ਤਾਈ ਨਿਹਾਲੀ

ਉਘੇ ਲਿਖਾਰੀ ਮਰਹੂਮ ਸੰਤੋਖ ਸਿੰਘ ਧੀਰ ਦੀ ਕਹਾਣੀ ‘ਤਾਈ ਨਿਹਾਲੀ’ ਜੰਗ ਦੀ ਤਬਾਹੀ ਦੇ ਮੰਜ਼ਰ ਪੇਸ਼ ਕਰਦੀ ਹੈ ਅਤੇ ਲੋਕਾਂ ਨੂੰ ਜੰਗਬਾਜ਼ ਸਿਆਸਤਦਾਨਾਂ ਤੇ ਸਰਕਾਰਾਂ ਤੋਂ ਬਚਣ ਦਾ ਹੋਕਾ ਦਿੰਦੀ ਹੈ। ਜੰਗ ਸਦਾ ਹੀ ਆਮ ਬੰਦੇ ਨੂੰ ਨਪੀੜਦੀ ਆਈ ਹੈ। ਇਸ ਰਚਨਾ ਅੰਦਰ ਸੰਸਾਰ ਭਰ ਵਿਚ ਚੱਲੀ ਅਮਨ ਲਹਿਰ ਦੀਆਂ ਲਹਿਰਾਂ ਦੀ ਝਲਕ ਮਿਲਦੀ ਹੈ।

ਸੰਤੋਖ ਸਿੰਘ ਧੀਰ

ਬਨੇਰੇ ਉਤੇ ਕਾਂ ਬੋਲਿਆ।
“ਤੀਰ…ਕਾਣਿਆਂ…।”
ਤਾਈ ਨਿਹਾਲੀ ਨੇ ਫਿਟਕਾਰਦੇ ਹੱਥ ਨਾਲ ਕਾਂ ਨੂੰ ਉਡਾ ਦਿਤਾ।
ਕਾਂ ਉਡ ਗਿਆ ਪਰ ਤਾਈ ਦੇ ਕਾਲਜੇ ਨੂੰ ਜਾਣੋਂ ਹੌਲ ਪੈ ਗਿਆ। ਢਿੱਡ ਦੇ ਪਾਲੇ ਨੇ ਉਹਦੇ ਬੋਦੇ ਸਰੀਰ ਨੂੰ ਕਾਂਬਾ ਛੇੜ ਦਿਤਾ। ਤੇ ਤਾਈ ਦੀਆਂ ਅੱਖਾਂ ਸਾਹਮਣੇ ਪੰਜ ਵਰ੍ਹੇ ਪਹਿਲਾਂ ਦਾ ਸਮਾਂ ਕਿਸੇ ਭਿਆਨਕ ਗਿਰਝ ਵਾਂਗ ਆਪਣੇ ਖੰਭ ਫੜਫੜਾਉਣ ਲਗਿਆ। ਖੰਭ, ਜਿਨ੍ਹਾਂ ਤਾਈ ਦੇ ਕੋਠੇ ਉਤੇ ਹਨੇਰਾ ਕਰ ਦਿੱਤਾ ਸੀ।
ਪੰਜ ਵਰ੍ਹੇ ਪਹਿਲਾਂ ਇਕ ਸ਼ਾਮ ਤਾਈ ਨੂੰ ਡਾਕੀਆ ਇਕ ਬੰਦ ਚਿੱਠੀ ਦੇ ਗਿਆ ਸੀ। ਕਿਵੇਂ ਔਸੀਆਂ ਪੌਣ ਪਿਛੋਂ ਤਾਈ ਨੂੰ ਉਹ ਚਿਠੀ ਆਈ ਸੀ; ਜਿਹੜੀ ਉਹਦੇ ਜੀ ਵਿਚ ਉਹਦੇ ਜਿਊਣ ਜੋਗੇ ਪੁੱਤ ਵਲੋਂ ਸੁੱਖ-ਸਾਂਦ ਦੀ ਹੋਵੇਗੀ। ਪਰ ਉਹ ਚਿਠੀ ਕਮਾਨ-ਅਫਸਰ ਵਲੋਂ ਨਿਕਲੀ ਸੀ ਜੋ ਲੜਾਈ ਵਿਚੋਂ ਉਹਦੇ ਪੁੱਤ ਦੇ ਮਰਨ ਦੀ ਚੰਦਰੀ ਖਬਰ ਲੈ ਕੇ ਆਈ ਸੀ। ਉਸ ਦਿਨ ਵੀ ਤਾਈ ਦੇ ਕੋਠੇ ਉਤੇ ਕਾਂ ਬੋਲਿਆ ਸੀ।
ਤਾਈ ਨਿਹਾਲੀ ਨਿਕੀਆਂ ਨਿਕੀਆਂ ਗੱਲਾਂ ਦੇ ਵਹਿਮ ਵਿਚਾਰਦੀ। ਘਰੋਂ ਤੁਰਦੀ ਨੂੰ ਜੇ ਅਗੋਂ ਪਾਣੀ ਦਾ ਘੜਾ ਜਾਂ ਚੂਹੜਾ ਮਿਲ ਪੈਂਦਾ ਤਾਂ ਉਹ ਸਿਧ ਮਨਾਉਂਦੀ। ਪਰ ਜੇ ਪਾਥੀਆਂ, ਲੱਕੜਾਂ, ਬਾਹਮਣ, ਨੰਬਰਦਾਰ, ਜਾਂ ਕੋਈ ਸਿਰ ਉਤੇ ਖਾਲੀ ਟੋਕਰਾ ਚੁਕੀ ਟੱਕਰ ਜਾਂਦਾ, ਤਾਂ ਉਹ ਝਟ ਪਿਛੇ ਮੁੜ ਪੈਂਦੀ।
ਪਹਿਲੀਆਂ ਵਿਚ ਉਹ ਕਾਂ ਦੇ ਕੁਰਲਾਣ ਨੂੰ ਏਨਾ ਮੰਦਾ ਨਹੀਂ ਸੀ ਜਾਣਦੀ, ਉਹ ਸਮਝਦੀ ਕਿ ਬੜੀ ਹਦ ਕੋਈ ਪ੍ਰਾਹੁਣਾ ਆ ਜਾਏਗਾ ਜਿਸ ਦੀ ਖੇਚਲ ਉਹ ਔਖੀ ਸੌਖੀ ਝੱਲ ਲਏਗੀ। ਪਰ ਹੁਣ ਉਹ ਕਾਂ ਨੂੰ ਇਕ ਜਮਦੂਤ ਮੰਨਦੀ ਜਿਸ ਦੇ ਸੰਘ ਵਿਚ ਉਹਦੇ ਪੁਤ ਦੀ ਮੌਤ ਕੁਰਲਾਈ ਸੀ।
ਕਰਤਾਰ ਦੀ ਮੌਤ ਨੇ ਤਾਈ ਨੂੰ ਹਰਾ ਦਿਤਾ-ਪਲੋਠੀ ਦਾ ਤ੍ਹੜੇ ਵਰਗਾ ਕਮਾਊ ਪੁੱਤ ਟੱਬਰ ਨੂੰ ਰੁਲਦਾ ਛਡ ਕੇ ਮਰ ਗਿਆ ਸੀ- ਤਾਏ ਦੀ ਛਾਤੀ ਵਿਚ ਟੋਇਆ ਪੈ ਗਿਆ ਜਿਸ ਟੋਏ ਵਿਚ ਉਹਦਾ ਨਿੱਕਾ ਪੁਤ ਬਲਵੰਤ ਸਾਰਾ ਹੀ ਨਿਘਰਿਆ ਪਿਆ ਸੀ। ਤੇ ਇਹ ਟੋਇਆ ਪੂਰਿਆ ਵੀ ਕਿਵੇਂ ਜਾ ਸਕਦਾ ਸੀ?
ਹਾਂ, ਤਾਈ ਨੂੰ ਏਨਾ ਹੌਕਾ ਜ਼ਰੂਰ ਹੈ ਕਿ ਉਹਦਾ ਲੱਠ ਵਰਗਾ ਪੁਤ ਜੁਆਨਾਂ ਦੀ ਮੌਤ ਕਦੇ ਨਾ ਮਰਦਾ, ਜੇ ਉਹ ਫੌਜ ਵਿਚ ਭਰਤੀ ਹੋ ਕੇ ਜੰਗ ਨੂੰ ਨਾ ਜਾਂਦਾ। ‘ਸੱਜਰੇ ਲਹੂ ਵਲ ਝਾਕਣ ਦਾ ਹੀਆ ਮੌਤ ਵਿਚ ਕਿਥੇ!’ ਇਹ ਖਿਆਲ ਉਹਦੇ ਅਚੇਤ ਮਨ ਵਿਚੋਂ ਲੰਘ ਕੇ ਨਿਸ਼ਚਾ ਕਰਾਉਂਦਾ, ਜਦ ਕਦੇ ਉਹ ਆਪਣੀਆਂ ਪੂਣੀ-ਚਿਟੀਆਂ ਉਲਝੀਆਂ ਲਿਟਾਂ ਵਿਚ ਕੰਬਦੀਆਂ ਉਗਲਾਂ ਵਾਹੁੰਦੀ।
ਉਸ ਨੂੰ ਇਹ ਪੱਕ ਸੀ ਕਿ ਉਹਦਾ ਪੁੱਤ ਕਦੇ ਭਰਤੀ ਨਾ ਹੁੰਦਾ, ਜੇ ਸਰਕਾਰ ਉਹਨੂੰ ਜ਼ੋਰੋ-ਜ਼ੋਰੀ ਨਾ ਲਿਜਾਂਦੀ। “ਨੌਕਰੀ ਕੀ ਸਾਨੂੰ ਤਾਰ ਦੂ”, ਉਹ ਕਈ ਵਾਰ ਆਖਦੀ ਹੁੰਦੀ। ਉਹ ਸਮਝਦੀ ਸੀ ਕਿ ਜਿਹੜੇ ਉਨ੍ਹਾਂ ਕੋਲ ਚਾਰ ਸਿਆੜ ਹਨ, ਉਨ੍ਹਾਂ ਵਿਚੋਂ ਉਹ, ਉਹਦਾ ਕਾਮਾ ਪੁੱਤ, ਹਾੜ੍ਹੀਆਂ ਤੇ ਸੌਣੀਆਂ ਨੂੰ ਸੂਤ ਕੇ ਦਾਣਿਆਂ ਨਾਲ ਕੋਠਾ ਭਰ ਲਿਆ ਕਰੇਗਾ। ਉਹਦੀ ਮੁਟਿਆਰ ਨੂੰਹ ਸੂਫ ਦਾ ਘੱਗਰਾ ਤੇ ਜਰੀ ਦੀ ਨੋਕਾਂ ਵਾਲੀ ਜੁਤੀ ਪਾ ਕੇ ਠੁਮ ਠੁਮ ਕਰਦੀ ਉਹਨੂੰ ਖੇਤਾਂ ਵਿਚ ਰੋਟੀ ਦੇਣ ਜਾਇਆ ਕਰੇਗੀ। ਪਰ ਇਉਂ ਹੋ ਨਾ ਸੀ ਸਕਿਆ- ਸਰਕਾਰ ਨੇ ਉਹਨੂੰ ਤੇ ਉਹਦੇ ਪੁੱਤ ਨੂੰ ਨੰਬਰਦਾਰ ਦੀਆਂ ਅੱਖਾਂ ‘ਚੋਂ ਲਾਲੀਆਂ ਤਾੜੀਆਂ ਤੇ ਥਾਣੇਦਾਰ ਦੇ ਮੂੰਹ ਵਿਚੋਂ ਗਾਹਲਾਂ ਕਢੀਆਂ ਸਨ: “ਹਰਾਮਜ਼ਾਦੀ ਬਕਤੀ ਹੈ…ਸੂਰ ਕਾ ਬੱਚਾ…।” ਤੇ ਸਰਕਾਰ ਨੇ ਪਿੰਡ ਦੇ ਦਰਵਾਜ਼ੇ, ਪਰ੍ਹੇ ਦੇ ਸਾਹਮਣੇ, ਪੁਲਿਸ ਦੇ ਦੈਂਤਾਂ ਵਰਗੇ ਹੱਥਾਂ ਨਾਲ ਉਹਦੇ ਅਲੂੰਏ ਪੁੱਤ ਨੂੰ ਗਲ ਹੱਥ ਮਾਰ ਕੇ ਅੱਗੇ ਲਾ ਲਿਆ ਸੀ ਤੇ ਉਹ ਕਿੰਨਾ ਚਿਰ, ਭਰੇ ਹੋਏ ਗਚ ਨਾਲ ਦੂਰ ਹੋਈ ਜਾਂਦੇ ਪੁੱਤ ਨੂੰ ਹਵਾ ਵਿਚ ਤੱਕਦੀ ਰਹੀ ਸੀ।
ਇਕ ਆਥਣੇ ਚਰ੍ਹੀ ਦੀਆਂ ਪੂਲੀਆਂ ਸੁੱਟਣ ਲਈ ਤਾਈ ਜਦ ਕੋਠੇ ਚੜ੍ਹਨ ਲੱਗੀ ਤਾਂ ਉਹਨੇ ਦੇਖਿਆ: ਕੋਠੇ ਉਤੇ ਬੂਥੀਆਂ ਚੁੱਕੀ ਕੁੱਤੇ ਰੋ ਰੋ ਕੇ ਲਿਟਾਂ ਤੋੜ ਰਹੇ ਹਨ। ਤਾਈ ਨੂੰ ਜਾਪਿਆ, ਜਿਵੇਂ ਦੁਨੀਆ ਉਤੇ ਕਾਲ ਮੂੰਹ ਅੱਡੀ ਖਲੋਤਾ ਹੈ! ਉਹਦਾ ਵਿਸ਼ਵਾਸ ਸੀ ਕਿ ਕਾਲੇ ਕੁੱਤਿਆਂ ਨੂੰ ਪਹਿਲਾਂ ਦਿਸ ਪੈਂਦਾ ਹੈ-ਜੇ ਕੁੱਤੇ ਰੋਂਦੇ ਹੋਣ ਤਾਂ ਦੁਨੀਆ ‘ਤੇ ਜ਼ਰੂਰ ਕੋਈ ਕਹਿਰ ਟੁੱਟਣਾ ਹੁੰਦਾ ਹੈ। ਤੇ ਤਾਈ ਨਹੀਂ ਸੀ ਚਾਹੁੰਦੀ ਕਿ ਉਸ ਨੂੰ ਹੁਣ ਜਹਾਨ ਉਤੇ ਕਿਸੇ ਵੀ ਕਹਿਰ ਦੀ ਸੋਅ ਪਵੇ। ਉਹਨੇ ਕਾਠ ਦੀ ਪੌੜੀ ਦੇ ਸਿਖਰਲੇ ਡੰਡੇ ਤੋਂ ਲਲਕਾਰਿਆ:
“ਖੜ੍ਹਾ ਥੋਡੇ ਦਾਦੇ ਮਗ੍ਹਾਂ…।”
ਤਾਈ ਤਾਂ ਚਾਹੁੰਦੀ ਸੀ: ਉਹਦੇ ਕੁੱਬੀਆਂ, ਧੁਆਂਖੀਆਂ ਕੜੀਆਂ ਦੀਆਂ ਥੰਮ੍ਹੀਆਂ ਤੇ ਖਲੋਤੀ ਛੱਤ ਵਾਲੇ ਗਰੀਬੜੇ ਜਿਹੇ ਘਰ ਵਿਚ ਅਮਨ ਰਹੇ। ਕੋਈ ਕੁਸੱਗਣ ਉਹ ਘਰ ਵਿਚ ਨਾ ਹੋਣ ਦਿੰਦੀ। ਥਾਂ ਸੰਭਰਨ ਵੇਲੇ ਆਪਣੀ ਵਿਚਾਰੀ ਜਿਹੀ ਨੂੰਹ ਨੂੰ ਉਹ ਨਿਤ ਚਿਤਾਰਦੀ:
‘ਨੀ ਕਰਨੈਲ ਕੁਰੇ, ਦੇਖੀਂ ਪੁੱਤ, ਸੂਹਣ ਖੜ੍ਹੀ ਨਾ ਰੱਖੀਂ…!’
ਮਛੋਹਰ ਇੱਲਤੀ ਨੂੰ ਜੋ ਖੇਤੋਂ ਘਰ ਆਉਂਦਿਆਂ ਕਦੇ ਸੱਪ ਦੀ ਕੁੰਜ, ਕਾਵਾਂ ਦੇ ਆਂਡੇ, ਮੋਰਾਂ ਦੇ ਖੰਭ ਜਾਂ ਕੁਝ ਹੋਰ ਅਲਸੂੰ-ਪਲਸੂੰ ਚੁਕ ਲਿਆਉਂਦਾ ਸੀ, ਇਕ ਦਿਨ ਸੇਹ ਦਾ ਤੱਕਲਾ ਚੁਕ ਲਿਆਉਣ ਤੇ ਤਾਈ ਨੇ ਝਿੜਕਿਆ:
“ਦੁਰ ਬੇ ਚੰਦਰਿਆ…ਜਾ ਸਿਟ ਆ ਉਥੇ ਈ ਜਿਥੋਂ ਲਿਆਇਐਂ-ਦੇਸਿਆ ਹੋਇਆ…!”
ਤਾਈ ਦੇ ਪਿੰਡ ਤੋਂ ਸਵਾ ਕੁ ਮੀਲ ਦੀ ਵਾਟ ‘ਤੇ ਇਕ ਮੰਡੀ ਹੈ ਜਿਥੇ ਕੋਈ ਨਿਕਾ ਮੋਟਾ ਸੌਦਾ ਲੈਣ ਉਹ ਜਾਂਦੀ ਹੁੰਦੀ ਸੀ। ਮੰਡੀ ਦੇ ਰਾਹ ਵਿਚ ਜਰਨੈਲੀ ਸੜਕ ਪੈਂਦੀ ਹੈ। ਇਕ ਦਿਨ ਜਦ ਉਹ ਮੰਡੀ ਗਈ ਤਾਂ ਸੜਕ ਪਾਰ ਕਰਨ ਲਈ ਉਹਨੂੰ ਉਰਲੇ ਪਾਸੇ ਕਿੰਨਾ ਚਿਰ ਖੜ੍ਹਨਾ ਪਿਆ। ਲੰਮੀ ਕਤਾਰ ਵਿਚ ਮਿੱਟੀ ਰੰਗੀਆਂ ਮਿੱਡੀਆਂ ਲਾਰੀਆਂ ਰਿੰਗ ਰਿੰਗ ਕੇ ਲੰਘ ਰਹੀਆਂ ਸਨ ਜਿਨ੍ਹਾਂ ਵਿਚ ਖਾਕੀ ਵਰਦੀਆਂ ਵਾਲੇ ਜੁਆਨ ਫੌਜੀ ਬੈਠੇ ਸਨ…ਕਿੰਨੀਆਂ ਅੱਖਾਂ ਦੇ ਤਾਰੇ-ਕਿੰਨੀਆਂ ਮਾਂਗਾਂ ਦੇ ਸੰਧੂਰ-ਕਿੰਨੇ ਬਲੌਰਾਂ ਦੇ ਲਾਡ-ਤਾਈ ਦੀ ਜਾਨ ਲੁਛ ਗਈ ਤੇ ਉਹਦੀਆਂ ਆਂਦਰਾਂ ਫੁੜਕ ਪਈਆਂ:
“ਹੇ ਬਾਹਗਰੂ-ਹੁਣ ਤਾਂ ਜਗ ਵਿਚ ਠੰਡ ਠੇਹਰ ਰਖੀਂ…।”
ਸੂਰਜ ਦੀ ਟਿੱਕੀ ਨਾਲ ਘੜਿਆਲ ਖੜਕਿਆ, ਘੜਿਆਲ ‘ਚੋਂ ਟਣਕਾਰਾਂ ਫੁਟ ਕੇ ਕਿਰਨਾਂ ਵਾਂਗ ਪਿੰਡ ਦੀਆਂ ਗਲੀਆਂ ਵਿਚ ਲਹਿਰ ਗਈਆਂ।
“ਤੀਜੀ ਜੰਗ…।”
ਪਿੰਡ ਦੇ ਵੱਡੇ ਦਰਵਾਜ਼ੇ ਵੱਲੋਂ ਤਾਈ ਦੇ ਕੰਨ ਵਲੇਲ ਪਈ। ਪਲ ਦੀ ਪਲ ਤਾਈ ਘਾਬਰ ਗਈ-ਲੜਾਈ ਜਾਣ ਸੱਚਮੁਚ ਉਹਦੇ ਪਿੰਡ ਵਿਚ ਗਰਜ ਰਹੀ ਸੀ- ਤੇ ਉਹਨੂੰ ਹਥਾਂ ਪੈਰਾਂ ਦੀ ਪੈ ਗਈ।
“ਬੇ ਪੁਤ ਬੰਤ, ਬੇ ਅੰਦਰ ਬੜ ਜਾ ਬੇ ਸੋਹਣਿਆਂ…ਉਹਦੀਆਂ ਫਿੜੀਫਿੜੀ ਕਰਦੀਆਂ ਆਂਦਰਾਂ ਜਿਵੇਂ ਚੀਕ ਉਠੀਆਂ। ਪਰ ਤੁਰਤ ਹੀ ਤਾਈ ਦੇ ਅੰਦਰ ਕੋਈ ਕਲਵਲ ਹੋਈ-ਦੂਜੇ ਹੀ ਪਲ ਤਾਈ ਦੇ ਬੁੱਲ੍ਹਾਂ ‘ਚੋਂ ਚੰਗਿਆੜੇ ਝੜਨ ਲੱਗੇ:
“ਦੇਖਾਂ ਤਾਂ ਕੇਹੜਾ ਨਪੁੱਤਾ ਸਾਡੇ ਪਿੰਡ ਜੰਗ ਲੌਣ ਆਇਐ…!” ਉਹਦੇ ਅੰਦਰ ਉਹਦੀ ਹਸਤੀ ਜਾਗ ਪਈ, ਧਰਤੀ ਜਿੰਨੀ ਮਹਾਨ ਉਹਦੀ ਹਸਤੀ, ਉਹਦੀ ਨਤਾਕਤੀ, ਬਲ ਵਿਚ ਬਦਲ ਗਈ। ਉਹ ਕੰਧ ਵਰਗੇ ਹੀਏ ਨਾਲ ਗਲੀਓ ਗਲੀ ਦਰਵਾਜ਼ੇ ਵਲ ਨੂੰ ਤੁਰ ਗਈ।
“ਜੰਗ-ਬਾਜ਼…।”
ਪਿੱਪਲ, ਨਿੰਮ ਤੇ ਬਰੋਟੇ ਦੀ ਤ੍ਰਿਬੈਣੀ ਹੇਠਲੇ ਚੌਂਤਰੇ ਉਤੇ ਚੜ੍ਹਦੀ ਉਮਰ ਦੇ ਗੱਭਰੂ ਨੇ ਅੰਬਰੀ ਰੰਗ ਦੇ ਝੰਡੇ ਨੂੰ ਉਚਾ ਕਰਦਿਆਂ ਲਲਕਾਰਿਆ:
“ਮੁਰਦਾਬਾਦ।”
ਪਿੰਡ ਦੇ ਸਾਰੇ ਲੋਕਾਂ ਨੇ ਗਰਜਿਆ-ਬੁੱਢੇ, ਤੀਵੀਆਂ ਤੇ ਜੁਆਨ-ਸਾਰਿਆਂ ਨੇ।
ਅਚੰਭੇ ਨਾਲ ਤਾਈ ਦੇ ਕੰਨ ਖੜ੍ਹੇ ਹੋ ਗਏ।
“ਅਮਨ-ਅਮਨ।”
ਇਕ ਮੁਟਿਆਰ ਨੇ ਦੰਦਲ-ਦਾਤੀ ਨੂੰ ਉਚਾ ਕਰਦਿਆਂ ਬਰੀਕ ਬੁੱਲ੍ਹਾਂ ‘ਚੋਂ ਆਖਿਆ ਜੋ ਬਲਦਾਂ ਲਈ ਸਾਵੀ ਚਰ੍ਹੀ ਦੀਆਂ ਪੂਲੀਆਂ ਖੋਤ ਕੇ ਲਿਆ ਰਹੀ ਸੀ, ਜਿਸ ਨੇ ਭਾਰ ਨੂੰ ਉਥੇ ਹੀ ਸੁੱਟ ਦਿੱਤਾ, ਤੇ ਅਣਵਾਹੇ ਵਾਲਾਂ ਵਿਚ ਘਾਹ ਦੀਆਂ ਸਾਵੀਆਂ ਤਿੜ੍ਹਾਂ ਅਜੇ ਉਲਝੀਆਂ ਹੋਈਆਂ ਸਨ।
“ਅਸੀਂ ਤੀਜੀ ਜੰਗ ਨਹੀਂ ਹੋਣ ਦਿਆਂਗੇ!”
ਇਕ ਮੁੰਡੇ ਨੇ ਆਖਿਆ ਜਿਸ ਦੇ ਘੁੰਗਰਾਲੇ ਪਟਿਆਂ ਉਤੇ ਰਾਹਾਂ ਦੀ ਧੂੜ ਹੱਸ ਰਹੀ ਸੀ।
ਇਕ ਹੋਰ ਮਸ-ਫੁਟਾ, ਕਣਕ ਦੇ ਦਾਣਿਆਂ ਵਰਗਾ ਮੁੜ੍ਹਕਾ ਜਿਸ ਦੇ ਮੱਥੇ ਉਤੇ ਸੀ, ਗਰਜਿਆ:
“ਏਸ਼ੀਆ ‘ਚੋਂ ਨਿਕਲ ਜਾਓ…
ਇਕ ਕਵੀ ਨੇ ਗੀਤ ਗਾਵਿਆ:
“ਸਾਡੇ ਛੈਲ ਛਬੀਲੇ ਗੱਭਰੂ,
ਹੁਣ ਖਾ ਨਹੀਂ ਸਕਦੀ ਲਾਮ।
ਅਸੀਂ ਜੰਗ ਨੂੰ ਜਾਣ ਵਾਲੀਆਂ,
ਕਰ ਦਿਆਂਗੇ ਰੇਲਾਂ ਜਾਮ।”
ਤ੍ਰਿਬੈਣੀ ਦੇ ਪੱਤੇ ਫਰ-ਫਰਾਏ, ਤਾਈ ਦੇ ਦਿਲ ਨੂੰ ਇਕ ਠੰਡਾ ਝੋਲਾ ਆਇਆ। ਉਹਨੇ ਮਨ ਹੀ ਮਨ ਵਿਚ ਦੇਖਿਆ: ਉਹਦੇ ਅਲ੍ਹੜ ਬੰਤੇ ਨੂੰ ਕੇਡੀ ਜੁਆਨੀ ਚੜ੍ਹ ਰਹੀ ਹੈ।
“ਅਸੀਂ ਅਮਨ ਦੇ ਰਾਖੇ ਹਾਂ…!”
ਤੋਤਲੀ ਬੋਲੀ ਵਿਚ ਦੁੱਧ ਦੇ ਦੰਦਾਂ ਨੇ ਆਖਿਆ, ਤੇ ਨਿਕੇ ਜਿਹੇ ਹੱਥ ਨੇ ਪਹਿਲੀ ਜਮਾਤ ਦਾ ਕੈਦਾ ਤ੍ਰਿਬੈਣੀ ਦੀਆਂ ਕੱਚੀਆਂ ਲਗਰਾਂ ਵੱਲ ਉਚਾ ਕੀਤਾ।
ਲੋਕ ਕੀਲੇ ਬੈਠ ਸਨ। ਤ੍ਰਿਬੈਣੀ ਦੇ ਹਰੇ ਕਚੂਚ ਪੱਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਲਿਚ ਲਿਚ ਕਰਦੇ ਸਨ।
ਤਾਈ ਸਭ ਕੁਝ ਨਿਸਚੇ ਨਾਲ ਸੁਣ ਰਹੀ ਸੀ। ਉਸ ਨਿਸਚੇ ਨਾਲ ਜਿਹੜਾ ਨੂੰਹ ਦੇ ਸੁਹਾਗਣ ਹੋਣ ਵਿਚ ਹੋ ਸਕਦਾ ਹੈ-ਜੋ ਪੁਤਲੀ ਵਿਚ ਅੱਖ ਦਾ ਤਾਰਾ ਲਿਸ਼ਕਣ ਨਾਲ ਹੋ ਸਕਦਾ ਹੈ-ਜੋ ਹਿੱਕ ਦਾ ਟੋਇਆ ਪੂਰੇ ਜਾਣ ਵਿਚ ਹੋ ਸਕਦਾ ਹੈ। ਤਾਈ ਭਰਪੂਰ ਹੋਈ ਬੈਠੀ ਸੀ-ਉਹਦੇ ਵਿਚ ਕਿੰਨੀ ਸ਼ਕਤੀ ਹੈ-ਉਹਨੂੰ ਜਾਪਿਆ, ਸਾਰੇ ਉਹਦੇ ਪਿੰਡ ਦੇ ਹੀ ਤਾਂ ਮੁੰਡੇ ਨੇ ਜੋ ਥੜ੍ਹੇ ਉਤੇ ਆਪ ਆ ਕੇ ਬੋਲਦੇ ਨੇ: ਵਿਹੜੇ ਵਾਲਿਆਂ ਦਾ ਜੀਤ, ਗਰੇਵਾਲਾ ਦਾ ਜਗੀਰ, ਤੇ ਅਹੁ ਬਾਹਰਲੇ ਵਾਸ ਦਾ ਕਵੀ ਮੁੰਡਾ-ਸਾਰੇ ਉਹਦੇ ਹੱਥਾਂ ਵਿਚ ਪਲੇ ਹੋਏ। ਤਾਈ ਫੁਲ ਫੁਲ ਜਾਂਦੀ ਸੀ।
ਇਕ ਚੋਬਰ ਥੜ੍ਹੇ ਉਤੇ ਤਣ ਕੇ ਖੜ੍ਹੋ ਗਿਆ। ਸੰਸਾਰ ਦੀ ਅਮਨ ਕਮੇਟੀ ਵੱਲੋਂ ਉਹਨੇ ਐਟਮ-ਬੰਬ ਨੂੰ ਰੋਕਣ ਦੀ ਅਪੀਲ ਪੜ੍ਹ ਕੇ ਸੁਣਾਈ। ਸੌਖੀ ਪੇਂਡੂ ਬੋਲੀ ਵਿਚ ਅਪੀਲ ਦਾ ਭਾਵ ਖੋਲ੍ਹ ਕੇ ਸਮਝਾਇਆ, ਤੇ ਲਹਿਲਹਾਂਦੀਆਂ ਮੁਟਿਆਰ ਫਸਲਾਂ, ਹਸਦੇ ਵਸਦੇ ਘਰਾਂ, ਬੱਚਿਆਂ ਦੀ ਮਹਿਕਦੀ ਮੁਸਕਾਣ ਤੇ ਝੰਮ ਝੰਮ ਕਰਦੀ ਸਾਰੀ ਦੁਨੀਆ ਦਾ ਵਾਸਤਾ ਪਾ ਕੇ, ਦਿਲਾਂ ਦੇ ਨੇਕ ਲੋਕਾਂ ਨੂੰ ਅਪੀਲ ਉਤੇ ਦਸਤਖਤ ਕਰਨ ਤੇ ਅੰਗੂਠੇ ਲਾਉਣ ਲਈ ਆਖਿਆ।
ਜੰਗ ਦੀਆਂ ਗੱਲਾਂ ਸੁਣ ਕੇ ਪਲ ਦੀ ਪਲ ਤਾਈ ਦੇ ਖਿਆਲ ਵਿਚ ਕਰਤਾਰ ਦੀ ਮੌਤ-ਝਾਕੀ ਉਭਰਨ ਲੱਗੀ…ਦੂਰ ਦੁਰਾਡੇ ਦੇਸ਼ਾਂ ਵਿਚ-ਸੱਤਾਂ ਸਮੁੰਦਰਾਂ ਤੋਂ ਪਾਰ-ਜੰਗ ਦਾ ਖੂਨੀ ਮੋਰਚਾ…“ਟੀਂ”… ਕਰਦੀ ਚੰਦਰੀ ਗੋਲੀ…ਤੇ ਉਹਦੇ ਜਿਗਰ ਦਾ ਟੁਕੜਾ ਚੰਘਿਆੜ ਕੇ ਧਰਤੀ ਉਤੇ ਲੋਟਣੀਆਂ ਲੈਣ ਲੱਗਾ…ਤੇ ਤਾਈ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ, ਉਸ ਦੇ ਘਰ ਉਤੇ ਸੂਰਜ ਡੁੱਬ ਗਿਆ ਸੀ।
‘ਦੂਜੀ ਜੰਗ ਕਰਤਾਰ ਨੂੰ ਲੈ ਗਈ-ਤੀਜੀ ਜੰਗ ਹੁਣ ਫੇਰ ਮੂੰਹ ਅੱਡੀਂ ਖਲੋਤੀ ਹੈ…!’ ਇਸ ਖਿਆਲ ਨਾਲ ਤਾਈ ਦੇ ਪੁਰਾਣੇ ਸਰੀਰ ਉਤੇ ਹੌਲ ਦੀਆਂ ਕੰਬਣੀਆਂ ਤੁਰਨ ਲਗੀਆਂ। ਬਲਵੰਤ ਉਹਦੇ ਘਰ ਦਾ ਦੀਵਾ, ਤੇ ਤਾਈ ਚਾਹੁੰਦੀ ਸੀ: ਰਹਿੰਦੀ ਦੁਨੀਆ ਤਕ ਉਹਦੇ ਘਰ ਵਿਚ ਦੀਵਾ ਬਲਦਾ ਰਹੇ।
ਤਾਈ ਨੇ ਆਪਣੇ ਅੰਗੂਠੇ ਵਲ ਗੰਭੀਰ ਤੇ ਨਿਰਣੇ ਭਰੀਆਂ ਨਜ਼ਰਾਂ ਨਾਲ ਦੇਖਿਆ, ਤਾਈ ਦੀਆਂ ਅੱਖਾਂ ਮੁਸਕਰਾਈਆਂ, ਜਿਵੇਂ ਖਿਜ਼ਾਂ ਦੇ ਅਖੀਰ ਉਤੇ ਬਹਾਰ ਦਾ ਪਹਿਲਾ ਬੁੱਲਾ ਰੁਮਕਦਾ ਹੈ। ਤਾਈ ਨੂੰ ਆਪਣੇ ਅੰਗੂਠੇ ਦੇ ਬਲ ਦਾ ਪਤਾ ਲੱਗਿਆ।
ਦੂਰ ਜਿਹੇ, ਖੁੰਡਾਂ ਉਤੇ ਬੈਠ ਮੁਸ਼ਟੰਡਿਆਂ ਨੇ ਪੁਲਿਸ ਦੀ ਸ਼ਹਿ ਪਾ ਕੇ ‘ਹਿੜ ਹਿੜ’ ਲਾਈ।
“ਛੀ…ਹ-ਹਟਾ ਲੈਣਗੇ ਬਈ ਇਹ ਜੰਗ-ਏਹਨਾਂ ਦਸਤਖਤਾਂ ਨਾਲ ਜੰਗ ਭਲਾ ਹਟ ਜੂ…? ਚੁੱਕੀ ਫਿਰਦੇ ਨੇ ਕਾਗਤੀਆਂ…ਐਟਮ ਬੰਬ ਨ੍ਹੀਂ ਬਈ ਇਨ੍ਹਾਂ ਚੱਲਣ ਦੇਣਾ…ਮਾਂ ਦਿਆਂ ਸੂਰਮਿਆਂ ਨੇ…।” ਨੰਬਰਦਾਰ ਗੱਜਣ ਸਿੰਘ ਬੁੜ-ਬੁੜਾਇਆ, ਜਿਸ ਨੇ ਦੂਜੀ ਜੰਗ ਵਿਚ ਪਿੰਡ ਦੇ ਮੁੰਡੇ ਭਰਤੀ ਕਰਾ ਕੇ ਸਰਕਾਰ ਤੋਂ ਬਾਰ ਵਿਚ ਮੁਰੱਬਾ ਬਖਸ਼ੀਸ਼ ਲਿਆ ਸੀ।
“ਚੰਗਾ ਸਗੋਂ, ਅਸੀਂ ਤਾਂ ਕਹਿਨੇ ਆਂ ਜੰਗ ਛੇਤੀ ਲੱਗੇ…ਦੁਨੀਆ ਭੁੱਖੀ ਤਾਂ ਨਾ ਮਰੇ…!” ਸਫੇਦਪੋਸ਼ ਕੁੰਢਾ ਸਿੰਘ ਤੇ ਨਿੱਕੂ ਮਲ ਸ਼ਾਹੂਕਾਰ ਠਿਲਾਂ ਕਰਦੇ ਸਨ, ਜਿਨ੍ਹਾਂ ਨੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿਚ ਝੂਠੀਆਂ ਗਵਾਹੀਆਂ, ਵੱਢੀਆਂ ਤੇ ਮੁਖਬਰੀਆਂ ਦੀ ਬੋ ਉਭਾਰੀ ਹੋਈ ਸੀ।
“ਕੋਈ ਨਾ ਲਾਇਓ ਲੋਕੋ ‘ਗੂਠੇ ‘ਗਾਠੇ…ਐਵੇਂ ਵਰਗਲਾਉਂਦੇ ਨੇ ਥੋਨੂੰ ਇਹ ਰੂਸ ਦੇ ਜੰਟ…।” ਹਰਾ ਕੂਹਣੀਮਾਰ ਪਰੇ ਕੁ ਨੂੰ ਪਏ ਟੁੱਟੇ ਜਿਹੇ ਗੋਡੇ ਦੀ ਪਿੰਜਣੀ ਉਤੋਂ ਬਿਰਕਿਆ।
ਹੋਛੀ ਹਿੜ ਹਿੜ ਵੱਲ ਕਿਸੇ ਧਿਆਨ ਨਾ ਦਿੱਤਾ।
ਤ੍ਰਿਬੈਣੀ ਦੇ ਕੂਲੇ ਪੱਤਿਆਂ ਵਿਚ ਇਕ ਤਿੱਖਾ ਬੁੱਲਾ ਫੜਫੜਾਇਆ। ਥੜ੍ਹੇ ਉਤੇ ਖਲੋਤੇ ਕਵੀ ਦੇ ਬੁੱਲਾਂ ‘ਚੋਂ ਲੋਕਾਂ ਦੀ ਤਾਕਤ ਵੰਗਾਰਦੀ ਸੀ:
ਸਾਡੇ ਫੁੱਲਾਂ ਦਾ ਸੂਹਾ ਸੂਹਾ ਰੰਗ ਵੇ,
ਜੰਗਬਾਜ਼ਾ ਓ ਵੈਰੀਆ!
ਸਾਥੋਂ ਦੂਰੋਂ-ਦੂਰੋਂ ਦੀ ਲੰਘ ਵੇ!
ਸਾਡੇ ਖੇਤਾਂ ‘ਚ ਨਿੱਕੇ-ਨਿੱਕੇ ਟਿਬੜੇ,
ਛੋਹ ਕੇ ਭਿਟ ਨਾ ਦਈਂ,
ਤੇਰੇ ਪੈਰ ਲਹੂ ਨਾਲ ਲਿਬੜੇ!
ਇਕ ਚਿਟ-ਕਪੜੀਏ ਜਿਹੜਾ ਪੁਲਿਸ ਦੇ ਸਿਪਾਹੀਆਂ ਦੇ ਵਿਚਾਲੇ ਭਰੀਆਂ ਹੋਈਆਂ ਬੰਦੂਕਾਂ ਦੀ ਓਟ ਵਿਚ ਮੰਜੇ ਉਤੇ ਝੂਠ-ਮੂਠ ਦਾ ਆਕੜਿਆ ਬੈਠਾ ਸੀ, ਨੇ ਛੇਤੀ-ਛੇਤੀ ਪਿਨਸਲ ਨਾਲ ਕੁਝ ਕਾਗਜ਼ ਉਤੇ ਲਿਖਿਆ। ਤਾਈ ਨਿਹਾਲੀ ਉਸ ਵਲ ਪਾੜ ਖਾਣੀਆਂ ਅੱਖਾਂ ਨਾਲ ਦੇਖਣ ਲੱਗੀ: ਤਾਈ ਨੂੰ ਪਤਾ ਸੀ ਕਿ ਅੰਗਰੇਜ਼ ਦੇ ਰਾਜ ਵੇਲੇ, ਜਦੋਂ ਕਾਂਗਰਸ ਆਜ਼ਾਦੀ ਮੰਗਦੀ ਹੁੰਦੀ ਸੀ, ਤੇ ਉਹਦੇ ਪਿੰਡ ਇਸੇ ਥਾਂ ਜਲਸਾ ਹੋਇਆ ਸੀ ਤਾਂ ਉਦੋਂ ਵੀ ਇਸ ਖੁਫੀਏ ਨੇ ਚੁਗਲੀ ਲਿਖ ਕੇ ਸਰਕਾਰ ਨੂੰ ਭੇਜੀ ਸੀ, ਤੇ ਉਹਦੇ ਪਿੰਡ ਦੇ ਤਿੰਨ ਮੁੰਡੇ ਕੈਦ ਹੋ ਗਏ ਸਨ। ਹੁਣ ਆਜ਼ਾਦੀ ਮਿਲਣ ਪਿਛੋਂ, ਜਦ ਰਾਜ ਕਾਂਗਰਸ ਦਾ ਹੋ ਗਿਆ ਤਾਂ ਉਹੀ ਖੁਫੀਆ ਅੱਜ ਫੇਰ ਉਨ੍ਹਾਂ ਦੇ ਅਮਨ ਦੇ ਜਲਸੇ ਵਿਚ ਬੈਠਾ ਡਾਇਰੀ ਲਿਖ ਰਿਹਾ ਹੈ!
ਤਾਈ ਹਰਖ ਨਾਲ ਸਿਰਾਂ ਦੀ ਪੱਧਰ ਵਿਚੋਂ ਧੌਣ ਚੁਕ ਤੇ ਖੁਫੀਏ ਵਲ ਕੈਰੀਆਂ ਅੱਖਾਂ ਨਾਲ ਕਚੀਚੀ ਵੱਟ ਕੇ ਬੋਲੀ:
“ਤੈਨੂੰ ਕੀਹਨੇ ਸੱਦਿਐ ਬੇ, ਨੂਣ ਹਰਾਮੀਆਂ…?”
ਸਾਰੇ ਲੋਕਾਂ ਨੇ ਪੁਲਿਸ ਵੱਲ ਨਫਰਤ ਨਾਲ ਦੇਖਿਆ। ਥਾਣੇਦਾਰ ਨੂੰ ਅੱਗ ਲੱਗ ਗਈ। ਪਿਸਤੌਲ ਨੂੰ ਹੱਥ ਪਾ ਕੇ ਉਹ ਕਿੱਲ੍ਹਿਆ:
“ਬੰਦ ਕਰੋ, ਇਸ ਪਖੰਡ ਨੂੰ- ਦਸਖਤ, ਦਸਖਤ। ਲੋਕਾਂ ਵਿਚ ਬਦਅਮਨੀ ਫੈਲ ਰਹੀ ਹੈ!”
“ਕੌਣ ਜੰਮਿਐ ਏ ਸਾਡੇ ਜਲਸੇ ਨੂੰ ਰੋਕਣ ਵਾਲਾ…?” ਤਾਈ ਗਰਜ ਉਠੀ। ਜਲਸੇ ਵਿਚ ਬੈਠੇ ਗਭਰੂਆਂ ਦੇ ਡੌਲੇ ਫਰਕਣ ਲੱਗੇ, ਤੇ ਸ਼ਮਲਿਆਂ ਵਾਲੇ ਕਈ ਲਟਬੌਰੇ ਤੰਬਿਆਂ ਦੇ ਲਾਂਗੜੇ ਮਾਰ ਕੇ ਤਣ ਗਏ।
“ਹੁਸ਼ਿਆਰ…!”
ਇਕ ਹੁਕਮ ਹੋਰ ਕੜਕਿਆ।
ਬੰਦੂਕਾਂ ਹਵਾ ਵਿਚ ਤਣ ਗਈਆਂ।
“ਖੜ੍ਹੋ ਥੋਡੇ ਮਾਂ…ਮਸ਼ਕਰਿਆਂ ਦੇ ਟੁੱਟ ਜਾਣੇ…ਜਿਸ ਧਰਤੀ ਦਾ ਖਾਂਦੇ ਓ, ਉਸੇ ਨਾਲ ਧਰੋਹ…!” ਬਿਜਲੀ ਵਾਂਗ ਕੜਕਦੀ ਤਾਈ ਨੇ ਬਾਹਾਂ ਪਸਾਰ ਕੇ ਪੁਲਸੀਆਂ ਨੂੰ ਲਲਕਾਰਾ ਮਾਰਿਆ।
ਥੜ੍ਹੇ ਉਤੋਂ ਨਾਅਰੇ ਲੱਗੇ:
“ਸਿਪਾਹੀ ਸਾਡੇ ਸਾਥੀ ਨੇ!”
“ਅਫਸਰ ਸਾਡੇ ਵੈਰੀ ਨੇ!”
ਥਾਣੇਦਾਰ ਛਿੱਥਾ ਪੈ ਗਿਆ। ਸਿਪਾਹੀ ਦਹਿਲ ਗਏ…ਬੰਦੂਕਾਂ ਦੇ ਮੂੰਹ ਮੁੜ ਗਏ।
ਤਾਈ ਨੇ ਭਰੇ ਇਕੱਠ ਵੱਲ ਬਾਂਹ ਉਲਾਰ ਕੇ ਆਖਿਆ:
“ਆਓ ਨੀ ਕੁੜੀਓ, ਆਓ ਵੇ ਮੁੰਡਿਓ, ਨੀਂ ਕਰਨੈਲ ਕੁਰੇ…ਆ ਬੇ ਬੰਤ- ਸਾਰੇ ਕਾਗਤ ‘ਤੇ ‘ਗੂਠੇ ਲਾਓ…!” ਤਾਈ ਦੇ ਪਸ਼ਮ ਵਰਗੇ ਚਿੱਟੇ ਵਾਲ ਸਾਊ ਪੰਛੀ ਦੇ ਪਰਾਂ ਵਾਂਗ ਫਰ-ਫਰਾਏ ਤੇ ਉਹਨੇ ਅੱਗੇ ਵਧ ਕੇ, ਸਭ ਤੋਂ ਪਹਿਲਾਂ ਕਾਗ਼ਜ਼ ‘ਤੇ ਆਪਣਾ ਅੰਗੂਠਾ ਲਾ ਦਿੱਤਾ।
ਤ੍ਰਿਬੈਣੀ ਦੀਆਂ ਸਿਖਰਲੀਆਂ ਟਹਿਣੀਆਂ ਵਿਚ ਬੱਦਲੀ ਖੰਭ ਫੜ-ਫੜਾਏ, ਹਰੇ ਪੱਤਿਆਂ ‘ਚੋਂ ‘ਵਾਜ ਆਈ:
“ਘੁਗੂੰ-ਘੂੰ- ਘੁਗੂੰ-ਘੂੰ।”