ਬੇਅਦਬੀ: ਮੁਲਜ਼ਮ ਦੀ ਪਛਾਣ ਬਣੀ ਚੁਣੌਤੀ, ਸੂਹ ਦੇਣ ਵਾਲੇ ਨੂੰ 5 ਲੱਖ ਦਾ ਇਨਾਮ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਚ 18 ਦਸੰਬਰ ਨੂੰ ਹੋਈ ਬੇਅਦਬੀ ਦੀ ਕੋਸ਼ਿਸ਼ ਦੇ ਦੋਸ਼ੀ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਇਸ ਅਣਪਛਾਤੇ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਸ੍ਰੀ ਹਰਿਮੰਦਰ ਸਾਹਿਬ ਵਿਚ ਜੰਗਲਾ ਟੱਪ ਕੇ ਬੇਅਦਬੀ ਦਾ ਯਤਨ ਕਰਨ ਵਾਲੇ ਨੂੰ ਮੌਕੇ ‘ਤੇ ਹਾਜਰ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਤੇ ਲੋਕਾਂ ਨੇ ਕਾਬੂ ਕਰ ਲਿਆ ਸੀ, ਜਿਸ ਦੀ ਬਾਅਦ ਵਿਚ ਪੁੱਛਗਿੱਛ ਦੌਰਾਨ ਕੀਤੀ ਗਈ ਕੁੱਟਮਾਰ ਵਿਚ ਮੌਤ ਹੋ ਗਈ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਦੋਸ਼ੀ ਅਤੇ ਉਸ ਦੇ ਪਰਿਵਾਰ ਸਬੰਧੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਵਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਦੋਸ਼ੀ ਦੀ ਪਛਾਣ ਨਾਲ ਸਬੰਧਤ ਕੋਈ ਜਾਣਕਾਰੀ ਦੇਵੇਗਾ, ਉਸ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ।
ਇਸ ਮਾਮਲੇ ਵਿਚ ਹੁਣ ਤਕ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ 15 ਦਸੰਬਰ ਤੋਂ ਇਥੇ ਹੀ ਸੀ ਅਤੇ 18 ਦਸੰਬਰ ਤੱਕ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੋ ਕੇ ਆਇਆ ਸੀ। ਉਹ ਇਕ ਰਾਤ ਇਥੇ ਹੈਰੀਟੇਜ ਸਟ੍ਰੀਟ ਵਿਚ ਧਰਮ ਸਿੰਘ ਮਾਰਕੀਟ ਵਿਚ ਦੁਕਾਨਾਂ ਦੇ ਅੱਗੇ ਬਣੇੇ ਵਰਾਂਡਿਆਂ ਵਿਚ ਸੁੱਤਾ ਸੀ। ਉਸ ਦਿਨ ਚੌਂਕੀਦਾਰ ਵੱਲੋਂ ਉਸ ਨੂੰ ਦੁਕਾਨ ਦੇ ਬਾਹਰੋਂ ਉਠਾ ਕੇ ਭਜਾਇਆ ਗਿਆ ਸੀ। ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਪੁਲਿਸ ਦੀ ਜਾਂਚ ਜਾਰੀ ਹੈ ਪਰ ਹੁਣ ਤਕ ਇਸ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਜਾਂਚ ਟੀਮ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਹੁਣ 13 ਅਤੇ 14 ਦਸੰਬਰ ਦੀ ਫੁਟੇਜ ਨੂੰ ਘੋਖਿਆ ਜਾ ਰਿਹਾ ਹੈ। ਸ਼ਨਾਖ਼ਤ ਵਾਸਤੇ ਉਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਸੀ ਪਰ ਇਸ ਤੋਂ ਵੀ ਕੋਈ ਸੁਰਾਗ ਹੁਣ ਤੱਕ ਹੱਥ ਨਹੀਂ ਲੱਗਾ ਹੈ।
15 ਦਸੰਬਰ ਤੋਂ ਅੰਮ੍ਰਿਤਸਰ ਵਿਚ ਸੀ ਮੁਲਜ਼ਮ
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਵਿਚ ਬੇਅਦਬੀ ਦੇ ਯਤਨ ਲਈ ਆਇਆ ਅਣਪਛਾਤਾ ਵਿਅਕਤੀ ਪੰਦਰਾਂ ਦਸੰਬਰ ਤੋਂ ਅੰਮ੍ਰਿਤਸਰ ਵਿਚ ਸੀ ਅਤੇ ਕਈ ਵਾਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਗਿਆ ਸੀ। ਇਹ ਖੁਲਾਸਾ ਪੁਲਿਸ ਵੱਲੋਂ ਇਸ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਹੋਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ ਲਗਾਤਾਰ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਅਣਪਛਾਤਾ ਵਿਅਕਤੀ ਪੰਦਰਾਂ ਦਸੰਬਰ ਤੋਂ ਅੰਮ੍ਰਿਤਸਰ ਵਿਚ ਸੀ। ਉਹ 16, 17 ਅਤੇ 18 ਦਸੰਬਰ ਨੂੰ ਕਈ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਿਆ।