ਬ੍ਰਹਮਪੁਰਾ ਦੀ ਵਾਪਸੀ ਨਾਲ ਬਾਦਲਾਂ ਖਿਲਾਫ ਮੋਰਚਾ ਢਹਿ-ਢੇਰੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਛੱਡ ਕੇ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਏ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਫੈਸਲਾ ਸੁਖਦੇਵ ਸਿੰਘ ਢੀਂਡਸਾ ਲਈ ਵੱਡਾ ਝਟਕਾ ਹੈ। ਇਸ ਨਾਲ ਸ੍ਰੀ ਢੀਂਡਸਾ ਵੱਲੋਂ ਬਾਦਲਾਂ ਖਿਲਾਫ ਇਕ ਵੱਡਾ ਪੰਥਕ ਸਿਆਸੀ ਮੁਹਾਜ਼ ਖੜ੍ਹਾ ਕਰਨ ਦੇ ਕੀਤੇ ਜਾ ਰਹੇ ਯਤਨਾਂ ਨੂੰ ਵੀ ਧੱਕਾ ਲੱਗਾ ਹੈ।

ਸ੍ਰੀ ਢੀਂਡਸਾ ਦੀ ਪਾਰਟੀ ਦੇ ਕਈ ਹੋਰ ਵੱਡੇ ਲੀਡਰ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਢੀਂਡਸਾ ਧੜੇ ਨੇ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਉਤੇ ਆਪ-ਹੁਦਰੀਆਂ ਸਰਗਰਮੀਆਂ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਪਾਰਟੀ ‘ਚੋਂ ਖਾਰਜ ਕਰ ਦਿੱਤਾ ਗਿਆ।
ਦੱਸ ਦਈਏ ਕਿ ਢੀਂਡਸਾ ਸਣੇ ਇਹ ਸਾਰੇ ਆਗੂ ਸ਼੍ਰੋਮਣੀ ਅਕਾਲੀ ਦਲ ਉਤੇ ਬਾਦਲ ਪਰਿਵਾਰ ਦੇ ਦਬਦਬੇ ਨੂੰ ਖਤਮ ਕਰਨ ਦਾ ਹੋਕਾ ਦੇ ਕੇ ਪਾਰਟੀ ਤੋਂ ਬਾਹਰ ਆਏ ਸਨ ਤੇ ਫਿਰ ਮਿਲ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪਾਰਟੀ ਬਣਾਈ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਵਿਧਾਨ ਸਭਾ ਚੋਣਾਂ ਵਿਚ ਇਹ ਧਿਰ ਹੋਰ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਤੀਜਾ ਮੋਰਚਾ ਖੜ੍ਹਾ ਕਰੇਗਾ, ਪਰ ਮੌਜੂਦਾ ਮਾਹੌਲ ਤੋਂ ਜਾਪ ਰਿਹਾ ਹੈ ਕਿ ਇਹ ਧੜਾ ਆਪਣੀ ਹੋਣੀ ਤੈਅ ਕਰੀ ਬੈਠਾ ਹੈ।
ਯਾਦ ਰਹੇ ਕਿ ਮਾਝੇ ਦੇ ਕਈ ਆਗੂਆਂ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਆਦਿ ਨੇ ਅਕਾਲੀ ਦਲ (ਟਕਸਾਲੀ) ਬਣਾਉਣ ਸਮੇਂ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਰਹਿੰਦਿਆਂ ਉਨ੍ਹਾਂ ਦਾ ਅਕਾਲੀ ਦਲ ਨਾਲ ਨਾਤਾ ਕਦੇ ਨਹੀਂ ਜੁੜ ਸਕਦਾ। ਬਾਅਦ ਵਿਚ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਤੋਂ ਅਲੱਗ ਹੋਏ ਤਾਂ ਢੀਂਡਸਾ ਅਤੇ ਬ੍ਰਹਮਪੁਰਾ ਨੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾ ਲਿਆ। ਰਤਨ ਸਿੰਘ ਅਜਨਾਲਾ ਪਹਿਲਾਂ ਹੀ ਵਾਪਸ ਅਕਾਲੀ ਦਲ ਵਿਚ ਚਲੇ ਗਏ ਅਤੇ ਸੇਖਵਾਂ ਨੇ ਆਪਣੇ ਜਿਉਂਦੇ ਜੀਅ ਹੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ।
ਸੁਖਦੇਵ ਢੀਂਡਸਾ, ਭਾਜਪਾ ਤੇ ਕੈਪਟਨ ਦੀ ਨਵੀਂ ਪਾਰਟੀ ਨਾਲ ਰਲ ਕੇ ਚੋਣ ਲੜਨ ਦਾ ਇੱਛੁਕ ਹੈ ਪਰ ਕਈ ਟਕਸਾਲੀ ਆਗੂ ਇਸ ਫੈਸਲਾ ਦੇ ਖਿਲਾਫ ਹਨ। ਬ੍ਰਹਮਪੁਰਾ ਵੀ ਉਨ੍ਹਾਂ ਆਗੂਆਂ ਵਿਚੋਂ ਇਕ ਹਨ। ਬ੍ਰਹਮਪੁਰਾ ਨੇ ਪਿਛਲੇ ਹਫਤੇ ਹੀ ਸਾਫ ਆਖ ਦਿੱਤਾ ਸੀ ਕਿ ਉਹ ਕਿਸੇ ਵੀ ਕੀਮਤ ਉਤੇ ਭਾਜਪਾ ਨਾਲ ਗੱਠਜੋੜ ਨਹੀਂ ਕਰਨਗੇ, ਪਰ ਢੀਂਡਸਾ ਵੱਲੋਂ ਲਗਾਤਾਰ ਇਸੇ ਗੱਲ ਦੀ ਰਟ ਲਾਈ ਹੋਈ ਸੀ। ਚਰਚਾ ਹੈ ਕਿ ਇਸੇ ਗੱਲਾਂ ਦੋਵਾਂ ਆਗੂਆਂ ਵਿਚ ਟਕਰਾਅ ਵਧਦਾ ਗਿਆ ਤੇ ਅੰਤ ਬ੍ਰਹਮਪੁਰਾ ਆਪਣੇ ਸਾਥੀਆਂ ਸਣੇ ਮੁੜ ਤੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਕਬੂਲਦਿਆਂ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਅਕਾਲੀ ਦਲ ਦਾ ਮੀਤ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਸੰਯੁਕਤ ਅਕਾਲੀ ਦਲ ਦੇ ਹੋਰ ਆਗੂ ਜੋ ਮੁੜ ਪਾਰਟੀ ਵਿਚ ਸ਼ਾਮਲ ਹੋਏ ਹਨ, ਉਨ੍ਹਾਂ ‘ਚ ਜਥੇਦਾਰ ਉਜਾਗਰ ਸਿੰਘ ਬਡਾਲੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਦਲ ਦੇ ਮੀਤ ਪ੍ਰਧਾਨ, ਕਰਨੈਲ ਸਿੰਘ ਪੀਰਮੁਹੰਮਦ ਨੂੰ ਜਨਰਲ ਸਕੱਤਰ ਅਤੇ ਬੁਲਾਰਾ, ਜਥੇਦਾਰ ਮਨਮੋਹਨ ਸਿੰਘ ਸਠਿਆਲਾ ਨੂੰ ਜਨਰਲ ਸਕੱਤਰ, ਗੋਪਾਲ ਸਿੰਘ ਜਾਨੀਆਂ ਨੂੰ ਜਥੇਬੰਦਕ ਸਕੱਤਰ, ਗੁਰਪੀਤ ਸਿੰਘ ਕਲਕੱਤਾ ਨੂੰ ਜੁਆਇੰਟ ਸਕੱਤਰ ਅਤੇ ਜਗਰੂਪ ਸਿੰਘ ਚੀਮਾ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ਉਹ ਉਸੇ ਤਰੀਕੇ ਆਪਣੀ ਮਾਂ ਪਾਰਟੀ ਤੋਂ ਕੁਝ ਸਮੇਂ ਲਈ ਛੁੱਟੀ ‘ਤੇ ਗਏ ਸਨ ਜਿਵੇਂ ਫੌਜੀ ਜਾਂਦੇ ਹਨ ਤੇ ਫਿਰ ਕੁਝ ਸਮੇਂ ਬਾਅਦ ਵਾਪਸ ਆਪਣੀ ਬਟਾਲੀਅਨ ਵਿਚ ਪਰਤ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਥ ਤੇ ਪੰਜਾਬ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਪਾਰਟੀ ਨੂੰ ਮਜ਼ਬੂਤ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ।