ਸਿਆਸਤ ਅਤੇ ਸਫਬੰਦੀ

ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਨੇ ਪਾਰਟੀ ਆਗੂਆਂ ਅਤੇ ਕਾਰਕੁਨਾਂ ਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ। ਪਾਰਟੀ ਆਗੂ ਦਾਅਵੇ ਕਰ ਰਹੇ ਕਿ ਪੰਜਾਬ ਵਿਧਾਨ ਸਭਾ ਦੇ ਨਤੀਜੇ ਵੀ ਇਸੇ ਤਰ੍ਹਾਂ ਦੇ ਹੋਣਗੇ ਅਤੇ ਚੰਡੀਗੜ੍ਹ ਵਾਲੀ ਜਿੱਤ ਪੰਜਾਬ ਵਿਚ ਵੀ ਦੁਹਰਾਈ ਜਾਵੇਗੀ। ਚੰਡੀਗੜ੍ਹ ਨਗਰ ਨਿਗਮ ‘ਤੇ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਸੀ ਪਰ 35 ਮੈਂਬਰੀ ਸਦਨ ਵਿਚ ਇਹ ਪਾਰਟੀ 12 ਸੀਟਾਂ ਹੀ ਹਾਸਲ ਕਰ ਸਕੀ ਹੈ। ਆਮ ਆਦਮੀ ਪਾਰਟੀ ਨੂੰ 14 ਸੀਟਾਂ ਮਿਲੀਆਂ ਹਨ ਜਦਕਿ ਕਾਂਗਰਸ ਸਿਰਫ 8 ਸੀਟਾਂ ‘ਤੇ ਸਿਮਟ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਕ ਸੀਟ ‘ਤੇ ਜਿੱਤ ਦਰਜ ਕੀਤੀ ਹੈ।

ਸਦਨ ਵਿਚ ਬਹੁਮਤ ਲਈ ਆਮ ਆਦਮੀ ਪਾਰਟੀ ਨੂੰ 4 ਸੀਟਾਂ ਹੋਰ ਚਾਹੀਦੀਆਂ ਸਨ ਜਦਕਿ ਭਾਰਤੀ ਜਨਤਾ ਪਾਰਟੀ ਨੂੰ 6 ਸੀਟਾਂ ਦੀ ਲੋੜ ਹੈ। ਇਸ ਗਿਣਤੀ-ਮਿਣਤੀ ਵਿਚ ਗੋਆ ਵਿਧਾਨ ਸਭਾ ਚੋਣਾਂ ਵਾਲਾ ਤੱਥ ਵੀ ਉਭਰ ਆਇਆ ਹੈ। ਉਥੇ ਭਾਰਤੀ ਜਨਤਾ ਪਾਰਟੀ ਨੂੰ ਭਾਵੇਂ ਬਹੁਮਤ ਨਹੀਂ ਸੀ ਮਿਲਿਆ ਪਰ ਹੁਣ ਉਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਇਸ ਪਾਰਟੀ ਨੇ ਉਥੇ ਅੰਤਾਂ ਦੇ ਜੋੜ-ਤੋੜ ਨਾਲ ਸਰਕਾਰ ਕਾਇਮ ਕਰ ਲਈ ਸੀ। ਹੁਣ ਸਵਾਲਾਂ ਦਾ ਸਵਾਲ ਇਹੀ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਨਗਰ ਨਿਗਮ ਵਿਚ ਵੀ ਗੋਆ ਵਰਗੇ ਜੋੜ-ਤੋੜ ਵਾਲੇ ਰਾਹ ਪੈ ਜਾਵੇਗੀ?
ਬਿਨਾਂ ਸ਼ੱਕ, ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿਚ ਜਿੱਤ ਨੇ ਆਮ ਆਦਮੀ ਪਾਰਟੀ ਅੰਦਰ ਉਤਸ਼ਾਹ ਭਰਿਆ ਹੈ ਪਰ ਪੰਜਾਬ ਵਿਧਾਨ ਸਭਾ ਚੋਣਾਂ, ਚੰਡੀਗੜ੍ਹ ਨਗਰ ਨਿਗਮ ਜਿੰਨੀਆਂ ਸਰਲ ਨਹੀਂ। ਪੰਜਾਬ ਵਿਚ ਹੁਣ ਤੱਕ ਆਮ ਆਦਮੀ ਪਾਰਟੀ ਨੂੰ ਜਿਹੜੀ ਮਾਰ ਪੈਂਦੀ ਰਹੀ ਹੈ, ਉਹ ਇਸ ਦਾ ਜਥੇਬੰਦਕ ਤਾਣਾ-ਬਾਣਾ ਮਜ਼ਬੂਤ ਨਾ ਹੋਣਾ ਹੈ। ਅਸਲ ਵਿਚ, ਇਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਵਿਚ ਆਪਣਾ ਢਾਂਚਾ ਮਜ਼ਬੂਤ ਕਰਨ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਹੈ। ਹੁਣ ਵੀ ਇਸ ਪਾਰਟੀ ਦੀ ਸਾਰੀ ਚੋਣ ਮੁਹਿੰਮ ਦਿੱਲੀ ਦੇ ਲੀਡਰਾਂ, ਖਾਸਕਰ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਹੀਂ ਹੀ ਚਲਾਈ ਜਾ ਰਹੀ ਹੈ। ਸਾਰੇ ਐਲਾਨ ਅਤੇ ਦਾਅਵੇ-ਵਾਅਦੇ ਉਸ ਵੱਲੋਂ ਹੀ ਕੀਤੇ ਜਾ ਰਹੇ ਹਨ। ਪਾਰਟੀ ਅਜੇ ਤੱਕ ਪੰਜਾਬ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵੀ ਐਲਾਨ ਨਹੀਂ ਸਕੀ ਹੈ। ਇਸ ਮਸਲੇ ‘ਤੇ ਦਿੱਲੀ ਦੀ ਲੀਡਰਸ਼ਿਪ ਅਤੇ ਪੰਜਾਬ ਦੇ ਆਗੂਆਂ ਵਿਚਕਾਰ ਤਾਲਮੇਲ ਦੀ ਘਾਟ ਉਂਜ ਹੀ ਸਾਫ ਨਜ਼ਰ ਆ ਰਹੀ ਹੈ। ਇਸ ਦੇ ਬਾਵਜੂਦ ਇਹ ਪਾਰਟੀ ਪੰਜਾਬ ਅੰਦਰ ਅਗਲੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ। ਪਿਛਲੀ ਵਾਰ 2017 ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਪਾਰਟੀ ਨੇ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਸਨ ਪਰ ਕੱਚੀ ਸਿਆਸਤ ਕਾਰਨ ਇਹ ਪਾਰਟੀ ਸਿਰਫ 20 ਸੀਟਾਂ ਤੱਕ ਸਿਮਟ ਗਈ ਸੀ। ਉਦੋਂ ਇਸ ਪਾਰਟੀ ਦੇ ਹੱਕ ਵਿਚ ਆਮ ਲੋਕਾਂ ਅੰਦਰ ਵਾਹਵਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਐਤਕੀਂ ਇਸ ਦੇ ਹੱਕ ਵਿਚ ਸਿਰਫ ਇਕ ਹੀ ਗੱਲ ਜਾ ਰਹੀ ਹੈ ਕਿ ਪੰਜਾਬ ਦੇ ਲੋਕ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀ ਤੋਂ ਬੁਰੀ ਤਰ੍ਹਾਂ ਅੱਕੇ ਪਏ ਹਨ, ਇਸੇ ਲਈ ਕਿਸੇ ਤੀਜੇ ਬਦਲ ਦੀ ਤਲਾਸ਼ ਵਿਚ ਹਨ ਅਤੇ ਤੀਜਾ ਬਦਲ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਕੋਈ ਫਿਲਹਾਲ ਨਜ਼ਰ ਨਹੀਂ ਆ ਰਿਹਾ। ਕਾਂਗਰਸ ਵੱਲੋਂ ਮੁੱਖ ਮੰਤਰੀ ਦੀ ਗੱਦੀ ਤੋਂ ਲਾਹੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵੱਖਰੀ ਪਾਰਟੀ ਬਣਾ ਕੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਗੱਠਜੋੜ ਤਾਂ ਬਣਾਇਆ ਹੈ ਪਰ ਇਸ ਗੱਠਜੋੜ ਨੂੰ ਅਜੇ ਤੱਕ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਹੈ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਕੁਝ ਜਥੇਬੰਦੀਆਂ ਕਿਸਾਨ ਸਮਾਜ ਮੋਰਚਾ ਬਣਾ ਕੇ ਚੋਣ ਮੈਦਾਨ ਵਿਚ ਨਿੱਤਰ ਪਈਆਂ ਹਨ। ਪਹਿਲਾਂ ਕਿਆਸ-ਆਰਾਈਆਂ ਸਨ ਕਿ ਇਹ ਕਿਸਾਨ ਮੰਚ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣਾਂ ਲੜੇਗਾ ਪਰ ਆਮ ਆਦਮੀ ਪਾਰਟੀ ਜਿਸ ਤੇਜ਼ੀ ਨਾਲ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ, ਉਸ ਤੋਂ ਇਨ੍ਹਾਂ ਦੋਹਾਂ ਧਿਰਾਂ ਵਿਚਕਾਰ ਕੋਈ ਤਾਲਮੇਲ ਬਣਨਾ ਫਿਲਹਾਲ ਮੁਸ਼ਕਿਲ ਹੀ ਜਾਪ ਰਿਹਾ ਹੈ। ਅਜੇ ਤਾਂ ਬਹੁਤੇ ਲੋਕ ਕਿਸਾਨ ਜਥੇਬੰਦੀਆਂ ਵੱਲੋਂ ਚੋਣ ਲੜਨ ਦੇ ਵੀ ਬਹੁਤਾ ਹੱਕ ਵਿਚ ਨਹੀਂ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਵੀ ਇਹੀ ਆਖਣਾ ਹੈ ਕਿ ਅਜੇ ਕਿਸਾਨਾਂ ਦੀਆਂ ਮੰਗਾਂ ਬਕਾਇਆ ਪਈਆਂ ਹਨ ਅਤੇ ਕਿਸਾਨ ਜਥੇਬੰਦੀਆਂ ਨੂੰ ਚੋਣਾਂ ਦੀ ਪੈ ਗਈ ਹੈ। ਜ਼ਾਹਿਰ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਦੇ ਚੋਣ ਲੜਨ ਦੇ ਫੈਸਲੇ ਨਾਲ ਕਿਸਾਨ ਏਕਤਾ ਅਤੇ ਸੰਘਰਸ਼ ਦੀ ਦਾਅ ‘ਤੇ ਲੱਗ ਗਏ ਹਨ। ਦੂਜੇ ਬੰਨੇ, ਚੋਣ ਲੜ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੱਕ ਵਿਚ ਨਿਤਰਨ ਵਾਲੇ ਆਖ ਰਹੇ ਹਨ ਕਿ ਰਵਾਇਤੀ ਪਾਰਟੀ ਨੂੰ ਅਜਿਹੇ ਮੰਚ ਰਾਹੀਂ ਹੀ ਵੰਗਾਰ ਦਿੱਤੀ ਜਾ ਸਕਦੀ ਹੈ। ਇਨ੍ਹਾਂ ਸਫਬੰਦੀਆਂ ਨਾਲ ਪੰਜਾਬ ਦਾ ਚੋਣ ਪਿੜ ਵਾਹਵਾ ਦਿਲਚਸਪ ਬਣ ਗਿਆ ਹੈ। ਇਸ ਸਮੁੱਚੇ ਪ੍ਰਸੰਗ ਵਿਚ ਭਾਰਤੀ ਜਨਤਾ ਪਾਰਟੀ ਦੀ ਚਰਚਾ ਜ਼ਰੂਰੀ ਹੈ। ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਇਹ ਪਾਰਟੀ ਪੰਜਾਬ ‘ਤੇ ਉਚੇਚਾ ਧਿਆਨ ਲਾ ਰਹੀ ਹੈ। ਵੱਖ-ਵੱਖ ਪਾਰਟੀਆਂ ਦੇ ਸਰਕਰਦਾ ਲੀਡਰ ਵੀ ਲਗਾਤਾਰ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਸਿਆਸੀ ਵਿਸ਼ਲੇਸ਼ਕ ਵੀ ਹੈਰਾਨ ਹਨ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਬਾਰੇ ਰਣਨੀਤੀ ਆਖਿਰਕਾਰ ਕੀ ਹੈ! ਇਹ ਤੱਥ ਸਭ ਦੇ ਸਾਹਮਣੇ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਜਿੰਨੀ ਵੱਡੀ ਚੁਣੌਤੀ ਪੰਜਾਬ ਵਿਚੋਂ ਮਿਲੀ ਹੈ, ਕਿਸੇ ਹੋਰ ਰਾਜ ਵਿਚੋਂ ਨਹੀਂ ਮਿਲੀ। ਇਸੇ ਲਈ ਇਹ ਪਾਰਟੀ ਪੰਜਾਬ ਵਿਚ ਹਰ ਹਾਲ ਆਪਣੀ ਤਕੜੀ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਵਿਚ ਹੈ। ਇਹ ਪਾਰਟੀ ਆਪਣੀ ਇਸ ਰਣਨੀਤੀ ਵਿਚ ਕਿੰਨੀ ਕੁ ਕਾਮਯਾਬ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਗੱਲ ਹੁਣ ਹੋਰ ਸਪਸ਼ਟ ਹੈ ਕਿ ਅਗਲੀਆਂ ਚੋਣਾਂ ਨਾਲ ਪੰਜਾਬ ਦੀ ਸਿਆਸਤ ਵਿਚ ਵੱਡੀਆਂ ਤਬਦੀਲੀਆਂ ਵਾਪਰਨ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।