ਪੰਜਾਬ ਵਿਚ ਬਦਅਮਨੀ ਬਣੀ ਵੱਡੀ ਵੰਗਾਰ

ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਕੁਝ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਨੇ ਸੂਬੇ ਵਿਚ ਬੇਚੈਨੀ ਅਤੇ ਬਦਅਮਨੀ ਵਾਲੇ ਮਾਹੌਲ ਵੱਲ ਇਸ਼ਾਰਾ ਕੀਤਾ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਤੇ ਨਿਜ਼ਾਮਪੁਰ, ਕਪੂਰਥਲਾ ਦੇ ਗੁਰਦੁਆਰੇ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਬਣੇ ਤਣਾਅ ਵਾਲੇ ਮਾਹੌਲ ਦੌਰਾਨ ਲੁਧਿਆਣਾ ਦੀ ਕਚਹਿਰੀ ਵਿਚ ਹੋਏ ਬੰਬ ਧਮਾਕੇ ਨੇ ਇਕ ਵਾਰ ਫਿਰ ਪੰਜਾਬ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਣ ਰਹੇ ਇਸ ਮਾਹੌਲ ਨੂੰ ਸ਼ੱਕੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ।

ਇਸ ਧਮਾਕੇ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌੜ ਮੰਡੀ (ਬਠਿੰਡਾ) ਵਿਚ ਹੋਏ ਉਸ ਧਮਾਕੇ ਦੀ ਯਾਦ ਲੋਕਾਂ ਦੇ ਮਨਾਂ ਵਿਚ ਤਾਜ਼ਾ ਕਰ ਦਿੱਤੀ ਹੈ ਜਿਸ ਨੇ ਚੋਣਾਂ ਦਾ ਪੂਰਾ ਮਾਹੌਲ ਬਦਲ ਕੇ ਰੱਖ ਦਿੱਤਾ ਸੀ। ਉਨ੍ਹਾਂ ਚੋਣਾਂ ਤੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ। 2017 ਵਿਚ ਹੋਏ ਬੰਬ ਧਮਾਕੇ ਨੂੰ ਸਿਆਸੀ ਲਾਹਾ ਲੈਣ ਦੇ ਇਰਾਦੇ ਨਾਲ ਜੋੜਿਆ ਗਿਆ ਸੀ।
ਤਾਜ਼ਾ ਹਾਲਾਤ ਇਹ ਹਨ ਸੂਬੇ ਵਿਚ ਸਰਹੱਦ ਪਾਰੋਂ ਡਰੋਨਾਂ ਦਾ ਆਉਣਾ ਆਮ ਗੱਲ ਬਣਦੀ ਜਾ ਰਹੀ ਹੈ, ਉਥੋਂ ਹੀ ਟਿਫਨ ਬੰਬਾਂ ਦਾ ਆਉਣਾ ਵੀ ਇਕ ਚੁਣੌਤੀ ਬਣਿਆ ਹੋਇਆ ਹੈ। ਚਰਚਾ ਹੈ ਕਿ ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਡਰ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕਿਸਾਨ ਅੰਦੋਲਨ ਦੌਰਾਨ ਵੀ ਅੰਦੋਲਨ ਨੂੰ ਕਦੇ ਅਤਿਵਾਦੀ, ਕਦੇ ਖਾਲਿਸਤਾਨੀ, ਕਦੇ ਨਕਸਲੀ ਤੇ ਕਦੇ ਦੇਸ਼ ਵਿਰੋਧੀ ਕਰਾਰ ਦੇਣ ਅਤੇ ਧਰਮ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪੰਜਾਬ ਤੇ ਕੇਂਦਰ ਦੇ ਕੁਝ ਸਿਆਸੀ ਆਗੂਆਂ ਨੇ ਅੰਦੋਲਨ ਆਸਰੇ ਪਾਕਿਸਤਾਨ ਤੋਂ ਅਤਿਵਾਦ ਆਉਣ ਦੇ ਦਾਅਵੇ ਕੀਤੇ ਸਨ। ਬਾਅਦ ਵਿਚ ਸਰਹੱਦ ਪਾਰੋਂ ਡਰੋਨਾਂ ਦਾ ਆਉਣਾ ਤੇ ਟਿਫਨ ਬੰਬਾਂ ਮਿਲਣ ਦੀਆਂ ਘਟਨਾਵਾਂ ਨੂੰ ਸਿਆਸੀ ਆਗੂਆਂ ਨੇ ਆਪਣੇ ਦਾਅਵਿਆਂ ਨੂੰ ਪੁਖਤਾ ਕਰਨ ਲਈ ਵਰਤਿਆ।
ਅਸਲ ਵਿਚ, ਸਰਕਾਰੀ ਨਾਲਾਇਕੀਆਂ ਕਾਰਨ ਪਿਛਲੇ ਸਮੇਂ ਤੋਂ ਪੰਜਾਬ ਇਕ ਤਰ੍ਹਾਂ ਨਾਲ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਵੱਖ-ਵੱਖ ਵਰਗਾਂ ਦੇ ਮੁਲਾਜ਼ਮ, ਜਿਨ੍ਹਾਂ ਵਿਚ ਘੱਟ ਉਜਰਤ ‘ਤੇ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ, ਟੈੱਟ ਪਾਸ ਬੇਰੁਜ਼ਗਾਰ ਅਧਿਆਪਕ, ਸਿਹਤ ਸੇਵਾਵਾਂ ਨਾਲ ਸਬੰਧਤ ਨਰਸਾਂ ਤੇ ਡਾਕਟਰ ਅਤੇ ਹੋਰ ਬੇਰੁਜ਼ਗਾਰ ਨੌਜਵਾਨ ਵੀ ਧਰਨੇ ਤੇ ਵਿਖਾਵਿਆਂ ਦੇ ਰੂਪ ਵਿਚ ਅੰਦੋਲਨ ਕਰਨ ਲਈ ਮਜਬੂਰ ਹਨ। ਚੋਣਾਂ ਤੋਂ ਪਹਿਲਾਂ ਸੱਤਾ ਧਿਰ ਨੂੰ ਅਜਿਹੇ ਲੋਕਾਂ ਨੂੰ ਸ਼ਾਂਤ ਕਰਨਾ ਚੁਣੌਤੀ ਬਣ ਗਿਆ ਹੈ ਤੇ ਇਸ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ।