।”
ਉਹਦੀ ਇਸ ‘ਦਲੀਲ’ ਦਾ ਜਵਾਬ ਦੇਣ ਦੀ ‘ਹਿਮਾਕਤ’ ਮੈਂ ਕਿਵੇਂ ਕਰ ਸਕਦਾ ਸਾਂ!
***
ਡਾ. ਪੁਆਰ ਨਾਲ ਬਣੀ ਸਾਂਝ ਉਦੋਂ ਗੂੜ੍ਹੀ ਤੇ ਨਿੱਜੀ ਸਾਂਝ ਵਿਚ ਵਟ ਗਈ ਜਦੋਂ ਮੈਂ ਲਾਇਲਪੁਰ ਖਾਲਸਾ ਕਾਲਜ ਵਿਚ ਲੈਕਚਰਾਰ ਆਣ ਲੱਗਾ। ਇਹ ਸਬਬ ਕੁਝ ਇੰਝ ਬਣਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਪੰਜਾਬੀ ਵਿਭਾਗ ਦੇ ਮੁਖੀ ਤੇ ਮੇਰੇ ਪੁਰਾਣੇ ਦੋਸਤ ਨਿਰੰਜਨ ਸਿੰਘ ਢੇਸੀ ਨੇ ਮੈਨੂੰ ਚਿੱਠੀ ਲਿਖੀ ਕਿ ਪੰਜਾਬੀ ਵਿਭਾਗ ਵਿਚ ਪੰਜਾਬੀ ਦੇ ਨਵੇਂ ਅਧਿਆਪਕਾਂ ਦੀ ਲੋੜ ਹੈ ਤੇ ਮੈਂ ਇਸ ਵਾਸਤੇ ਅਪਲਾਈ ਜ਼ਰੂਰ ਕਰਾਂ। ਉਹਨੂੰ ਹਿਰਖ ਸੀ ਕਿ ਕਿਸੇ ਨੇ ਅਜੇ ਤੱਕ ਮੇਰੀ ਯੋਗਤਾ ਦੀ ਕਦਰ ਨਹੀਂ ਸੀ ਕੀਤੀ। ਉਹਦਾ ਵਿਸ਼ਵਾਸ ਸੀ ਕਿ ਉਹ ਤੇ ਮੇਰੇ ਮਿੱਤਰ ਰਲ-ਮਿਲ ਕੇ ਮੈਨੂੰ ਨਿਯੁਕਤ ਕਰਵਾਉਣ ਦਾ ਸਹਿਜੇ ਹੀ ਚਾਰਾ ਕਰ ਸਕਦੇ ਨੇ।
ਉਨ੍ਹੀਂ ਦਿਨੀਂ ਮੈਂ ਆਪਣੇ ਪਿੰਡ ਦੇ ਹਾਈ ਸਕੂਲ ਵਿਚ ਪੜ੍ਹਾਉਂਦਾ ਸੀ। ਕੰਧੋਂ ਪਾਰਲੇ ਸਕੂਲ ਵਿਚ ਮੇਰੀ ਘਰਵਾਲੀ ਪੜ੍ਹਾਉਂਦੀ ਸੀ। ਜਦੋਂ ਲੋੜ ਹੁੰਦੀ ਤਾਂ ਕੰਧ ਉਤੋਂ ਇੱਕ-ਦੂਜੇ ਨੂੰ ਆਵਾਜ਼ ਮਾਰ ਸਕਦੇ ਸਾਂ। ਸੌ ਮੀਟਰ ਤੋਂ ਘੱਟ ਦੂਰੀ ’ਤੇ ਆਪਣਾ ਘਰ ਪੈਂਦਾ ਸੀ। ਘਰ ਦੀ ਵਾਹੀ ਚੱਲਦੀ ਸੀ। ਮੈਨੂੰ ਪਿੰਡ ਹੀ ਸਵਰਗ ਲੱਗਦਾ ਸੀ। ਮੈਂ ਢੇਸੀ ਦੀ ਚਿੱਠੀ ਦਾ ਜਵਾਬ ਦੇਣਾ ਵੀ ਗਵਾਰਾ ਨਾ ਕੀਤਾ। ਨਿਰਾਸ ਹੋ ਕੇ ਢੇਸੀ ਨੇ ਸਾਂਝੇ ਦੋਸਤ ਹਰਭਜਨ ਹਲਵਾਰਵੀ ਨੂੰ ਕਿਹਾ ਕਿ ਉਹ ਮੇਰੇ ਪਿੰਡ ਜਾ ਕੇ ਮੈਨੂੰ ਮਨਾਵੇ ਤੇ ਸਮਝਾਵੇ ਕਿ ਇਹ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੀਦਾ। ਹਲਵਾਰਵੀ ਤੇ ਉਹਦੀ ਪਤਨੀ ਗੁਰਪਿੰਦਰ ਉਚੇਚੇ ਮੇਰੇ ਪਿੰਡ ਆਏ। ਇਹ ਉਹ ਦਿਨ ਸਨ ਜਦੋਂ ਸਾਡਾ ਪਿੰਡ ਤੇ ਇਲਾਕਾ ਪੂਰੀ ਗੜਬੜੀ ਵਾਲਾ ਸੀ। ਕੋਈ ਦਿਨ ਹੀ ਅਜਿਹਾ ਲੰਘਦਾ, ਜਦੋਂ ਪਿੰਡ ਵਾਲਿਆਂ ਨੂੰ ਗੋਲੀ ਦਾ ਖੜਾਕ ਨਾ ਸੁਣਿਆ ਹੋਵੇ ਜਾਂ ਇਲਾਕੇ ਵਿਚ ਕਿਸੇ ਝੂਠੇ-ਸੱਚੇ ਮੁਕਾਬਲੇ ਦੀ ਖਬਰ ਨਾ ਆਈ ਹੋਵੇ। ਅਗਲੀ ਸਵੇਰ ਹਲਵਾਰਵੀ ਦੀ ਕਾਰ ਦਾ ਡਰਾਈਵਰ ‘ਬਾਹਰ’ ਗਿਆ ਸਾਹੋ-ਸਾਹੀ ਭੱਜਾ ਆਇਆ ਕਿਉਂਕਿ ਨੇੜਲੇ ਖੇਤਾਂ ਵਿਚੋਂ ਗੋਲੀਆਂ ਚੱਲਣ ਲੱਗੀਆਂ ਸਨ।
ਹਲਵਾਰਵੀ ਨੇ ਮੈਨੂੰ ‘ਸਮਝਾਇਆ’ ਕਿ ਇਸ ਹਾਲਤ ਵਿਚ ਤੇਰਾ ਪਿੰਡ ਵਿਚ ਰਹਿਣਾ ਤਾਂ ਉਂਝ ਹੀ ਖਤਰੇ ਤੋਂ ਖਾਲੀ ਨਹੀਂ। ਉਹ ਜਾਣਦਾ ਸੀ ਕਿ ਮੇਰੇ ਵਿਚਾਰਾਂ ਕਰ ਕੇ ਮੈਨੂੰ ਦੋ-ਤਿੰਨ ਵਾਰ ਮਾਰਨ ਦੀਆਂ ਅਸਫਲ ਕੋਸ਼ਿਸ਼ਾਂ ਵੀ ਹੋ ਚੁੱਕੀਆਂ ਸਨ ਤੇ ਪੁਲਿਸ ਨੇ ਵੀ ਝੂਠੇ ਕਤਲ-ਕੇਸ ਵਿਚ ਫਸਾ ਦਿੱਤਾ ਸੀ। ਬੱਚੇ ਵੱਡੇ ਹੋ ਰਹੇ ਸਨ ਤੇ ਉਨ੍ਹਾਂ ਦੀ ਅਗਲੇਰੀ ਪੜ੍ਹਾਈ ਲਈ ਵੀ ਮੇਰਾ ਜਲੰਧਰ ਜਾਣਾ ਠੀਕ ਰਹੇਗਾ।
ਉਹਨੇ ਆਪਣੀ ਗੱਲ ਵਿਚ ਹੋਰ ਵਧੇਰੇ ਭਾਰ ਪਾਉਣ ਲਈ ਕਿਹਾ, “ਸਾਧੂ ਭਾ ਜੀ ਨੇ ਵੀ ਤੈਨੂੰ ਸੁਨੇਹਾ ਭੇਜਿਆ ਏ ਕਿ ਆਪਾਂ ਨੂੰ ਇਹ ਮੌਕਾ ਨਹੀਂ ਗਵਾਉਣਾ ਚਾਹੀਦਾ।”
ਉਹਦੇ ਜ਼ੋਰ ਦੇਣ ’ਤੇ ਮੈਂ ਸ਼ਰਤ ਰੱਖੀ ਕਿ ਕਾਲਜ ਵਿਚ ਜਾਣ ਲਈ ਮੈਂ ਕਿਸੇ ਦਾ ਤਰਲਾ ਨਹੀਂ ਲੈਣਾ।
ਹਲਵਾਰਵੀ ਨੇ ਹੁੱਬ ਕੇ ਕਿਹਾ, “ਉਹਦੀ ਤੂੰ ਫਿਕਰ ਨਾ ਕਰ। ਢੇਸੀ ਉਥੇ ਬੈਠਾ। ਪੁਆਰ ਏ, ਸਾਧੂ ਭਾ ਜੀ ਨੇ। ਮੈਂ ਆਂ। ਮੈਂ ਜਾਂਦਾ ਹੋਇਆ ਪ੍ਰਿੰਸੀਪਲ ਨੂੰ ਵੀ ਮਿਲਦਾ ਜਾਂਦਾਂ।”
ਹਲਵਾਰਵੀ ਉਨ੍ਹੀਂ ਦਿਨੀਂ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਸੀ। ਉਹਦੀ ਸੁਣੀ ਜਾਂਦੀ ਸੀ।
ਉਸ ਦਿਨ ਹਲਵਾਰਵੀ ਨੂੰ ਪੱਟੀ ਕਚਹਿਰੀਆਂ ਵਿਚ ਕਿਸੇ ਵਕੀਲ ਗੋਚਰਾ ਕੋਈ ਕੰਮ ਵੀ ਸੀ। ਉਥੇ ਸਾਨੂੰ ਸੁਰਿੰਦਰ ਮੰਡ ਮਿਲ ਗਿਆ ਤੇ ਮੈਨੂੰ ਲਾਇਲਪੁਰ ਖਾਲਸਾ ਕਾਲਜ ਵਿਚ ਮੇਰੀ ਹੋਣ ਵਾਲੀ ਨਿਯੁਕਤੀ ਬਾਰੇ ‘ਪੇਸ਼ਗੀ’ ਵਧਾਈ ਦੇ ਦਿੱਤੀ। ਮੈਂ ਹੈਰਾਨੀ ਪ੍ਰਗਟ ਕਰਦਿਆਂ ਦੱਸਿਆ ਕਿ ਮੈਂ ਤਾਂ ਅਜੇ ਅਪਲਾਈ ਵੀ ਨਹੀਂ ਕੀਤਾ। ਉਹ ਕਹਿੰਦਾ, “ਇਹ ਤਾਂ ਜੀ ਸਾਰੇ ਚਰਚਾ ਹੈ। ਇੱਕ ਦਿਨ ਕੋਈ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਕੋਲ ਸਿਫਾਰਿਸ਼ ਲੈ ਕੇ ਗਿਆ ਤਾਂ ਪ੍ਰਿੰਸੀਪਲ ਨੇ ਆਪ ਕਿਹਾ ਕਿ ਇੱਕ ਪੋਸਟ ’ਤੇ ਤਾਂ ਵਰਿਆਮ ਸੰਧੂ ਨੂੰ ਪੱਕਾ ਈ ਰੱਖਣੈਂ। ਦੂਜੀਆਂ ਦੋ ਪੋਸਟਾਂ ਲਈ ਲੋਕ ਜ਼ੋਰ ਲਾ ਰਹੇ ਨੇ।”
ਹਲਵਾਰਵੀ ਹੱਸ ਕੇ ਕਹਿੰਦਾ, “ਲੈ ਸੁਣ ਲੈ। ਅਜੇ ਵੀ ਤੈਨੂੰ ਕਿਸੇ ਕੋਲ ਤਰਲਾ ਮਾਰਨ ਦੀ ਲੋੜ ਏ!”
***
ਕੁਝ ਦਿਨਾਂ ਬਾਅਦ ਸਾਧੂ ਸਿੰਘ ਦਾ ਸੁਨੇਹਾ ਵੀ ਆ ਗਿਆ ਕਿ ਉਹਨੇ ਪੁਆਰ ਨੂੰ ਵੀ ਕਿਹਾ ਏ, ਉਹ ਪ੍ਰਿੰਸੀਪਲ ਦੇ ਗਵਾਂਢ ਰਹਿੰਦਾ। ਪੁਆਰ ਚਾਹੁੰਦਾ ਹੈ ਕਿ ਇੱਕ ਵਾਰ ਆਪਾਂ ਉਹਦੇ ਨਾਲ ਜਾ ਕੇ ਕਾਲਜ ਦੇ ਪ੍ਰਿੰਸੀਪਲ ਨੂੰ ਰਸਮੀ ਤੌਰ ’ਤੇ ਜ਼ਰੂਰ ਮਿਲ ਲਈਏ ਤਾਕਿ ਉਸ ਨੂੰ ਇਤਬਾਰ ਹੋ ਸਕੇ ਕਿ ਤੂੰ ਇੰਟਰਵੀਊ ਤੇ ਆ ਰਿਹੈਂ। ਬਾਕੀ ਗੱਲ ਪਹਿਲਾਂ ਹੀ ਹੋ ਚੁੱਕੀ ਹੈ।
ਅਸਲ ਵਿਚ ਕੁਝ ਸਾਲ ਪਹਿਲਾਂ ਮੈਂ ਪਬਲਿਕ ਸਰਵਿਸ ਕਮਿਸ਼ਨ ਵਿਚ ਚੰਗੀ ਮੈਰਿਟ ਹੋਣ ਦੇ ਬਾਵਜੂਦ ਨਾ ਚੁਣੇ ਜਾਣ ਕਰ ਕੇ ‘ਅਜਿਹੀਆਂ ਇੰਟਰਵਿਊਆਂ’ ਤੋਂ ਉਦਾਸੀਨ ਹੋ ਚੁੱਕਾ ਸਾਂ ਤੇ ਅਗਲੀ ਵਾਰੀ ਕਮਿਸ਼ਨ ਦੀਆਂ ਪੋਸਟਾਂ ਨਿਕਲਣ ’ਤੇ ਅਪਲਾਈ ਤੱਕ ਨਹੀਂ ਸੀ ਕੀਤਾ। ਮੈਂ ਜਿੱਥੇ ਸਾਂ, ਉਥੇ ਹੀ ਖੁਸ਼ ਸਾਂ!
ਅਗਲੇ ਦਿਨ ਪੁਆਰ ਦੇ ਘਰੋਂ ਚਾਹ-ਪਾਣੀ ਛਕ ਕੇ ਅਸੀਂ ਨਾਲ ਦੀ ਕੋਠੀ ਵਿਚ ਰਾਜਾ ਹਰਨਰਿੰਦਰ ਸਿੰਘ ਨੂੰ ਜਾ ਮਿਲੇ। ਰਾਜਾ ਜੀ ਨੇ ਬੜੀ ਖੁੱਲ੍ਹਦਿਲੀ ਨਾਲ ਕਿਹਾ, “ਸੰਧੂ ਸਾਬ੍ਹ! ਤੁਹਾਡੇ ਦੋਸਤ ਪੁਆਰ ਸਾਬ੍ਹ, ਡਾ. ਸਾਧੂ ਸਿੰਘ, ਹਲਵਾਰਵੀ ਸਾਬ੍ਹ ਤੁਹਾਡੇ ਨਾਲ ਨੇ। ਢੇਸੀ ਵੀ ਇੰਗਲੈਂਡ ਜਾਂਦਾ ਮੈਨੂੰ ਤੁਹਾਡੇ ਰੱਖਣ ਦੀ ਪੱਕੀ ਕਰ ਕੇ ਗਿਆ ਏ। ਲੇਖਕ ਦੇ ਤੌਰ ’ਤੇ ਤੁਹਾਡਾ ਵੱਡਾ ਨਾਂ ਹੈ। ਤੁਹਾਡੇ ਆਉਣ ਨਾਲ ਤਾਂ ਸਾਡੇ ਕਾਲਜ ਦੀ ਸੋਭਾ ਵਧੇਗੀ। ਕੱਲ੍ਹ ਜੋਗਿੰਦਰ ਸਿੰਘ ਰਾਹੀ ਸਾਬ੍ਹ ਵੀ ਆਪਣੇ ਸਟੂਡੈਂਟ ਲਈ ਆਏ ਸਨ, ਮੈਂ ਤੁਹਾਡਾ ਨਾਂ ਲਿਆ ਤਾਂ ਕਹਿੰਦੇ, “ਵਰਿਆਮ ਸੰਧੂ ਤਾਂ ਹਰ ਹਾਲ ਰੱਖਣਾ ਈ ਚਾਹੀਦਾ! ਤੁਸੀਂ ਹੁਣ ਇਹ ਵਿਚਾਰ ਕਰ ਲਓ ਕਿ ਸਕੂਲ ਦੀ ਡਿਊਟੀ ਤੋਂ ਕਿਵੇਂ ਵਿਹਲਾ ਹੋ ਕੇ ਏਥੇ ਆਉਣਾ ਹੈ।”
ਇੰਟਰਵਿਊ ਵਾਲੇ ਦਿਨ ਮੈਂ ਚੋਣ ਕਮੇਟੀ ਅੱਗੇ ਹਾਜ਼ਰ ਹੋਇਆ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਦੇਖਿਆ ਕਿ ਯੂਨੀਵਰਸਿਟੀ ਦੇ ਨੁਮਾਇੰਦੇ ਵਜੋਂ ਪੁਆਰ ਖੁਦ ਚੋਣ ਕਮੇਟੀ ਵਿਚ ਹਾਜ਼ਰ ਸੀ। ਚੁਣਿਆਂ ਤਾਂ ਮੈਂ ਜਾਣਾ ਹੀ ਸੀ ਤੇ ਚੁਣਿਆਂ ਵੀ ਗਿਆ ਪਰ ਪੁਆਰ ਦੇ ਇਸ ਵਿਹਾਰ ਨੇ ਮੇਰਾ ਮਨ ਮੋਹ ਲਿਆ। ਉਹਨੇ ਪਹਿਲੀਆਂ ਮਿਲਣੀਆਂ ਵਿਚ ਆਪਣੇ ਚੋਣ ਕਮੇਟੀ ਵਿਚ ਹੋਣ ਦਾ ਰੰਚਕ-ਮਾਤਰ ਵੀ ਇਸ਼ਾਰਾ ਨਹੀਂ ਸੀ ਕੀਤਾ। ਮੇਰੇ ਹੋਰ ਦੋਸਤਾਂ ਵਾਂਗ ਉਹ ਵੀ ਇਹ ਨਹੀਂ ਸੀ ਚਾਹੁੰਦਾ ਕਿ ਮੈਂ ਇਹ ਮਹਿਸੂਸ ਕਰਾਂ ਕਿ ਮੈਂ ਆਪਣੇ ਮਿੱਤਰ ਪੁਆਰ ਨੂੰ ਨਹੀਂ ਸਗੋਂ ਚੋਣ ਕਮੇਟੀ ਦੇ ਕਿਸੇ ਮੈਂਬਰ ਨੂੰ ਮਿਲ ਰਿਹਾ ਹਾਂ। ਬਿਨਾਂ ਜਤਾਉਣ ਤੋਂ ਕਿਸੇ ਦੇ ਕੰਮ ਆਉਣਾ ਵੱਡੇ ਬੰਦੇ ਦੀ ਵਡਿਆਈ ਹੁੰਦੀ ਹੈ। ਪੁਆਰ ਇਸ ਵਡਿਆਈ ਦਾ ਪੂਰਾ ਹੱਕਦਾਰ ਸੀ।
ਜਲੰਧਰ ਆਉਣ ਕਰ ਕੇ ਸਾਡੀਆਂ ਮਿਲਣੀਆਂ ਵੀ ਵਧਦੀਆਂ ਗਈਆਂ ਤੇ ਸਾਂਝ ਵੀ ਦਿਨੋ-ਦਿਨ ਪੀਚਵੀਂ ਹੁੰਦੀ ਗਈ। ਮੇਰੀ ਇੰਟਰਵਿਊ ਵਾਲੇ ਦਿਨੀਂ ਢੇਸੀ ਇੰਗਲੈਂਡ ਯਾਤਰਾ ’ਤੇ ਗਿਆ ਹੋਇਆ ਸੀ। ਮਹੀਨੇ ਕੁ ਬਾਅਦ ਉਹ ਵਾਪਸ ਆਇਆ ਤਾਂ ਅਸੀਂ ਦੋਵੇਂ ਰਾਜਾ ਜੀ ਨੂੰ ਮਿਲਣ ਗਏ। ਰਾਜਾ ਜੀ ਕਹਿਣ ਲੱਗੇ, “ਲੈ ਬਈ ਢੇਸੀ! ਤੂੰ ਵਰਿਆਮ ਹੁਰਾਂ ਬਾਰੇ ਕਹਿ ਕੇ ਗਿਆ ਸੀ, ਦੇਖ ਲੈ ਅਸੀਂ ਬੋਲ ਪੁਗਾ ਦਿੱਤੇ।”
ਰਾਜਾ ਜੀ ਨੇ ਦੋਵਾਂ ਹੱਥਾਂ ਨਾਲ ਆਪਣਾ ਦਾੜ੍ਹਾ ਸਵਾਰਿਆ, “ਪ੍ਰਧਾਨ ਸਾਬ੍ਹ, ਮੈਂ ਵੀ ਤੇ ਦੂਜੇ ਮੈਂਬਰ ਵੀ ਚਾਹੁੰਦੇ ਸਾਂ ਕਿ ਵਰਿਆਮ ਹੁਰਾਂ ਨੂੰ ਪਹਿਲੇ ਨੰਬਰ ’ਤੇ ਰੱਖਿਆ ਜਾਵੇ ਪਰ ਇਨ੍ਹਾਂ ਦੇ ਮਿੱਤਰ ਪੁਆਰ ਸਾਬ੍ਹ ਈ ਆਪਣੇ ਸਟੂਡੈਂਟ ਬਲਦੇਵ ਲਈ ਅੜ ਗਏ ਕਿ ਪਹਿਲੇ ਨੰਬਰ ’ਤੇ ਤਾਂ ਬਲਦੇਵ ਈ ਰੱਖਣੈਂ। ਪੁਆਰ ਸਾਹਿਬ ਦੀ ਜ਼ਿਦ ਦਾ ਤਾਂ ਤੈਨੂੰ ਪਤਾ ਈ ਐ।”
ਮੈਨੂੰ ਪਹਿਲਾਂ ਈ ਪਤਾ ਲੱਗ ਚੁੱਕਾ ਸੀ ਕਿ ਪੁਆਰ ਸਾਹਿਬ ਨੇ ‘ਅੜ’ ਕੇ ਆਪਣੇ ਵਿਦਿਆਰਥੀ ਬਲਦੇਵ ਚੀਮੇ ਨੂੰ ਪਹਿਲੇ ਨੰਬਰ ’ਤੇ ਰਖਾ ਲਿਆ ਸੀ। ਦੂਜੇ ’ਤੇ ਮੈਂ ਤੇ ਤੀਜੇ ’ਤੇ ਜੋਗਿੰਦਰ ਸਿੰਘ ਰਾਹੀ ਦਾ ਵਿਦਿਆਰਥੀ ਕੁਲਵੰਤ ਸੰਧੂ। ਤਿੰਨ ਹੀ ਪੋਸਟਾਂ ਸਨ। ਸੁਣ ਕੇ ਮੈਨੂੰ ਹਿਰਖ ਤਾਂ ਹੋਇਆ ਸੀ ਕਿ ਏਨੇ ਸਾਲਾਂ ਬਾਅਦ ਜੇ ਮੈਨੂੰ ਇੱਕ ਤਰ੍ਹਾਂ ਘਰੋਂ ਸੱਦ ਕੇ ਨਿਯੁਕਤ ਕਰਨ ਦਾ ‘ਮਾਣ’ ਬਖਸ਼ਿਆ ਵੀ ਸੀ ਤਾਂ ਨਾਲ ਹੀ ‘ਦੂਜੇ ਨੰਬਰ’ ’ਤੇ ਰੱਖ ਕੇ ‘ਹੇਠੀ’ ਵੀ ਕਰ ਦਿੱਤੀ ਸੀ ਪਰ ਮੈਂ ਕਿਸੇ ਨੂੰ ਜਤਾਉਣਾ ਠੀਕ ਨਾ ਸਮਝਿਆ। ਮਨ ਨੂੰ ਤਸੱਲੀ ਦਿੱਤੀ; ਬਲਦੇਵ ਤਾਂ ਪੁਆਰ ਦੀ ਪਹਿਲ ਹੋਣੀ ਹੀ ਸੀ। ਉਸ ਨਾਲ ਉਹਦਾ ਗੁਰੂ-ਚੇਲੇ ਦਾ ‘ਸਿੱਧਾ’ ਰਿਸ਼ਤਾ ਸੀ। ਮੈਂ ਉਹਦਾ ‘ਸਿੱਧਾ ਯਾਰ’ ਨਹੀਂ ਸਾਂ, ਉਹਦੇ ਯਾਰਾਂ ਦਾ ਯਾਰ ਹੋਣ ਕਰ ਕੇ ਉਹਦੇ ਲਈ ਦੂਜੇ ਨੰਬਰ ’ਤੇ ਹੀ ਹੋ ਸਕਦਾ ਸਾਂ!
ਸਮੇਂ ਦੇ ਨਾਲ ਸਾਡੀ ਸਾਂਝ ਪੱਕੀ ਹੁੰਦੀ ਗਈ। ਬਲਦੇਵ ਨਾਲ ਵੀ ਯਾਰੀ ਹੋ ਗਈ। ਪੁਆਰ ਯਾਰਾਂ-ਦੋਸਤਾਂ ਦੀ ਖੁਸ਼ੀ ਵਿਚ ਖੁਸ਼ ਹੋਣ ਵਾਲਾ ਸੀ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਲਾਹੁੰਦਾ ਵੀ ਸੀ। ਜਲੰਧਰ ਆਉਣ ਬਾਅਦ ਕਿਰਾਏ ਦੇ ਘਰ ਵਿਚ ਰਹਿਣਾ ਔਖਾ ਲੱਗਦਾ ਸੀ। ਅਸੀਂ ਦੋ ਸਾਲਾਂ ਦੇ ਅੰਦਰ ਹੀ ਪਲਾਟ ਖਰੀਦ ਕੇ ਔਖੇ-ਸੌਖੇ ਹੋ ਕੇ ਆਪਣਾ ਮਕਾਨ ਬਣਾ ਲਿਆ। ਉਹ ਸਾਡਾ ਬਣਦਾ ਘਰ ਦੇਖਣ ਆਇਆ। ਨਕਸ਼ੇ ਵਿਚਲੀਆਂ ਕੁਝ ਊਣਤਾਈਆਂ ਦੱਸ ਕੇ ਆਪਣੇ ਸੁਝਾਅ ਮੁਤਾਬਕ ਤਬਦੀਲੀ ਕਰ ਲੈਣ ਲਈ ਜ਼ੋਰ ਨਾਲ ਆਖਿਆ, “ਤੈਨੂੰ ਏਨੀ ਵੀ ਅਕਲ ਨਹੀਂ, ਤੇਰੇ ਨਕਸ਼ੇ ਮੁਤਾਬਕ ਕਿੰਨੀ ਜਗ੍ਹਾ ਫਜ਼ੂਲ ਬਰਬਾਦ ਹੋ ਜਾਣੀ ਹੈ। ਇਹ ਤੇਰਾ ਪਿੰਡ ਨਹੀਂ। ਏਥੇ ਜ਼ਮੀਨ ਦੇ ਇੰਚ-ਇੰਚ ਦਾ ਮੁੱਲ ਹੈ।”
ਅਸੀਂ ਉਹਦੀ ਗੱਲ ਮੰਨ ਲਈ ਤੇ ਲੋੜੀਂਦੀ ਤਬਦੀਲੀ ਕਰ ਕੇ ਘਰ ਬਣਾ ਲਿਆ। ਅੱਜ ਤੱਕ ਪੁਆਰ ਨੂੰ ਇਸ ਗੱਲੋਂ ਯਾਦ ਕਰਦੇ ਹਾਂ ਕਿ ਉਹਦੇ ਕਹਿਣ ’ਤੇ ਅਸੀਂ ਕਿੰਨਾ ਥਾਂ ਵਰਤੋਂ ਵਿਚ ਲੈ ਆਏ ਹਾਂ। ਉਨ੍ਹੀਂ ਦਿਨੀਂ ਉਹ ਬੜਾ ਹੁੱਬ ਕੇ ਆਖਦਾ, “ਅਹੁ ਵਰਿਆਮ ਵੱਲ ਦੇਖੋ! ਅਜੇ ਕੱਲ੍ਹ ਜਲੰਧਰ ਆਇਆ ਤੇ ਘਰ ਵੀ ਬਣਾ ਲਿਆ ਪਰ ਸਾਡੇ ਪ੍ਰੋਫੈਸਰ ਵਰ੍ਹਿਆਂ ਤੋਂ ਸਟਾਫ ਕਾਲੋਨੀ ਵਿਚ ਜਾਂ ਸ਼ਹਿਰ ਵਿਚ ਕਿਰਾਏ ਦੇ ਮਕਾਨਾਂ ਵਿਚ ਰਹੀ ਜਾਂਦੇ ਨੇ।”
***
ਪੁਆਰ ਦੀ ਆਪਣੇ ਵਿਦਿਆਰਥੀਆਂ ਨਾਲ ਸਾਂਝ ਤੇ ਸਨੇਹ ਦਾ ਆਲਮ ਇਹ ਸੀ ਕਿ ਜਿੱਥੇ ਵੀ ਦਾਅ ਲੱਗਦਾ, ਉਹ ਆਪਣੇ ਕਿਸੇ ਨਾ ਕਿਸੇ ਚੇਲੇ ਨੂੰ ਨਿਯੁਕਤ ਕਰਾਉਣ ਦੀ ਕੋਸ਼ਿਸ਼ ਕਰਦਾ। ਪੰਜਾਬੀ ਯੂਨੀਵਰਸਟੀ ਦਾ ਵਾਈਸ ਚਾਂਸਲਰ ਬਣਨ ਤੋਂ ਬਾਅਦ ਤਾਂ ਉਹਦੇ ਹੱਥ ਤਾਕਤ ਆ ਗਈ ਸੀ। ਉਹਨੇ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ, ਹੋਰਨਾਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ, ਆਪਣੇ ਅਨੇਕਾਂ ਵਿਦਿਆਰਥੀਆਂ ਨੂੰ ਨਿਯੁਕਤ ਕਰਵਾਇਆ। ਬਲਦੇਵ ਨੂੰ ਵੀ ਰੀਡਰ ਬਣਾ ਕੇ ਉਹ ਪੰਜਾਬੀ ਯੂਨੀਵਰਸਿਟੀ ਲੈ ਗਿਆ।
ਉਹਦੇ ਵਿਚਾਰਧਾਰਕ ਵਿਰੋਧੀ ਉਹਦੀ ਇਸ ਗੱਲੋਂ ਆਲੋਚਨਾ ਵੀ ਕਰਦੇ। ਉਹ ‘ਆਪਣੀ ਪਾਰਟੀ’ ਦੇ ਬੰਦੇ ਭਰਤੀ ਕਰੀ ਜਾ ਰਿਹਾ ਸੀ ਪਰ ਉਹ ਕਿਸੇ ਟੁੰਡੇ ਲਾਟ ਦੀ ਪ੍ਰਵਾਹ ਨਹੀਂ ਸੀ ਕਰ ਰਿਹਾ। ਮੁੱਖ ਮੰਤਰੀ ਬੇਅੰਤ ਸਿੰਘ ਨਾਲ ਉਹਦੇ ਨਿੱਜੀ ਸੰਬੰਧਾਂ ਬਾਰੇ ਸਾਰੇ ਭਲੀ-ਭਾਂਤ ਜਾਣਦੇ ਸਨ। ਉਹਦੇ ਸਿਆਸੀ ਸਰਪ੍ਰਸਤ ਹਰਕਿਸ਼ਨ ਸਿੰਘ ਸੁਰਜੀਤ ਦੀ ਉਨ੍ਹੀਂ ਦਿਨੀਂ ਭਾਰਤ ਦੀ ਸਿਆਸਤ ਵਿਚ ਤੂਤੀ ਬੋਲਦੀ ਸੀ। ਦੋ ‘ਵੱਡੇ ਲੋਕ’ ਉਹਦੀ ਪਿੱਠ ’ਤੇ ਸਨ। ਉਹਦੀ ‘ਜਵਾਨੀ ਕਮਲ਼ੀ, ਰਾਜ ਹੈ ਚੂਚਕੇ ਦਾ ਅਤੇ ਕਿਸੇ ਦੀ ਨਹੀਂ ਪ੍ਰਵਾਹ ਮੈਨੂੰ!” ਵਾਲੀ ਹਾਲਤ ਸੀ।
ਸਭ ਤੋਂ ਵੱਧ ਉਹਦੇ ਖਿਲਾਫ ਉਹ ਲੋਕ ਉਬਲ ਰਹੇ ਸਨ ਜਿਨ੍ਹਾਂ ਦਾ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਿਟੀ ਵਿਚ ‘ਬੋਲ-ਬਾਲਾ’ ਰਿਹਾ ਸੀ। ਪੁਆਰ ਦੇ ਮਨ ਵਿਚ ਖੁੰਧਕ ਸੀ ਕਿ ‘ਉਨ੍ਹਾਂ ਲੋਕਾਂ’ ਨੇ ਸ਼ਹਿ ਦੇ ਕੇ ਗਿਆਨ ਦਾ ਚਮਕਦਾ ਚੰਦ ਡਾ. ਰਵਿੰਦਰ ਸਿੰਘ ਰਵੀ ਲਹੂ ਦੇ ਕਾਲੇ ਸਮੁੰਦਰ ਵਿਚ ਡੋਬ ਦਿੱਤਾ ਸੀ। ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਸੀ, “ਤੁਸੀਂ ਚੰਦ ਨੂੰ ਚਮਕਣੋਂ ਨਹੀਂ ਰੋਕ ਸਕਦੇ?”
ਉਹਨੇ ਰਵਿੰਦਰ ਸਿੰਘ ਰਵੀ ਦੇ ਨਾਂ ’ਤੇ ‘ਚੇਅਰ’ ਸਥਾਪਤ ਕਰ ਦਿੱਤੀ ਤੇ ਉਸ ਉਤੇ ਆਪਣੇ ਹੀ ਮਿੱਤਰ ਡਾ. ਰਘਬੀਰ ਸਿੰਘ ਸਿਰਜਣਾ ਨੂੰ ਚੇਅਰਮੈਨ ਲਾ ਦਿੱਤਾ। ਆਖਣ ਵਾਲੇ ਇਹ ਵੀ ਆਖੀ ਜਾਂਦੇ ਕਿ ਰਘਬੀਰ ਸਿੰਘ ਦੀ ਨਿਯੁਕਤੀ ਪਿੱਛੇ ਵੀ ‘ਪਾਰਟੀ’ ਦਾ ਹੱਥ ਹੈ। ‘ਪਾਰਟੀ’ ਤੇ ਪੁਆਰ ਇੱਕੋ ਹੀ ਤਾਂ ਸਨ! ਤੱਤ-ਭੜੱਥੀ ਸੋਚ ਵਾਲੇ ‘ਉਨ੍ਹਾਂ’ ਲੋਕਾਂ ਨੇ ਪਿਛਲੇ ਸਾਲਾਂ ਵਿਚ ਖੱਬੇ-ਪੱਖੀ ਸੋਚ ਵਾਲੇ ਲੋਕਾਂ ਨੂੰ ਯੂਨੀਵਰਸਿਟੀ ਵਿਚ ਖੁੱਡੇ-ਲਾਈਨ ਲਾਇਆ ਹੋਇਆ ਸੀ। ਪੁਆਰ ਦੀ ਬਦੌਲਤ ਖੁੱਡੇ-ਲਾਈਨ ਲੱਗੇ ਲੋਕ ਹੁਣ ਖੰਭ ਖੋਲ੍ਹ ਕੇ ‘ਉਡਣ’ ਲੱਗ ਪਏ ਸਨ।
ਜਿਨ੍ਹਾਂ ਵਿਦਿਆਰਥੀਆਂ ਨੂੰ ਉਹਨੇ ਵੱਖ-ਵੱਖ ਥਾਵਾਂ ’ਤੇ ਨਿਯੁਕਤ ਕਰਵਾਇਆ ਸੀ, ਉਨ੍ਹਾਂ ਵਿਚੋਂ ਕਈਆਂ ਨੇ ਉਥੇ ਆਪਣੀ ਮਿਹਨਤ ਅਤੇ ਯੋਗਤਾ ਨਾਲ ਚੰਗੀ ਥਾਂ ਵੀ ਬਣਾ ਲਈ ਪਰ ਪੁਆਰ ਦਾ ਸੁਭਾਅ ਸੀ ਕਿ ਉਹ ਉਨ੍ਹਾਂ ਤੋਂ ਸਦਾ ਆਪਣੇ ਅਨੁਸਾਰੀ ਹੋਣ ਦੀ ਗੈਰ-ਵਾਜਬ ਤਵੱਕੋ ਕਰਦਾ ਸੀ। ਹਰ ਬੰਦੇ ਲਈ ਆਪਣੀ ਹੋਂਦ ਤੇ ਹਸਤੀ ਦਾ ਮਹੱਤਵ ਹੁੰਦਾ ਹੈ ਪਰ ਪੁਆਰ ਉਨ੍ਹਾਂ ਦੇ ਵੱਖਰੇਪਨ ਨੂੰ ਮਾਨਤਾ ਨਹੀਂ ਸੀ ਦਿੰਦਾ। ਉਹ ਉਨ੍ਹਾਂ ਨੂੰ ਅਜੇ ਵੀ ਪੂਰਨਿਆਂ ’ਤੇ ਲਿਖਣ ਵਾਲੇ ਸਿੱਖਿਆਰਥੀ ਸਮਝਦਾ ਤੇ ਹਰ ਅੱਖਰ ਉਨ੍ਹਾਂ ਦੀਆਂ ਉਂਗਲਾਂ ਫੜ ਕੇ ਲਿਖਵਾਉਣ ਦਾ ਚਾਰਾ ਕਰਦਾ। ਜਦੋਂ ਕੋਈ ਆਪਣਾ ਹੱਥ ਛੁਡਾ ਕੇ ਕਹਿਣਾ ਚਾਹੁੰਦਾ ਕਿ ਮੈਨੂੰ ਖੁਦ ਲਿਖਣ ਦਿੱਤਾ ਜਾਵੇ, ਮੈਨੂੰ ਲਿਖਣ ਦੀ ਜਾਚ ਆ ਗਈ ਏ, ਤਾਂ ਉਹਦਾ ਪਾਰਾ ਸੱਤੀਂ ਅਸਮਾਨੀਂ ਚੜ੍ਹ ਜਾਂਦਾ। ਉਹ ਵਿੱਟਰ ਜਾਂਦਾ। ਦੂਜਿਆਂ ਕੋਲ ਉਨ੍ਹਾਂ ਦੇ ਨਾਂ ਲੈ ਕੇ ਗਾਲ੍ਹਾਂ ਕੱਢਦਾ। ਉਨ੍ਹਾਂ ਨੂੰ ਕੀਤੀ ਦਾ ਮੁੱਲ ਨਾ ਪਾਉਣ ਵਾਲੇ ਅਕ੍ਰਿਤਘਣ ਵੀ ਕਹਿੰਦਾ ਪਰ ਉਹਦੇ ਚੇਲੇ ਕਹਿੰਦੇ ਕਿ ਉਹ ਪੁਆਰ ਦੀ ਕੀਤੀ ਦੇ ਅਹਿਸਾਨਮੰਦ ਤਾਂ ਹਨ ਪਰ ਉਨ੍ਹਾਂ ਦੀ ਵੀ ਤਾਂ ਆਪਣੀ ਕੋਈ ਰਾਇ ਹੈ, ਆਪਣੀ ਪਛਾਣ ਹੈ। ਪੁਆਰ ਨੇ ਨੌਕਰੀ ਦਿਵਾ ਕੇ ਉਨ੍ਹਾਂ ਨੂੰ ਉਮਰ ਭਰ ਦਾ ਗੁਲਾਮ ਤਾਂ ਨਹੀਂ ਬਣਾ ਲਿਆ! ਉਹ ਪੁਆਰ ਦੀ ਹਰ ਜਾਇਜ਼ ਗੱਲ ਪੂਰੇ ਆਦਰ ਨਾਲ ਮੰਨਣ ਲਈ ਤਿਆਰ ਸਨ ਪਰ ਜਿੱਥੇ ਉਨ੍ਹਾਂ ਨੂੰ ਲਗਦਾ ਕਿ ਪੁਆਰ ਦੀ ਜ਼ਿਦ ਗਲਤ ਹੈ ਤਾਂ ਉਹ ‘ਅੰਧ-ਭਗਤ’ ਹੋਣ ਦਾ ਮਿਹਣਾ ਕਿਵੇਂ ਜਰਦੇ!
ਪੁਆਰ ਖੁਦ ਤੇ ਉਹਦੇ ਵਿਦਿਆਰਥੀ ਵਿਚਾਰਧਾਰਕ ਤੌਰ ’ਤੇ ਸੀ.ਪੀ.ਐਮ. ਨਾਲ ਜੁੜੇ ਹੋਏ ਸਨ। ਪੁਆਰ ਦੀ ਤਾਂ ਪਾਰਟੀ ਦੇ ਪ੍ਰਮੁੱਖ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਨਾਲ ਗੂੜ੍ਹੀ ਨੇੜਤਾ ਵੀ ਸੀ ਪਰ ਯੂਨੀਵਰਸਿਟੀ ਵਿਚ ਆ ਕੇ ਪੁਆਰ ਜ਼ਾਹਿਰਾ ਤੌਰ ’ਤੇ ਕਿਸੇ ਪਾਰਟੀ ਆਗੂ ਵਾਂਗ ਤਾਂ ਵਿਚਰ ਨਹੀਂ ਸੀ ਸਕਦਾ। ਪ੍ਰਬੰਧਕੀ ਲੋੜਾਂ ਤੇ ਮਜਬੂਰੀਆਂ ਕਰ ਕੇ ਵੀ ਤੇ ਆਪਣੇ ਸੁਭਾਅ ਕਰ ਕੇ ਵੀ ਪੁਆਰ ਯੂਨੀਵਰਸਿਟੀ ਨੂੰ ਆਪਣੀ ‘ਮਰਜ਼ੀ ਨਾਲ’ ਚਲਾਉਣਾ ਚਾਹੁੰਦਾ ਸੀ। ਯੂਨੀਵਰਸਿਟੀ ਦੀ ਸਿਆਸਤ ਦੇ ਹਿਸਾਬ ਨਾਲ ‘ਪਾਰਟੀ ਲਾਈਨ ਮੁਤਾਬਕ ਚੱਲਣ ਵਾਲੇ’ ਕੁਝ ਵਿਦਿਆਰਥੀ ਜਿਨ੍ਹਾਂ ਨੂੰ ਪੁਆਰ ਨੇ ਖੁਦ ਯੂਨੀਵਰਸਿਟੀ ਵਿਚ ਲਿਆਂਦਾ ਸੀ, ਪੁਆਰ ਦੀ ਪੈੜ ਵਿਚ ਪੈਰ ਰੱਖਣ ਤੋਂ ਇਨਕਾਰੀ ਹੋ ਰਹੇ ਸਨ। ਜਦ ਕਦੀ ਪੁਆਰ ਜਲੰਧਰ ਆਉਂਦਾ ਤਾਂ ਅਸੀਂ ਕੁਝ ਸਾਂਝੇ ਦੋਸਤ (ਸੁਖਵਿੰਦਰ ਸੰਘਾ, ਵੇਦ ਅਗਨੀਹੋਤਰੀ ਤੇ ਮੈਂ) ਬੈਠਦੇ ਤਾਂ ਪੁਆਰ ‘ਪਿੱਠ ਵਿਚ ਛੁਰਾ ਮਾਰਨ ਵਾਲੇ’ ਚੇਲਿਆਂ ਦੀ ਬਦਖੋਈ ਕਰਦਾ। ਉਹਨੂੰ ਬਲਦੇਵ ’ਤੇ ਵੀ ਡਾਢਾ ਗਿਲਾ ਸੀ ਜਿਸ ਨੂੰ ਉਹ ਹੱਥੀਂ ਚੁੱਕ ਕੇ ਪਟਿਆਲੇ ਲੈ ਕੇ ਗਿਆ ਸੀ। ਲਾਇਲਪੁਰ ਖਾਲਸਾ ਕਾਲਜ ਵਿਚ ਸਹਿਕਰਮੀ ਰਹੇ ਹੋਣ ਕਰ ਕੇ ਬਲਦੇਵ ਤਾਂ ਮੇਰਾ ਮਿੱਤਰ ਪਿਆਰਾ ਸੀ ਹੀ ਪਰ ਸਾਂਝੇ ਦੋਸਤਾਂ ਦੀ ਕੜੀ ਵਿਚ ਜੁੜੇ ਹੋਣ ਕਰ ਕੇ ਉਹਦੇ ਦੂਜੇ ਵਿਦਿਆਰਥੀ ਵੀ ਮੇਰੇ ਚੰਗੇ ਜਾਣਕਾਰ ਸਨ। ਮੈਂ ਨਹੀਂ ਸਾਂ ਚਾਹੁੰਦਾ ਕਿ ਪੁਆਰ ਦੇ ਮਨ ਵਿਚ ਉਨ੍ਹਾਂ ਬਾਰੇ ਕੁੜੱਤਣ ਬਣੀ ਰਹੇ। ਇਸ ਲਈ ਮੈਂ ਅਕਸਰ ਉਹਨੂੰ ਦਿਲ ਵੱਡਾ ਕਰਨ ਤੇ ਮੁਆਫ ਕਰ ਦੇਣ ਦੀ ਗੱਲ ਕਰਦਾ ਤਾਂ ਉਹ ਮੇਰੇ ’ਤੇ ਵੀ ਖਫਾ ਹੋ ਜਾਂਦਾ।
ਇਕ ਦਿਨ ਉਹ ਮੇਰੀ ਇਸ ‘ਨਸੀਹਤ’ ’ਤੇ ਗੁੱਸੇ ਹੋ ਕੇ ਸੁਖਵਿੰਦਰ ਨੂੰ ਕਹਿੰਦਾ, “ਇਹਨੂੰ ਦੱਸ ‘ਦ੍ਰਿਸ਼ਟੀ’ ਵਾਲੇ ‘ਵਿਦਵਾਨ’ ਦੀ ਕਰਤੂਤ।”
ਸੁਖਵਿੰਦਰ ਨੇ ਜਿਹੜੀ ਗੱਲ ਸੁਣਾਈ, ਉਹ ਵਾਕਿਆ ਹੀ ਦਿਲ ਦੁਖਾਉਣ ਵਾਲੀ ਸੀ। ਮਹੀਨਾ ਕੁ ਪਹਿਲਾਂ ਪੁਆਰ ਦੀਆਂ ਅੱਖਾਂ ਨੂੰ ਕਿਸੇ ਗੰਭੀਰ ਬਿਮਾਰੀ ਦਾ ਖਤਰਾ ਬਣ ਗਿਆ ਤਾਂ ਉਹਨੂੰ ਇਲਾਜ ਲਈ ਅਚਨਚੇਤ ਦਿੱਲੀ ਜਾਣਾ ਪਿਆ ਸੀ। ਇੱਕ ਦਿਨ ਉਹਦੇ ਕਿਸੇ ਚੇਲੇ ਨੂੰ ਕਿਸੇ ਹੋਰ ਨੇ ਪੁੱਛਿਆ, “ਪੁਆਰ ਸਾਹਿਬ ਕੱਲ੍ਹ-ਪਰਸੋਂ ਤੋਂ ਯੂਨੀਵਰਸਿਟੀ ਨਹੀਂ ਆ ਰਹੇ?” ਤਾਂ ਉਹ ਅੱਗੋਂ ਹੱਸ ਕੇ ਕਹਿੰਦਾ, “ਉਨ੍ਹਾਂ ਦੀ ‘ਦ੍ਰਿਸ਼ਟੀ’ ਖਰਾਬ ਹੋ ਗਈ ਏ। ਠੀਕ ਕਰਾਉਣ ਗਏ ਨੇ।”
‘ਖਰਾਬ ਦ੍ਰਿਸ਼ਟੀ’ ਕਹਿ ਕੇ ਉਹ ਪੁਆਰ ਦੇ ਵਾਈਸ ਚਾਂਸਲਰ ਬਣ ਜਾਣ ਬਾਅਦ, ਉਹਦੇ ਮੁਤਾਬਕ, ਉਸ ਵਿਚ ਆਈ ‘ਵਿਚਾਰਧਾਰਕ ਤਬਦੀਲੀ’ ਨੂੰ ਵਿਅੰਗ ਦਾ ਨਿਸ਼ਾਨਾ ਬਣਾ ਰਿਹਾ ਸੀ।
ਦਿਲਚਸਪ ਗੱਲ ਇਹ ਸੀ ਕਿ ਉਹਨੂੰ ਯੂਨੀਵਰਸਿਟੀ ਵਿਚ ਵੀ ਪੁਆਰ ਹੀ ਲੈ ਕੇ ਗਿਆ ਸੀ!
ਅਸਲ ਵਿਚ ਪੁਆਰ ਦਾ ਆਪਣੇ ਸ਼ਾਗਿਰਦਾਂ ਨਾਲ ਕੁਝ ਜ਼ਿਆਦਾ ਹੀ ‘ਮੋਹ’ ਸੀ। ਉਹਦਾ ਆਪਣੇ ਸ਼ਾਗਿਰਦਾਂ ’ਤੇ ਅਧਿਕਾਰ ਜਤਾਉਣਾ ਏਸੇ ਖਿੱਚੇ ਹੋਏ ਮੋਹ ਕਰ ਕੇ ਹੀ ਸੀ। ਉਹ ਉਨ੍ਹਾਂ ਨੂੰ ਆਪਣੇ ਖੰਭਾਂ ਹੇਠ ਲੁਕਾ ਕੇ ਸੁਰੱਖਿਅਤ ਰੱਖਣਾ ਚਾਹੁੰਦਾ ਸੀ ਤੇ ਆਪਣੀ ਨਿਗ਼ਰਾਨੀ ਥੱਲੇ ਹੀ ਖੇਡਦਿਆਂ ਤੇ ਉਡਦਿਆਂ ਦੇਖਣਾ ਚਾਹੁੰਦਾ ਸੀ ਪਰ ਚੇਲੇ ਸਮਝਦੇ ਸਨ ਕਿ ਉਹ ਹੁਣ ਉਡਾਰ ਹੋ ਗਏ ਨੇ। ਉਨ੍ਹਾਂ ਨੂੰ ਉਡਾਰੀ ਭਰਨ ਲਈ ਆਪਣਾ ਅਸਮਾਨ ਚਾਹੀਦਾ ਹੈ ਪਰ ਇਹ ਵੀ ਸੱਚ ਸੀ ਕਿ ਕੁਝ ਚੇਲੇ ਕੁਝ ਜ਼ਿਆਦਾ ਹੀ ਉਡਾਰ ਹੋ ਗਏ ਸਨ। ਪੰਜਾਬੀ ਦੇ ਮੁਹਾਵਰੇ ਮੁਤਾਬਕ ਉਨ੍ਹਾਂ ਦੇ ਕੁਝ ਜ਼ਿਆਦਾ ਹੀ ‘ਪਰ ਨਿਕਲ ਆਏ’ ਸਨ। ਏਥੇ ਪੁਆਰ ਦਾ ਗੁੱਸਾ ਵਾਜਬ ਵੀ ਲੱਗਦਾ ਸੀ ਪਰ ਕਈ ਵਾਰ ਉਹਦਾ ਗੁੱਸਾ ਕੁਝ ਜ਼ਿਆਦਾ ਹੀ ਖਿੱਚਿਆ ਜਾਂਦਾ। ਜਿਸ ਨਾਲ ਉਹ ਅੰਦਰੋਂ ਗੁੱਸੇ ਹੋ ਜਾਵੇ, ਉਹਦੇ ਨਾਲ ਖਹੁਰ ਨਹੀਂ ਸੀ ਗਵਾਉਂਦਾ। (ਚੱਲਦਾ)