‘ਆਪ` ਹੀ ਪੰਜਾਬ ਸਣੇ ਮੁਲਕ ਨੂੰ ਚੰਗਾ ਭਵਿੱਖ ਦੇ ਸਕਦੀ: ਕੇਜਰੀਵਾਲ

ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਲਗਭਗ 80 ਹਜ਼ਾਰ ਵਕੀਲ ਆਪਣੇ ਸਮਰਥਨ ਨਾਲ ‘ਆਪ` ਦੀ ਸਰਕਾਰ ਬਣਵਾਉਣਗੇ। ਉਨ੍ਹਾਂ ਇਥੇ ਵਕੀਲ ਭਾਈਚਾਰੇ ਨਾਲ ਮੀਟਿੰਗਨੁਮਾ ਰੈਲੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਆਂਗਣਵਾੜੀ ਤੇ ਆਸ਼ਾ ਵਰਕਰਾਂ ਨਾਲ ਵੀ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਸੂਬੇ ਵਿਚ ‘ਆਪ` ਦੀ ਸਰਕਾਰ ਆਉਣ `ਤੇ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ।

ਵਕੀਲ ਭਾਈਚਾਰੇ ਨਾਲ ਮੀਟਿੰਗ ਦੌਰਾਨ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਵਕੀਲਾਂ ਨਾਲ ਰਿਸ਼ਤਾ ਜੋੜਨ ਆਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਸਮੇਤ ਦੇਸ਼ ਨੂੰ ਚੰਗਾ ਭਵਿੱਖ ਦੇ ਸਕਦੀ ਹੈ। ਇਸੇ ਤਰ੍ਹਾਂ ਆਂਗਣਵਾੜੀ ਤੇ ਆਸ਼ਾ ਵਰਕਰਾਂ ਨਾਲ ਮੁਲਾਕਾਤ ਦੌਰਾਨ ਕੇਜਰੀਵਾਲ ਨੇ ਸਮੱਸਿਆਵਾਂ ਸੁਣੀਆਂ।
ਕੇਜਰੀਵਾਲ ਨੇ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਆਗਾਮੀ ਵਿਧਾਨ ਸਭਾ ਚੋਣਾਂ ਮਗਰੋਂ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਸੱਤਾ ਆਈ ਤਾਂ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਨੇ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘’ਘੱਟ ਤਨਖਾਹ ਅਤੇ ਬਿਨਾਂ ਤੋਂ ਛੁੱਟੀ ਤੋਂ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਲਈ ਕੰਮ ਕਰਨਾ ਬਹੁਤ ਔਖਾ ਹੈ ਅਤੇ ਕਰੋਨਾ ਦੌਰਾਨ ਫੌਤ ਆਸ਼ਾ ਵਰਕਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਾ ਮਿਲਣਾ ਉਨ੍ਹਾਂ ਦੀ ਤਰਸਯੋਗ ਹਾਲਤ ਦੇ ਮਾਮਲੇ ਹਨ।“
ਉਨ੍ਹਾਂ ਕਿਹਾ ਕਿ ਸਿਰਫ ‘ਆਪ` ਹੀ ਅਜਿਹੀ ਪਾਰਟੀ ਹੈ ਜਿਹੜੀ ਲੋਕਾਂ ਦੀ ਮੁਸ਼ਕਲਾਂ ਜਾਣਨ ਲਈ ਉਨ੍ਹਾਂ ਕੋਲ ਜਾਂਦੀ ਹੈ ਅਤੇ ਇਸ ਕਰਕੇ ਜੇਕਰ ਇਹ ਇਕ ਵਾਰ ਸੱਤਾ ਵਿਚ ਆ ਗਈ ਤਾਂ ਇਹ ਉਨ੍ਹਾਂ ਨੂੰ ਹੱਲ ਕਰੇਗੀ। ਇਸ ਤੋਂ ਇਲਾਵਾ ਸ੍ਰੀ ਕੇਜਰੀਵਾਲ ਨੇ ਅੰਮ੍ਰਿਤਸਰ, ਜਲੰਧਰ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਤੋਂ ਆਏ ਵਕੀਲਾਂ ਨਾਲ ਵੱਖਰੀ ਮੀਟਿੰਗ ਵੀ ਕੀਤੀ। ਵਕੀਲਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਭਰੋਸਾ ਦਿੱਤਾ ਕਿ ‘ਆਪ` ਸਰਕਾਰ ਬਣਨ `ਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹੋਰਨਾਂ ਪਾਰਟੀਆਂ ਵਾਂਗ ਕਮਰਿਆਂ ਵਿਚ ਬਹਿ ਚੋਣ ਮਨੋਰਥ ਪੱਤਰ ਨਹੀਂ ਬਣਾਉਂਦੇ। ਅਸੀਂ ਲੋਕਾਂ ਕੋਲ ਜਾਂਦੇ ਹਾਂ ਅਤੇ ਉਨ੍ਹਾਂ ਦੇ ਮਸਲਿਆਂ ਅਤੇ ਲੋੜਾਂ ਬਾਰੇ ਪੁੱਛਦੇ ਹਾਂ।
ਕੇਜਰੀਵਾਲ ਪਹਿਲਾਂ ਦਿੱਲੀ `ਚ ਬਿਜਲੀ ਸਸਤੀ ਕਰੇ: ਚੰਨੀ
ਪਠਾਨਕੋਟ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਪਨਾ ਛੱਡ ਦੇਵੇ ਅਤੇ ਪਹਿਲਾਂ ਦਿੱਲੀ ਵਿਚ ਬਿਜਲੀ, ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾ ਕੇ ਦਿਖਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਕੇਜਰੀਵਾਲ ਝੂਠੇ ਵਾਅਦੇ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਮ ਲੋਕਾਂ ਦੇ ਏਜੰਡੇ ਹੁਣੇ ਤੋਂ ਹੀ ਲਾਗੂ ਕਰ ਰਹੇ ਹਨ। ਉਨ੍ਹਾਂ ਬਾਦਲਾਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਂਝ ਉਪਰ ਹਮਲੇ ਕਰਦਿਆਂ ਕਿਹਾ ਕਿ ਇਹ ਦੋਵੇਂ ਆਪਸ ਵਿਚ ਰਲੇ ਹੋਏ ਹਨ ਤੇ ਇਨ੍ਹਾਂ ਦੇ ਰਾਜ ਵਿਚ ਲੋਕ ਪਿਸਦੇ ਰਹੇ ਹਨ।
ਆਪਸੀ ਲੜਾਈ ਛੱਡ ਸੂਬੇ ਨੂੰ ਸੰਭਾਲੇ ਸਰਕਾਰ: ਭਗਵੰਤ
ਲੁਧਿਆਣਾ: ‘ਆਪ` ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਣੇ ਬਾਕੀ ਸਾਰੇ ਕਾਂਗਰਸੀ ਆਪਣੀ ਲੜਾਈ ਨੂੰ ਛੱਡ ਕੇ ਜੇਕਰ ਪੰਜਾਬ ਨੂੰ ਸਹੀ ਢੰਗ ਨਾਲ ਸੰਭਾਲਣ ਤਾਂ ਸੂਬੇ ਵਿਚ ਸ਼ਾਂਤੀ ਰਹਿ ਸਕਦੀ ਹੈ, ਪਰ ਪੰਜਾਬ ਕਾਂਗਰਸ ਦੀ ਆਪਸੀ ਫੁੱਟ ਕਾਰਨ ਇਸ ਵੇਲੇ ਮਾਹੌਲ ਵਿਗੜ ਰਿਹਾ ਹੈ ਤੇ ਕਾਨੂੰਨ ਵਿਵਸਥਾ ਵੀ ਕਾਇਮ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਵਾਰ ਵੀ ਚੋਣਾਂ ਨੇੜੇ ਧਮਾਕਾ ਹੋਇਆ ਸੀ, ਜਿਸ ਦੀ ਜਾਂਚ ਹਾਲੇ ਤੱਕ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਸਟਰ ਮਾਈਂਡ ਨੂੰ ਲੱਭਣਾ ਜਾਂ ਸੂਬੇ ਨਾਲ ਜੁੜੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਸੂਬਾ ਸਰਕਾਰ ਕੋਲ ਸਮਾਂ ਹੀ ਨਹੀਂ ਹੈ ਕਿਉਂਕਿ ਕਾਂਗਰਸੀ ਮੰਤਰੀ ਤੇ ਆਗੂ ਆਪਸੀ ਲੜਾਈ ਵਿਚ ਹੀ ਉਲਝੇ ਹੋਏ ਹਨ।