ਵਰਤੋਂ ਕੰਪਿਊਟਰ ਦੀ

ਕਿਰਪਾਲ ਸਿੰਘ ਪੰਨੂੰ
ਫੋਨ: 365-994-8850,
ਡਾ. ਰਾਜਵਿੰਦਰ ਸਿੰਘ
ਫੋਨ: 94633-27683
ਪੰਜਾਬੀ ਸੰਸਾਰ ਵਿਚ ਕੰਪਿਊਟਰ ਦੀ ਵਰਤੋਂ ਦਿਨੋ-ਦਿਨ ਵਧ ਰਹੀ ਹੈ, ਜਿਸ ਦੀ ਨਾ ਕੋਈ ਚਰਮ ਸੀਮਾ ਹੈ ਅਤੇ ਨਾ ਹੀ ਕੋਈ ਅੰਤ। ਕੰਪਿਊਟਰ ਉੱਤੇ ਹੋਣ ਵਾਲ਼ੇ ਕਈ ਕੰਮ ਹੁਣ ਮੋਬਾਈਲ ਨੇ ਵੀ ਸੰਭਾਲ਼ ਲਏ ਹਨ। ਅੱਜ ਗੁਰਮੁਖੀ ਲਿੱਪੀ, ਜੋ ਕੰਪਿਊਟਰ ਅਤੇ ਮੋਬਾਈਲ ਦੋਹਾਂ ਉੱਤੇ ਲਿਖੀ ਜਾ ਸਕਦੀ ਹੈ, ਦੀ ਵਰਤੋਂ ਨੇ ਪੰਜਾਬੀ ਬੋਲੀ ਦੀਆਂ ਸੰਭਾਵਨਾਵਾਂ ਵੀ ਅਸੀਮ ਬਣਾ ਦਿੱਤੀਆਂ ਹਨ।

ਇਸ ਮੁੱਦੇ ਨੂੰ ਹੋਰ ਵਿਸਥਾਰ ਨਾ ਦਿੰਦੇ ਹੋਏ ਇਹੋ ਹੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਲੋੜ ਅਨੁਸਾਰ ਹਰ ਪੰਜਾਬੀ ਨੂੰ ਕੰਪਿਊਟਰ ਦੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ, ਜੋ ਉਸਨੂੰ ਸਦਾ ਸਹਾਈ ਹੋਵੇਗੀ। ਇਹ ਜਾਣਕਾਰੀ ਦੇਣ ਲਈ ਲੇਖਾਂ ਦੀ ਇਕ ਲੜੀ ਆਰੰਭ ਕੀਤੀ ਜਾ ਰਹੀ ਹੈ। ਆਸ ਹੈ ਕਿ ਇਹ ਪਾਠਕਾਂ ਲਈ ਲਾਹੇਵੰਦ ਰਹੇਗੀ।
ਭਾਗ ਪਹਿਲਾ ਕੰਪਿਊਟਰ ਚਲਾਉਣਾ
ਇਹ ਗ੍ਰੰਟੀ ਨਾਲ਼ ਕਿਹਾ ਜਾ ਸਕਦਾ ਹੈ ਕਿ ਕੰਪਿਊਟਰ ਸਿੱਖਣਾ ਬੱਚਿਆਂ ਦੀ ਖੇਡ ਹੈ। ਲੋੜ ਹੈ ਇਸ ਦਾ ਹਊਆ ਦੂਰ ਕਰਨ ਦੀ ਅਤੇ ਆਪਣੇ ਮਨ ਵਿਚ ਪ੍ਰਬਲ ਇੱਛਾ ਪੈਦਾ ਕਰਨ ਦੀ। ਮੈਂ ਆਪਣੇ ਅਨੁਭਵ ਤੋਂ ਕਹਿ ਸਕਦਾ ਹਾਂ ਕਿ 1000 ਵਿਚੋਂ 999 ਵਿਅਕਤੀ ਆਪਣੀ ਲੋੜ ਪੂਰੀ ਕਰ ਸਕਣ ਵਾਲ਼ਾ ਕੰਪਿਊਟਰ ਸੌਖਿਆਂ ਹੀ ਸਿੱਖ ਸਕਦੇ ਹਨ। ਸੋ, ਆਓ! ਅੱਗੇ ਵਧੀਏ ਤਾਂ ਕਿ ਸਮੇਂ ਨਾਲ਼ ਕਦਮ ਮੇਲ ਸਕੀਏ।
ਸਹੀ ਗੱਲ ਗੱਜ ਵੱਜ ਕੇ, ਆ ਜਾ ਕਹੀਏ ਹਾਣੀਆਂ।
ਕਿ ਹਾਣੀ ਸਮੇਂ ਦੇ ਹੀ ਬਣੇ, ਸਦਾ ਰਹੀਏ ਹਾਣੀਆਂ।
ਸਟਾਰਟ ਕਰਨਾ: ਕੰਪਿਊਟਰ ਸਟਾਰਟ ਕਰਨ ਲਈ ਉਸ ਉੱਤੇ ਇੱਕ ਔਨ ਬਟਨ ਬਣਿਆ ਹੁੰਦਾ ਹੈ। ਜਿਸ ਦਾ ਆਈਕਨ (ਚਿੰਨ੍ਹ ਤਸਵੀਰ 1) ਗੋਲ਼ ਚੱਕਰ ਵਿਚ ਡੰਡੀ ਹੁੰਦਾ ਹੈ। ਉਸ ਨੂੰ ਦਬਾਉਣ ਨਾਲ਼ ਕੰਪਿਊਟਰ ਨੂੰ ਬਿਜਲੀ ਦੀ ਸਪਲਾਈ ਆਰੰਭ ਹੋ ਜਾਂਦੀ ਹੈ ਅਤੇ ਬੰਦ ਪਿਆ ਕੰਪਿਊਟਰ ਸਤਰਕ ਹੋ ਜਾਂਦਾ ਹੈ, ਜਿਸ ਨਾਲ਼ ਔਨ ਲਾਈਟ ਵੀ ਜਗ ਪੈਂਦੀ ਹੈ। ਜੇ ਕੰਪਿਊਟਰ ਔਨ ਨਹੀਂ ਹੁੰਦਾ ਤਾਂ ਕੰਪਿਊਟਰ ਤੋਂ ਲੈ ਕੇ ਮੇਨ ਪਾਵਰ ਤਕ ਕੁਨੈਕਸ਼ਨ ਚੈੱਕ ਕਰ ਲਵੋ ਕਿ ਕਿਧਰੇ ਵਿਚਕਾਰ ਕੋਈ ਸਵਿੱਚ ਆਫ ਤਾਂ ਨਹੀਂ ਜਾਂ ਤੁਹਾਡਾ ਮੇਨ ਪਲੱਗ ਹੀ ਖਰਾਬ ਤਾਂ ਨਹੀਂ।
ਪਾਵਰ ਕੰਪਿਊਟਰ ਦੇ ਸਿਸਸਟਮ ਵਿਚ ਜਾਣ ਨਾਲ਼ ਪਹਿਲਾਂ ਕੰਪਿਊਟਰ ਦੀ ਹਾਰਡ ਡਿਸਕ ਸਟਾਰਟ ਕਰਨ ਦਾ ਕੰਮ ਕਰਦੀ ਹੈ, ਕੰਮ ਮੁਕਾ ਲੈਣ ਪਿੱਛੋਂ ਉਹ ਅਗਲੀ ਕਾਰਵਾਈ ਅਪਰੇਟਿੰਗ ਸਿਸਟਮ (ਵਿੰਡੋ) ਨੂੰ ਸੌਂਪ ਦਿੰਦੀ ਹੈ, ਜੋ ਆਪਣੀ ਲੋੜੀਂਦੀ ਤਿਆਰੀ ਕਰ ਕੇ ਤੁਹਾਤੋਂ ਪਾਸਵਰਡ (ਗੁਪਤ ਸ਼ਬਦ) ਪੁੱਛਦੀ ਹੈ। ਉੱਤਰ ਸਹੀ ਮਿਲ ਜਾਣ ਉੱਤੇ ਤੁਹਾਡੇ ਸਾਹਮਣੇ ‘ਡੈਸਕ ਟਾਪ’ ਖੋਲ੍ਹ ਦਿੰਦੀ ਹੈ। ਅੱਗੇ ਤੁਸੀਂ ਲੋੜੀਂਦੀ ਐਪਲੀਕੇਸ਼ਨ (ਐਪ) ਚਲਾ ਕੇ ਆਪਣਾ ਇੱਛਤ ਕੰਮ ਕਰ ਸਕਦੇ ਹੋ। ਯਾਦ ਰਹੇ ਪਾਵਰ ਆਨ ਕਰਨ ਤੋਂ ਲੈ ਕੇ ਪਾਸਵਰਡ ਪੁੱਛਣ ਤਕ ਕੰਪਿਊਟਰ ਜੋ ਕਾਰਵਾਈ ਕਰਦਾ ਹੈ, ਉਸ ਨੂੰ ਬੂਟ ਕਰਨਾ ਕਹਿੰਦੇ ਹਨ। ਇਹ ਕਾਰਵਾਈ ਕੰਪਿਊਟਰ ਦੀ ਸਮਰੱਥਾ ਅਤੇ ਸਪੀਡ ਅਨੁਸਾਰ ਵੱਖੋ-ਵੱਖਰਾ ਸਮਾਂ ਲੈਂਦੀ ਹੈ। ਇਸ ਸਮੇਂ ਕੰਪਿਊਟਰ ਨਾਲ਼ ਬੇਲੋੜੀ ਛੇੜਛਾੜ ਨਹੀਂ ਕਰਨੀ ਚਾਹੀਦੀ। ਧੀਰਜ ਰੱਖਣੀ ਚਾਹੀਦੀ ਹੈ। ਕਾਹਲ਼ੀ ਅੱਗੇ ਟੋਏ ਹੀ ਹੁੰਦੇ ਹਨ। ਕੰਪਿਊਟਰ ਸਟੱਕ ਹੋ ਸਕਦਾ ਹੈ। ਉਸ ਨੂੰ ਦੁਬਾਰਾ ਸਟਾਰਟ ਕਰਨਾ ਪੈ ਸਕਦਾ ਹੈ, ਜਿਸ ਨਾਲ਼ ਸਮਾਂ ਹੋਰ ਵੱਧ ਲੱਗੇਗਾ।
ਕੰਪਿਊਟਰ ਬੰਦ ਕਰਨਾ: ਯਾਦ ਰਹੇ ਕਿ ਜਿਸ ਬਟਨ ਨਾਲ਼ ਕੰਪਿਊਟਰ ਆਨ ਕੀਤਾ ਗਿਆ ਸੀ, ਉਸੇ ਬਟਨ ਨਾਲ਼ ਆਫ ਨਹੀਂ ਕੀਤਾ ਜਾਂਦਾ। ਇਸ ਨੂੰ ਬੰਦ ਕਰਨ ਦੀ ਹੋਰ ਅਤੇ ਸਹੀ ਵਿਧੀ ਹੈ। ਜੇ ਸਬੱਬ ਨਾਲ਼ ਸਾਰੀਆਂ ਸਹੀ ਵਿਧੀਆਂ ਵਰਤਣ ‘ਤੇ ਵੀ ਕੰਪਿਊਟਰ ਬੰਦ ਨਹੀਂ ਹੁੰਦਾ ਤਾਂ ਅਖੀਰਲੇ ਹਥਿਆਰ ਵਜੋਂ ਆਨ ਬਟਨ ਨੂੰ ਦੱਬ ਕੇ ਆਫ ਕਰਨਾ ਪੈਂਦਾ ਹੈ, ਜਿਸ ਦੀ ਸੰਭਾਵਨਾ ਕੰਪਿਊਟਰ ਸਟੱਕ ਹੋ ਜਾਣ ਉੱਤੇ ਕਦੇ-ਕਦੇ ਹੀ ਬਣਦੀ ਹੈ। ਇਹ ਵੀ ਯਾਦ ਰਹੇ ਕਿ ਕੰਪਿਊਟਰ ਬੰਦ ਕਰਨ ਤੋਂ ਪਹਿਲੋਂ ਇੱਕ-ਇੱਕ ਕਰ ਕੇ ਆਪਣੇ ਸਾਰੇ ਖੁੱਲ੍ਹੇ ਡਾਕੂਮੈਂਟ, ਫਾਈਲਾਂ, ਫੋਲਡਰ ਅਤੇ ਐਪਸ ਬੰਦ ਕਰ ਲੈਣੇ ਚਾਹੀਦੇ ਹਨ। ਮਾਨੀਟਰ ਨੂੰ ਡੈਸਕ ਟਾਪ ਦੀ ਸਥਿਤੀ ਵਿਚ ਲਿਜਾ ਕੇ ਹੀ ਕੰਪਿਊਟਰ ਨੂੰ ਬੰਦ ਕਰਨਾ ਚਾਹੀਦਾ ਹੈ। ਜੇ ਕਦੀ ਕੋਈ ਐਪ ਜਾਂ ਫਾਈਲ ਕਿਸੇ ਅਣਜਾਣੇ ਕਾਰਨ ਕਰਕੇ ਬੰਦ ਹੋਵੇ ਹੀ ਨਾ ਤਾਂ ਹੁਕਮੀਆ ਕਮਾਂਡ, ਥ੍ਰੀ ਫਿੰਗਰ ਸਲਿਊਟ (ਕੰਟਰੌਲ + ਆਲਟ + ਡੀਲੀਟ) ਦੇ ਕੇ ਬੰਦ ਕਰ ਦੇਣਾ ਚਾਹੀਦਾ ਹੈ।
ਕੰਪਿਊਟਰ ਬੰਦ ਕਰਨ ਦੀ ਵਿਧੀ: ਕੀਅ ਬੋਰਡ ਉੱਤੇ ਵਿੰਡੋ ਦੀ ਸ਼ਕਲ (ਤਸਵੀਰ 2) ਵਾਲ਼ੀ ਕੀਅ (ਇਹ ਕੀਅ ਕੀ ਬੋਰਡ ਉੱਤੇ ਤੁਹਾਡੇ ਖੱਬੇ ਪਾਸੇ ਕੰਟਰੋਲ ਅਤੇ ਆਲਟ ਕੀਆਂ ਦੇ ਵਿਚਕਾਰ ਹੈ) ਨੂੰ ਇੱਕ ਵੇਰ ਦਬਾਓ (ਦੱਬੀ ਨਹੀਂ ਰੱਖਣੀ) ਸੂਚਨਾ: ਇਹ ਕਮਾਂਡ ਬਟਨ ‘ਸਟਾਰਟ’ ਮਾਨੀਟਰ ਦੇ ਖੱਬੇ ਅਤੇ ਥੱਲੇ ਵੀ ਬਣਿਆ ਹੋਇਆ ਹੈ, ਇਸ ਨੂੰ ਵੀ ਮਾਊਸ ਨਾਲ਼ ਕਲਿੱਕ ਕੀਤਾ ਜਾ ਸਕਦਾ ਹੈ। ਮਾਨੀਟਰ ਉੱਤੇ ਕੁੱਝ ਕੁ ਕਮਾਂਡਾਂ ਉਜਾਗਰ ਹੋ ਜਾਣਗੀਆਂ। ਉਨ੍ਹਾਂ ਵਿਚੋਂ ਤੁਹਾਡੇ ਖੱਬੇ ਹੱਥ ਦੇ ਸਭ ਤੋਂ ਹੇਠਲੇ ਪਾਵਰ ਆਈਕਨ (ਤਸਵੀਰ 1) ਨੂੰ ਕਲਿੱਕ ਕਰੋ। ਤਿੰਨ ਕਮਾਂਡ ਆਈਕਨ, ‘ਸਲੀਪ, ਸ਼ਟਡਾਊਨ ਅਤੇ ਰੀਸਟਾਰਟ’ ਉਜਾਗਰ ਹੋ ਜਾਣਗੇ, ਉਨ੍ਹਾਂ ਵਿਚੋਂ ਸ਼ਟ ਡਾਊਨ ਨੂੰ ਕਲਿੱਕ ਕਰੋ। ਕੰਪਿਊਟਰ ਬੰਦ ਹੋ ਜਾਏਗਾ। ਯਾਦ ਰਹੇ ਇੱਥੋਂ ਕੰਪਿਊਟਰ ਨੂੰ ਸਲੀਪ ਅਤੇ ਰੀਸਟਾਰਟ ਵੀ ਕੀਤਾ ਜਾ ਸਕਦਾ ਹੈ।
ਕੰਪਿਊਟਰ ਉੱਤੇ ਕਾਰਜ ਕਰਨਾ: ਉੱਪਰ ਦੱਸੀ ਹੋਈ ਵਿਧੀ ਨਾਲ਼ ਕੰਪਿਊਟਰ ਨੂੰ ਸਟਾਰਟ ਕਰੋ। ਡੈੱਸਕਟਾਪ ਦੀ ਹਾਲਤ ਵਿਚ ਪਹੁੰਚਣ ਪਿੱਛੋਂ ਆਪਣੀ ਲੋੜ ਅਨੁਸਾਰ ਐਪ ਖੋਲੋ੍ਹ। ਜਾਣਕਾਰੀ ਲਈ ਇੱਥੇ ਬਹੁਤੀ ਵਰਤੋਂ ਵਾਲ਼ਾ ਮਾਈਕਰੋਸਾਫਟ ਵਰਡ ਖੋਲ੍ਹਿਆ ਜਾਏਗਾ। ਨਵਾਂ ਡਾਕੂਮੈਂਟ ਖੋਲ੍ਹਣ ਨਾਲ਼ ਸਾਹਮਣੇ ਆ ਗਏ ਖਾਲੀ ਪੇਪਰ ਉੱਤੇ ਤੁਸੀਂ ਆਪਣਾ ਕਾਰਜ ਕਰ ਸਕਦੇ ਹੋ।
ਕੁੱਝ ਕੁ ਸ਼ਬਦਾਂ ਦਾ ਵਿਸਥਾਰ: ਆਈਕਨ-ਕਮਾਂਡ ਨੂੰ ਦਰਸਾਉਂਦੀ ਹੋਈ ਮਾਨੀਟਰ ਉੱਤੇ ਨਿੱਕੀ ਜਿਹੀ ਤਸਵੀਰ। ਹਾਰਡ ਡਿਸਕ-ਕੰਪਿਊਟਰ ਦੇ ਢਾਂਚੇ ਅੰਦਰ ਪ੍ਰੋਗਰਾਮ ਕੀਤੀ ਹੋਈ ਇੱਕ ਮਹੱਤਵਪੂਰਨ ਡਿਸਕ ਜੋ ਕੰਪਿਊਟਰ ਨੂੰ ਚਲਾਉਣਾ ਅਰੰਭ ਕਰਦੀ ਹੈ। ਇਸ ਵਿਚ ਵਿਗਾੜ ਆ ਜਾਣ ਨਾਲ਼ ਕੰਪਿਊਟਰ ਸਟਾਰਟ ਨਹੀਂ ਹੁੰਦਾ। ਅਪਰੇਟਿੰਗ ਸਿਸਟਮ-ਇਸ ਦਾ ਛੋਟਾ ਨਾਮ ‘ਓਐੱਸ’ ਹੈ। ਮਾਈਕਰੋਸਾਫਟ ਕੰਪਨੀ ਇਸ ਨੂੰ ਵਿੰਡੋ ਕਹਿੰਦੀ ਹੈ। ਇਹ ਪ੍ਰੋਗਰਾਮ ਅੱਗੇ ਕਿਸੇ ਵੀ ਐਪਲੀਕੇਸ਼ਨ ਨੂੰ ਆਪਣਾ ਕੰਮ ਕਰਨ ਦੇ ਯੋਗ ਬਣਾਉਂਦਾ ਹੈ। ਜੋ ਇਸ ਤੋਂ ਬਗੈਰ ਸੰਭਵ ਨਹੀਂ ਹੈ। ਪਾਸ ਵਰਡ -ਇੱਕ ਗੁਪਤ ਸ਼ਬਦ ਜਿਸ ਰਾਹੀਂ ਕੰਪਿਊਟਰ ਆਪਣੇ ਮਾਲਕ ਨੂੰ ਪਛਾਣਦਾ ਹੈ। ਇਸ ਤੋਂ ਬਗੈਰ ਕੰਪਿਊਟਰ ਅੱਗੇ ਕੋਈ ਵੀ ਕੰਮ ਨਹੀਂ ਕਰਦਾ। ਇਹ ਕੇਵਲ ਅਰੰਭ ਵਿਚ ਇੱਕ ਵੇਰ ਪਾਉਣਾ ਹੁੰਦਾ ਹੈ। ਡੈਸਕ ਟਾਪ-ਤਿੰਨਾਂ ਚੀਜ਼ਾਂ ਦਾ ਇਹ ਸਾਂਝਾ ਨਾਮ ਹੈ।
1. ਪਰਸਨਲ ਕੰਪਿਊਟਰ (ਪੀ ਸੀ) ਨੂੰ, ਜੋ ਡੈਸਕ ਦੀ ਟਾਪ ਉੱਤੇ ਰੱਖਿਆ ਜਾ ਸਕੇ।
2. ਮਾਨੀਟਰ ਦੀ ਉਹ ਸਥਿਤੀ ਜਦੋਂ ਉਸ ਉੱਤੇ ਕੇਵਲ ਵਿੰਡੋ (ਅਪ੍ਰੇਟਿੰਗ ਸਿਸਟਮ) ਖੁੱਲ੍ਹੀ ਹੋਵੇ) ਅਤੇ ਕੋਈ ਵੀ ਐਪ ਦਿਖਾਈ ਨਾ ਦਿੰਦਾ ਹੋਵੇ।
3. ਡੈਸਕਟਾਪ ਦਾ ਆਈਕਨ। ਐਪਲੀਕੇਸ਼ਨ-ਕੀਤੇ ਜਾਣ ਵਾਲ਼ੇ ਕਾਰਜ ਲਈ ਢੁਕਵਾਂ ਪ੍ਰੋਗਰਾਮ। ਅਪਰੇਟਿੰਗ ਸਿਸਟਮ ਦੀ ਸਹਾਇਤਾ ਅਤੇ ਢੁਕਵੇਂ ਐਪਲੀਕੇਸ਼ਨ ਨਾਲ਼ ਹੀ ਆਪਣਾ ਕੰਮ ਸਿਰੇ ਚਾੜ੍ਹਿਆ ਜਾ ਸਕਦਾ ਹੈ। ਸਟੱਕ ਹੋਣਾ- ਜਦੋਂ ਕੰਪਿਊਟਰ ਸਾਡਾ ਹੁਕਮ ਮੰਨਣਾ ਬੰਦ ਕਰ ਦੇਵੇ। ਕੀਅ ਬੋਰਡ ਅਤੇ ਮਾਊਸ ਦੀ ਵਰਤੋਂ ਨਾ ਕੀਤੀ ਜਾ ਸਕਦੀ ਹੋਵੇ, ਉਸ ਹਾਲਤ ਨੂੰ ਸਟੱਕ ਹੋਣਾ ਕਹਿੰਦੇ ਹਨ। ਹੁਕਮੀਆ ਕਮਾਂਡ- ਫੋਰਸ ਕਮਾਂਡ ਦਾ ਅਨੁਵਾਦ।
(ਚਲਦਾ)