ਮੋਦੀ ਨੇ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਕੰਮ ਗਿਣਵਾਏ

ਕੱਛ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਗਲਾਂ ਅਤੇ ਅੰਗਰੇਜ਼ਾਂ ਖਿਲਾਫ ਭਾਰਤ ਦੇ ਸੰਘਰਸ਼ ‘ਚ ਸਿੱਖ ਗੁਰੂਆਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਸਿੱਖ ਗੁਰੂਆਂ ਨੇ ਜਿਨ੍ਹਾਂ ਚੁਣੌਤੀਆਂ ਨੂੰ ਲੈ ਕੇ ਲੋਕਾਂ ਨੂੰ ਆਪਣੇ ਜੀਵਨ ਕਾਲ ਦੌਰਾਨ ਚੌਕਸ ਕੀਤਾ ਸੀ, ਉਹ ਅੱਜ ਵੀ ਕਾਇਮ ਹਨ।

ਗੁਜਰਾਤ ਦੇ ਕੱਛ ‘ਚ ਗੁਰਦੁਆਰਾ ਲਖਪਤ ਸਾਹਿਬ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਵਿਚ ਸਿੱਖ ਗੁਰੂਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਸਿਰਫ ਸਮਾਜ ਅਤੇ ਰੂਹਾਨੀਅਤ ਤੱਕ ਹੀ ਸੀਮਤ ਨਹੀਂ ਸਨ। ਇਸ ਮੌਕੇ ਮੋਦੀ ਨੇ ਸਿੱਖਾਂ ਲਈ ਆਪਣੀ ਸਰਕਾਰ ਵੱਲੋਂ ਕੀਤੇ ਕੰਮ ਵੀ ਗਿਣਵਾਏ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਕਈ ਦਹਾਕਿਆਂ ਮਗਰੋਂ ਖੋਲ੍ਹਣ ਅਤੇ ਸਿੱਖ ਭਾਈਚਾਰੇ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਵੀ ਦਿੱਤੀ।
ਪ੍ਰਧਾਨ ਮੰਤਰੀ ਨੇ ਏਕੇ ਦੀ ਅਪੀਲ ਉਸ ਸਮੇਂ ਕੀਤੀ ਹੈ ਜਦੋਂ ਦੋ ਦਿਨ ਪਹਿਲਾਂ ਲੁਧਿਆਣਾ ਜਿਲ੍ਹਾ ਅਦਾਲਤ ਕੰਪਲੈਕਸ ‘ਚ ਧਮਾਕੇ ਕਾਰਨ ਇਕ ਵਿਅਕਤੀ ਹਲਾਕ ਅਤੇ ਛੇ ਹੋਰ ਜਖਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਬਹਾਦਰੀ ਅਤੇ ਔਰੰਗਜ਼ੇਬ ਖਿਲਾਫ ਉਨ੍ਹਾਂ ਦੀ ਸ਼ਹਾਦਤ ਸਾਨੂੰ ਸਿੱਖਿਆ ਦਿੰਦੀ ਹੈ ਕਿ ਕਿਵੇਂ ਮੁਲਕ ਦਹਿਸ਼ਤਵਾਦ ਅਤੇ ਧਾਰਮਿਕ ਕੱਟੜਤਾ ਖਿਲਾਫ ਲੜ ਸਕਦਾ ਹੈ। ‘ਇਸੇ ਤਰ੍ਹਾਂ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਵੀ ਦ੍ਰਿੜ੍ਹਤਾ ਅਤੇ ਬਲਿਦਾਨ ਦੀ ਜਿਉਂਦੀ ਜਾਗਦੀ ਮਿਸਾਲ ਹੈ।‘
ਸ੍ਰੀ ਮੋਦੀ ਨੇ ਕਿਹਾ ਕਿ ‘ਕਰਤਾਰਪੁਰ ਸਾਹਿਬ ਲਾਂਘਾ ਕਈ ਦਹਾਕਿਆਂ ਦੀ ਉਡੀਕ ਮਗਰੋਂ ਸਾਡੀ ਸਰਕਾਰ ਨੇ ਇਸ ਦੀ ਉਸਾਰੀ ਮੁਕੰਮਲ ਕਰਵਾ ਕੇ 2019 ‘ਚ ਖੋਲ੍ਹਿਆ।‘ ਸ੍ਰੀ ਮੋਦੀ ਨੇ ਕਿਹਾ ਕਿ ਹੁਣੇ ਜਿਹੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੂਰੇ ਸਤਿਕਾਰ ਨਾਲ ਅਫ਼ਗਾਨਿਸਤਾਨ ਤੋਂ ਭਾਰਤ ਲਿਆਂਦੇ ਗਏ ਹਨ।