ਲੁਧਿਆਣਾ ਬੰਬ ਕਾਂਡ ਦਾ ਮੁੱਖ ਸਾਜ਼ਿਸ਼ਘਾੜਾ ਜਰਮਨੀ ਵਿਚ ਗ੍ਰਿਫਤਾਰ

ਨਵੀਂ ਦਿੱਲੀ: ਸਿੱਖਸ ਫਾਰ ਜਸਟਿਸ ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਨੂੰ 23 ਦਸੰਬਰ ਨੂੰ ਲੁਧਿਆਣਾ ਦੇ ਜਿਲ੍ਹਾ ਅਦਾਲਤੀ ਕੰਪਲੈਕਸ ਵਿਚ ਹੋਏ ਧਮਾਕੇ ਦੇ ਮਾਮਲੇ ਵਿਚ ਜਰਮਨੀ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਬਰਲਿਨ ਵਿਚ ਭਾਰਤ ਵੱਲੋਂ ਅਤਿਵਾਦ ਵਿਰੋਧੀ ਏਜੰਸੀਆਂ ਨਾਲ ਸਬੂਤ ਸਾਂਝੇ ਕਰਨ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

ਸੂਤਰ ਨੇ ਕਿਹਾ, ‘ਅਸੀਂ ਸਾਰੇ ਸਬੂਤ ਸਾਂਝੇ ਕੀਤੇ ਜੋ ਅਸੀਂ ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਸਨ ਅਤੇ ਇਹ ਸਬੂਤ ਸੌਂਪੇ ਗਏ ਕਿ ਮੁਲਤਾਨੀ ਨੇ ਸਾਜ਼ਿਸ਼ ਕਿਵੇਂ ਰਚੀ।` ਮੁਲਤਾਨੀ ਪਾਕਿਸਤਾਨ ਤੋਂ ਹੋਰ ਧਮਾਕਾਖੇਜ ਸਮੱਗਰੀ ਨੂੰ ਅੰਤਰਰਾਸ਼ਟਰੀ ਸੀਮਾ ਰਾਹੀਂ ਭਾਰਤ ਵਿਚ ਲਿਆਉਣ ਦੀ ਸਾਜ਼ਿਸ਼ ਰਚ ਰਿਹਾ ਸੀ ਅਤੇ ਦੇਸ ਦੇ ਹੋਰ ਹਿੱਸਿਆਂ ਵਿਚ ਵੀ ਅਜਿਹੇ ਧਮਾਕੇ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਹ ਵੀ ਦੋਸ਼ ਹੈ ਕਿ ਇਸ ਸਾਲ ਅਕਤੂਬਰ ਵਿਚ ਪੰਜਾਬ ਦੇ ਤਰਨਤਾਰਨ ਜਿਲ੍ਹੇ ਦੇ ਖੇਮਕਰਨ ਖੇਤਰ ਵਿਚ ਹਥਿਆਰਾਂ ਦਾ ਜਖੀਰਾ ਭੇਜਣ ਵਿਚ ਵੀ ਮੁਲਤਾਨੀ ਦਾ ਹੱਥ ਸੀ।
ਦੱਸ ਦਈਏ ਕਿ ਇਹ ਧਮਾਕਾ ਲੁਧਿਆਣੇ ਦੀ ਅਦਾਲਤ ਦੀ ਦੂਸਰੀ ਮੰਜ਼ਿਲ ‘ਤੇ ਹੋਇਆ ਜਿਸ ਵਿਚ ਇਕ ਆਦਮੀ ਦੀ ਮੌਤ ਹੋ ਗਈ ਅਤੇ ਕੁਝ ਵਿਅਕਤੀ ਜ਼ਖਮੀ ਹੋਏ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਹਨ ਅਤੇ ਇਸ ਧਮਾਕੇ ਨੇ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌੜ ਮੰਡੀ (ਬਠਿੰਡਾ) ਵਿਚ ਹੋਏ ਉਸ ਧਮਾਕੇ ਦੀ ਯਾਦ ਲੋਕਾਂ ਦੇ ਮਨਾਂ ਵਿਚ ਤਾਜ਼ਾ ਕਰ ਦਿੱਤੀ ਹੈ ਜਿਸ ਨੇ ਚੋਣਾਂ ਦਾ ਪੂਰਾ ਮਾਹੌਲ ਬਦਲ ਕੇ ਰੱਖ ਦਿੱਤਾ ਸੀ। ਉਨ੍ਹਾਂ ਚੋਣਾਂ ਤੋਂ ਦੋ ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ।