ਸਿੱਖਾਂ `ਤੇ ਹਮਲਿਆਂ ਦੇ ਟਾਕਰੇ ਲਈ ਪੰਥਕ ਏਕਤਾ ਦੀ ਲੋੜ: ਜਥੇਦਾਰ

ਅੰਮ੍ਰਿਤਸਰ: ਬੇਅਦਬੀਆਂ ਦੀਆਂ ਵਾਪਰ ਰਹੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਪੰਜ ਸਿੰਘ ਸਾਹਿਬਾਨ ਨੇ ਕਿਹਾ ਹੈ ਕਿ ਘਟੀਆ ਕਿਸਮ ਦੀ ਰਾਜਨੀਤੀ ਅਤੇ ਘਿਣਾਉਣੀ ਸਾਜ਼ਿਸ਼ ਤਹਿਤ ਸਿੱਖ ਧਰਮ ਅਸਥਾਨ ‘ਤੇ ਗੁਰੂ ਗ੍ਰੰਥ ਸਾਹਿਬ ਦੇ ਮਾਣ-ਸਨਮਾਨ ਨੂੰ ਢਾਹ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਬੇਅਦਬੀ ਲਈ ਔਰਤਾਂ, ਬੱਚਿਆਂ ਅਤੇ ਨੀਮ ਪਾਗਲਾਂ ਨੂੰ ਵਰਤੇ ਜਾਣ ਦਾ ਖਦਸ਼ਾ ਜਤਾਇਆ ਹੈ। ਉਨ੍ਹਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਕੀਤਾ ਕਿ ਉਹ ਗੁਰੂਘਰਾਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕਰਨ।

ਇਕੱਤਰਤਾ ਤੋਂ ਪਹਿਲਾਂ ਪੰਜ ਸਿੰਘ ਸਾਹਿਬਾਨ ਨੇ ਬੇਅਦਬੀ ਦੇ ਮਾਮਲਿਆਂ ਸਬੰਧੀ ਸਿੱਖ ਬੁੱਧੀਜੀਵੀਆਂ ਨਾਲ ਵੀ ਮੀਟਿੰਗ ਕੀਤੀ। ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪਿਛਲੇ ਕਈ ਸਾਲਾਂ ਤੋਂ ਕੁਝ ਤਾਕਤਾਂ ਗੁਰੂ ਗ੍ਰੰਥ ਸਾਹਿਬ ਦੇ ਮਾਣ-ਸਨਮਾਨ ਨੂੰ ਢਾਹ ਲਾ ਰਹੀਆਂ ਹਨ। ਇਹ ਵਰਤਾਰਾ ਪਿੰਡਾਂ ਅਤੇ ਕਸਬਿਆਂ ਦੇ ਗੁਰਦੁਆਰਿਆਂ ਤੋਂ ਬਾਅਦ ਹੁਣ ਸ੍ਰੀ ਹਰਿਮੰਦਰ ਸਾਹਿਬ ਤੱਕ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਬੇਅਦਬੀਆਂ ਨੂੰ ਰੋਕਣ ਅਤੇ ਨਿਆਂਪਾਲਿਕਾ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕਾਰਗਰ ਸਾਬਤ ਨਹੀਂ ਹੋਈ। ‘ਕਈ ਦੋਸ਼ੀਆਂ ਨੂੰ ਮਾਨਸਿਕ ਰੋਗੀ ਆਖ ਕੇ ਬਰੀ ਕਰ ਦਿੱਤਾ ਗਿਆ ਅਤੇ ਕਈ ਜ਼ਮਾਨਤਾਂ ਲੈ ਕੇ ਬਾਹਰ ਬੇਖ਼ੌਫ ਘੁੰਮ ਰਹੇ ਹਨ। ਸਰਕਾਰਾਂ ਇਨ੍ਹਾਂ ਘਟਨਾਵਾਂ ਪਿੱਛੇ ਲੁਕੀਆਂ ਤਾਕਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਮੰਤਵ ਨੂੰ ਸਾਹਮਣੇ ਲਿਆਉਣ ਵਿਚ ਅਸਫਲ ਰਹੀਆਂ ਹਨ।`
ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸਿੱਖਾਂ ਦੀਆਂ ਭਾਵਨਾਵਾਂ ਅਤੇ ਕਾਨੂੰਨ ਦੀ ਨਿਰਾਸ਼ਾਜਨਕ ਭੂਮਿਕਾ ਨੂੰ ਅਣਗੌਲਿਆ ਕਰਦਿਆਂ ਮੁੱਖ ਧਾਰਾ ਦੇ ਮੀਡੀਆ ਦੇ ਇਕ ਹਿੱਸੇ ਨੇ ਸਿੱਖਾਂ ਦੇ ਅਕਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ, ਉਸ ਦੀਆਂ ਏਜੰਸੀਆਂ ਅਤੇ ਨਿਆਂਪਾਲਿਕਾ ਆਪਣੀ ਜ਼ਿੰਮੇਵਾਰੀ ਤੁਰਤ ਨਿਭਾਉਂਦੀਆਂ ਤਾਂ ਕਿਸਾਨ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਕਾਇਮ ਹੋਈ ਫਿਰਕੂ ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਘੜਨ ਵਾਲਿਆਂ ਦੀ ਵੱਡੀ ਹਾਰ ਹੋਣੀ ਸੀ। ਉਨ੍ਹਾਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਸਿੱਖ ਧਾਰਮਿਕ ਅਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ-ਸਨਮਾਨ ਨੂੰ ਢਾਹ ਲਾਉਣ ਦੇ ਹੋ ਰਹੇ ਯਤਨਾਂ ਤੋਂ ਉਹ ਸੁਚੇਤ ਰਹਿਣ।