ਵਰਤੋਂ ਕੰਪਿਊਟਰ ਦੀ (ਲੜੀ ਨੰਬਰ 2)

ਕਿਰਪਾਲ ਸਿੰਘ ਪੰਨੂੰ
ਫੋਨ: 365-994-8850,
ਡਾ. ਰਾਜਵਿੰਦਰ ਸਿੰਘ
ਫੋਨ: 94633-27683
ਮਾਨੀਟਰ ਦੀ ਜਾਣ-ਪਛਾਣ
ਕੰਪਿਊਟਰ ਨਾਲ਼ ਕੰਮ ਕਰਨ ਤੋਂ ਪਹਿਲਾਂ ਇਸ ਦੀ ਕੰਮ ਕਰਨ ਦੀ ਵਿਧੀ ਅਤੇ ਇਸ ਦੇ ਚੱਕਰ-ਚਿੰਨ੍ਹ ਤੋਂ ਜਾਣੂੰ ਹੋਣਾ ਬਹੁਤ ਜ਼ਰੂਰੀ ਹੈ।
ਵਿਧੀ: ਕੰਪਿਊਟਰ ਅੰਗਰੇਜ਼ੀ ਅੱਖਰਾਂ ਆਈ.ਪੀ.ਓ. ਅਨੁਸਾਰ ਆਪਣੇ ਸਾਰੇ ਕਾਰਜ ਪੂਰੇ ਕਰਦਾ ਹੈ। ਆਈ; ਭਾਵ ‘ਇਨਪੁੱਟ’ ਵਰਤੋਂਕਾਰ ਕੀਅ-ਬੋਰਡ ਆਦਿ ਯੰਤਰਾਂ ਦੀਆਂ ਕਮਾਂਡਾਂ ਰਾਹੀਂ ਕੰਪਿਊਟਰ ਨੂੰ ਹੁਕਮ ਭਾਵ ਇਨਪੁੱਟ ਕਰਦਾ ਹੈ।

ਪੀ; ‘ਪ੍ਰੋਸੈੱਸਿੰਗ’ ਕੰਪਿਊਟਰ ਆਪਣੇ ਅੰਦਰ ਪ੍ਰੋਗਰਾਮਰਾਂ ਵੱਲੋਂ ਪਾਏ ਗਏ ਸੋਚ, ਵਿਚਾਰ ਅਤੇ ਰਚਨਾ ਸੰਸਾਰ ਅਨੁਸਾਰ ਉਨ੍ਹਾਂ ਕਮਾਂਡਾਂ ਨੂੰ ਸਮਝਦਾ ਅਤੇ ਉਨ੍ਹਾਂ ਅਨੁਸਾਰ ਪ੍ਰੋਸੈੱਸ ਭਾਵ ਕੰਮ ਕਰਦਾ ਹੈ ਅਤੇ ਓ; ‘ਆਊਟ ਪੁੱਟ’ ਕੰਪਿਊਟਰ ਆਪਣੇ ਕੀਤੇ ਕੰਮ ਦੀ ਮਾਨੀਟਰ ਉੱਤੇ ਪ੍ਰਦਰਸ਼ਨੀ ਭਾਵ ਆਊਟਪੁੱਟ ਕਰਦਾ ਹੈ।
ਯਾਦ ਰਹੇ ਕਿ ਕੰਪਿਊਟਰ ਆਪਣੇ ਵੱਲੋਂ ਕੁੱਝ ਨਹੀਂ ਕਰਦਾ। ਜੋ ਉਸ ਨੂੰ ਕਮਾਂਡਾਂ ਮਿਲ਼ਦੀਆਂ ਹਨ, ਉਨ੍ਹਾਂ ਦਾ ਹਿਸਾਬ-ਕਿਤਾਬ ਲਾ ਕੇ ਸਿੱਟੇ ਪੇਸ਼ ਕਰਦਾ ਹੈ। ਜਦੋਂ ਵਰਤੋਂਕਾਰ ਕਹਿੰਦਾ ਹੈ ਕਿ ਆਹ ਕੰਮ ਆਪੇ ਹੀ ਹੋ ਗਿਆ, ਉਹ ਗ਼ਲਤ ਕਹਿੰਦਾ ਹੈ। ਕਿਧਰੇ ਅਣਜਾਣਪਣੇ ਵਿਚ ਗ਼ਲਤੀ ਨਾਲ਼ ਉਸ ਕੋਲ਼ੋਂ ਕੋਈ ਕਮਾਂਡ ਦਿੱਤੀ ਗਈ ਹੁੰਦੀ ਹੈ। ਗੱਲ ਕੀ ਜੋ ਤੁਸੀਂ ਕਮਾਂਡ ਦੇਵੋਗੇ ਕੰਪਿਊਟਰ ਉਹੋ ਕੰਮ ਕਰੇਗਾ। ਜੇ ਤੁਸੀਂ ਕੀਅ ਬੋਰਡ `ਤੇ ‘ਏ’ ਕੀਅ ਦੱਬ ਕੇ ਕਮਾਂਡ ਦੇਵੋਗੇ ਕਿ ਪੰਜਾਬੀ ਦਾ ਊੜਾ ਟਾਈਪ ਕਰੋ ਤਾਂ ਕੰਪਿਊਟਰ ਮਾਨੀਟਰ ਉੱਤੇ ਊੜਾ ਪਾ ਦੇਵੇਗਾ।
ਬਾਇਨਰੀ ਪ੍ਰਬੰਧ: ਸੰਸਾਰ ਵਿਚ ਗਿਣਤੀ ਦੇ ਅਨੇਕ ਪ੍ਰਬੰਧ ਚਲਦੇ ਹਨ, ਜੋ ਬਹੁਤੇ ਪ੍ਰਚੱਲਿਤ ਹਨ। ਇਹ ਪ੍ਰਬੰਧ ਹਨ;
1. ਹੈਕਸਾ: 1, 16, 256 ਆਦਿ ਵਾਲ਼ਾ।
2. ਦਸ਼ਮਲਵ: 1 ਇਕਾਈ, 10 ਦਹਾਈ, 100 ਸੈਂਕੜਾ ਆਦਿ ਵਾਲ਼ਾ, ਜੋ ਆਮ ਹੀ ਵਰਤੋਂ ਵਿਚ ਆਉਂਦਾ ਹੈ।
3. ਡੈਕਾ: 1, 8, 64 ਆਦਿ ਵਾਲ਼ਾ।
4. ਬਾਇਨਰੀ: 1, 2, 4, 8, 16 ਆਦਿ ਵਾਲ਼ਾ।
ਕੰਪਿਊਟਰ ਬਾਇਨਰੀ ਸਿਸਟਮ ਨਾਲ਼ ਚੱਲਦਾ ਹੈ। ਇਸ ਕੋਲ਼ ਕੇਵਲ ਦੋ ਹੀ ਅੰਕ ਹਨ 0 ਅਤੇ ਇਕ। ਇਹ ਆਪਣੇ ਸਾਰੇ ਕੰਮ ਇਸ 0 ਅਤੇ 1 ਦੇ ਮੇਲ-ਜੋਲ਼ ਨਾਲ਼ ਹੀ ਕਰਦਾ ਹੈ। 0 ਭਾਵ ਇਸਦੇ ਗਿਣਤੀ-ਮਿਣਤੀ ਪ੍ਰਬੰਧ ਵਿਚ ਬਿਜਲੀ ਨਹੀਂ ਗਈ ਅਤੇ 1 ਭਾਵ ਪ੍ਰਬੰਧ ਵਿਚ ਖਾਸ ਮਿਣਤੀ ਦੀ ਬਿਜਲੀ ਗਈ ਹੈ। ਅੱਗੇ ਫਿਰ ਤਾਰ-ਸੰਦੇਸ਼ ਵਾਂਗ ‘ਡਿੱਡ’, ‘ਡੌਟ’ ਚੱਲਦਾ ਹੈ। ਇਸ 0, 1 ਦੀ ਤਰਲਤਾ ਕਾਰਨ ਕੰਪਿਊਟਰ ਸੰਸਾਰ ਦੀ ਹਰ ਭਾਸ਼ਾ ਸਮਝਦਾ ਹੈ ਅਤੇ ਹਰ ਭਾਸ਼ਾ ਵਿਚ ਆਪਣੇ ਸਿੱਟੇ ਪੇਸ਼ ਕਰਦਾ ਹੈ। ਕੰਮ ਕਰਨ ਤੋਂ ਪਹਿਲੋਂ ਕੰਪਿਊਟਰ ਨੂੰ ਇਹ ਦੱਸ ਦਿੱਤਾ ਜਾਂਦਾ ਹੈ ਕਿ ਕਿਸ ਲਿੱਪੀ ਅਤੇ ਕਿਸ ਕੀਅ ਬੋਰਡ ਅਨੁਸਾਰ ਕੰਮ ਕਰਨਾ ਹੈ।
ਸੋ ਕੰਪਿਊਟਰ ਰਾਹੀਂ ਕੰਮ ਕਰਨ ਦੇ ਦੋ ਹੀ ਮੁੱਖ ਅੰਗ ਹਨ। ਪਹਿਲਾ ਆਈ ਭਾਵ ਇਨਪੁੱਟ ਵਿਧੀਆਂ ਨਾਲ਼ ਕੰਪਿਊਟਰ ਨੂੰ ਹੁਕਮ ਦੇਣੇ। ਜੋ ਕੀਅ ਬੋਰਡ, ਮਾਊਸ, ਸਕੈਨਰ, ਕੈਮਰਾ, ਇੰਟਰਨੈੱਟ ਰਾਹੀਂ ਦਿੱਤੇ ਜਾ ਸਕਦੇ ਹਨ। ਦੂਜਾ ਓ ਭਾਵ ਆਊਟਪੁੱਟ, ਜਿਸ ਦੀ ਪ੍ਰਦਰਸ਼ਨੀ ਮਾਨੀਟਰ ਆਦਿ ਰਾਹੀਂ ਕੀਤੀ ਜਾਂਦੀ ਹੈ ਤੇ ਅਸੀਂ ਆਪਣੇ ਕੀਤੇ ਕਾਰਜ ਨਾਲ਼ ਇੱਕਸੁਰ ਵੀ ਰਹਿੰਦੇ ਹਾਂ ਅਤੇ ਉਸ ਦਾ ਸਹੀ ਹੋਣਾ ਵੀ ਯਕੀਨੀ ਬਣਾਉਂਦੇ ਹਾਂ। ਵਰਤੋਂਕਾਰ ਦਾ ਇਨ੍ਹਾਂ ਦੋਹਾਂ ਪ੍ਰਬੰਧਾਂ ਸਬੰਧੀ ਲੋੜ ਅਨੁਸਾਰ ਵੱਧ ਤੋਂ ਵੱਧ ਜਾਣਕਾਰ ਹੋਣਾ ਲਾਹੇਵੰਦ ਰਹਿੰਦਾ ਹੈ। ਪਹਿਲਾਂ ਨੰਬਰ 2 ਮਾਨੀਟਰ ਦੇ ਪ੍ਰਬੰਧ ਸਬੰਧੀ ਜਾਣਕਾਰੀ ਪ੍ਰਾਪਤ ਕਰ ਲੈਣੀ ਠੀਕ ਰਹੇਗੀ ਕਿਉਂਕਿ ਇਸ ਵਿਚ ਨੰਬਰ 1 ਪ੍ਰਬੰਧ ਵੀ ਬਹੁਤ ਹੱਦ ਤੀਕਰ ਸਮਿਲਤ ਹੈ।
ਆਊਟਪੁੱਟ ਪ੍ਰਬੰਧ: ਇਸ ਦਾ ਮੁੱਖ ਤੌਰ ਉੱਤੇ ਪ੍ਰਦਰਸ਼ਨ ਮਾਨੀਟਰ ਰਾਹੀਂ ਕੀਤਾ ਜਾਂਦਾ ਹੈ। ਜਦੋਂ ਕੋਈ ਐਪ (ਇੱਥੇ ਐਪ ਤੋਂ ਭਾਵ ਵਰਡ ਪ੍ਰੋਸੈੱਸਰ ਭਾਵ ਸ਼ਬਦ-ਬੀੜ ਮਾਈਕਰੋਸਾਫਟ ਵਰਡ ਹੈ) ਸਤਰਕ ਕੀਤਾ ਜਾਂਦਾ ਹੈ ਤਾਂ ਮਾਨੀਟਰ ਉੱਤੇ ਉਸ ਦਾ ‘ਯੂਜ਼ਰ’ਜ਼ ਇੰਟਰਫੇਸ’ (ਵਰਤੋਂਕਾਰ ਲਈ ਦਰਸ਼ਨੀ ਦ੍ਰਿਸ਼) ਸਾਹਮਣੇ ਆ ਜਾਂਦਾ ਹੈ, ਜਿਸ ਦੀ ਜਾਣਕਾਰੀ ਦੇਣ ਲਈ ਉਸ ਨੂੰ ਪੰਜਾਂ ਭਾਗਾਂ ਵਿਚ ਵੰਡ ਲਈਦਾ ਹੈ।
ਪਹਿਲਾ ਇਸ ਦੇ ਕੇਂਦਰ ਵਿਚ ਚਿੱਟਾ ਵੱਡਾ ਮੇਨ ਭਾਗ ਆਪਣਾ ਕੰਮ ਕਰਨ ਲਈ। ਦੂਜਾ ਉੱਪਰਲਾ ਵੱਡਾ ਮਹੱਤਵਪੂਰਨ ਭਾਗ ਕਮਾਂਡਾਂ ਵਾਲ਼ਾ, ਤੀਜਾ ਹੇਠਲਾ ਤਿੰਨ ਪੱਟੀ ਭਾਗ ਜਾਣਕਾਰੀ ਵਾਲ਼ਾ। ਚੌਥਾ ਸੱਜੇ ਪਾਸੇ ਉੱਪਰ ਥੱਲੇ ਦੀ ਸਕਰੌਲ ਵਾਲ਼ਾ। ਪੰਜਵਾਂ ਖੱਬੇ ਪਾਸੇ ਉੱਪਰ ਥੱਲੇ ਦੇ ਰੂਲਰ ਵਾਲ਼ਾ। ਹੁਣ ਇਨ੍ਹਾਂ ਨੂੰ ਇੱਕ-ਇੱਕ ਕਰ ਕੇ ਵਿਸਥਾਰ ਵਿਚ ਵਿਚਾਰਿਆ ਜਾਵੇਗਾ। ਯਾਦ ਰਹੇ ਕਿ ਇਸ ਪ੍ਰਬੰਧ ਦਾ ਗਿਆਨ ਵਰਤੋਂਕਾਰ ਦੀ ਯੋਗਤਾ ਨੂੰ ਚਾਰ ਚੰਨ ਲਾਉਂਦਾ ਹੈ।
1. ਕੇਂਦਰੀ ਭਾਗ: ਇਹ ਵਰਤੋਂਕਾਰ ਦੀ ਕਾਰਜ ਭੂਮੀ ਹੈ। ਉਸ ਨੇ ਜੋ ਵੀ ਕੰਮ ਕਰਨਾ ਹੈ, ਇਸ ਵਿਚ ਹੀ ਕਰਨਾ ਹੈ। ਇਸ ਦੇ ਚਾਰ ਚੁਫੇਰੇ ਤਾਂ ਆਪਣੇ ਕਾਰਜ ਵਿਚ ਮਾਨਣਯੋਗ ਸਫਲਤਾ ਪ੍ਰਾਪਤ ਕਰਨ ਲਈ ਵਰਤੇ ਜਾਣ ਵਾਲ਼ੇ ਟੂਲਾਂ ਭਾਵ ਕਮਾਂਡਾਂ ਦਾ ਭੰਡਾਰ ਪਿਆ ਹੈ। ਇਸ ਭਾਗ ਦੇ ਅੱਗੇ ਤਿੰਨ ਭਾਗ ਬਣ ਜਾਂਦੇ ਹਨ ਪੇਪਰ ਦਾ ਉੱਪਰਲਾ ਇੰਚ ਕੁ ਭਾਗ ਹੈੱਡਰ ਅਤੇ ਹੇਠਲਾ ਇੰਚ ਕੁ ਭਾਗ ਫੁੱਟਰ ਕਹਾਉਂਦਾ ਹੈ। ਇੱਕ ਤੋਂ ਦੂਜੇ ਭਾਗ ਵਿਚ ਜਾਣ ਲਈ ਉਸ ਦੂਜੇ ਭਾਗ ਵਿਚ ਮਾਊਸ ਲਿਜਾ ਕੇ ਡਬਲ ਕਲਿੱਕ ਕਰਨਾ ਹੁੰਦਾ ਹੈ।
2. ਉੱਪਰਲਾ ਭਾਗ: ਇਸ ਵਿਚ ਸਭ ਤੋਂ ਉੱਪਰਲੀ ਪੱਟੀ ਦਾ ਨਾਂ ‘ਟਾਈਟਲ ਬਾਰ’ ਭਾਵ ਸਿਰਨਾਵਾਂ ਪੱਟੀ ਹੈ। ਇਹ ਪੱਟੀ ਚਿੱਠੀ ਉੱਤੇ ਲਿਖੇ ਸਿਰਨਾਵੇਂ ਤੁੱਲ ਹੁੰਦੀ ਹੈ। ਇਸ ਵਿਚ ਕਈ ਮਹੱਤਵਪੂਰਨ ਸੂਚਨਾਵਾਂ ਹੁੰਦੀਆਂ ਹਨ, ਜਿਵੇਂ ਕਿ ਇਸ ਫਾਈਲ ਜਾਂ ਡਾਕੂਮੈਂਟ ਦਾ ਨਾਂ ਕੀ ਹੈ, ਇਹ ਕਿਸ ਐਪ ਜਾਂ ਪ੍ਰੋਗਰਾਮ ਵਿਚ ਲਿਖੀ ਗਈ ਹੈ ਤੇ ਕਿਸ ਵਿਚ ਖੁੱਲ੍ਹੇਗੀ ਆਦਿ। ਇਸ ਪੱਟੀ ਵਿਚ ਵਰਤੋਂਕਾਰ ਦੇ ਧੁਰ ਸੱਜੇ ਹੱਥ ਤਿੰਨ ਕੰਟਰੋਲ ਬਟਨ ਹੁੰਦੇ ਹਨ। ਜਾਦੂ ਦੇ ਝੁਰਲੂ ਹੀ ਸਮਝੋ। ਮਾਈਨਸ ਦਾ ਨਿਸ਼ਾਨ ਕਲਿੱਕ ਕਰਨ ਨਾਲ਼ ਡਾਕੂਮੈਂਟ ਬਿੰਦੂ ਬਣ ਕੇ ਸਟੇਟਸ ਬਾਰ `ਤੇ ਆ ਜਾਏਗਾ। ਉੱਥੋਂ ਕਲਿੱਕ ਕਰੋਗੇ ਤਾਂ ਪੂਰਾ ਖੁੱਲ੍ਹ ਜਾਏਗਾ। ਬੌਕਸ ਨੂੰ ਕਲਿੱਕ ਕਰੋਗੇ ਤਾਂ ਡਾਕੂਮੈਂਟ ਛੋਟਾ ਹੋ ਜਾਏਗਾ ਅਤੇ ਉਸ ਨੂੰ ਸਿਰ ਤੋਂ ਫੜ ਕੇ ਕਿਸੇ ਪਾਸੇ ਵੀ ਲਿਜਾ ਸਕਦੇ ਹੋ। ਕੋਨੇ ਜਾਂ ਕਿਨਾਰੇ ਤੋਂ ਫੜ ਕੇ (ਜਦੋਂ ਤੀਰ ਦੋਹੀਂ ਪਾਸੀਂ ਹੋਵੇ) ਡਾਕੂਮੈਂਟ ਨੂੰ ਹੋਰ ਛੋਟਾ ਜਾਂ ਵੱਡਾ ਕਰ ਸਕਦੇ ਹੋ। ਮੁੜ ਬਾਕਸ ਨੂੰ ਕਲਿੱਕ ਕਰੋਗੇ ਡਾਕੂਮੈਂਟ ਰੀ-ਸਟੋਰ ਹੋ ਕੇ ਪੂਰੇ ਸਾਈਜ਼ ਦਾ ਹੋ ਜਾਵੇਗਾ। ਕਰੌਸ ਜਾਂ ਅੰਗਰੇਜ਼ੀ ਅੱਖਰ ਐਕਸ, ਜਦੋਂ ਡਾਕੂਮੈਂਟ ਪੱਕਾ ਹੀ ਬੰਦ ਕਰਨਾ ਹੋਵੇ ਤਾਂ ਕਲਿੱਕ ਕਰੀਦਾ ਹੈ। ਕੰਟਰੋਲ ਬਟਨਾਂ ਦੇ ਕੋਲ਼ ਉੱਪਰ ਨੂੰ ਤੀਰ ਵਾਲ਼ਾ ਇੱਕ ਚੌਥਾ ਬਟਨ ਵੀ ਹੁੰਦਾ ਹੈ, ਜੋ ਰਿਬਨ ਨੂੰ ਲੋੜ ਅਨੁਸਾਰ ਛੋਟਾ-ਵੱਡਾ ਕਰਦਾ ਹੈ। ਵਰਤੋਂਕਾਰ ਦੇ ਖੱਬੇ ਹੱਥ ਮਾਈਨਸ ਹੇਠਾਂ ਤਿਕੋਣ ਹੈ, ਜੋ ‘ਕੁਇੱਕ ਐਕਸੈੱਸ ਟੂਲਬਾਰ ਨੂੰ ਰਿਬਨ ਦੇ ਉੱਪਰ ਜਾਂ ਹੇਠਾਂ ਲੈ ਜਾਂਦੀ ਹੈ।
ਰਿਬਨ: ਉੱਪਰਲੇ ਭਾਗ ਵਿਚ, ਟਾਈਟਲ ਬਾਰ ਤੋਂ ਥੱਲੇ ਅਤੇ 1, 2, 3 ਇੰਚੀ ਟੇਪ ਤੋਂ ਉੱਪਰਲੇ ਸਾਰੇ ਭਾਗ ਨੂੰ ‘ਰਿਬਨ’ ਕਹਿੰਦੇ ਹਨ। ਇਹ ਕਮਾਂਡਾਂ ਦਾ ਭੰਡਾਰ ਹੈ। ਫਾਈਲ, ਹੋਮ ਵਾਲ਼ੀ ਪੱਟੀ ਵਿਚ ਕਮਾਂਡ ਟੈਬਾਂ ਨੂੰ ਵੱਡੇ ਟੂਲ ਬਕਸਿਆਂ ਵਾਂਗ ਰੱਖਿਆ ਗਿਆ ਹੈ। ਜਿਹੜੀ ਵੀ ਕਮਾਂਡ ਟੈਬ ਨੂੰ ਕਲਿੱਕ ਕਰਾਂਗੇ ਉਸ ਦੇ ਛੋਟੇ-ਛੋਟੇ ਕਈ ਟੂਲ ਸੈੱਟ ਖੁੱਲ੍ਹ ਜਾਣਗੇ। ਉਨ੍ਹਾਂ ਨੂੰ ਕਮਾਂਡ ਸੈੱਟ ਕਿਹਾ ਜਾਂਦਾ ਹੈ। ਹਰ ਕਮਾਂਡ ਸੈੱਟ ਦਾ ਪੂਰਾ ਹੇਠਾਂ ਨਾਂ ਲਿਖਿਆ ਹੁੰਦਾ ਹੈ। ਉਸ ਦੇ ਸੱਜੇ ਖੱਬੇ ਦੋ ਖੜ੍ਹੀਆਂ ਲਾਈਨਾਂ ਉਸ ਨੂੰ ਦੂਜੇ ਸੈੱਟਾਂ ਤੋਂ ਨਿਖੇੜਦੀਆਂ ਹਨ। ਹਰੇਕ ਸੈੱਟ ਵਿਚ ਉਸ ਸੈੱਟ ਦੀਆਂ ਕਮਾਂਡਾਂ ਹੁੰਦੀਆਂ ਹਨ। ਹਰ ਲੋੜੀਂਦੇ ਸੈੱਟ ਵਿਚ ਉਸ ਦੇ ਨਾਂ ਤੋਂ ਅੱਗੇ ਸੱਜੇ ਹੇਠਲੇ ਕੋਨੇ ਵਿਚ ਇੱਕ ਡੱਬੀ ਵਿਚ ਨਿੱਕਾ ਜਿਹਾ ਤੀਰ (ਗੁਲਾਬੂ) ਹੁੰਦਾ ਹੈ। ਉਸ ਨੂੰ ਕਲਿੱਕ ਕਰੀਏ ਤਾਂ ਉਸ ਸੈੱਟ ਦੀਆਂ ਕਮਾਂਡਾਂ ਦਾ ਵਿਸਥਾਰ ਉਜਾਗਰ ਹੋ ਜਾਂਦਾ ਹੈ। ‘ਰਿਬਨ’ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਏਗੀ। (ਚੱਲਦਾ)