ਪੰਜਾਬ ਦੀ ਸਿਆਸਤ ਅਤੇ ਕੁਝ ਜ਼ਰੂਰੀ ਨੁਕਤੇ

ਗੁਰਬਚਨ ਸਿੰਘ
ਫੋਨ: +91-98156-98451
ਕਾਰਲ ਮਾਰਕਸ ਦਾ ਕਹਿਣਾ ਹੈ, ‘ਫਿਊਰਬਾਖ ਦੀ ਫਿਲਾਸਫੀ ਦੀ ਵਿਆਖਿਆ ਮੈਨੂੰ ਸਿਰਫ ਇਕ ਪੱਖ ਤੋਂ ਗਲਤ ਜਾਪਦੀ ਹੈ ਕਿ ਉਹ ਕੁਦਰਤ ਦਾ ਜ਼ਿਆਦਾ ਪਰ ਸਿਆਸਤ ਦਾ ਜ਼ਿਕਰ ਬਹੁਤ ਘੱਟ ਕਰਦਾ ਹੈ ਜਦੋਂਕਿ ਕੁਦਰਤ ਅਤੇ ਰਾਜਨੀਤੀ ਦੀ ਸਿਰਫ ਸਾਂਝ ਹੀ ਅਜੋਕੀ ਫਿਲਾਸਫੀ ਨੂੰ ਅਮਲ ਵਿਚ ਢਾਲ ਸਕਦੀ ਹੈ।’

ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ॥ (ਗੁਰੂ ਗ੍ਰੰਥ ਸਾਹਿਬ, ਪੰਨਾ 1054)
ਗੁਰਮਤਿ ਅਨੁਸਾਰ ਕੁਦਰਤੀ ਨੇਮਾਂ ਵਿਚ ਜੰਮਿਆ ਬੰਦਾ, ਕੁਦਰਤੀ ਨੇਮਾਂ ਵਿਚ ਰਹਿ ਕੇ ਹੀ ਸਾਰੀ ਜ਼ਿੰਦਗੀ ਜਿਊਂਦਾ ਹੈ; ਇਥੋਂ ਤਕ ਕਿ ਉਹ ਆਪਣਾ ਹਰ ਸਾਹ ਵੀ ਕੁਦਰਤੀ ਨੇਮਾਂ ਅਨੁਸਾਰ ਹੀ ਲੈਂਦਾ ਹੈ।
ਇਸ ਵੇਲੇ ਸੰਸਾਰ ਸਾਮਰਾਜੀ ਰਾਜ ਪ੍ਰਬੰਧ ਦੀ ਮੁਢਲੀ ਟੱਕਰ ਕੁਦਰਤ ਨਾਲ ਹੈ। ਕੁਦਰਤ ਮਨੁੱਖੀ ਸਮਾਜ ਨੂੰ ਆਪਣੇ ਨੇਮਾਂ (ਹੁਕਮੁ) ਅਨੁਸਾਰ ਚਲਾਉਣਾ ਚਾਹੁੰਦੀ ਹੈ, ਜਦੋਂ ਕਿ ਸਾਮਰਾਜੀ ਰਾਜ ਪ੍ਰਬੰਧ ਸਰਬ ਸ਼ਕਤੀਮਾਨ ਕੁਦਰਤ ਨੂੰ ਪੂੰਜੀ ਤੇ ਮੁਨਾਫੇ ਦੀ ਹਵਸ ਅਨੁਸਾਰ ਢਾਲਣਾ ਚਾਹੁੰਦਾ ਹੈ। ਆਪਣੀ ਜਨਮਦਾਤੀ ਕੁਦਰਤ ਨਾਲ ਦੁਸ਼ਮਣੀ ਪਾਲ ਰਹੇ ਇਸ ਰਾਜ ਪ੍ਰਬੰਧ ਦੀ ਤਬਾਹੀ ਅਟਲ ਹੈ।
ਵਾਤਾਵਰਨ ਦੀ ਹੋ ਰਹੀ ਤਬਾਹੀ ਅਤੇ ਫੈਲ ਰਹੀਆਂ ਭਿਆਨਕ ਬਿਮਾਰੀਆਂ ਦੇ ਰੂਪ ਵਿਚ ਕੁਦਰਤ ਵਾਰ-ਵਾਰ ਮਨੁੱਖ ਜਾਤੀ ਨੂੰ ਚੇਤਾਵਨੀ ਦੇ ਰਹੀ ਹੈ ਕਿ ਜਾਂ ਤਾਂ ਮੇਰੇ ਨੇਮਾਂ ਅਨੁਸਾਰ ਚੱਲ, ਤੇ ਜਾਂ ਫਿਰ ਵੱਡੀ ਭਾਰੀ ਤਬਾਹੀ ਲਈ ਤਿਆਰ ਹੋ। ਇਸ ਤਬਾਹੀ ਦੀਆਂ ਝਲਕਾਂ ਕਦੇ ਭਿਆਨਕ ਤੂਫਾਨਾਂ, ਕਦੇ ਬੇਮੌਸਮੀ ਮੀਂਹ, ਕਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਅਤੇ ਕਦੇ ਕਰੋਨਾ ਵਾਇਰਸ ਵਰਗੀ ਫੈਲ ਰਹੀ ਭਿਆਨਕ ਮਹਾਮਾਰੀ ਦੇ ਰੂਪ ਵਿਚ ਪ੍ਰਗਟ ਹੋ ਰਹੀਆਂ ਹਨ। ਦੁਨੀਆ ਭਰ ਵਿਚ ਹਵਾ, ਪਾਣੀ, ਮਿੱਟੀ ਤੇ ਮਨੁੱਖੀ ਖੁਰਾਕ ਦੇ ਜ਼ਹਿਰੀ ਹੋਣ ਅਤੇ ਮਨੁੱਖ ਦੇ ਮਨੋਰੋਗੀ ਬਣਨ ਦਾ ਇਹੀ ਕਾਰਨ ਹੈ। ਮਨੁੱਖੀ ਜ਼ਿੰਦਗੀ ਵਿਚ ਆ ਰਹੇ ਸਾਰੇ ਦੁੱਖਾਂ-ਕਲੇਸ਼ਾਂ ਨੂੰ ਇਹੀ ਟੱਕਰ ਜਨਮ ਦੇ ਰਹੀ ਹੈ।
ਦੂਜਾ ਮੁਖ ਟਕਰਾਅ ਨਿਘਰ ਰਹੇ ਅਮਰੀਕੀ ਸਾਮਰਾਜ ਅਤੇ ਚੜ੍ਹਤ ਵਿਚ ਆ ਰਹੇ ਚੀਨੀ ਸਮਾਜੀ ਸਾਮਰਾਜ ਵਿਚਕਾਰ ਹੈ। ਇਹ ਟਕਰਾਅ ਵੀ ਦੁਨੀਆ ਭਰ ਦੇ ਬਾਕੀ ਸਾਰੇ ਟਕਰਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹੀ ਟਕਰਾਅ ਅੱਜ ਭਾਰਤ-ਚੀਨ ਸੰਬੰਧਾਂ ਨੂੰ ਦਿਸ਼ਾ ਦੇ ਰਿਹਾ ਹੈ।
ਤੀਜਾ ਟਕਰਾਅ ਸਾਮਰਾਜੀ ਖਪਤਕਾਰੀ ਸਭਿਆਚਾਰ ਅਤੇ ਇਸਲਾਮ ਵਿਚਕਾਰ ਹੈ। ਸਾਮਰਾਜੀ ਖਪਤਕਾਰੀ ਸਭਿਆਚਾਰ ਦਾ ਵਿਰੋਧ ਭਾਵੇਂ ਸਾਰੇ ਧਰਮਾਂ ਨਾਲ ਹੈ ਪਰ ਮੌਜੂਦਾ ਦੌਰ ਵਿਚ ਇਸਲਾਮ ਇਸ ਟੱਕਰ ਵਿਚ ਮੁਖ ਰੋਲ ਨਿਭਾਅ ਰਿਹਾ ਹੈ।
ਚੌਥਾ ਟਕਰਾਅ ਸਾਮਰਾਜੀ ਪੂੰਜੀ ਅਤੇ ਕਿਰਤ ਵਿਚਕਾਰ ਹੈ। ਪੂੰਜੀ ਵਧ ਤੋਂ ਵਧ ਮੁਨਾਫਾ ਹੜੱਪਣਾ ਚਾਹੁੰਦੀ ਹੈ, ਜਦੋਂ ਕਿ ਕਿਰਤ, ਕਿਰਤੀ ਜਮਾਤ ਦੇ ਰੂਪ ਵਿਚ ਆਪਣੇ ਆਪ ਨੂੰ ਜਿਊਂਦੇ ਰੱਖਣ ਲਈ ਇਸ ਮੁਨਾਫੇ ਵਿਚੋਂ ਕੁਝ ਹਿਸਾ ਖੋਹਣ ਲਈ ਪੂਰਾ ਟਿੱਲ ਲਾ ਰਹੀ ਹੈ। ਅੱਡ-ਅੱਡ ਕੌਮੀ ਘੇਰਿਆਂ ਵਿਚ ਬੱਝੇ ਸਾਮਰਾਜੀ ਗੁੱਟ ਆਪਣੀ ਹੋਂਦ ਬਚਾਉਣ ਅਤੇ ਆਪਸੀ ਮੁਕਾਬਲੇ ਵਿਚ ਹੋਰ ਪਸਾਰੇ ਲਈ ਅਰਬਾਂ ਲੋਕਾਂ ਦੀ ਗਰੀਬੀ ਦੀ ਕੀਮਤ ਉਤੇ ਖਰਬਾਂ ਰੁਪਏ ਖਤਰਨਾਕ ਹਥਿਆਰਾਂ ਉਤੇ ਖਰਚ ਕਰ ਰਹੇ ਹਨ। ਅੱਜ ਮਨੁੱਖਤਾ ਤੀਜੀ ਸੰਸਾਰ ਸਾਮਰਾਜੀ ਜੰਗ ਦੇ ਕੰਢੇ ਉਤੇ ਖੜ੍ਹੀ ਹੈ।
ਦੁਨੀਆ ਭਰ ਵਿਚ ਮੌਜੂਦਾ ਲਿਬਰਲ (ਅਖੌਤੀ ਜਮਹੂਰੀ) ਰਾਜ ਬਹੁਗਿਣਤੀ ਲੋਕਾਂ ਦੀ ਨਫਰਤ ਦਾ ਪਾਤਰ ਬਣੇ ਹੋਏ ਹਨ। ਇਸੇ ਕਰ ਕੇ ਰਾਜਸੀ ਆਗੂਆਂ ਦੀ ਸਾਖ ਮਿੱਟੀ ਵਿਚ ਮਿਲੀ ਹੋਈ ਹੈ। ਅੱਜ ਦੁਨੀਆ ਭਰ ਦੀਆਂ ਸਮਸਿਆਵਾਂ ਦੀ ਜੜ੍ਹ ਮਲਿਕ ਭਾਗੋਆਂ ਦੇ ਰੂਪ ਵਿਚ ਛੋਟੀ ਜਿਹੀ ਗਿਣਤੀ ਦੇ ਸਾਮਰਾਜੀਆਂ ਵਲੋਂ ਸੰਸਾਰ ਭਰ ਦੇ ਪੈਦਾਵਾਰੀ ਅਤੇ ਕੁਦਰਤੀ ਸਾਧਨਾਂ ਉਤੇ ਧੱਕੇ ਨਾਲ ਕੀਤਾ ਕਬਜ਼ਾ ਹੈ। ਇਕ ਪਾਸੇ ਇਕ ਫੀਸਦੀ ਮਲਿਕ ਭਾਗੋ ਹਨ ਅਤੇ ਦੂਜੇ ਪਾਸੇ 99 ਫੀਸਦੀ ਭਾਈ ਲਾਲੋ ਹਨ। ਇਸ ਨਾਜਾਇਜ਼ ਤੇ ਗੈਰ-ਕੁਦਰਤੀ ਕਬਜ਼ੇ ਨੇ ਕੁਲ ਆਲਮੀ ਸਮਾਜਾਂ ਵਿਚ ਉਥਲ ਪੁਥਲ ਮਚਾ ਰਖੀ ਹੈ। ਦੁਨੀਆ ਭਰ ਦੇ ਮਨੁੱਖੀ ਸਮਾਜ ਅਜੀਬ ਕਿਸਮ ਦੇ ਡਰ ਅਤੇ ਅਸੁਰੱਖਿਆ ਦੇ ਅਣਕਿਆਸੇ ਮਾਹੌਲ ਵਿਚੋਂ ਗੁਜ਼ਰ ਰਹੇ ਹਨ।
ਇਹ ਸੰਤਾਪ ਹੰਢਾ ਰਹੇ ਬਹੁਗਿਣਤੀ ਲੋਕ ਨਾ ਸਿਰਫ ਸਰੀਰਕ ਤੌਰ ‘ਤੇ ਸਗੋਂ ਮਾਨਸਿਕ ਤੌਰ ‘ਤੇ ਵੀ ਰੋਗੀ ਬਣ ਰਹੇ ਹਨ। ਇਸ ਦਾ ਖਮਿਆਜ਼ਾ ਹਰ ਮਨੁਖ ਇਕਲਾਪੇ ਦੇ ਰੂਪ ਵਿਚ ਹੰਢਾ ਰਿਹਾ ਹੈ। ਮਲਿਕ ਭਾਗੋਆਂ ਦੇ ਇਸ ਸਾਮਰਾਜੀ ਪ੍ਰਬੰਧ ਨੇ ਕਦੇ ਨਾ ਸੁਣੀ ਦੇਖੀ ਆਰਥਿਕ ਨਾ-ਬਰਾਬਰੀ ਨੂੰ ਜਨਮ ਦਿਤਾ ਹੈ। ਇਕ ਪਾਸੇ ਅਰਬਾਂ ਲੋਕ ਭੁਖਮਰੀ ਤੇ ਗਰੀਬੀ ਦਾ ਸ਼ਿਕਾਰ ਹਨ, ਦੂਜੇ ਪਾਸੇ ਅੰਬਾਨੀ-ਅਡਾਨੀ ਵਰਗੇ ਚੰਦ ਲੋਕਾਂ ਕੋਲ ਖਰਬਾਂ ਰੁਪਏ ਦੀ ਦੌਲਤ ਜਮ੍ਹਾਂ ਹੋ ਗਈ ਹੈ। ਅੰਨੇ੍ਹ ਬੋਲੇ ਹੱਥਾਂ ਵਿਚ ਆਈ ਇਸ ਬੇਹਿਸਾਬੀ ਦੌਲਤ ਨੇ ਸਮੁੱਚੇ ਮਨੁੱਖੀ, ਸਮਾਜੀ, ਪਰਿਵਾਰਕ ਤੇ ਆਰਥਿਕ ਰਿਸ਼ਤਿਆਂ ਵਿਚ ਹਲਚਲ ਮਚਾ ਦਿਤੀ ਹੈ।
ਇਸ ਵਿਕਾਸ ਮਾਡਲ ਕਾਰਨ ਹੀ ਪੰਜਾਬ ਤੇ ਪੰਜਾਬ ਦਾ ਕਿਸਾਨ ਕਰਜ਼ਈ ਹੋਇਆ ਹੈ। ਪੰਜਾਬ ਦੀ ਹਵਾ-ਪਾਣੀ ਜ਼ਮੀਨ ਤੇ ਖੁਰਾਕ ਜ਼ਹਿਰੀਲੀ ਹੋਈ ਹੈ। ਪੰਜਾਬ ਦਾ ਕਿਸਾਨ ਆਤਮ-ਹਤਿਆਵਾਂ ਕਰ ਰਿਹਾ ਹੈ, ਨੌਜਵਾਨ ਅਣਕਿਆਸੇ ਨਸ਼ਿਆਂ ਦਾ ਸ਼ਿਕਾਰ ਹੋਇਆ ਹੈ। ਉਹ ਆਪਣੇ ਭਵਿਖ ਪ੍ਰਤੀ ਨਿਰਾਸ਼ ਹੈ ਜਿਸ ਦਾ ਹੱਲ ਉਹ ਪਰਵਾਸ ਵਿਚ ਦੇਖ ਰਿਹਾ ਹੈ। ਕਰਜ਼ਾ ਮੁਕਤ ਪੰਜਾਬ! ਕਰਜ਼ਾ ਮੁਕਤ ਕਿਸਾਨ! ਜ਼ਹਿਰ ਕੂੜਾ ਮੁਕਤ ਹਵਾ ਪਾਣੀ ਜ਼ਮੀਨ! ਜ਼ਹਿਰ ਮੁਕਤ ਖੁਰਾਕ! ਕਿਰਤ ਮੁਖੀ ਤੇ ਸਾਮਰਾਜੀ ਸਭਿਆਚਾਰ ਮੁਕਤ ਵਿਦਿਆ ਲਈ ਪੰਜਾਬ ਨੂੰ ਨਵੇਂ ਵਿਕਾਸ ਮਾਡਲ ਦੀ ਲੋੜ ਹੈ। ਇਸ ਵਿਕਾਸ ਮਾਡਲ ਦੇ ਚਿੰਨ੍ਹ ਗੁਰੂ ਨਾਨਕ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਕਰਤਾਰਪੁਰ ਵਿਖੇ ਰਹਿ ਕੇ ਉਭਾਰੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਸਿਧਾਂਤ ਨੂੰ ਅਮਲ ਵਿਚ ਢਾਲਣ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸੇ ਰਾਹ ਉਤੇ ਚਲਦਿਆਂ ‘ਬਾਦਸ਼ਾਹੀ’ ਨੂੰ ਨਕਾਰ ਕੇ ‘ਪਾਤਸ਼ਾਹੀ’ (ਰਾਜ ਕਰੇਗਾ ਖਾਲਸਾ) ਦੇ ਸੰਕਲਪ ਨੂੰ ਹੋਂਦ ਵਿਚ ਲਿਆਂਦਾ ਸੀ।
ਪੰਜਾਬ ਅੰਦਰ ਖਾਲਸਈ ਜੀਵਨ ਜੁਗਤ ਨੂੰ ਲਾਗੂ ਕਰਨ ਲਈ ਜ਼ਰੂਰੀ ਹੈ ਕਿ ਪੰਜਾਬ ਦੀ ਖੇਤੀ ਨੂੰ ਮਨੁੱਖ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦੇ ਸਾਧਨ ਵਜੋਂ ਵਿਕਸਿਤ ਕੀਤਾ ਜਾਵੇ। ਖੇਤੀ ਨੂੰ ਸਾਮਰਾਜੀ ਧਨਾਢਾਂ ਅਤੇ ਵਪਾਰੀਆਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਇਆ ਜਾਵੇ। ਪਿੰਡ-ਨੁਮਾ ਕਸਬਿਆਂ ਨੂੰ ਸਾਰੀਆਂ ਸਹੂਲਤਾਂ ਦੇਣ ਵਾਲਾ ਰਾਜ ਪ੍ਰਬੰਧ ਸਿਰਜਿਆ ਜਾਵੇ। ਲੋਕਾਂ ਦੀ ਹਿਜਰਤ ਪਿੰਡਾਂ ਤੋਂ ਸ਼ਹਿਰਾਂ ਵੱਲ ਧੱਕਣ ਦੀ ਥਾਂ ਇਸ ਨੂੰ ਸ਼ਹਿਰਾਂ ਤੋਂ ਪਿੰਡਾਂ ਵਲ ਮੋੜਾ ਪਾਉਣ ਵਾਸਤੇ ਉਤਸ਼ਾਹਿਤ ਕੀਤਾ ਜਾਏ। ਜ਼ਮੀਨ, ਪਾਣੀ, ਜੰਗਲ, ਬੀਜ ਅਤੇ ਖੇਤੀ ਆਧਾਰਿਤ ਸਾਮੂਹਿਕ ਗਿਆਨ ਤੇ ਸਾਧਨ ਲੋਕਾਂ ਦੀ ਸਾਂਝੀ ਮਲਕੀਅਤ ਹੋਣ। ਜ਼ਹਿਰ ਮੁਕਤ ਵੰਨ-ਸਵੰਨੇ ਲੋੜੀਂਦੇ ਖੁਰਾਕੀ ਪਦਾਰਥ ਵੱਡੀ ਮਿਕਦਾਰ ਵਿਚ ਪੈਦਾ ਕਰਨ ਵਾਸਤੇ ਖੇਤੀ ਨੂੰ ਯੋਜਨਾਬਧ ਢੰਗ ਤੇ ਕੁਦਰਤ ਨਾਲ ਇਕਸੁਰਤਾ ਵਿਚ ਵਿਕਸਿਤ ਕੀਤਾ ਜਾਵੇ।
ਇਸ ਕੁਦਰਤੀ ਮਾਹੌਲ ਵਿਚ ਬੱਚਿਆਂ ਨੂੰ ਕਿਰਤ ਮੁਖੀ ਅਤੇ ਸਾਮਰਾਜੀ ਸਭਿਆਚਾਰ ਤੋਂ ਮੁਕਤ ਵਿਦਿਆ ਦੇਣੀ ਸੌਖੀ ਹੋਵੇਗੀ। ਉਨ੍ਹਾਂ ਦੇ ਮਨਾਂ ਵਿਚ ਪੈਦਾ ਹੁੰਦੇ ਸ਼ੰਕਿਆਂ ਅਤੇ ਸੁਆਲਾਂ ਦਾ ਜੁਆਬ ਦਿੱਤਾ ਜਾ ਸਕੇਗਾ। ਮਨ ਵਿਚ ਪੈਦਾ ਹੁੰਦੇ ਸ਼ੰਕੇ ਡਰ ਪੈਦਾ ਕਰਦੇ ਹਨ ਜਦੋਂ ਕਿ ਮਨ ਵਿਚ ਪੈਦਾ ਹੁੰਦੇ ਸੁਆਲ ਬੱਚੇ ਦੀ ਜਗਿਆਸਾ ਭਾਵ ਖੋਜੀ ਬਿਰਤੀ ਨੂੰ ਵਿਕਸਿਤ ਕਰਦੇ ਹਨ। ਅਜੋਕੀਆਂ ਵਿਦਿਅਕ ਸੰਸਥਾਵਾਂ ਬੱਚਿਆਂ ਦੀ ਕੁਦਰਤੀ ਜਗਿਆਸਾ ਨੂੰ ਵਧਾਉਣ ਦੀ ਥਾਂ ਉਸ ਨੂੰ ਮਾਰਦੀਆਂ ਹਨ।
ਘੋਰ ਨਿਰਾਸ਼ਾ ਤੇ ਬਦਜ਼ਨੀ ਦਾ ਸ਼ਿਕਾਰ ਕਰੋੜਾਂ ਬੇਰੁਜ਼ਗਾਰ ਨੌਜਵਾਨ ਬੱਚੇ-ਬੱਚੀਆਂ ਪੇਂਡੂ ਜ਼ਿੰਦਗੀ ਵਿਚ ਜਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨਗੇ। ਆਪਣੇ ਸਮੁੱਚੇ ਦਿਨ ਦੇ ਮਹਿਜ਼ ਦੋ-ਤਿੰਨ ਘੰਟੇ ਖਰਚ ਕੇ ਸਮੂਹਿਕ ਕਾਰ ਸੇਵਾ ਰਾਹੀਂ ਖੇਤੀ ਕਰਿਆ ਕਰਨਗੇ ਅਤੇ ਆਪਣੇ ਮਾਨਸਿਕ ਤੇ ਆਤਮਿਕ ਵਿਕਾਸ ਲਈ ਬਾਕੀ ਦਾ ਸਾਰਾ ਸਮਾਂ ਇਨ੍ਹਾਂ ਕੋਲ ਵਿਹਲਾ ਹੋਵੇਗਾ। ਬੱਚੇ ਅਤੇ ਬਜ਼ੁਰਗ ਇਸ ਖੇਤੀ ਦੀ ਰਾਖੀ ਅਤੇ ਲੋੜੀਂਦੇ ਪਸੂਆਂ ਦੀ ਸੰਭਾਲ ਕਰਨਗੇ। ਹੱਥੀਂ ਕਿਰਤ ਨੂੰ ਸੌਖੇਰਿਆਂ ਕਰਨ ਲਈ ਬਣੀਆਂ ਕੁਦਰਤੀ ਚੌਗਿਰਦੇ ਨਾਲ ਇਕਸੁਰ ਮਸ਼ੀਨਾਂ ਦੀ ਵਰਤੋਂ ਨਾਲ ਖੇਤੀ ਕਰਦਿਆਂ ਹੋਇਆਂ ਆਪਣੇ ਜੋਗਾ ਲੋੜੀਂਦਾ ਅਨਾਜ, ਵੰਨ-ਸਵੰਨੀਆਂ ਸਬਜ਼ੀਆਂ ਅਤੇ ਫਲ ਪੈਦਾ ਕਰਨਗੇ। ਬੇਹਿਸਾਬਾ ਪੈਸਾ ਅਤੇ ਸਮਾਂ ਖਰਚ ਕੇ ਜਿੰਮਾਂ ਵਿਚ ਜਾਣ ਵਾਲੇ ਨੌਜਵਾਨ ਕੁਦਰਤੀ ਚੌਗਿਰਦੇ ਦਾ ਅਨੰਦ ਮਾਣਦਿਆਂ ਹੋਇਆਂ ਆਪਣੇ ਸਰੀਰਾਂ ਦੀ ਤੰਦਰੁਸਤੀ ਨੂੰ ਨਾ ਸਿਰਫ ਬਰਕਰਾਰ ਰੱਖਣਗੇ ਸਗੋਂ ਨਰੋਈ ਸੋਚ ਅਤੇ ਚਿੰਤਨਸ਼ੀਲ ਮਨਾਂ ਨਾਲ ਇਨ੍ਹਾਂ ਸਰੀਰਾਂ ਦੀ ਕੁਦਰਤੀ ਖੂਬਸੂਰਤੀ ਨੂੰ ਹੋਰ ਵਧਾਉਣ ਦੇ ਯੋਗ ਹੋਣਗੇ। ਮਾਰਕਸ ਦਾ ਕਮਿਊਨਿਸਟ ਸਮਾਜ ਅਤੇ ਗੁਰਮਤਿ ਦਾ ਬੇਗਮਪੁਰਾ ਇਸੇ ਤਰਜ਼ ਦੇ ਭਾਈਚਾਰੇ ਦਾ ਸੰਕਲਪ ਹੈ।