‘ਖਾਲਿਸਤਾਨ ਦੀ ਸਾਜ਼ਿਸ਼` ਅਤੇ ਸਿੱਖ ਲੀਡਰਸ਼ਿਪ

ਹਰਚਰਨ ਸਿੰਘ ਪਰਹਾਰ
ਫੋਨ: 403-681-8689
ਹਰਚਰਨ ਸਿੰਘ ਪਰਹਾਰ ਸਿੱਖ ਮਸਲਿਆਂ ਬਾਰੇ ਅਕਸਰ ਲਿਖਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਖੁਫੀਆ ਅਫਸਰ ਰਹੇ ਜੀ.ਬੀ.ਐਸ. ਸਿੱਧੂ ਦੀ ਕਿਤਾਬ ‘ਦਿ ਖਾਲਿਸਤਾਨ ਕਾਂਸਪਿਰੇਸੀ’ (ਖਾਲਿਸਤਾਨ ਦੀ ਸਜ਼ਿਸ਼’ ਨੂੰ ਆਧਾਰ ਬਣਾ ਕੇ ਪਿਛਲੀ ਸਦੀ ਦੇ ਮਗਰਲੇ ਦਹਾਕਿਆਂ ਬਾਰੇ ਲੰਮਾ ਲੇਖ ਭੇਜਿਆ ਹੈ। ਇਸ ਲੇਖ ਵਿਚ ਉਨ੍ਹਾਂ ਕੁਝ ਹੋਰ ਕਿਤਾਬਾਂ ਅਤੇ ਦਸਤਾਵੇਜ਼ਾਂ ਦੀ ਇਮਦਾਦ ਨਾਲ ਉਸ ਦੌਰ ਦੀ ਹਕੀਕਤ ਨੂੰ ਸਮਝਣ-ਸਮਝਾਉਣ ਦਾ ਯਤਨ ਕੀਤਾ ਹੈ। ਇਹ ਉਹੀ ਦੌਰ ਸੀ ਜਿਸ ਨੇ ਪੰਜਾਬ ਦੀ ਸਿਆਸਤ ਉਤੇ ਬਹੁਤ ਡੂੰਘਾ ਅਸਰ ਛੱਡਿਆ ਹੈ। ਇਸ ਲੰਮੇ ਲੇਖ ਦੀ ਪਹਿਲੀ ਕਿਸ਼ਤ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ।

‘ਜਿਸ ਦਿਨ 9 ਸਤੰਬਰ, 1981 ਨੂੰ ਲਾਲਾ ਜਗਤ ਨਰਾਇਣ ਦਾ ਕਤਲ ਹੋਇਆ, ਭਿੰਡਰਾਂਵਾਲਾ ਚੰਦੋ ਕਲਾਂ (ਹਰਿਆਣਾ) ਵਿਚ ਸਿੱਖੀ ਪ੍ਰਚਾਰ ਦੇ ਦੌਰੇ ‘ਤੇ ਸੀ। ਕਤਲ ਤੋਂ ਚਾਰ ਦਿਨ ਬਾਅਦ ਸੰਤ ਦੀ ਗ੍ਰਿਫਤਾਰੀ ਦੇ ਆਰਡਰ ਹੋ ਚੁੱਕੇ ਸਨ। ਉਸ ਵਕਤ ਉਨ੍ਹਾਂ ਨਾਲ ਉਹ ਦੋ ਵਿਅਕਤੀ ਵੀ ਹਾਜ਼ਰ ਸਨ ਜਿਨ੍ਹਾਂ ਦੇ ਨਾਮ ਲਾਲੇ ਦੇ ਕਤਲ ਕੇਸ ਦੀ ਐਫ.ਆਈ.ਆਰ. ਵਿਚ ਦਰਜ ਸਨ। ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਹੁਕਮਾਂ ‘ਤੇ ਡੀ.ਆਈ.ਜੀ. ਡੀ.ਐਸ. ਮਾਂਗਟ ਆਪਣੀ ਫੋਰਸ ਨਾਲ ਸੰਤ ਨੂੰ ਗ੍ਰਿਫਤਾਰ ਕਰਨ ਲਈ ਹਰਿਆਣੇ ਨੂੰ ਰਵਾਨਾ ਹੋ ਚੁੱਕਾ ਸੀ ਪਰ ਇਸ ਤੋਂ ਪਹਿਲਾਂ ਹੀ ਭਿੰਡਰਾਂਵਾਲੇ ਨੂੰ ਉਪਰੋਂ ਜਾਣਕਾਰੀ ਮਿਲ ਚੁੱਕੀ ਸੀ ਤੇ ਉਹ ਆਪਣੇ ਕੁਝ ਸਾਥੀਆਂ ਨਾਲ ਮਹਿਤਾ ਚੌਕ ਲਈ ਰਵਾਨਾ ਹੋ ਗਿਆ ਸੀ। ਉਹ ਸਾਰੇ 300 ਕਿਲੋਮੀਟਰ ਦਾ ਸਫਰ ਤੈਅ ਕਰਕੇ 13-14 ਸਤੰਬਰ, 1981 ਦੀ ਰਾਤ ਨੂੰ ਆਪਣੇ ਹੈਡ ਕੁਆਰਟਰ ਪਹੁੰਚ ਚੁੱਕੇ ਸਨ। ਗਿਆਨੀ ਜ਼ੈਲ ਸਿੰਘ ਨੇ ਖੁਦ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਕਹਿ ਦਿੱਤਾ ਸੀ ਕਿ ਸੰਤ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਅਤੇ ਉਹ ਇਸ ਝਮੇਲੇ ਵਿਚ ਨਾ ਪਵੇ। ਉਸ ਵਕਤ ਮੈਨੂੰ ਡੀ.ਆਈ.ਜੀ., ਬੀ.ਐਸ.ਐਫ. ਦਿਵਾਕਰ ਗੁਪਤਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਭਿੰਡਰਾਂਵਾਲੇ ਨੂੰ ਕਈ ਚੈਕ ਪੋਸਟਾਂ ‘ਤੇ ਗ੍ਰਿਫਤਾਰ ਕਰਨਾ ਚਾਹਿਆ ਪਰ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਉਸ ਨੂੰ ਜਾਣ ਦਿੱਤਾ ਗਿਆ। ਭਿੰਡਰਾਂਵਾਲਾ ਇਤਨੀ ਕਾਹਲੀ ਵਿਚ ਨਿਕਲਿਆ ਸੀ ਕਿ ਉਹ ਧਾਰਮਿਕ ਪੋਥੀਆਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵਾਲੀ ਵੈਨ ਉਥੇ ਹੀ ਛੱਡ ਆਇਆ ਸੀ ਜਿਹੜੀਆਂ ਬਾਅਦ ਵਿਚ ਹੋਈ ਹਿੰਸਾ ਵਿਚ ਸੜ ਗਈਆਂ ਸਨ।` (ਜੀ.ਬੀ.ਐਸ. ਸਿੱਧੂ ਦੀ ਕਿਤਾਬ ‘ਖਾਲਿਸਤਾਨ ਦੀ ਸਾਜ਼ਿਸ਼`, ਪੰਨਾ 61)। ਇਸ ਕਿਤਾਬ ਦੀਆਂ ਉਪਰਲੀਆਂ ਕੁਝ ਲਾਈਨਾਂ ਪੰਜਾਬ ਵਿਚ 1978-1995 ਦੌਰਾਨ ਵਾਪਰੇ ਖੂਨੀ ਦੌਰ ਦੀ ਸ਼ੁਰੂਆਤ ਦੀ ਤਸਵੀਰ ਪੇਸ਼ ਕਰਦੀਆਂ ਹਨ ਕਿ ਕਿਵੇਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸੰਤ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਦੂਜੇ ਪਾਸੇ ਭਾਰਤ ਦਾ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਉਸ ਨੂੰ ਬਚਾਉਣ ਲਈ ਸਾਰੀਆਂ ਹੱਦਾਂ ਪਾਰ ਕਰ ਰਿਹਾ ਸੀ। ਇਹ ਉਸ ਵਰਤਾਰੇ ਦੀ ਸ਼ੁਰੂਆਤ ਸੀ ਜਿਸ ਨੇ ਬਾਅਦ ਵਿਚ ਵੱਡੇ ਘੱਲੂਘਾਰੇ ਨੂੰ ਜਨਮ ਦੇਣਾ ਸੀ।
‘ਅਖੀਰ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿਚ ਭਿੰਡਰਾਂਵਾਲੇ ਨੂੰ ਚੌਕ ਮਹਿਤਾ ਤੋਂ 20 ਸਤੰਬਰ, 1981 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 15 ਅਕਤੂਬਰ, 1981 ਨੂੰ ਰਿਹਾਅ ਕਰ ਦਿੱਤਾ ਗਿਆ। ਇਹ ਮੰਨਣ ਲਈ ਸਾਰੇ ਮਹੱਤਵਪੂਰਨ ਸਬੂਤ ਮੌਜੂਦ ਹਨ ਕਿ ਉਸ ਦੀ ਰਿਹਾਈ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਸਿੱਧੇ ਹੁਕਮਾਂ ਅਨੁਸਾਰ ਹੋਈ ਸੀ। ਉਸ ਨੇ ਪਾਰਲੀਮੈਂਟ ਵਿਚ ਸੰਤ ਦੇ ਨਿਰਦੋਸ਼ ਹੋਣ ਦੀ ਨਿਸ਼ੰਗ ਹੋ ਕੇ ਜ਼ਾਮਨੀ ਦਿੱਤੀ ਸੀ। ਪੰਜਾਬ ਦੇ ਕੁਝ ਸੀਨੀਅਰ ਕਾਂਗਰਸੀ ਲੀਡਰਾਂ ਨੇ ਬੀ.ਬੀ.ਸੀ. ਦੇ ਪੱਤਰਕਾਰ ਸਤੀਸ਼ ਜੈਕਬ ਨੂੰ ਦੱਸਿਆ ਸੀ ਕਿ ਮੈਡਮ ਗਾਂਧੀ ਦੀ ਵੀ ਇਸ ਵਿਚ ਪੂਰੀ ਸਹਿਮਤੀ ਸੀ। ਇਸ ਦੀ ਤਸਦੀਕ ਬਾਅਦ ਵਿਚ ਬੀ.ਬੀ.ਸੀ. ਦੇ ਪੱਤਰਕਾਰ ਮਾਰਕ ਤੁਲੀ ਨਾਲ ਇੰਟਰਵਿਊ ਦੌਰਾਨ ਮਨਜੀਤ ਸਿੰਘ ਜੀਕੇ ਨੇ ਵੀ ਕੀਤੀ ਸੀ। ਉਸ ਦੇ ਦੱਸਣ ਅਨੁਸਾਰ ਉਸ ਦੇ ਪਿਤਾ ਦਿੱਲੀ ਗੁਰਦੁਅਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਨੇ ਇੰਦਰਾ ਗਾਂਧੀ ਨੂੰ ਧਮਕੀ ਦਿੱਤੀ ਸੀ ਕਿ ਜੇ ਸੰਤ ਨੂੰ ਬਿਨਾ ਸ਼ਰਤ ਰਿਹਾਅ ਨਾ ਕੀਤਾ ਤਾਂ ਦਿੱਲੀ ਕਮੇਟੀ ਕਾਂਗਰਸ ਦਾ ਸਾਥ ਛੱਡ ਦੇਵੇਗੀ। ਮਾਰਕ ਤੁਲੀ ਦੀ ਕਿਤਾਬ ‘ਅੰਮ੍ਰਿਤਸਰ: ਇੰਦਰਾ ਗਾਂਧੀ ਦੀ ਆਖਰੀ ਲੜਾਈ` ਦੇ ਪੰਨਾ 65 ਅਨੁਸਾਰ ਇੰਦਰਾ ਗਾਂਧੀ ਦੀ ਇਹ ਅਜਿਹੀ ਸਿਆਸੀ ਗਲਤੀ ਸੀ ਜਿਸ ਵਿਚ ਉਸ ਨੇ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਇਨਸਾਫ ਨੂੰ ਦਰ-ਕਿਨਾਰ ਕਰਕੇ ਅਜਿਹਾ ‘ਫਰੈਂਕਿਨਸਟੀਨ` ਖੜ੍ਹਾ ਕਰ ਲਿਆ ਸੀ ਜਿਸ ਨੇ ਬਾਅਦ ਵਿਚ ਉਸ ਨੂੰ ਹੀ ਨਿਗਲ ਜਾਣਾ ਸੀ।
ਬੀ.ਬੀ.ਸੀ. ਦੇ ਪੱਤਰਕਾਰ ਮਾਰਕ ਤੁਲੀ ਤੇ ਸਤੀਸ਼ ਜੈਕਬ ਆਪਣੀ ਇਸੇ ਕਿਤਾਬ ਦੇ ਪੰਨਾ 63 ‘ਤੇ ਲਿਖਦੇ ਹਨ ਕਿ ਭਾਰਤ ਦੇ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੇ 14 ਅਕਤੂਬਰ, 1981 ਨੂੰ ਪਾਰਲੀਮੈਂਟ ਵਿਚ ਦੱਸਿਆ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਪਤਾ ਲੱਗੇ ਕਿ ਸੰਤ ਭਿੰਡਰਾਂਵਾਲਾ ਲਾਲਾ ਜਗਤ ਨਰਾਇਣ ਦੇ ਕਤਲ ਦੀ ਸਾਜ਼ਿਸ਼ ਵਿਚ ਕਿਸੇ ਵੀ ਤਰ੍ਹਾਂ ਸ਼ਾਮਿਲ ਹੈ। ਇਸ ਤੋਂ ਬਾਅਦ ਅਗਲੇ ਦਿਨ ਉਸ ਨੂੰ ਬਿਨਾ ਸ਼ਰਤ ਰਿਹਾਅ ਕਰ ਦਿੱਤਾ ਗਿਆ। ਇਸੇ ਕਿਤਾਬ ਦੇ ਪੰਨਾ 64-65 ‘ਤੇ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਬਾਰੇ ਲਿਖਦੇ ਹਨ: ‘ਉਸ ਵਕਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਕਾਂਗਰਸ ਪਾਰਟੀ ਦੇ ਹੱਥ ਵਿਚ ਸੀ। ਇਸ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਦੇ ਸ੍ਰੀਮਤੀ ਇੰਦਰਾ ਗਾਂਧੀ ਤੇ ਗ੍ਰਹਿ ਮੰਤਰੀ ਜ਼ੈਲ ਸਿੰਘ ਨਾਲ ਬੜੇ ਨੇੜੇ ਦੇ ਨਿੱਜੀ ਸਬੰਧ ਸਨ। ਜਥੇਦਾਰ ਸੰਤੋਖ ਸਿੰਘ ਭਿੰਡਰਾਂਵਾਲੇ ਦਾ ਵੀ ਖਾਸ ਆਦਮੀ ਸੀ। ਭਿੰਡਰਾਂਵਾਲਾ ਅਕਸਰ ਕਹਿੰਦਾ ਸੀ ਕਿ ਸੰਤੋਖ ਸਿੰਘ ਨੇ ਉਦੋਂ ਉਸ ਦੇ ਵਕੀਲਾਂ ਦੀ ਫੀਸ ਭਰੀ ਸੀ, ਜਦੋਂ ਉਸ ਉਤੇ ਨਿਰੰਕਾਰੀ ਮੱਤ ਦੇ ਮੁਖੀ ਗੁਰਬਚਨ ਸਿੰਘ ਦੇ ਕਤਲ ਕੇਸ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਹ 2000 ਪ੍ਰਤੀ ਮਹੀਨਾ ਭਾਈ ਰਣਜੀਤ ਸਿੰਘ ਨੂੰ ਵੀ ਦਿੰਦਾ ਸੀ ਜਿਸ ਨੇ ਨਿਰੰਕਾਰੀ ਮੁਖੀ ਨੂੰ ਮਾਰਿਆ ਸੀ। ਸੰਤੋਖ ਸਿੰਘ ਉਦੋਂ ਮਹਿਤੇ ਚੌਕ ਮੌਜੂਦ ਸੀ, ਜਦੋਂ ਸੰਤ ਨੇ ਲਾਲੇ ਦੇ ਕੇਸ ਵਿਚ ਗ੍ਰਿਫਤਾਰੀ ਦਿੱਤੀ ਸੀ। ਉਥੇ ਉਸ ਨੇ ਆਪਣੀ ਭੜਕਾਊ ਤਕਰੀਰ ਵਿਚ ਕਿਹਾ ਸੀ: ‘ਜੇ ਸਰਕਾਰ ਭਿੰਡਰਾਂਵਾਲੇ ਨੂੰ ਫੜਦੀ ਹੈ ਤਾਂ ਉਹ ਸਿੱਖਾਂ ਦੇ ਦਿਲ ਨੂੰ ਹੱਥ ਪਾਵੇਗੀ। ਜੇ ਉਸ ‘ਤੇ ਝੂਠੇ ਕੇਸ ਪਾਏ ਤਾਂ ਸਿੱਖ ਕੌਮ ਜਵਾਲਾਮੁਖੀ ਵਾਂਗ ਫਟ ਪਵੇਗੀ ਅਤੇ ਪਿਘਲਿਆ ਲਾਵਾ ਇਸ ਦੇਸ਼ ਨੂੰ ਡੁਬੋਅ ਦੇਵੇਗਾ।` ਸੰਤ ਦੀ ਗ੍ਰਿਫਤਾਰੀ ਤੋਂ ਬਾਅਦ ਅਕਾਲੀਆਂ ਨੇ ਵੀ 16 ਅਕਤੂਬਰ, 1981 ਨੂੰ ਪੰਜਾਬ ਦੀਆਂ ਮੰਗਾਂ ਬਾਰੇ ਇੰਦਰਾ ਸਰਕਾਰ ਨਾਲ ਹੋਣ ਵਾਲੀ ਪਹਿਲੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਮੰਗ ਰੱਖ ਦਿੱਤੀ ਸੀ ਕਿ ਜਦੋਂ ਤੱਕ ਸੰਤ ਨੂੰ ਬਿਨਾ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ, ਕੋਈ ਗੱਲਬਾਤ ਨਹੀਂ ਹੋਵੇਗੀ। ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ ‘ਖਾਲਿਸਤਾਨ- ਏ ਨਾਨ ਮੂਵਮੈਂਟ’ ਅਨੁਸਾਰ ਸੰਤਾਂ ਦੀ ਚੜ੍ਹਤ ਦੀ ਸ਼ੁਰੂਆਤ ਤਾਂ ਉਸੇ ਸਮੇਂ ਹੋ ਗਈ ਸੀ, ਜਦੋਂ ਜੇਲ੍ਹ ਤੋਂ ਰਿਹਾਈ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਅਕਾਲ ਤਖਤ ਦਾ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਹਜ਼ਾਰਾਂ ਲੋਕਾਂ ਨਾਲ ਜੇਲ੍ਹ ਦੇ ਬਾਹਰ ਸੰਤਾਂ ਦੇ ਸਵਾਗਤ ਲਈ ਖੜ੍ਹੇ ਸਨ ਅਤੇ ਫਿਰ ਸੰਤ ਜੀ ਨੂੰ ਵੱਡੇ ਭਾਰੀ ਜਲੂਸ ਵਿਚ ਜਿੱਤ ਦੇ ਨਾਹਰੇ ਲਾਉਂਦੇ ਹੋਏ ਦਰਬਾਰ ਸਾਹਿਬ ਲੈ ਗਏ ਸਨ। 1984 ਦੇ ਦੌਰ ਬਾਰੇ ਵੱਖ-ਵੱਖ ਕਿਤਾਬਾਂ ਵਿਚ ਛਪੀ ਜਾਣਕਾਰੀ ਤੋਂ ਕਈ ਸਵਾਲ ਖੜ੍ਹੇ ਹੁੰਦੇ ਹਨ; ਇੱਕ ਪਾਸੇ ਦਿੱਲੀ ਕਮੇਟੀ ਦਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਦਾ ਵੀ ਚਹੇਤਾ ਹੈ, ਤੇ ਦੂਜੇ ਪਾਸੇ ਸੰਤ ਭਿੰਡਰਾਂਵਾਲੇ ਦਾ ਵੀ ਖਾਸਮ-ਖਾਸ ਹੈ। ਇੱਕ ਪਾਸੇ ਪੰਜਾਬ ਸਰਕਾਰ ਦੀ ਦਰਬਾਰਾ ਸਿੰਘ ਸੰਤ ਨੂੰ ਕਤਲ ਕੇਸ ਵਿਚ ਗ੍ਰਿਫਤਾਰ ਵੀ ਕਰਦੀ ਹੈ, ਤੇ ਦੂਜੇ ਪਾਸੇ ਕੇਂਦਰ ਸਰਕਾਰ ਸੰਤ ਨੂੰ ਬੇਗੁਨਾਹ ਕਹਿ ਕੇ ਬਿਨਾ ਸ਼ਰਤ ਰਿਹਾਅ ਵੀ ਕਰ ਰਹੀ ਹੈ? ਕੀ ਇਹ ਉਹੋ ਪ੍ਰਪੰਚ ਨਹੀਂ ਸੀ ਜੋ ਉਸ ਦੌਰ ਲਈ ਪਿੜ ਬੰਨ੍ਹ ਰਿਹਾ ਸੀ ਜਿਸ ਨੇ ਬਾਅਦ ਵਿਚ ਜੂਨ, 1984 ਦੇ ਹਮਲੇ ਅਤੇ ਫਿਰ ਦਸ ਸਾਲ ਦੀ ਕਤਲੋ-ਗਾਰਤ ਦੇ ਰੂਪ ਵਿਚ ਪ੍ਰਗਟ ਹੋਣਾ ਸੀ?
ਲਾਲਾ ਜਗਤ ਨਰਾਇਣ ਦੇ ਕਤਲ ਤੋਂ ਪਹਿਲਾਂ 24 ਅਪਰੈਲ, 1980 ਨੂੰ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੀ ਹੱਤਿਆ ਹੋ ਹੀ ਚੁੱਕੀ ਸੀ। ਉਸ ਵਕਤ ਵੀ ਸੰਤ ਭਿੰਡਰਾਂਵਾਲਿਆਂ ਦਾ ਨਾਮ ਕਤਲ ਦੀ ਸਾਜ਼ਿਸ਼ ਵਿਚ ਆਇਆ ਸੀ। ਇਸ ਬਾਰੇ ਗੁਰਦੇਵ ਸਿੰਘ ਗਰੇਵਾਲ ਦੀ ਕਿਤਾਬ ‘ਦਿ ਸਰਚਿੰਗ ਆਈ: ਐਨ ਇਨਸਾਈਡਰ ਲੁਕਸ ਐਟ ਪੰਜਾਬ ਕ੍ਰਾਈਸਿਸ’ ਦੇ ਪੰਨਾ 113 ਅਨੁਸਾਰ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ‘ਤੇ ਸੀ.ਬੀ.ਆਈ. ਦੇ ਡਾਇਰੈਕਟਰ ਜੇ.ਐਸ. ਬਾਵਾ ਨੇ ਸੰਤ ਭਿੰਡਰਾਂਵਾਲੇ ਤੋਂ ਨਿਰੰਕਾਰੀ ਮੁਖੀ ਕਤਲ ਕੇਸ ਬਾਰੇ ਗੁਰੂ ਰਾਮਦਾਸ ਸਰਾਂ ਵਿਚ ਪਹੁੰਚ ਕੇ ਪੁਛ-ਗਿੱਛ ਦੀ ਸੰਕੇਤਕ ਕਾਰਵਾਈ ਪਾਈ ਸੀ। ਸੰਤ ਨਿਰੰਕਾਰੀ ਮੁਖੀ ਦੇ ਕਤਲ ਪਿੱਛੋਂ ਇਹਤਿਆਤੀ ਕਦਮ ਵਜੋਂ ਮਹਿਤਾ ਚੌਕ ਤੋਂ ਗੁਰੂ ਰਾਮ ਦਾਸ ਸਰਾਂ ਵਿਚ ਪਹੁੰਚ ਚੁੱਕੇ ਸਨ। ਇਥੇ ਇਹ ਵੀ ਵਰਨਣਯੋਗ ਹੈ ਕਿ ਨਿਰੰਕਾਰੀ ਮੁਖੀ ਨੂੰ ਕਤਲ ਕਰਨ ਲਈ ਜੋ ਕਾਰਬਾਈਨ ਵਰਤੀ ਗਈ ਸੀ, ਉਹ ਸੰਤ ਦੇ ਵੱਡੇ ਭਰਾ ਜਗੀਰ ਸਿੰਘ ਦੇ ਨਾਮ ‘ਤੇ ਰਜਿਸਟਰਡ ਸੀ। ਇਸ ਕਤਲ ਕਾਂਡ ਵਿਚ ਨਾਮਜ਼ਦ ਕੀਤੇ 25 ਦੇ ਕਰੀਬ ਵਿਅਕਤੀਆਂ ਵਿਚ ਟਕਸਾਲ ਦੇ ਕੁਝ ਸਿੰਘਾਂ ਦੇ ਨਾਮ ਵੀ ਸ਼ਾਮਿਲ ਸਨ। ‘ਇੰਡੀਅਨ ਐਕਸਪ੍ਰੈਸ’ ਦੇ ਪੱਤਰਕਾਰ ਅਤੇ ਸੰਤਾਂ ਦੇ ਨਜ਼ਦੀਕੀ ਰਹੇ ਜਗਤਾਰ ਸਿੰਘ ਦੀ ਕਿਤਾਬ ‘ਖਾਲਿਸਤਾਨ- ਏ ਨਾਨ ਮੂਵਮੈਂਟ’ ਅਨੁਸਾਰ ਉਸ ਵਕਤ ਜਦੋਂ ਸੰਤ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦੀ ਗੱਲ ਚੱਲ ਰਹੀ ਸੀ ਤਾਂ ਦਲ ਖਾਲਸਾ ਨੇ ਅਖਬਾਰੀ ਬਿਆਨ ਰਾਹੀਂ ਧਮਕੀ ਦਿੱਤੀ ਸੀ ਕਿ ਜੇ ਸੰਤ ਜੀ ਦਾ ਵਾਲ ਵੀ ਵਿੰਗਾ ਹੋਇਆ ਤਾਂ ਅਸੀਂ ਕਤਲਾਂ ਦੀ ਹਨੇਰੀ ਲਿਆ ਦਿਆਂਗੇ। ਉਸ ਵਕਤ ਵੀ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਪਾਰਲੀਮੈਂਟ ਵਿਚ ਬਿਆਨ ਦਿੱਤਾ ਸੀ ਕਿ ਸੰਤ ਭਿੰਡਰਾਂਵਾਲਿਆਂ ਦਾ ਨਿਰੰਕਾਰੀ ਕਤਲ ਕਾਂਡ ਵਿਚ ਕੋਈ ਹੱਥ ਨਹੀਂ।
ਪੁਸਤਕ ‘ਖਾਲਿਸਤਾਨ ਦੀ ਸਾਜ਼ਿਸ਼` ਅਨੁਸਾਰ ‘1977 ਤੋਂ 1984 ਤੱਕ ਪੰਜਾਬ ਵਿਚ ਕਾਂਗਰਸ ਨੇ ਦੋ ਅਪਰੇਸ਼ਨ ਚਲਾਏ। ਪਹਿਲਾ ਅਪਰੇਸ਼ਨ ‘ਭਿੰਡਰਾਂਵਾਲਾ-ਖਾਲਿਸਤਾਨ` ਸੀ ਜੋ 1977 ਤੋਂ 1980 ਤੱਕ ਸੀ। ਇਸ ਅਪਰੇਸ਼ਨ ਨੂੰ ਸੰਜੇ ਗਾਂਧੀ ਅਤੇ ਗਿਆਨੀ ਜ਼ੈਲ ਸਿੰਘ ਲੀਡ ਕਰ ਰਹੇ ਸਨ। ਉਨ੍ਹਾਂ ਨਾਲ ਇੰਦਰਾ ਗਾਂਧੀ ਤੇ ਕਮਲ ਨਾਥ ਸਨ। ਇਸ ਮਿਸ਼ਨ ਦਾ ਮਕਸਦ ਸਿੱਖਾਂ ਵਿਚ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਪਣੀ ਥਾਂ ਬਣਾਉਣਾ ਸੀ। ਇਸੇ ਮਕਸਦ ਨਾਲ 1979 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸੰਤ ਭਿੰਡਰਾਂਵਾਲੇ, ਦਲ ਖਾਲਸਾ ਅਤੇ ਜਗਜੀਤ ਸਿੰਘ ਚੌਹਾਨ ਨੇ ਅਕਾਲੀਆਂ ਖਿਲਾਫ ਆਪਣੇ ਬੰਦੇ ਵੀ ਖੜ੍ਹੇ ਕੀਤੇ ਸਨ। ਇਸ ਮਿਸ਼ਨ ਅਨੁਸਾਰ ਸੰਤ ਭਿੰਡਰਾਂਵਾਲੇ ਨੂੰ ਸਿੱਖਾਂ ਵਿਚ ਗਰਮ-ਖਿਆਲ ਸਿੱਖਾਂ ਦੇ ਉਭਾਰ, ਧਾਰਮਿਕ ਕੱਟੜਵਾਦ ਅਤੇ ਪੰਜਾਬ ਵਿਚ ਹਿੰਸਕ ਮਾਹੌਲ ਤਿਆਰ ਕਰਨ ਲਈ ਵਰਤਿਆ ਜਾਣਾ ਸੀ ਤਾਂ ਕਿ ਨਰਮ-ਖਿਆਲ ਅਕਾਲੀਆਂ ਨੂੰ ਖੂੰਜੇ ਲਾਇਆ ਜਾ ਸਕੇ। ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਕਾਂਗਰਸੀ ਆਗੂ ਕਮਲ ਨਾਥ ਦੇ ਦੱਸਣ ਮੁਤਾਬਿਕ, ਕਾਂਗਰਸ ਇਸ ਮਿਸ਼ਨ ਲਈ ਸੰਤ ਭਿੰਡਰਾਂਵਾਲੇ ਨੂੰ ਫੰਡਿੰਗ ਵੀ ਕਰਦੀ ਸੀ; ਉਂਜ, ਕਮਲ ਨਾਥ ਨੇ ਮੰਨਿਆ ਕਿ ਉਦੋਂ ਉਨ੍ਹਾਂ ਇਹ ਆਸ ਨਹੀਂ ਕੀਤੀ ਸੀ ਕਿ ਬਾਅਦ ਵਿਚ ਭਿੰਡਰਾਂਵਾਲਾ ਇਤਨਾ ਵੱਡਾ ‘ਅਤਿਵਾਦੀ ਲੀਡਰ` ਬਣ ਜਾਵੇਗਾ। ਉਸੇ ਸਮੇਂ ਦੌਰਾਨ ਗਿਆਨੀ ਜ਼ੈਲ ਸਿੰਘ ਅਤੇ ਸੰਜੇ ਗਾਂਧੀ ਨੇ ਭਿੰਡਰਾਂਵਾਲੇ ਤੋਂ ਵੱਖਰਾ ‘ਖਾਲਿਸਤਾਨ` ਦਾ ਮੁੱਦਾ ਖੜ੍ਹਾ ਕਰਨ ਲਈ ਦਲ ਖਾਲਸਾ ਦੀ ਸਥਾਪਨਾ ਵੀ ਕਰਾਈ ਸੀ। ਇਸ ਬਾਰੇ ਗਿਆਨੀ ਜ਼ੈਲ ਸਿੰਘ ਨੇ ਹਿੰਦੀ ਦੇ ਹਫਤਾਵਾਰੀ ਮੈਗਜ਼ੀਨ ‘ਦਿਨਮਾਨ` ਦੇ 30 ਜਨਵਰੀ, 1988 ਦੇ ਅੰਕ ਵਿਚ ਦਿੱਤੀ ਇੰਟਰਵਿਊ ‘ਮੇਰੀ ਮਜਬੂਰੀ ਸੀ` ਵਿਚ ਮੰਨਿਆ ਸੀ: ‘ਮੈਂ ਦਲ ਖਾਲਸਾ ਨਾਲ ਸੰਪਰਕ ਕਾਇਮ ਕੀਤਾ ਸੀ, ਮੇਰਾ ਨਿਸ਼ਾਨਾ ਸਿੱਖ ਗੁਰਦੁਆਰਾ ਸਿਆਸਤ ਵਿਚ ਹਿੱਸਾ ਲੈਣਾ ਸੀ, ਆਖਿਰ ਗੁਰਦੁਆਰਿਆਂ ਦਾ ਅਕਾਲੀਆਂ ਨੇ ਠੇਕਾ ਨਹੀਂ ਲਿਆ ਹੋਇਆ। ਮੈਨੂੰ ਅਜਿਹਾ ਕਰਨ ਲਈ ਮੇਰੀ ਆਗੂ ਸ੍ਰੀਮਤੀ ਇੰਦਰਾ ਗਾਂਧੀ ਨੇ ਵੀ ਕਿਹਾ ਸੀ। ਇਹ ਮੇਰੀ ਮਜਬੂਰੀ ਸੀ।`
ਜੀ.ਬੀ. ਸਿੱਧੂ ਦੀ ਇਸੇ ਪੁਸਤਕ (ਦਿ ਖਾਲਿਸਤਾਨ ਕਾਂਸਪਿਰੇਸੀ) ਅਨੁਸਾਰ ਦੂਸਰਾ ਅਪਰੇਸ਼ਨ ਉਦੋਂ ਉਲੀਕਿਆ ਗਿਆ, ਜਦੋਂ 1980 ਵਿਚ ਇੰਦਰਾ ਗਾਂਧੀ ਦੁਬਾਰਾ ਸੱਤਾ ਵਿਚ ਆ ਗਈ ਸੀ ਤੇ ਅਕਾਲੀ ਪੰਜਾਬ ਵਿਚੋਂ ਹਾਰ ਚੁੱਕੇ ਸਨ। ਇਹ ਦੂਸਰਾ ਮਿਸ਼ਨ ਵੀ ਸੰਜੇ ਗਾਂਧੀ ਅਤੇ ਗਿਆਨੀ ਜ਼ੈਲ ਸਿੰਘ ਨੇ ਹੀ ਉਲੀਕਿਆ ਸੀ ਪਰ ਸੰਜੇ ਗਾਂਧੀ ਦੀ ਉਸੇ ਸਾਲ 23 ਜੂਨ, 1980 ਨੂੰ ਮੌਤ ਤੋਂ ਬਾਅਦ ਇਸ ਦੇ ਖਿਡਾਰੀ ਬਦਲ ਗਏ ਸਨ। ਹੁਣ ਇਸ ਗਰੁੱਪ ਵਿਚ ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ, ਰਾਜੀਵ ਗਾਂਧੀ, ਮੱਖਣ ਲਾਲ ਫੋਤੇਦਾਰ, ਅਰੁਣ ਨਹਿਰੂ, ਅਰੁਣ ਸਿੰਘ, ਕਮਲ ਨਾਥ ਆਦਿ ਸ਼ਾਮਿਲ ਸਨ। ਇਸ ਮਿਸ਼ਨ ਦਾ ਮਕਸਦ ਸੀ ਕਿ ਜਨਵਰੀ, 1985 ਵਿਚ ਹੋਣ ਵਾਲੀਆਂ ਅਗਲੀਆਂ ਚੋਣਾਂ ਵਿਚ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣਾ ਤਾਂ ਕਿ ਜਨਤਾ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇ ਅਤੇ ਪਹਿਲਾਂ ਵਾਂਗ ਕਾਂਗਰਸ ਹੀ ਇੱਕੋ-ਇੱਕ ਪਾਰਟੀ ਰਹਿ ਜਾਵੇ। ਇਸ ਮਕਸਦ ਲਈ ਭਿੰਡਰਾਂਵਾਲਾ ਤੇ ਹੋਰ ਗਰਮ-ਖਿਆਲ ਸਿੱਖ ਧੜਿਆਂ ਰਾਹੀਂ ਕੱਟੜਵਾਦ, ਅਤਿਵਾਦ ਤੇ ਖਾਲਿਸਤਾਨ ਦੀ ਮੰਗ ਨੂੰ ਉਭਾਰ ਕੇ ਹਿੰਦੂਆਂ ਵਿਚ ਸਹਿਮ ਦਾ ਮਾਹੌਲ ਪੈਦਾ ਕੀਤਾ ਜਾਣਾ ਸੀ ਤੇ ਫਿਰ 1985 ਦੀਆਂ ਚੋਣਾਂ ਤੋਂ ਪਹਿਲਾਂ ਕੁਝ ਅਜਿਹਾ ਵੱਡਾ ਕੀਤਾ ਜਾਣਾ ਸੀ ਜਿਸ ਨਾਲ ਇਹ ਸਾਬਿਤ ਕੀਤਾ ਜਾ ਸਕੇ ਕਿ ਇੰਦਰਾ ਗਾਂਧੀ ਨੇ ਨਾ ਸਿਰਫ ਹਿੰਦੂਆਂ ਸਗੋਂ ਦੇਸ਼ ਨੂੰ ਟੁੱਟਣ ਤੋਂ ਬਚਾ ਲਿਆ ਹੈ।` (ਜੀ.ਬੀ.ਐਸ. ਸਿੱਧੂ ਦੀ ਕਿਤਾਬ ‘ਖਾਲਿਸਤਾਨ ਦੀ ਸਾਜ਼ਿਸ਼` ਪੰਨਾ: ਣਣ-ਿਣਣਵਿ)। ਇਹ ਕਿਤਾਬ ਪੜ੍ਹ ਕੇ ਇਵੇਂ ਲਗਦਾ ਹੈ ਕਿ 1978 ਦੇ ਸਿੱਖ-ਨਿਰੰਕਾਰੀ ਖੂਨੀ ਕਾਂਡ ਤੋਂ ਬਾਅਦ 2 ਦਹਾਕੇ ਚੱਲੇ ਕਾਲੇ ਦੌਰ ਵਿਚ ਹਰ ਤਰ੍ਹਾਂ ਦੇ ਸਿੱਖ ਲੀਡਰ ਉਸ ਸ਼ਤਰੰਜ ਦੇ ਮੋਹਰੇ ਸਨ ਜਿਸ ਨੂੰ ਜੀ.ਬੀ.ਐਸ. ਸਿੱਧੂ ਅਨੁਸਾਰ, ਇੱਕ ਅਕਬਰ ਰੋਡ ਦਿੱਲੀ ਵਿਚ ਬੈਠੀ ਜੁੰਡਲੀ ਨੇ ਵਿਛਾਇਆ ਸੀ।
ਇਸੇ ਕਿਤਾਬ ਦੇ ਪੰਨਾ 39 ‘ਤੇ ਜੀ.ਬੀ.ਐਸ. ਸਿੱਧੂ ‘ਖਾੜਕੂਵਾਦ ਦੇ ਕੋਈ ਚਿੰਨ੍ਹ ਨਹੀਂ ਸਨ` ਵਾਲੇ ਸਿਰਲੇਖ ਹੇਠ ਲਿਖਦੇ ਹਨ ਕਿ ਪਹਿਲੇ ਅਪਰੇਸ਼ਨ ਵਿਚ ਕਾਂਗਰਸੀ ਲੀਡਰ, ਭਿੰਡਰਾਂਵਾਲਾ ਤੇ ਦਲ ਖਾਲਸਾ ਰਾਹੀਂ ਸਿੱਖਾਂ ਵਿਚ ਕੋਈ ਖਾਸ ਥਾਂ ਨਾ ਬਣਾ ਸਕੇ ਅਤੇ ਨਾ ਹੀ ਇਹ ਲੋਕ 1980 ਤੱਕ ਕੋਈ ਖਾੜਕੂਵਾਦ ਸ਼ੁਰੂ ਕਰ ਸਕੇ। ਇਸ ਸੰਬੰਧੀ ਉਹ ਸਾਬਕਾ ਆਈ.ਏ.ਐਸ. ਅਤੇ ਗ੍ਰਹਿ ਮੰਤਰਾਲੇ ਦੇ ਕੈਬਨਿਟ ਸੈਕਟਰੀ ਬੀ.ਜੀ. ਦੇਸ਼ਮੁੱਖ ਦੀ ਕਿਤਾਬ ‘ਫਰਾਮ ਪੂਨਾ ਟੂ ਦਿ ਪ੍ਰਾਈਮ ਮਿਨਿਸਟਰ ਆਫਿਸ: ਏ ਕੈਬਨਿਟ ਸੈਕਰੇਟਰੀ ਲੁਕਸ ਬੈਕ’ ਦਾ ਹਵਾਲਾ ਦੇ ਕੇ ਦੱਸਦੇ ਹਨ ਕਿ ਦੇਸ਼ਮੁੱਖ ਖੁਦ ਦਿੱਲੀ ਤੋਂ ਅੰਮ੍ਰਿਤਸਰ ਗਏ ਅਤੇ ਅਕਾਲੀਆਂ ਤੇ ਆਮ ਸਿੱਖਾਂ ਨੂੰ ਮਿਲੇ ਤਾਂ ਉਨ੍ਹਾਂ ਨੂੰ ਪੰਜਾਬ ਵਿਚ ਧਾਰਮਿਕ ਕੱਟੜਵਾਦ, ਖਾਲਿਸਤਾਨ ਜਾਂ ਖਾੜਕੂਵਾਦ ਬਾਰੇ ਸਿੱਖ ਨੌਜਵਾਨਾਂ ਵਿਚ ਕੋਈ ਰੁਝਾਨ ਨਹੀਂ ਦਿਸਿਆ। ਦੇਸ਼ਮੁੱਖ ਉਦਾਸੀਨਤਾ ਨਾਲ ਦੱਸਦੇ ਹਨ ਕਿ ਇਹ ਰੁਝਾਨ ਬਹੁਤਾ ਚਿਰ ਨਹੀਂ ਰਿਹਾ, ਕਿਉਂਕਿ ਕਾਂਗਰਸ ਦੀ ਲੀਡਰਸ਼ਿਪ ਦਾ ਇੱਕ ਵਰਗ ਪੰਜਾਬ ਵਿਚ ਅਜਿਹੀ ਸਾਜ਼ਿਸ਼ ਰਚ ਰਿਹਾ ਸੀ ਜਿਸ ਨੇ ਆਉਣ ਵਾਲੇ ਸਾਲਾਂ ਵਿਚ ਕਾਂਗਰਸ ਸਮੇਤ ਸਭ ਨੂੰ ਆਪਣੀ ਲਪੇਟ ਵਿਚ ਲੈ ਲੈਣਾ ਸੀ। ਭਿੰਡਰਾਂਵਾਲੇ, ਦਲ ਖਾਲਸਾ ਅਤੇ ਹੋਰ ਗਰਮ-ਖਿਆਲ ਧੜਿਆਂ ਦਾ ਉਭਾਰ ਉਦੋਂ ਤੱਕ ਨਹੀਂ ਹੋਇਆ ਸੀ, ਜਦੋਂ ਤੱਕ ਹਿੰਸਾ ਦੀਆਂ ਦੋ ਵੱਡੀਆਂ ਘਟਨਾਵਾਂ ਨਿਰੰਕਾਰੀ ਮੁੱਖੀ ਗੁਰਬਚਨ ਸਿੰਘ ਅਤੇ ਪੱਤਰਕਾਰ ਲਾਲਾ ਜਗਤ ਨਰਾਇਣ ਦੇ ਕਤਲ ਨਹੀਂ ਹੋਏ। ਇਸ ਤੋਂ ਬਾਅਦ ਹਿੰਸਾ ਦੀਆਂ ਘਟਨਾਵਾਂ ਦਾ ਅਜਿਹਾ ਦੌਰ ਸ਼ੁਰੂ ਹੋਇਆ ਜਿਸ ਨੇ ਅਗਲੇ 15 ਸਾਲ ਪੰਜਾਬ ਦੇ ਸਭ ਭਾਈਚਾਰਿਆਂ ਨੂੰ ਹਿੰਸਕ ਅਗਨਕੁੰਡ ‘ਚ ਪਾਈ ਰੱਖਿਆ।
ਸੁਰਜੀਤ ਜਲੰਧਰੀ ਆਪਣੀ ਕਿਤਾਬ ‘ਜਨਮ ਤੋਂ ਸ਼ਹਾਦਤ ਤੱਕ: ਭਿੰਡਰਾਂਵਾਲੇ ਸੰਤ` ਦੇ ਪੰਨਾ 25 ‘ਤੇ ਲਿਖਦੇ ਹਨ ਕਿ 13 ਅਪਰੈਲ, 1978 ਨੂੰ ਅੰਮ੍ਰਿਤਸਰ ਵਿਚ ਵਾਪਰੇ ਖੂਨੀ ਸਾਕੇ ਤੋਂ ਬਾਅਦ ਦਿੱਲੀ ਵਿਚ 14 ਮਈ, 1978 ਨੂੰ ਸਿੱਖਾਂ ਵਲੋਂ ਕੱਢੇ ‘ਵਿਸ਼ਾਲ ਸਿੱਖ ਮਾਰਚ` ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਰਾਹੀਂ ਸ੍ਰੀਮਤੀ ਇੰਦਰਾ ਗਾਂਧੀ ਆਪਣੇ ਘਰ ਦੇ ਬਾਹਰ ਸੰਤ ਭਿੰਡਰਾਂਵਾਲੇ ਅਤੇ ਦਲ ਖਾਲਸਾ ਵਾਲਿਆਂ ਨੂੰ ਮਿਲੀ ਸੀ। ਇਸ ਸਮੇਂ ਦੌਰਾਨ ਕਾਂਗਰਸ ਦੇ ਸਰਗਰਮ ਵਰਕਰ ਸਿੱਖ-ਨਿਰੰਕਾਰੀ ਮੁਜ਼ਾਹਰਿਆਂ ਵਿਚ ਮੂਹਰੇ ਹੁੰਦੇ ਸਨ। ਇਸ ਸੰਬੰਧੀ ਸਤੰਬਰ, 1978 ਨੂੰ ਕਾਨਪੁਰ ਵਿਚ ਨਿਰੰਕਾਰੀਆਂ ਖਿਲਾਫ ਮੁਜ਼ਾਹਰੇ ਲਈ ਪ੍ਰਬੰਧ ਕਾਨਪੁਰ ਦੇ ਯੂਥ ਕਾਂਗਰਸ ਪ੍ਰਧਾਨ ਕੰਵਲਜੀਤ ਸਿੰਘ ਗਿੱਲ ਨੇ ਆਪਣੇ ਵਰਕਰਾਂ ਰਾਹੀਂ ਕੀਤਾ ਸੀ ਜਿਥੇ ਹੋਈ ਹਿੰਸਾ ਤੋਂ ਬਾਅਦ ਪੁਲਿਸ ਗੋਲੀ ਨਾਲ 12 ਸਿੱਖ ਮਾਰੇ ਗਏ ਸਨ ਅਤੇ 80 ਜ਼ਖਮੀ ਹੋਏ ਸਨ। ਉਸ ਤੋਂ ਬਾਅਦ ਦਿੱਲੀ ਵਿਚ ਵੀ ਕਾਂਗਰਸੀਆਂ ਦੀ ਮਦਦ ਨਾਲ 5 ਨਵੰਬਰ, 1978 ਨੂੰ ਹੋਏ ਨਿਰੰਕਾਰੀ ਵਿਰੋਧੀ ਮੁਜ਼ਾਹਰੇ ਦੌਰਾਨ ਭੜਕੀ ਹਿੰਸਾ ਵਿਚ ਪੁਲਿਸ ਗੋਲੀ ਨਾਲ 3 ਸਿੱਖ ਮਾਰੇ ਗਏ ਸਨ ਅਤੇ ਦਰਜਨਾਂ ਜ਼ਖਮੀ ਹੋਏ ਸਨ। ਜੀ.ਬੀ.ਐਸ. ਸਿੱਧੂ ਅਤੇ ਡਾ. ਸੰਗਤ ਸਿੰਘ (ਕਿਤਾਬ ‘ਇਤਿਹਾਸ ਵਿਚ ਸਿੱਖ` ਦਾ ਲੇਖਕ) ਦੀਆਂ ਕਿਤਾਬਾਂ ਅਨੁਸਾਰ ਉਸ ਵਕਤ ਇੱਕ ਅਕਬਰ ਰੋਡ ਵਾਲੀ ਜੁੰਡਲੀ ਵਲੋਂ ਸਿੱਖ-ਨਿਰੰਕਾਰੀ ਟਕਰਾਅ ਰਾਹੀਂ ਹਿੰਸਾ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ ਅਤੇ ਸਿੱਖ ਲੀਡਰਸ਼ਿਪ ਤੇ ਸਿੱਖ ਨੌਜਵਾਨ ਉਸ ਜਾਲ ਵਿਚ ਫਸ ਰਹੇ ਸਨ। ਅਜਿਹੀਆਂ ਘਟਨਾਵਾਂ ਤੋਂ ਬਾਅਦ ਹੀ ਸੰਤ ਭਿੰਡਰਾਂਵਾਲਿਆਂ ਨੇ ਆਪਣੀਆਂ ਤਕਰੀਰਾਂ ਵਿਚ ਇਨ੍ਹਾਂ ਘਟਨਾਵਾਂ ਦੇ ਹਵਾਲਿਆਂ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਸਿੱਖ ਭਾਰਤ ਵਿਚ ਗੁਲਾਮਹਨ, ਉਨ੍ਹਾਂ ‘ਤੇ ਭਾਰਤ ਵਿਚ ਜ਼ੁਲਮ ਹੋ ਰਿਹਾ ਹੈ, ਸਿੱਖ ਦੂਜੇ ਦਰਜੇ ਦੇ ਸ਼ਹਿਰੀ ਸਮਝੇ ਜਾਂਦੇ ਹਨ।
‘ਖਾਲਿਸਤਾਨ ਦੀ ਸਾਜ਼ਿਸ਼` ਦੇ ਚੈਪਟਰ 4 ‘ਦਿ ਰਾਈਜ਼ ਆਫ ਭਿੰਡਰਾਂਵਾਲੇ’ (ਭਿੰਡਰਾਂਵਾਲੇ ਦਾ ਉਭਾਰ) ਦੇ ਪੰਨਿਆਂ 41-61 ‘ਤੇ ਬਹੁਤ ਵਿਸਥਾਰ ਨਾਲ ਲਿਖਿਆ ਮਿਲਦਾ ਹੈ ਕਿ ਕਿਵੇਂ ਸੰਤ ਭਿੰਡਰਾਂਵਾਲੇ ਨੂੰ ਉਸੇ ਅਕਬਰ ਰੋਡ ਵਾਲੀ ਜੁੰਡਲੀ ਨੇ ਉਭਾਰਿਆ ਅਤੇ ਚੰਦੋ ਕਲਾਂ (ਹਰਿਆਣਾ), ਦਿੱਲੀ, ਮੁੰਬਈ ਆਦਿ ਥਾਵਾਂ ਤੋਂ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਪੁਲਿਸ ਤੋਂ ਬਚਾ ਕੇ ਪੂਰੀ ਹਿਫਾਜ਼ਤ ਨਾਲ ਕੱਢ ਕੇ ਹੀਰੋ ਬਣਾਇਆ। ਇਸ ਦੇ ਨਾਲ ਹੀ ਦਲ ਖਾਲਸਾ ਤੇ ਹੋਰ ਗਰਮ-ਖਿਆਲ ਧੜਿਆਂ ਰਾਹੀਂ ਹਿੰਸਾ ਨੂੰ ਉਤਸ਼ਾਹਿਤ ਕੀਤਾ ਗਿਆ। ਉਸ ਸਮੇਂ ਦੌਰਾਨ ਹੀ ਅਕਾਲੀਆਂ ਨੇ 1982 ਵਿਚ ਧਰਮ ਯੁੱਧ ਮੋਰਚਾ ਸ਼ੁਰੂ ਕਰ ਲਿਆ ਜਿਸ ਵਿਚ ਇੱਕ ਪਾਸੇ ਅਕਾਲੀਆਂ ਨਾਲ ਗੱਲਬਾਤ ਦਾ ਦੌਰ ਜਾਰੀ ਰੱਖਿਆ ਪਰ ਸਮਝੌਤਾ ਨਹੀਂ ਕੀਤਾ ਤਾਂ ਕਿ ਇਸ ਮਸਲੇ ਨੂੰ ਜਨਵਰੀ, 1985 ਦੀਆਂ ਵੋਟਾਂ ਤੱਕ ਲਮਕਾ ਕੇ ਸੱਤਾ ‘ਤੇ ਪੂਰੀ ਤਰ੍ਹਾਂ ਕਬਜ਼ੇ ਦਾ ਆਪਣਾ ਮਿਸ਼ਨ ਪੂਰਾ ਕੀਤਾ ਜਾ ਸਕੇ। ਇਸ ਦੌਰਾਨ ਭਿੰਡਰਾਂਵਾਲੇ ਦੇ ਹਥਿਆਰਬੰਦ ਖਾੜਕੂਆਂ ਰਾਹੀਂ ਅਕਾਲੀਆਂ ਤੇ ਧਰਮ ਯੁੱਧ ਮੋਰਚੇ ਦੀਆਂ ਸਾਰੀਆਂ ਮੰਗਾਂ ਮੰਨਵਾਏ ਬਿਨਾ ਕੋਈ ਵੀ ਸਮਝੌਤਾ ਨਾ ਕਰਨ ਲਈ ਮੌਤ ਦੀ ਤਲਵਾਰ ਵੀ ਲਟਕਾਈ ਹੋਈ ਸੀ। ਜੀ.ਬੀ.ਐਸ. ਸਿੱਧੂ, ਡਾ. ਸੰਗਤ ਸਿੰਘ, ਮਾਰਕ ਤੁਲੀ-ਸਤੀਸ਼ ਜੈਕਬ, ਗੁਰਦੇਵ ਸਿੰਘ ਗਰੇਵਾਲ ਆਦਿ ਲੇਖਕਾਂ ਦੀਆਂ ਕਿਤਾਬਾਂ ਅਨੁਸਾਰ ਇੱਕ ਤੀਜਾ ਫਰੰਟ ਵੀ ਸ਼ੁਰੂ ਕੀਤਾ ਗਿਆ ਸੀ ਜਿਸ ਵਿਚ ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਿਚ ਵੀ ਖਾਲਿਸਤਾਨ ਦੀਆਂ ਜੜ੍ਹਾਂ ਲਗਾਉਣ ਲਈ ਡਾ. ਜਗਜੀਤ ਸਿੰਘ ਚੌਹਾਨ, ਗੰਗਾ ਸਿੰਘ ਢਿੱਲੋਂ, ਬਲਬੀਰ ਸਿੰਘ ਸੰਧੂ, ਕੁਲਦੀਪ ਸਿੰਘ ਸੋਢੀ, ਜਸਵੰਤ ਸਿੰਘ ਠੇਕੇਦਾਰ ਆਦਿ ਵਰਗੇ ਕਈ ਵਿਅਕਤੀ ਵਿਦੇਸ਼ਾਂ ਵਿਚ ਖਾਲਿਸਤਾਨ ਦੇ ਮੁੱਦੇ ਨੂੰ ਉਭਾਰਨ ਲਈ ਲਗਾਏ ਗਏ। ਡਾ. ਸੰਗਤ ਸਿੰਘ ਦੀ ਕਿਤਾਬ ‘ਇਤਿਹਾਸ ‘ਚ ਸਿੱਖ` ਦੇ ਪੰਨਾ 405-406 ਅਨੁਸਾਰ ਖਾਲਿਸਤਾਨੀ ਲੀਡਰ ਜਗਜੀਤ ਸਿੰਘ ਚੌਹਾਨ 1977 ਵਿਚ ਵਿਦੇਸ਼ ਤੋਂ ਵਾਪਸ ਪੰਜਾਬ ਆ ਗਿਆ। ਕਾਂਗਰਸ ਉਸ ਵਕਤ ਤਖਤੋਂ ਲੱਥ ਚੁੱਕੀ ਸੀ। ਉਸ ਨੇ ਚੌਹਾਨ ਦੀ ਉਸੇ ਤਰ੍ਹਾਂ ਵਰਤੋਂ ਕਰਨੀ ਸ਼ੁਰੂ ਕੀਤੀ, ਜਿਵੇਂ 1970ਵਿਆਂ ਦੇ ਸ਼ੁਰੂ ਵਿਚ ਕੀਤੀ ਸੀ। ਉਸ ਨੇ ਗਿਆਨੀ ਜ਼ੈਲ ਸਿੰਘ ਨਾਲ ਨੇੜੇ ਦਾ ਸੰਪਰਕ ਬਣਾਇਆ ਹੋਇਆ ਸੀ ਅਤੇ 1980 ਦੀਆਂ ਚੋਣਾਂ ਤੋਂ ਪਹਿਲਾਂ ਉਹ ਕਈ ਵਾਰ ਇੰਦਰਾ ਗਾਂਧੀ ਨੂੰ ਵੀ ਮਿਲਦਾ ਰਿਹਾ। 1978-79 ਵਿਚ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੀ ਉਸ ਨੇ ਕਾਂਗਰਸ ਵਲੋਂ ਲਗਾਈ ਡਿਊਟੀ ਨਿਭਾਈ। ਇੰਦਰਾ ਗਾਂਧੀ ਦੇ ਜਨਵਰੀ, 1980 ਵਿਚ ਦੁਬਾਰਾ ਸੱਤਾ ਵਿਚ ਆਉਣ ਤੋਂ ਬਾਅਦ ਉਹ ਫਿਰ ਉਸ ਨੂੰ ਮਿਲਿਆ ਅਤੇ 12 ਅਪਰੈਲ, 1980 ਵਿਚ ਉਸ ਨੇ ਆਨੰਦਪੁਰ ਸਾਹਿਬ ਵਿਚ ‘ਖਾਲਿਸਤਾਨ ਦੀ ਕੌਮੀ ਕੌਂਸਲ` ਦਾ ਐਲਾਨ ਵੀ ਕੀਤਾ। ਉਸ ਨੇ ਆਪਣੇ ਆਪ ਨੂੰ ਕੌਂਸਲ ਦਾ ਪ੍ਰਧਾਨ ਅਤੇ ਬਲਬੀਰ ਸਿੰਘ ਸੰਧੂ ਨੂੰ ਜਨਰਲ ਸਕੱਤਰ ਐਲਾਨਿਆ। ਇਸ ਸਮੇਂ ਤੱਕ ਉਸ ਨੂੰ ਕਾਂਗਰਸ ਸਰਕਾਰ ਵਲੋਂ ਖੁੱਲ੍ਹਾ ਪੈਸਾ ਮਿਲਦਾ ਰਿਹਾ। ਮਈ, 1980 ਵਿਚ ਉਹ ਇੰਗਲੈਂਡ ਚਲਾ ਗਿਆ ਅਤੇ ਅਗਲੇ ਮਹੀਨੇ ਖਾਲਿਸਤਾਨ ਦਾ ਐਲਾਨ ਕਰਕੇ ਖਾਲਿਸਤਾਨ ਦੇ ਪਾਸਪੋਰਟ, ਟਿਕਟਾਂ, ਕਰੰਸੀ ਵੀ ਜਾਰੀ ਕੀਤੀ। 1979 ਵਿਚ ਗੰਗਾ ਸਿੰਘ ਢਿੱਲੋਂ ਭਾਰਤ ਆਇਆ ਤਾਂ ਦਲ ਖਾਲਸਾ ਦੇ ਗਜਿੰਦਰ ਸਿੰਘ ਨੇ ਕਰਨਾਲ ਕੋਲ ਗਿਆਨੀ ਜ਼ੈਲ ਸਿੰਘ ਨਾਲ ਉਸ ਦੀ ਮੁਲਾਕਾਤ ਦਾ ਪ੍ਰਬੰਧ ਕੀਤਾ। ਫਿਰ 1981 ਵਿਚ ਚੀਫ ਖਾਲਸਾ ਦੀਵਾਨ ਵਲੋਂ ਚੰਡੀਗੜ੍ਹ ਵਿਚ ਗੰਗਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ‘ਸਿੱਖ ਐਜੂਕੇਸ਼ਨਲ ਕਾਨਫਰੰਸ` ਕਰਾਈ ਗਈ ਜਿਸ ਵਿਚ ਢਿੱਲੋਂ ਨੇ ‘ਸਿੱਖ ਇੱਕ ਵੱਖਰੀ ਕੌਮ` ਦਾ ਮਤਾ ਪੇਸ਼ ਕੀਤਾ ਤੇ ਬਾਅਦ ਵਿਚ ਕਾਨਫਰੰਸ ਵਲੋਂ ਸਿੱਖ ਕੌਮ ਨੂੰ ਯੂ.ਐਨ. ਵਿਚ ‘ਫਲਸਤੀਨ ਲਿਬਰੇਸ਼ਨ ਆਰਗਨਾਈਜ਼ੇਸ਼ਨ` ਵਾਂਗ ਮਾਨਤਾ ਦੇਣ ਦਾ ਮਤਾ ਵੀ ਪਾਸ ਕੀਤਾ। ਦਲ ਖਾਲਸਾ ਵਲੋਂ ਇਸ ਦਾ ਜ਼ੋਰ-ਸ਼ੋਰ ਨਾਲ ਸਵਾਗਤ ਕੀਤਾ ਗਿਆ। ਡਾ. ਸੰਗਤ ਸਿੰਘ ਦੀ ਕਿਤਾਬ ਅਨੁਸਾਰ ਉਸ ਵਕਤ ਗਿਆਨੀ ਜ਼ੈਲ ਸਿੰਘ ਖਾਲਿਸਤਾਨ ਲਹਿਰ ਰੂਪੀ ‘ਚੱਕਰਵਿਊ` ਸਿਰਜਣ ਵਿਚ ਚੰਗੀ ਤਰ੍ਹਾਂ ਸਫਲ ਹੋ ਰਿਹਾ ਸੀ।
(ਚੱਲਦਾ)