ਆਖਰੀ ਲਾਹੌਰ ਦਰਬਾਰ: 29 ਮਾਰਚ 1949

ਐਸ. ਐਸ. ਛੀਨਾ
ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਵਿਚ ਬੜਾ ਉਚਾ ਮੁਕਾਮ ਹੈ। ਉਸ ਦਾ ਸਭ ਤੋਂ ਵੱਡਾ ਹਾਸਲ ਇਹ ਸੀ ਕਿ ਉਸ ਨੇ ਹਮਲਾਵਰ ਅਫਗਾਨ ਸ਼ਾਸਕ ਡੱਕ ਦਿੱਤੇ। ਉਸ ਤੋਂ ਪਹਿਲਾਂ ਅਫਗਾਨ ਸ਼ਾਸਕ ਪੰਜਾਬ ਵਿਚੋਂ ਲੰਘਦੇ ਸਭ ਕੁਝ ਲਤਾੜਦੇ ਜਾਂਦੇ ਸਨ। ਉਸ ਨੇ ਅਫਗਾਨ ਸ਼ਾਸਕਾਂ ਦੇ ਇਹ ਹਮਲੇ ਡੱਕੇ ਜਾਂ ਠੱਲ੍ਹੇ ਹੀ ਨਹੀਂ ਸਗੋਂ ਅਫਗਾਨਾਂ ਨੂੰ ਜੰਗ ਦੇ ਮੈਦਾਨ ਵਿਚ ਲਲਕਾਰਿਆ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਅਮਨ ਅਤੇ ਖੁਸ਼ਹਾਲੀ ਸੀ। ਉਦੋਂ ਲੋਕਾਂ ਦਾ ਮੁੱਖ ਕਿੱਤਾ ਖੇਤੀ ਸੀ, ਪੰਜਾਬ ਦੀ ਉਪਜਾਊ ਜ਼ਮੀਨ ਅਤੇ ਸਿੰਜਾਈ ਦੇ ਸਾਧਾਨਾਂ ਕਰਕੇ ਪੰਜਾਬ ਭਾਰਤ ਦਾ ਸਭ ਤੋਂ ਅਮੀਰ ਸੂਬਾ ਸੀ। ਬਹੁਤ ਸਾਰੇ ਮਾਮਲਿਆਂ ਵਿਚ ਮਹਾਰਾਜਾ ਰਣਜੀਤ ਸਿੰਘ ਦੂਰ-ਅੰਦੇਸ਼ ਬਹੁਤ ਸੀ ਪਰ ਆਪਣੇ ਆਖਰੀ ਦਿਨਾਂ ਦੌਰਾਨ ਬਿਮਾਰੀ ਦੇ ਹੱਲੇ ਤੋਂ ਪਿੱਛੋਂ ਉਹ ਆਪਣੇ ਮਗਰੋਂ ਰਾਜ ਪ੍ਰਬੰਧ ਚਲਾਉਣ ਦਾ ਕੋਈ ਪੁਖਤਾ ਪ੍ਰਬੰਧ ਨਾ ਕਰ ਸਕਿਆ। ਸਿੱਟੇ ਵਜੋਂ ਉਸ ਤੋਂ ਛੇਤੀ ਹੀ ਬਾਅਦ ਇੰਨਾ ਮਜ਼ਬੂਤ ਸ਼ਾਸਨ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਿਆ। ਅੰਗਰੇਜ਼ ਤਾਂ ਪਹਿਲਾਂ ਹੀ ਅਜਿਹੇ ਕਿਸੇ ਮੌਕੇ ਦੀ ਤਲਾਸ਼ ਵਿਚ ਸਨ। ਉਨ੍ਹਾਂ ਛੇਤੀ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਭਾਗ ਉਤੇ ਕਬਜ਼ਾ ਕਰ ਲਿਆ। ਡਾ. ਐਸ.ਐਸ. ਛੀਨਾ ਆਪਣੇ ਇਸ ਲੇਖ ਵਿਚ ਲਾਹੌਰ ਵਿਚ ਲੱਗੇ ਆਖਰੀ ਦਰਬਾਰ ਬਾਰੇ ਗੱਲ ਕੀਤੀ ਹੈ।
ਆਖਰੀ ਲਾਹੌਰ ਦਰਬਾਰ 29 ਮਾਰਚ 1849 ਦੀ ਸਵੇਰ ਨੂੰ 7 ਵਜੇ ਹੋਇਆ। ਮਹਾਰਾਜਾ ਦਲੀਪ ਸਿੰਘ ਦਰਬਾਰ ਵਿਚ ਆਇਆ ਅਤੇ ਉਹ ਆਪਣੇ ਬਾਪ ਦੇ ਤਖਤ ‘ਤੇ ਆਖਰੀ ਵਾਰ ਬੈਠਾ। ਕੌਂਸਲ ਦੇ ਹੋਰ ਮੈਂਬਰ ਵੀ ਦਰਬਾਰ ਵਿਚ ਆਏ। ਇਹ ਬੜਾ ਹੀ ਤਰਸਯੋਗ ਸੀਨ ਸੀ ਕਿਉਂਜੋ ਲਾਹੌਰ ਦਰਬਾਰ ਦੀ ਪੁਰਾਣੀ ਸ਼ਾਨ ਇਸ ਵਿਚ ਨਜ਼ਰ ਨਹੀਂ ਸੀ ਆ ਰਹੀ। ਦਰਬਾਰੀਆਂ ਨੇ ਕੀਮਤੀ ਗਹਿਣੇ ਅਤੇ ਚਮਕੀਲੇ ਪਹਿਰਾਵੇ ਨਹੀਂ ਸਨ ਪਾਏ ਹੋਏ। ਇਹ ਉਹ ਮੀਟਿੰਗ ਸੀ ਜਿਸ ਵਿਚ ਨਿਰਾਸ਼ਾ ਵਿਚ ਡੁੱਬੇ ਜਜ਼ਬਾਤ ਅਤੇ ਅਪ੍ਰਸੰਨਤਾ ਦੀਆਂ ਭਾਵਨਾਵਾਂ ਨੂੰ ਦੇਖਿਆ ਜਾ ਸਕਦਾ ਸੀ। ਮਿਸਟਰ ਇਲੀਅਟ ਅਤੇ ਹੈਨਰੀ ਲਾਰੈਂਸ ਦਰਬਾਰ ਵਿਚ ਆਏ। ਮਹਾਰਾਜਾ ਅਤੇ ਹੋਰ ਦਰਬਾਰੀ ਉਨ੍ਹਾਂ ਨੂੰ ਮਹਿਲ ਦੇ ਬਾਹਰਲੇ ਗੇਟ ‘ਤੇ ‘ਜੀ ਆਇਆਂ’ ਕਹਿਣ ਗਏ। ਮਹਾਰਾਜਾ ਤਖਤ ‘ਤੇ ਬੈਠਾ ਅਤੇ ਉਸ ਦੇ ਨਾਲ ਹੋਰ ਅੰਗਰੇਜ਼ ਅਧਿਕਾਰੀ ਬੈਠੇ। ਪੰਜਾਬ ਦੇ ਸਰਦਾਰ ਉਨ੍ਹਾਂ ਦੇ ਖੱਬੇ ਹੱਥ ਬੈਠੇ। ਦਰਬਾਰ ਵਿਚ ਡੂੰਘੀ ਚੁੱਪ ਛਾਈ ਹੋਈ ਸੀ। ਕੌਂਸਲ ਦੇ ਮੈਂਬਰਾਂ ਦੇ ਚਿਹਰਿਆਂ ਉੱਤੇ ਉਦਾਸ ਭਾਵਨਾਵਾਂ ਅਸਾਨੀ ਨਾਲ ਦੇਖੀਆਂ ਜਾ ਸਕਦੀਆਂ ਸਨ ਜਿਹੜੇ ਇਹ ਬਿਲਕੁਲ ਵੀ ਨਹੀਂ ਸਨ ਜਾਣਦੇ ਕਿ ਅਜੇ ਭਵਿਖ ਵਿਚ ਕੀ-ਕੀ ਹੋਣਾ ਹੈ। ਜਦੋਂ ਹਰ ਕੋਈ ਆਪੋ-ਆਪਣੀ ਸੀਟ ‘ਤੇ ਬੈਠ ਗਿਆ ਤਾਂ ਮਿਸਟਰ ਇਲੀਅਟ ਉਠ ਖੜ੍ਹਾ ਹੋਇਆ ਤਾਂ ਜੋ ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ ਦਾ ਜਾਰੀ ਕੀਤਾ ਐਲਾਨਨਾਮਾ ਪੜ੍ਹ ਸਕੇ।
ਇਸ ਐਲਾਨਨਾਮੇ ਵਿਚ ਇਹ ਦੱਸਿਆ ਗਿਆ ਸੀ ਕਿ ਪਹਿਲੀ ਐਂਗਲੋ-ਸਿੱਖ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਸਦਭਾਵਨਾ ਵਾਲੇ ਚੰਗੇ ਰਿਸ਼ਤੇ ਸਨ। ਅੰਗਰੇਜ਼ ਸਰਕਾਰ ਚਾਹੁੰਦੀ ਸੀ ਕਿ ਮਹਾਰਾਜਾ ਰਣਜੀਤ ਸਿਘ ਦੇ ਵਾਰਸਾਂ ਨਾਲ ਵੀ ਉਹੋ ਜਿਹੇ ਚੰਗੇ ਸੰਬੰਧ ਬਣੇ ਰਹਿੰਦੇ ਪਰ ਕੁਝ ਸਿੱਖ ਸਰਦਾਰ ਇਹ ਭੁੱਲ ਗਏ ਅਤੇ ਉਨ੍ਹਾਂ ਨੇ ਅੰਗਰੇਜ਼ਾਂ ਖਿਲਾਫ ਜੰਗ ਛੇੜ ਦਿੱਤੀ। ਉਹ ਜੰਗ ਸਤਲੁਜ ਦੇ ਦੂਸਰੇ ਕੰਢੇ ‘ਤੇ ਲੜੀ ਗਈ ਅਤੇ ਸਿੱਖ ਫੌਜਾਂ ਨੂੰ ਲਾਹੌਰ ਤੱਕ ਪਿੱਛੇ ਧੱਕ ਦਿੱਤਾ ਗਿਆ। ਤਦ ਮਹਾਰਾਜਾ ਨੇ ਅੰਗਰੇਜ਼ ਸਰਕਾਰ ਦੀ ਅਧੀਨਗੀ ਮੰਨ ਲਈ। ਲਾਹੌਰ ਦਾ ਰਾਜਾ ਬਹਾਲ ਰੱਖਿਆ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਫਿਰ ਤਖਤ ‘ਤੇ ਬਿਠਾਇਆ ਗਿਆ। ਦੋਵਾਂ ਸਰਕਾਰਾਂ ਵਿਚ ਸੁਲ੍ਹਾ ਹੋਈ। ਅੰਗਰੇਜ਼ ਸਰਕਾਰ ਨੇ ਮਹਾਰਾਜਾ ਦੀ ਸੁਰੱਖਿਆ ਲਈ ਫੌਜ ਭੇਜੀ ਅਤੇ ਪੈਸੇ ਨਾਲ ਵੀ ਉਸ ਦੀ ਮਦਦ ਕੀਤੀ ਗਈ। ਫੌਜ ਦੀ ਹਾਲਤ ਨੂੰ ਸੁਧਾਰਿਆ ਗਿਆ ਅਤੇ ਉਹ ਉਸ ਕਿਸੇ ਵੀ ਖੇਤਰ ਵਿਚ ਦਾਖਲ ਨਾ ਹੋਵੇ ਜਿਸ ਲਈ ਸਮਝੌਤਾ ਨਹੀਂ ਸੀ ਹੋਇਆ।…
… ਕੁਝ ਸਮੇਂ ਬਾਅਦ ਹੀ ਅਮਨ ਅਤੇ ਆਪਸੀ ਮਿਲਵਰਤਣ ਵਾਲਾ ਉਹ ਵਾਤਾਵਰਨ ਖਤਮ ਹੋ ਗਿਆ ਸੀ। ਅੰਗਰੇਜ਼ ਅਫਸਰਾਂ ਨਾਲ ਔਰਤਾਂ ਅਤੇ ਬੱਚਿਆਂ ਨੂੰ ਕੈਦੀ ਬਣਾ ਗਿਆ। ਕਈ ਅੰਗਰੇਜ਼ ਅਫਸਰ ਮਾਰੇ ਗਏ। ਇਸ ਦੇ ਬਾਵਜੂਦ ਲਾਹੌਰ ਦੀ ਸਰਕਾਰ ਨੇ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਦਿੱਤੀ। ਫੌਜ ਨੇ ਹੁਕਮ ਨਾ ਮੰਨਿਆ ਸਗੋਂ ਅੰਗਰੇਜ਼ਾਂ ਖਿਲਾਫ ਹਥਿਆਰ ਉਠਾ ਲਏ। ਅੰਗਰੇਜ਼ ਸਰਕਾਰ ਨੇ ਕਈ ਵਾਰ ਦੁਹਰਾਇਆ ਕਿ ਉਹ ਕਿਸੇ ਹੋਰ ਖੇਤਰ ‘ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ। ਅੰਗਰੇਜ਼ ਸਰਕਾਰ ਨੂੰ ਮਜਬੂਰ ਕੀਤਾ ਗਿਆ ਕਿ ਉਹ ਭਵਿੱਖ ਵਿਚ ਆਮ ਜਨਤਾ ਦੇ ਹਿੱਤਾਂ ਖਿਆਲ ਰੱਖਦੀ।
ਮਿਸਟਰ ਇਲੀਅਟ ਨੇ ਐਲਾਨਨਾਮਾ ਪੜ੍ਹਨਾ ਜਾਰੀ ਰੱਖਿਆ ਜਿਸ ਵਿਚ ਉਸ ਨੇ ਇਹ ਦੱਸਿਆ ਕਿ ਗਵਰਨਰ ਜਨਰਲ ਨੇ ਫੈਸਲਾ ਕੀਤਾ ਹੈ ਕਿ ਲਗਾਤਾਰ ਦੀ ਜੰਗ ਨੂੰ ਬੰਦ ਕੀਤਾ ਜਾਵੇ ਕਿਉਂ ਜੋ ਪਿਛਲੀ ਘਟਨਾ ਨੇ ਇਹ ਦਿਖਾ ਦਿੱਤਾ ਹੈ ਕਿ ਜਿੰਨਾ ਚਿਰ ਉਨ੍ਹਾਂ ਦੀ ਸੁਤੰਤਰ ਸਰਕਾਰ ਰਹੇਗੀ, ਉਹ ਜੰਗ ਕਰਨ ਤੋਂ ਨਹੀਂ ਝਿਜਕਣਗੇ। ਪਹਿਲੀ ਜੰਗ ਲਈ ਮਹਾਰਾਜਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਕਿਉਂ ਜੋ ਉਹ ਜੰਗ ਉਸ ਦੇ ਲੋਕਾਂ ਨੇ ਸ਼ੁਰੂ ਕੀਤੀ ਜਿਨ੍ਹਾਂ ਨੂੰ ਉਹ ਕਾਬੂ ਨਾ ਰੱਖ ਸਕਿਆ; ਇਸ ਦੀ ਸਜ਼ਾ ਵਜੋਂ ਚੰਗੇ ਪ੍ਰਾਂਤਾਂ ਨੂੰ ਉਸ ਕੋਲੋਂ ਲੈ ਲਿਆ ਗਿਆ। ਹੁਣ ਗਵਰਨਰ ਜਨਰਲ ਨੂੰ ਇਸ ਗੱਲ ਤੋਂ ਰੋਕਿਆ ਨਹੀਂ ਜਾ ਸਕਦਾ ਕਿ ਉਹ ਲਗਾਤਾਰ ਅਮਨ ਬਣਾਉਣ ਅਤੇ ਜਨਤਾ ਦੀ ਭਲਾਈ ਲਈ ਕੋਈ ਕਾਰਵਾਈ ਕਰੇ।
ਐਲਾਨਨਾਮਾ ਪੜ੍ਹਨ ਤੋਂ ਬਾਅਦ ਇਸ ਨੂੰ ਪਰਸ਼ੀਅਨ (ਫਾਰਸੀ) ਵਿਚ ਪੜ੍ਹਿਆ ਗਿਆ ਅਤੇ ਫਿਰ ਉਸ ਦੇ ਅਰਥਾਂ ਦਾ ਹਿੰਦੀ ਵਿਚ ਅਨੁਵਾਦ ਕੀਤਾ ਗਿਆ। ਜਦੋਂ ਇਲੀਅਟ ਉਹ ਐਲਾਨਨਾਮਾ ਪੜ੍ਹ ਰਿਹਾ ਸੀ ਤਾਂ ਮੀਟਿੰਗ ਵਿਚ ਬਿਲਕੁਲ ਚੁਪ-ਚਾਂ ਸੀ ਪਰ ਦੇਸੀ ਮੈਂਬਰਾਂ ਦੇ ਦਿਲਾਂ ਵਿਚ ਤੂਫਾਨ ਉਠ ਰਹੇ ਸਨ। ਉਂਜ, ਉਸ ਹਾਲਤ ਵਿਚ ਉਹ ਮਜਬੂਰ ਨਜ਼ਰ ਆ ਰਹੇ ਸਨ। ਫਿਰ ਵੀ ਦੀਵਾਨ ਦੀਨਾ ਨਾਥ ਉਠਿਆ, ਉਸ ਦੀਆਂ ਅੱਖਾਂ ਵਿਚੋਂ ਅਥਰੂ ਵਹਿ ਰਹੇ ਸਨ; ਉਸ ਨੇ ਕਿਹਾ ਕਿ ਅੰਗਰੇਜ਼ ਸਰਕਾਰ ਨੂੰ ਬਾਲਕ ਮਹਾਰਾਜਾ ‘ਤੇ ਰਹਿਮ ਕਰਨਾ ਚਾਹੀਦਾ ਹੈ ਪਰ ਇਲੀਅਟ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਫਰਾਖਦਿਲੀ ਅਤੇ ਰਹਿਮ ਦਾ ਵਕਤ ਗੁਜ਼ਰ ਚੁੱਕਾ ਹੈ। ਉਸ ਮੀਟਿੰਗ ਦੌਰਾਨ ਭਾਵੇਂ ਡੂੰਘੀ ਚੁੱਪ ਪਸਰੀ ਹੋਈ ਸੀ ਅਤੇ ਕਿਸੇ ਨੇ ਵੀ ਬੋਲਣ ਦਾ ਹੌਸਲਾ ਨਾ ਕੀਤਾ ਪਰ ਦੀਵਾਨ ਦੀਨਾ ਨਾਥ ਨੇ ਫਿਰ ਕਿਹਾ ਕਿ ਨਪੋਲੀਅਨ ਬੋਨਾਪਾਰਟ ਨੇ ਜਦੋਂ ਆਪਣਾ ਦੇਸ ਹਾਰਿਆ ਸੀ ਤਾਂ ਉਸ ਵੇਲੇ ਫਰਾਂਸ ਦੀ 30 ਕਰੋੜ ਫਰਾਂਕ ਸਾਲਾਨਾ ਆਮਦਨ ਸੀ ਪਰ ਉਹ ਉਸ ਦੇ ਅਸਲ ਵਾਰਸਾਂ ਨੂੰ ਦੇ ਦਿੱਤਾ ਗਿਆ। ਉਸ ਨੇ ਅੱਗੇ ਹੋਰ ਕਿਹਾ ਕਿ ਦੂਸਰੀ ਤਰਫ ਪੰਜਾਬ ਦੀ ਸਾਲਾਨਾ ਆਮਦਨ ਸਿਰਫ 3 ਕਰੋੜ ਰੁਪਏ ਹੈ, ਇਸ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਦੇ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਲਗਦਾ ਸੀ ਕਿ ਦੀਵਾਨ ਦੀਨਾ ਨਾਥ ਦੀ ਇਸ ਦਲੀਲ ‘ਤੇ ਇਲੀਅਟ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਬੜੇ ਸਖਤ ਲਫਜ਼ਾਂ ਵਿਚ ਚਿਤਾਵਨੀ ਦਿੱਤੀ ਕਿ ਆਪਣੀ ਜ਼ਬਾਨ ਬੰਦ ਰੱਖ, ਨਹੀਂ ਤਾਂ ਤੈਨੂੰ ਅੰਡੇਮਾਨ ਭੇਜ ਦਿੱਤਾ ਜਾਵੇਗਾ। ਇਸ ਤਰ੍ਹਾਂ ਦਾ ਸਖਤ ਅਤੇ ਰੁੱਖਾ ਜਵਾਬ ਜਿਹੜਾ ਦੀਵਾਨ ਦੀਨਾ ਨਾਥ ਨੂੰ ਮਿਲਿਆ, ਉਸ ਤੋਂ ਬਾਅਦ ਕਿਸੇ ਨੇ ਵੀ ਕੁਝ ਕਹਿਣ ਦੀ ਹਿੰਮਤ ਨਾ ਕੀਤੀ।
ਫਿਰ ਉਹ ਕਾਗਜ਼ ਰਾਜਾ ਤੇਜ ਸਿੰਘ ਨੂੰ ਦਿਤੇ ਗਏ। ਉਨ੍ਹਾਂ ਨੇ ਉਹ ਕਾਗਜ਼ ਮਹਾਰਾਜਾ ਦਲੀਪ ਸਿੰਘ ਦੇ ਹੱਥਾਂ ਵਿਚ ਫੜਾਏ ਜਿਨ੍ਹਾਂ ‘ਤੇ ਮਹਾਰਾਜਾ ਨੇ ਇਕਦਮ ਦਸਤਖਤ ਕਰ ਦਿਤੇ। ਜਿਸ ਤੇਜ਼ੀ ਨਾਲ ਮਹਾਰਾਜਾ ਨੇ ਉਨ੍ਹਾਂ ਕਾਗਜ਼ਾਂ ‘ਤੇ ਦਸਤਖਤ ਕੀਤੇ, ਉਸ ਤੋਂ ਲਗਦਾ ਸੀ ਕਿ ਉਸ ਨੂੰ ਪਹਿਲਾਂ ਹੀ ਇਹ ਚਿਤਾਵਨੀ ਦਿਤੀ ਗਈ ਸੀ ਕਿ ਜੇ ਉਸ ਨੇ ਉਨ੍ਹਾਂ ‘ਤੇ ਦਸਤਖਤ ਕਰਨ ਤੋਂ ਦੇਰੀ ਕੀਤੀ ਤਾਂ ਹੋਰ ਸ਼ਰਤਾਂ ਲਾਈਆਂ ਜਾ ਸਕਦੀਆਂ ਹਨ। ਬੱਚਾ ਹੋਣ ਕਰਕੇ ਉਹ ਨਹੀਂ ਸੀ ਸਮਝ ਰਿਹਾ ਕਿ ਇਹ ਦਸਤਖਤ ਕਰਕੇ ਉਹ ਪੰਜਾਬ ਦੇ ਤਖਤ ਨੂੰ ਛੱਡ ਰਿਹਾ ਹੈ ਅਤੇ ਖਾਲਸਾ ਰਾਜ ਖਤਮ ਹੋ ਰਿਹਾ ਹੈ ਪਰ ਉਸ ਹਾਲਤ ਵਿਚ ਉਸ ਕੋਲ ਹੋਰ ਕੋਈ ਬਦਲ ਵੀ ਨਹੀਂ ਸੀ। ਅੰਗਰੇਜ਼ ਸਰਕਾਰ ਨੇ ਪੰਜਾਬ ਵਰਗੇ ਵੱਡੇ ਦੇਸ ਉਤੇ ਕਬਜ਼ਾ ਕਰ ਲਿਆ ਜਿਥੇ ਮਹਾਰਾਜਾ ਰਣਜੀਤ ਸਿੰਘ ਦਾ 10 ਸਾਲ ਪਹਿਲਾਂ ਬੜਾ ਹਰਮਨ ਪਿਆਰਾ ਰਾਜ ਸੀ ਅਤੇ ਇਹ ਭਾਰਤੀ ਉਪ ਮਹਾਦੀਪ ਦਾ ਬਹੁਤ ਮਹੱਤਵਪੂਰਨ ਹਿੱਸਾ ਸੀ।
ਉਸ ਤੋਂ ਬਾਅਦ ਇਕ ਤਰਫ ਮਹਾਰਾਜਾ ਅਤੇ ਉਸ ਦੀ ਕੌਂਸਲ ਦੇ ਮੈਂਬਰਾਂ ਤੇ ਦੂਸਰੀ ਤਰਫ ਅੰਗਰੇਜ਼ਾਂ ਦੇ ਅਧਿਕਾਰੀਆਂ ਵਿਚਕਾਰ ਸੁਲ੍ਹਾਨਾਮੇ ‘ਤੇ ਦਸਤਖਤ ਹੋਏ। ਇਹ ਉਹ ਆਖਰੀ ਸੁਲ੍ਹਾਨਾਮਾ ਸੀ ਜਿਸ ਦੀਆਂ ਮੁੱਖ ਸ਼ਰਤਾਂ ਸਨ ਕਿ ਮਹਾਰਾਜਾ ਦਲੀਪ ਸਿੰਘ ਆਪਣੇ ਅਤੇ ਆਪਣੇ ਵਾਰਸਾਂ ਦੇ ਪੰਜਾਬ ਦੇ ਰਾਜ ਤੋਂ ਸਾਰੇ ਹੱਕ ਅਤੇ ਦਾਅਵੇ ਛੱਡ ਰਿਹਾ ਹੈ।
ਜੰਗ ਦੇ ਖਰਚਿਆਂ ਦੇ ਮੁਆਵਜ਼ੇ ਵਜੋਂ ਰਾਜ ਦੀ ਸਾਰੀ ਜਾਇਦਾਦ ਜਿਥੇ ਵੀ ਹੋਵੇ, ਅੰਗਰੇਜ਼ ਸਰਕਾਰ ਜ਼ਬਤ ਕਰ ਲਵੇਗੀ। ਕੋਹੇਨੂਰ ਹੀਰਾ ਮਹਾਰਾਜਾ ਵੱਲੋਂ ਇੰਗਲੈਂਡ ਦੀ ਮਲਿਕਾ ਨੂੰ ਦਿੱਤਾ ਜਾਵੇਗਾ। ਮਹਾਰਾਜਾ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਈਸਟ ਇੰਡੀਆ ਕੰਪਨੀ ਪੈਨਸ਼ਨ ਦੇਵੇਗੀ ਜਿਹੜੀ 4 ਲੱਖ ਰੁਪਏ ਤੋਂ ਘੱਟ ਨਹੀਂ ਅਤੇ 5 ਲੱਖ ਰੁਪਏ ਤੋਂ ਵਧ ਨਹੀਂ ਹੋਵੇਗੀ। ਮਹਾਰਾਜਾ ਦਾ ਸਤਿਕਾਰ ਬਣਿਆ ਰਹੇਗਾ ਅਤੇ ਉਸ ਕੋਲ ‘ਮਹਾਰਾਜਾ ਦਲੀਪ ਸਿੰਘ ਬਹਾਦਰ` ਦਾ ਖਿਤਾਬ ਰਹੇਗਾ। ਉਂਜ, ਇਸ ਦੇ ਨਾਲ ਹੀ ਹੋਰ ਸ਼ਰਤਾਂ ਵੀ ਲਾਈਆਂ ਗਈਆਂ ਕਿ ਜੇ ਉਹ ਅੰਗਰੇਜ਼ਾਂ ਦਾ ਵਫਾਦਾਰ ਰਹੇਗਾ ਤਾਂ ਉਹ ਸਾਰੀ ਉਮਰ ਆਪਣੀ ਪੈਨਸ਼ਨ ਲੈਂਦਾ ਰਹੇਗਾ ਅਤੇ ਉਸ ਜਗ੍ਹਾ ‘ਤੇ ਰਹੇ ਜਿਹੜਾ ਗਵਰਨਰ ਜਨਰਲ ਉਸ ਲਈ ਨਿਸ਼ਚਤ ਕਰੇ।
ਇਨ੍ਹਾਂ ਧਾਰਾਵਾਂ ਅਤੇ ਸ਼ਰਤਾਂ ‘ਤੇ ਲਾਰਡ ਡਲਹੌਜੀ, ਇਲੀਅਟ ਅਤੇ ਹੈਨਰੀ ਲਾਰੈਂਸ ਨੇ ਈਸਟ ਇੰਡੀਆ ਕੰਪਨੀ ਦੀ ਤਰਫ ਤੋਂ ਦਸਤਖਤ ਕੀਤੇ ਜਦੋਂ ਕਿ ਮਹਾਰਾਜਾ ਦਲੀਪ ਸਿੰਘ, ਰਾਜਾ ਤੇਜ ਸਿੰਘ, ਦੀਵਾਨ ਦੀਨਾ ਨਾਥ, ਨੂਰ-ਉਦ-ਦੀਨ ਅਤੇ ਭਾਈ ਨਿਧਾਨ ਸਿੰਘ ਨੇ ਲਾਹੌਰ ਦਰਬਾਰ ਦੀ ਤਰਫ ਤੋਂ ਦਸਖਤਤ ਕੀਤੇ। ਇਸ ਸੁਲ੍ਹਾਨਾਮੇ ‘ਤੇ 29 ਮਾਰਚ 1849 ਨੂੰ ਦਸਤਖਤ ਕੀਤੇ ਗਏ ਜਿਸ ਨਾਲ ਅੰਗਰੇਜ਼ ਆਖਰਕਾਰ ਪੰਜਾਬ ਦੇ ਹਾਕਮ ਬਣ ਗਏ ਅਤੇ ਲਾਹੌਰ ਦਰਬਾਰ ‘ਤੇ ਸਿੱਖਾਂ ਦਾ ਰਾਜ ਖਤਮ ਹੋ ਗਿਆ; ਸਿੱਖਾਂ ਦੇ ਝੰਡੇ ਨੂੰ ਲਾਹ ਦਿੱਤਾ ਗਿਆ। ਪੰਜਾਬ ਦੀ ਜਨਤਾ ਵਾਸਤੇ ਇਹ ਬੜਾ ਮੰਦਭਾਗਾ ਦਿਨ ਸੀ ਜਦੋਂ ਪੰਜਾਬ ਸੁਤੰਤਰ ਰਾਜ ਤੋਂ ਅੰਗਰੇਜ਼ਾਂ ਦਾ ਗੁਲਾਮ ਬਣ ਗਿਆ।
ਹੁਣ ਮਹਾਰਾਜਾ ਅਤੇ ਹੋਰ ਸਰਦਾਰਾਂ ਦੀ ਕਿਸਮਤ ਅੰਗਰੇਜ਼ਾਂ ਦੇ ਰਹਿਮ ‘ਤੇ ਨਿਰਭਰ ਸੀ ਅਤੇ ਉਹ ਕਿਸੇ ਵੀ ਸ਼ਰਤ ਨੂੰ ਮਨਵਾ ਸਕਦੇ ਸਨ ਜਿਹੜੀ ਉਨ੍ਹਾਂ ਨੂੰ ਠੀਕ ਲਗਦੀ ਹੋਵੇ। ਮਹਾਰਾਜਾ ਉਦੋਂ ਤਕ ਲਾਹੌਰ ਰਿਹਾ ਜਦੋਂ ਤਕ ਉਸ ਨੂੰ ਫਤਿਹਗੜ੍ਹ ਨਹੀਂ ਬਦਲਿਆ ਗਿਆ। ਉਹ 21 ਦਸੰਬਰ, 1849 ਨੂੰ ਫਤਿਹਗੜ੍ਹ ਵੱਲ ਚਲਿਆ। ਲਾਹੌਰ ਦੀ ਜਨਤਾ ਬਹੁਤ ਵੱਡੀ ਗਿਣਤੀ ਵਿਚ ਉਸ ਨੂੰ ਭਵਿੱਖ ਦੇ ਸਫਰ ਵੱਲ ਤੋਰਨ ਲਈ ਉਸ ਸਵੇਰ ਉਥੇ ਆਈ। ਉਨ੍ਹਾਂ ਸਾਰਿਆਂ ਦੀਆਂ ਅੱਖਾਂ ਵਿਚ ਹੰਝੂ ਸਨ ਅਤੇ ਮਨ ਵਿਚ ਦੱਬੇ ਹੋਏ ਬੇਅੰਤ ਜਜ਼ਬਾਤ ਸਨ।