ਖਿਡਾਰੀਆਂ ਦਾ ਮਸੀਹਾ ਰਾਜਦੀਪ ਸਿੰਘ ਗਿੱਲ

ਪ੍ਰਿੰ. ਸਰਵਣ ਸਿੰਘ
ਰਾਜਦੀਪ ਸਿੰਘ ਗਿੱਲ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਵਜੋਂ ਘੱਟ, ਖੇਡਾਂ ਤੇ ਖਿਡਾਰੀਆਂ ਦੇ ਮਸੀਹੇ ਵਜੋਂ ਵੱਧ ਜਾਣਿਆ ਜਾਂਦੈ। ਉਹ ਸਾਲਾਂਬੱਧੀ ਖੇਡਾਂ ਤੇ ਖਿਡਾਰੀਆਂ ਦਾ ਰਹਿਬਰ ਰਿਹਾ। ਉਸ ਨੇ ਇਕ ਹਜ਼ਾਰ ਤੋਂ ਵੱਧ ਖਿਡਾਰੀ ਪੰਜਾਬ ਪੁਲਿਸ ਵਿਚ ਭਰਤੀ ਕੀਤੇ/ਕਰਵਾਏ, ਜੋ ਉਸ ਨੂੰ ਆਪਣਾ ਇਸ਼ਟ ਮੰਨਦੇ ਹਨ। ਪੰਜਾਬ ਪੁਲਿਸ ਦਾ ਸਭ ਤੋਂ ਵੱਡਾ ਅਫ਼ਸਰ ਹੋਣ ਦੇ ਬਾਵਜੂਦ ਉਹ ਬੜਾ ਨਿਮਰ ਤੇ ਮਿਲਾਪੜਾ ਇਨਸਾਨ ਹੈ।

ਅਫ਼ਸਰੀ ਦਾ ਰੋਅਬ ਦਾਬ ਪਾਉਣ ਦੀ ਥਾਂ ਖਿਡਾਰੀਆਂ ਨੂੰ ਮੋਹ ਨਾਲ ਮਿਲਦਾ ਰਿਹਾ ਤੇ ਉਨ੍ਹਾਂ ਦੇ ਕੰਮ ਆ ਕੇ ਖੁਸ਼ ਹੁੰਦਾ ਰਿਹੈ। ਉਸ ਨੇ ਬਤੌਰ ਖੇਡ ਪ੍ਰਬੰਧਕ 12 ਅੰਤਰਰਾਸ਼ਟਰੀ ਟੂਰਨਾਮੈਂਟ/ਚੈਂਪੀਅਨਸਿ਼ਪਾਂ, 23 ਨੈਸ਼ਨਲ ਚੈਂਪੀਅਨਸਿ਼ਪਾਂ ਤੇ ਡੇਢ ਸੌ ਤੋਂ ਵੱਧ ਸੂਬਾਈ ਪੱਧਰ ਦੇ ਟੂਰਨਾਮੈਂਟ ਕਾਮਯਾਬੀ ਨਾਲ ਕਰਵਾਏ। ਉਸ ਨੇ ਦਰਜਨ ਦੇ ਕਰੀਬ ਮੁਲਕ ਘੁੰਮੇ, ਕਿਲੇ ਤੇ ਅਜਾਇਬ ਘਰ ਵੇਖੇ, ਪਹਾੜੀ ਹਾਈਕਿੰਗ ਟ੍ਰੈਕਿੰਗ ਕੀਤੀ, ਜੰਗਲੀ ਜੀਵਨ ਵੇਖਿਆ ਤੇ ਫੋਟੋਗ੍ਰਾਫੀ ਕਰਨ ਨਾਲ ਕਲਾ ਤੇ ਸੰਗੀਤ ਨੂੰ ਮਾਣਿਆ। ਉਹ ਖੇਡ ਸਾਹਿਤ ਦਾ ਵੀ ਸਿਰਜਕ ਤੇ ਸ਼ੌਕੀ ਹੈ। ਉਸ ਦੀ ਲਾਇਬ੍ਰੇਰੀ ਵਿਸ਼ਵ ਭਰ ਦੀਆਂ ਖੇਡ ਪੁਸਤਕਾਂ ਨਾਲ ਮਾਲਾਮਾਲ ਹੈ, ਜੋ ਖੇਡ ਖੋਜੀਆਂ ਲਈ ਅਨਮੋਲ ਖ਼ਜ਼ਾਨਾ ਹੈ।
ਡੀਜੀਪੀ ਦੇ ਅਹੁਦੇ ਤੋਂ ਰਿਟਾਇਰ ਹੋਣ ਪਿੱਛੋਂ ਉਸ ਦਾ ਪੱਕਾ ਟਿਕਾਣਾ ਫੂਲਕੀਆ ਐਨਕਲੇਵ, ਪਟਿਆਲਾ ਵਿਚ ਹੈ। ਦੋਵੇਂ ਪੁੱਤਰ ਸੋਹੇਲ ਸਿੰਘ ਤੇ ਸਦੀਵ ਸਿੰਘ ਆਪਣੇ ਕੰਮਾਂ ਕਾਰਾਂ `ਤੇ ਹਨ। ਉਹ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਤੇ ਭਾਰਤੀ ਬਾਸਕਟਬਾਲ ਫੈਡਰੇਸ਼ਨ ਦਾ ਪ੍ਰਧਾਨ ਰਿਹਾ ਅਤੇ ਘੋੜਸਵਾਰੀ ਸੰਘ ਨਾਲ ਵੀ ਜੁੜਿਆ ਆ ਰਿਹੈ। ਉਹ ਭਾਰਤ ਦੀਆਂ ਕੌਮੀ ਖੇਡਾਂ ਵਿਚ ਪੰਜਾਬ ਰਾਜ ਦੇ ਖਿਡਾਰੀ ਦਲਾਂ ਦਾ ਚੀਫ ਡੀ ਮਿਸ਼ਨ ਬਣ ਕੇ ਜਾਂਦਾ ਰਿਹਾ ਤੇ ਪੰਜਾਬ ਨੂੰ ਚੈਂਪੀਅਨਸਿ਼ਪਾਂ ਜਿਤਾਉਂਦਾ ਰਿਹੈ। ਪੰਜਾਬ ਦੇ ਖੇਡ ਖੇਤਰ ਵਿਚ ਉਸ ਦਾ ਯੋਗਦਾਨ ਅਦੁੱਤੀ ਹੈ। ਅੱਜ-ਕੱਲ੍ਹ ਉਹ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਹੈ। ਪੰਜਾਬ ਓਲੰਪਿਕ ਭਵਨ ਵਿਚ ਹਾਲ ਆਫ਼ ਫੇਮ ਨੂੰ ਸਿ਼ੰਗਾਰਨ ਦੀਆਂ ਉਚੇਚੀਆਂ ਵਿਉਂਤਾਂ ਬਣਾ ਰਿਹੈ। ਖ਼ੁਦ ਖਿਡਾਰੀ ਰਿਹਾ, ਖੇਡ ਪ੍ਰੇਮੀ, ਖੇਡ ਮਾਹਿਰ, ਖੇਡ ਪ੍ਰਮੋਟਰ, ਖੇਡ ਪ੍ਰਬੰਧਕ, ਖੇਡ ਲੇਖਕ, ਗੱਲ ਕੀ ਖੇਡਾਂ ਦਾ ਐਨਸਾਈਕਲੋਪੀਡੀਆ ਹੈ। ਉਸ ਨੇ ਹੋਰਨਾਂ ਪੁਸਤਕਾਂ ਤੋਂ ਇਲਾਵਾ, ਪੰਜਾਬ ਪੁਲਿਸ ਦੇ ਖਿਡਾਰੀਆਂ ਦੇ ਇਤਿਹਾਸ ਦਾ ਬੜਾ ਸੁੰਦਰ ਖੇਡ ਗ੍ਰੰਥ ਛਪਵਾਇਆ ਹੈ, ਜਿਸ ਦਾ ਨਾਂ ਹੈ ‘ਗ੍ਰਿਟ ਐਂਡ ਗਲੋਰੀ’। 550 ਪੰਨਿਆਂ ਦੇ ਮੋਮੀ ਕਾਗਜ਼ ਤੇ ਸੁੰਦਰ ਜਿਲਦ ਵਾਲੇ ਇਸ ਗ੍ਰੰਥ ਦਾ ਵਜ਼ਨ ਤਿੰਨ ਕਿੱਲੋ ਤੋਂ ਵੱਧ ਹੈ, ਜੋ ਲਾਇਬ੍ਰੇਰੀਆਂ ਦਾ ਸਿ਼ੰਗਾਰ ਹੈ। ਉਸ ਦਾ ਕਹਿਣਾ ਹੈ ਕਿ ਇਸ ਦਾ ਪੰਜਾਬੀ ਰੂਪ ਵੀ ਛੇਤੀ ਛਪੇਗਾ।
ਉਸ ਨੇ ਇਹ ਖੇਡ ਗ੍ਰੰਥ ਆਪਣੇ ਮਰਹੂਮ ਪਿਤਾ ਸ. ਨਛੱਤਰ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਕੀਤਾ ਹੈ, ਜਿਨ੍ਹਾਂ ਨੇ ਬਚਪਨ ਤੋਂ ਹੀ ਆਪਣੇ ਪੁੱਤਰਾਂ ਨੂੰ ਖੇਡਾਂ ਦੀ ਚੇਟਕ ਲਾਈ। ਉਸ ਦੀ ਪਹਿਲੀ ਛਾਪ ਨਵੰਬਰ 2002 ਵਿਚ ਛਪੀ ਸੀ, ਜਿਸ ਨੂੰ ਫੂਲਕੀਆਂ ਪ੍ਰੈੱਸ ਪ੍ਰਾਈਵੇਟ ਲਿਮਟਿਡ ਨੇ ਛਾਪਿਆ। ਵਿਸੇ਼ਸ਼ ਸੰਦੇਸ਼ ਉੱਘੇ ਖੇਡ ਪ੍ਰਮੋਟਰ ਅਸ਼ਵਨੀ ਕੁਮਾਰ, ਮੈਂਬਰ ਕਾਰਜਕਾਰੀ ਬੋਰਡ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਲਿਖਿਆ। ਸ਼ੁਭ ਸੰਦੇਸ਼ ਦੇਣ ਵਾਲੇ ਹਨ, ਸਰਬ ਸ੍ਰੀ ਜੇ.ਐਫ. ਰਿਬੀਰੋ, ਕੇ.ਪੀ.ਐੱਸ. ਗਿੱਲ, ਪੀ.ਸੀ. ਡੋਗਰਾ, ਸਰਬਜੀਤ ਸਿੰਘ, ਮਹਿਲ ਸਿੰਘ ਭੁੱਲਰ ਤੇ ਕੇ.ਪੀ. ਸਿੰਘ।
ਰਾਜਦੀਪ ਸਿੰਘ ਗਿੱਲ ਨੇ ਭੂਮਿਕਾ ਵਿਚ ਦੱਸਿਆ, `1976 ਵਿਚ ਜਦੋਂ ਮੈਂ ਪੰਜਾਬ ਪੁਲਿਸ ਦੀਆਂ ਖੇਡਾਂ ਨਾਲ ਜੁੜਿਆ ਤਾਂ ਪੁਲਿਸ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਦੇ ਬਾਵਜੂਦ ਉਨ੍ਹਾਂ ਦਾ ਕੋਈ ਇਤਿਹਾਸਕ ਦਸਤਾਵੇਜ਼ ਨਹੀਂ ਸੀ। 18 ਸਾਲ ਪੁਲਿਸ ਦੇ ਖੇਡ ਪ੍ਰਬੰਧ ਨਾਲ ਜੁੜੇ ਰਹਿਣ ਪਿੱਛੋਂ ਮੈਂ ਥਾਂ ਪਰ ਥਾਂ ਖਿੱਲਰਿਆ ਸਾਰਾ ਪੁਰਾਣਾ ਰਿਕਾਰਡ `ਕੱਠਾ ਕੀਤਾ ਤੇ ਅੱਠ ਸਾਲ ਦੀ ਮਿਹਨਤ ਨਾਲ ਮੁਕੰਮਲ ਕਰ ਕੇ 2002 ਵਿਚ ਪੁਸਤਕ ਰੂਪ ਵਿਚ ਛਪਵਾਇਆ। ਇਸ ਦੌਰਾਨ 1947 ਤੋਂ ਪਹਿਲਾਂ ਦੇ ਸਹੀ ਰਿਕਾਰਡ ਨੂੰ ਕਲਮਬੱਧ ਕਰਨ ਵਿਚ ਕਾਫੀ ਕਠਿਨਾਈ ਆਈ। ਪੁਰਾਣੇ ਅਖ਼ਬਾਰ ਫੋਲੇ ਗਏ ਤੇ ਲਾਇਬ੍ਰੇਰੀਆਂ ਛਾਣੀਆਂ ਗਈਆਂ। ਮੇਰੇ ਦੋ ਸਹਾਇਕ ਲਖਬੀਰ ਸਿੰਘ ਤੇ ਇੰਦਰਵੀਰ ਸ਼ਰਮਾ ਬੜੇ ਕੰਮ ਆਏ। 1925 ਤੋਂ 31 ਮਾਰਚ, 2001 ਤਕ ਹੋਈਆਂ ਆਲ ਇੰਡੀਆ ਪੁਲਿਸ ਗੇਮਜ਼, ਨੈਸ਼ਨਲ ਗੇਮਜ਼, ਸੈਫ਼ ਗੇਮਜ਼, ਵਰਲਡ ਪੁਲਿਸ ਗੇਮਜ਼, ਏਸ਼ੀਅਨ ਚੈਂਪੀਅਨਸਿ਼ਪਸ/ਕੱਪ, ਏਸ਼ੀਅਨ ਗੇਮਜ਼, ਕਾਮਨਵੈਲਥ ਚੈਂਪੀਅਨਸਿ਼ਪਸ, ਕਾਮਨਵੈਲਥ ਗੇਮਜ਼, ਵਰਲਡ ਚੈਂਪੀਅਨਸਿ਼ਪਸ/ਕੱਪ ਅਤੇ ਓਲੰਪਿਕ ਗੇਮਜ਼ ਦੇ ਰਿਕਾਰਡ ਹੰਘਾਲੇ ਗਏ। ਉੱਦਮੀ ਤੇ ਸਿਰੜੀ ਸਮਝੇ ਜਾਂਦੇ ਆਮ ਪੰਜਾਬੀਆਂ ਵਾਂਗ ਪੰਜਾਬ ਪੁਲਿਸ ਦੇ ਖਿਡਾਰੀ ਵੀ ਖੇਡ ਮੈਦਾਨਾਂ ਦੇ ਸਾਹਸੀ ਤੇ ਸ਼ਾਨਾਮੱਤੇ ਜੁਝਾਰੂ ਰਹੇ, ਇਸ ਲਈ ਪੁਸਤਕ ਦਾ ਪੂਰਾ ਨਾਂ ਹੀ ‘ਗ੍ਰਿਟ ਐਂਡ ਗਲੋਰੀ, ਦਿ ਮੈਗਨੀਫੀਸ਼ੈਂਟ ਪ੍ਰਫਾਰਮੈਂਸ ਆਫ਼ ਦਾ ਪੰਜਾਬ ਪੁਲੀਸ ਇਨ ਸਪੋਰਟਸ 1925-2001’ ਰੱਖ ਦਿੱਤਾ। ਨਿੱਕਾ ਨਾਂ ‘ਪੰਜਾਬ ਪੁਲਿਸ ਸਪੋਰਟਸ’ ਹੈ। ਪੁਸਤਕ ਦੇ ਦਸ ਚੈਪਟਰ ਹਨ, ਸੰਦੇਸ਼, ਭੂਮਿਕਾ, ਮਾਨ ਸਨਮਾਨ, ਰਿਕਾਰਡਜ਼, ਪ੍ਰਾਪਤੀਆਂ, ਬੈੱਸਟ ਖਿਡਾਰੀ, ਬਾਕੀ ਖਿਡਾਰੀ, ਤਸਵੀਰਾਂ, ਪੁਸਤਕ ਸੂਚੀ ਤੇ ਧੰਨਵਾਦੀ ਸ਼ਬਦ।`
ਰਾਜਦੀਪ ਸਿੰਘ ਗਿੱਲ ਦਾ ਜਨਮ 22 ਫਰਵਰੀ, 1950 ਨੂੰ ਸ. ਨਛੱਤਰ ਸਿੰਘ ਗਿੱਲ ਤੇ ਮਾਤਾ ਗੁਰਦੀਪ ਕੌਰ ਦੇ ਘਰ ਮੋਗਾ ਵਿਚ ਹੋਇਆ। ਗਿੱਲ ਪਰਿਵਾਰ ਮੋਗਾ ਦਾ ਮਾਣ ਕਿਹਾ ਜਾਂਦਾ ਹੈ। ਰਾਜਦੀਪ ਸਿੰਘ ਦਾ ਪੜਦਾਦਾ ਸ. ਖੇਮ ਸਿੰਘ ਅਤੇ ਦਾਦਾ ਸ. ਉਜਾਗਰ ਸਿੰਘ ਪਹਿਲਵਾਨੀ ਦਾ ਸ਼ੌਕ ਰੱਖਦੇ ਸਨ। ਉਹ ਪਹਿਲਵਾਨਾਂ ਨੂੰ ਮੋਗੇ ਸੱਦਦੇ ਤੇ ਦੰਗਲ ਕਰਵਾਉਂਦੇ। ਦਾਦਾ ਜੀ ਖ਼ੁਦ ਵੀ ਘੁਲਦੇ ਸਨ। ਉਨ੍ਹਾਂ ਨੇ ਆਪਣੇ ਪੁੱਤਰ ਨਛੱਤਰ ਸਿੰਘ ਨੂੰ ਵੀ ਪਹਿਲਵਾਨੀ ਵਿਚ ਪਾਇਆ। ਉਨ੍ਹਾਂ ਨੇ ਚੜ੍ਹਦੀ ਉਮਰੇ ਕਈ ਪਹਿਲਵਾਨਾਂ ਨੂੰ ਢਾਹਿਆ ਤੇ ਫਰੀਦਕੋਟ ਵਿਖੇ ਝੰਡੀ ਕਰੀ ਫਿਰਦੇ ਇਕ ਨਾਮੀ ਪਹਿਲਵਾਨ ਦੀਆਂ ਗੋਡੀਆਂ ਲਵਾਈਆਂ। ਉਹ ਦੌਧਰ ਦੇ ਮਸ਼ਹੂਰ ਪਹਿਲਵਾਨ ਗੁਰਬਖ਼ਸ਼ ਸਿੰਘ ਨਾਲ ਜੋ਼ਰ ਕਰਿਆ ਕਰਦੇ ਸਨ।
ਗਿੱਲ ਪਰਿਵਾਰ ਪੜ੍ਹਿਆ-ਲਿਖਿਆ ਹੋਣ ਕਰਕੇ ਪਹਿਲਵਾਨ ਨਛੱਤਰ ਸਿੰਘ ਦੀ ਪੜ੍ਹਾਈ `ਤੇ ਵੀ ਜ਼ੋਰ ਦਿੱਤਾ ਗਿਆ। ਇੰਜ ਉਹਦਾ ਪਹਿਲਵਾਨੀ ਵੱਲੋਂ ਰੁਝਾਨ ਘਟ ਗਿਆ ਅਤੇ ਹਾਕੀ ਤੇ ਅਥਲੈਟਿਕਸ ਵੱਲ ਵਧ ਗਿਆ। ਉਸ ਨੇ ਸਕੂਲੀ ਪੜ੍ਹਾਈ ਮੋਗੇ ਤੋਂ ਕਰ ਕੇ ਹਾਕੀ ਖੇਡਣ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖਲਾ ਲੈ ਲਿਆ, ਜਿੱਥੇ ਮੋਗਾ ਦੇ ਬਾਈ ਬਲਬੀਰ ਸਿੰਘ ਤੇ ਮਾਝੇ ਦੇ ਭਾਊ ਧਰਮ ਸਿੰਘ ਨਾਲ ਖੇਡਣ ਦਾ ਮੌਕਾ ਮਿਲਿਆ। ਉਥੋਂ ਬੀਏ ਕਰ ਕੇ ਐਲ.ਐਲ.ਬੀ. ਦਿੱਲੀ ਤੋਂ ਕੀਤੀ, ਜਿੱਥੇ ਦਿੱਲੀ ਯੂਨੀਵਰਸਿਟੀ ਦੀ ਹਾਕੀ ਟੀਮ ਦਾ ਕਪਤਾਨ ਬਣਿਆ। ਨਾਲ ਗੋਲਾ ਸੁੱਟਣ ਤੇ ਡਿਸਕਸ ਸੁੱਟਣ ਦਾ ਵੀ ਯੂਨੀਵਰਸਿਟੀ ਚੈਂਪੀਅਨ ਬਣ ਗਿਆ। ਇਹ 1947-50 ਦੀਆਂ ਗੱਲਾਂ ਹਨ। ਬਾਅਦ ਵਿਚ ਨਛੱਤਰ ਸਿੰਘ ਗਿੱਲ ਮੋਗਾ ਤੋਂ ਵਿਧਾਨ ਸਭਾ ਪੰਜਾਬ ਦੇ ਮੈਂਬਰ ਬਣੇ ਅਤੇ ਮੋਗੇ ਵਿਚ ਹਾਕੀ ਦੇ ਟੂਰਨਾਮੈਂਟ ਤੇ ਕੁਸ਼ਤੀ ਦੇ ਦੰਗਲ ਕਰਵਾਉਂਦੇ ਰਹੇ। ਉਹ ਮੰਨੇ ਪ੍ਰਮੰਨੇ ਖੇਡ ਪ੍ਰਮੋਟਰ ਸਨ। ਮਾੜੀ ਗੱਲ ਇਹ ਹੋਈ ਕਿ ਦਹਿਸ਼ਤੀ ਦੌਰ ਵਿਚ ਅਣਪਛਾਤੇ ਅਤਿਵਾਦੀਆਂ ਨੇ ਉਨ੍ਹਾਂ ਦਾ ਘਰ ਵਿਚ ਹੀ ਕਤਲ ਕਰ ਦਿੱਤਾ।
ਸ. ਨਛੱਤਰ ਸਿੰਘ ਗਿੱਲ ਨੇ ਆਪਣੇ ਦੋਹਾਂ ਪੁੱਤਰਾਂ ਨੂੂੰ ਰੀਝ ਨਾਲ ਪੜ੍ਹਾਇਆ ਤੇ ਖੇਡਾਂ ਵਿਚ ਪਾਇਆ। ਵੱਡਾ ਪੁੱਤਰ ਪਰਮਜੀਤ ਸਿੰਘ ਗਿੱਲ ਤੇ ਛੋਟਾ ਰਾਜਦੀਪ ਸਿੰਘ ਗਿੱਲ ਪੜ੍ਹਾਈ ਵਿਚ ਹੁਸਿ਼ਆਰ ਰਹੇ ਤੇ ਖੇਡਾਂ ਵਿਚ ਵੀ ਤਕੜੇ ਰਹੇ। ਦੋਵੇਂ ਆਈ.ਪੀ.ਐੱਸ. ਅਫਸਰ ਬਣੇ ਤੇ ਦੋਵੇਂ ਡੀਜੀਪੀ ਬਣ ਕੇ ਰਿਟਾਇਰ ਹੋਏ। ਪਰਮਜੀਤ ਸਿੰਘ ਗਿੱਲ ਤਾਂ ਆਪਣੇ ਪਿਤਾ ਜੀ ਵਾਂਗ ਮੋਗਾ ਤੋਂ ਵਿਧਾਨ ਸਭਾ ਦੀ ਚੋਣ ਵੀ ਲੜਿਆ। ਰਾਜਦੀਪ ਸਿੰਘ ਗਿੱਲ ਨੇ ਸਕੂਲੀ ਪੜ੍ਹਾਈ ਮਸੂਰੀ ਤੋਂ ਤੇ ਉਚੇਰੀ ਪੜ੍ਹਾਈ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਕੀਤੀ। ਭੂਗੋਲ ਤੇ ਇਤਿਹਾਸ ਉਸ ਦੇ ਮੁੱਖ ਵਿਸ਼ੇ ਸਨ, ਜਿਨ੍ਹਾਂ ਵਿਚ ਉਹ ਯੂਨੀਵਰਸਿਟੀ ਵਿਚੋਂ ਪ੍ਰਥਮ ਆਉਂਦਾ ਰਿਹਾ। ਉਸ ਨੂੰ ਮੈਡਲ ਤੇ ਕਾਲਜ ਕਲਰਜ਼ ਮਿਲਦੇ ਰਹੇ। ਆਪਣੇ ਪਿਤਾ ਵਾਂਗ ਉਸ ਨੇ ਵੀ ਹਾਕੀ ਤੇ ਅਥਲੈਟਿਕਸ ਵਿਚ ਚੰਗਾ ਨਾਮਣਾ ਖੱਟਿਆ। 1967 ਵਿਚ ਉਹ ਆਪਣੇ ਕਾਲਜ ਦੀ ਹਾਕੀ ਟੀਮ ਦਾ ਮੈਂਬਰ ਸੀ, ਜਿਸ ਨੇ ਪੰਜਾਬ ਯੂਨੀਵਰਸਿਟੀ `ਚ ਵਿਸ਼ੇਸ਼ ਸਥਾਨ ਹਾਸਲ ਕੀਤਾ।
ਉਹ ਲਗਾਤਾਰ ਤਿੰਨ ਸਾਲ ਪੰਜਾਬ ਯੂਨੀਵਰਸਿਟੀ ਵਿਚ ਹਾਕੀ ਖੇਡਿਆ ਅਤੇ 800 ਮੀਟਰ ਦੌੜ ਤੇ ਰਿਲੇਅ ਟੀਮਾਂ ਵਿਚ ਦੌੜਦਿਆਂ ਯੂਨੀਵਰਸਿਟੀ `ਚੋਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਉਸ ਨੂੰ ਹਾਕੀ ਖੇਡਦਿਆਂ ਵੇਖ ਕੇ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੇ ਕੋਚ ਬਣੇ ਓਲੰਪੀਅਨ ਧਰਮ ਸਿੰਘ ਨੇ ਪੁੱਛਿਆ, ਕਿਤੇ ਤੂੰ ਮੋਗੇ ਵਾਲੇ ਬਾਈ ਨਛੱਤਰ ਸਿੰਘ ਦਾ ਬੇਟਾ ਤਾਂ ਨਹੀਂ? ਉਹਦੇ ਵਾਂਗ ਹੀ ਹਾਕੀ ਖੇਡਦੈਂ। ਰਾਜਦੀਪ ਸਿੰਘ ਦੇ ‘ਹਾਂ ਜੀ’ ਕਹਿਣ `ਤੇ ਉਸ ਨੇ ਕਿਹਾ, ਉਸ ਨੂੰ ਆਖੀਂ ਮਾਝੇ ਵਾਲਾ ਭਾਊ ਮਿਲਿਆ ਸੀ, ਤੇਰਾ ਕੋਈ ਫਿਕਰ ਨਾ ਕਰੇ। ਯੂਨੀਵਰਸਿਟੀ ਦੀ ਟੀਮ ਵਿਚ ਉਸ ਨੂੰ ਓਲੰਪੀਅਨ ਸੁਰਜੀਤ ਸਿੰਘ, ਬਲਦੇਵ ਸਿੰਘ ਤੇ ਅਜੀਤ ਸਿੰਘ ਹੋਰਾਂ ਨਾਲ ਖੇਡਣ ਦੇ ਮੌਕੇ ਮਿਲੇ। ਜੇਕਰ ਆਈ.ਪੀ.ਐਸ. ਦਾ ਇਮਤਿਹਾਨ ਨਾ ਦੇਣਾ ਹੁੰਦਾ ਤਾਂ ਸੰਭਵ ਸੀ ਰਾਜਦੀਪ ਸਿੰਘ ਵੀ ਹਾਕੀ ਦਾ ਓਲੰਪੀਅਨ ਬਣਦਾ। ਅਸਲ ਵਿਚ ਉਹਦੀ ਓਲੰਪੀਅਨ ਬਣਨ ਦੀ ਅਧੂਰੀ ਰਹਿ ਗਈ ਰੀਝ ਨੇ ਹੀ ਉਸ ਨੂੰ ਉੱਚ ਕੋਟੀ ਦਾ ਖੇਡ ਪ੍ਰਮੋਟਰ ਬਣਾਇਆ। ਚਾਲੀ ਸਾਲਾਂ ਤੋਂ ਖੇਡਾਂ ਦਾ ਮਸੀਹਾ ਬਣ ਕੇ ਆਪਣੀਆਂ ਅਧੂਰੀਆਂ ਰੀਝਾਂ ਹੀ ਪੂਰੀਆਂ ਕਰ ਰਿਹੈ! ਪੇਸ਼ ਹੈ ਉਸ ਦੀ ਰਿਟਾਇਰਮੈਂਟ ਸਮੇਂ ਖੇਡ ਪ੍ਰੇਮੀਆਂ ਵੱਲੋਂ ਭੇਟ ਕੀਤਾ ਗਿਆ ਮਾਣ ਪੱਤਰ:

ਸਨਮਾਨ ਪੱਤਰ
ਰਾਜਦੀਪ ਸਿੰਘ ਗਿੱਲ ਨੂੰ ਖੇਡਾਂ ਦਾ ਮਸੀਹਾ ਕਿਹਾ ਜਾਂਦਾ ਹੈ। ਡੀਜੀਪੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤਕ ਆਪ ਜੀ ਨੇ ਆਪਣੇ ਸੇਵਾ ਕਾਲ ਦੌਰਾਨ ਖੇਡਾਂ ਵਾਸਤੇ ਜੋ ਕੀਤਾ, ਉਸ ਨੂੰ ਕੋਈ ਇਕ ਵਿਅਕਤੀ ਵਿਸ਼ੇਸ਼ ਤਾਂ ਕੀ ਸਗੋਂ ਕੋਈ ਸੰਸਥਾ ਵੀ ਨਹੀਂ ਸੀ ਕਰ ਸਕਦੀ। ਆਪਣੇ ਵਿਦਿਆਰਥੀ ਜੀਵਨ ਵਿਚ ਹਾਕੀ, ਫੁੱਟਬਾਲ ਤੇ ਅਥਲੈਟਿਕਸ ਵਿਚ ਵੱਡੀਆਂ ਮੱਲਾਂ ਮਾਰਨ ਵਾਲੇ ਰਾਜਦੀਪ ਸਿੰਘ ਗਿੱਲ ਹੁਰਾਂ ਕੋਲ ਹਰ ਖਿਡਾਰੀ ਆਪਣੇ ਹਿੱਤ ਸੁਰੱਖਿਅਤ ਸਮਝਦਾ ਰਿਹਾ। ਜਦੋਂ ਵੀ ਕਿਸੇ ਖਿਡਾਰੀ ਨੂੰ ਆਪਣੇ ਹੱਕ ਖੁੱਸਦੇ ਜਾਪਦੇ ਤਾਂ ਉਹ ਉਨ੍ਹਾਂ ਦੀ ਛਤਰ ਛਾਇਆ ਹੇਠ ਆ ਜਾਂਦਾ। ਪੁਲਿਸ ਅਧਿਕਾਰੀ ਵਜੋਂ ਵੀ ਆਪ ਜੀ ਨੇ ਬਾਖੂਬੀ ਸੇਵਾ ਨਿਭਾਈ। ਆਪ ਜੀ ਉਹ ਜੌਹਰੀ ਹਨ, ਜੋ ਖਿਡਾਰੀ ਰੂਪੀ ਹੀਰਿਆਂ ਦੀ ਤਲਾਸ਼ ਵਿਚ ਹਰ ਵੇਲੇ ਜੁਟੇ ਰਹਿੰਦੇ। ਆਪਣੇ ਦਫ਼ਤਰ ਵਿਚ ਦੇਰ ਰਾਤ ਤਕ ਆਪ ਖਿਡਾਰੀਆਂ ਦੇ ਭਲੇ ਲਈ ਸਕੀਮਾਂ ਬਣਾਉਂਦੇ ਅਤੇ ਆਪ ਦੇ ਦਰਵਾਜ਼ੇ ਹਰ ਖਿਡਾਰੀ ਲਈ ਹਮੇਸ਼ਾ ਖੁੱਲੇ੍ਹ ਰਹਿੰਦੇ।
ਰਾਜਦੀਪ ਸਿੰਘ ਗਿੱਲ ਦੀ ਇਹ ਇਮਾਨਦਾਰੀ ਤੇ ਤਨਦੇਹੀ ਨਾਲ ਫਰਜ਼ ਨਿਭਾਉਣ ਵਾਲੀ ਸ਼ਖਸੀਅਤ ਦਾ ਹੀ ਪ੍ਰਤਾਪ ਸੀ ਕਿ 2007 ਵਿਚ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਾਫ-ਸੁਥਰੇ ਢੰਗ ਨਾਲ ਨੇਪਰੇ ਚਾੜ੍ਹਨਾ ਸੀ ਤਾਂ ਚੋਣ ਕਮਿਸ਼ਨ ਨੇ ਆਪ ਜੀ ਨੂੰ ਮੈਰਿਟ ਦੇ ਆਧਾਰ ’ਤੇ ਡੀ.ਜੀ.ਪੀ. ਲਗਾਇਆ। ਆਪ ਜੀ ਦੀ ਕਾਰਜ ਕੁਸ਼ਲਤਾ ਦੀ ਇਹ ਵੱਡੀ ਮਿਸਾਲ ਹੈ। ਭਾਰਤੀ ਬਾਸਕਟਬਾਲ ਸੰਘ, ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ, ਪੰਜਾਬ ਓਲੰਪਿਕ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਤੇ ਪੰਜਾਬ ਘੋੜਸਵਾਰੀ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਸਮੇਤ ਕਈ ਖੇਡ ਅਹੁਦਿਆਂ ’ਤੇ ਰਹਿਣ ਵਾਲੇ ਰਾਜਦੀਪ ਸਿੰਘ ਗਿੱਲ ਦਾ ਪਰਿਵਾਰਕ ਪਿਛੋਕੜ ਵੀ ਖੇਡਾਂ ਨਾਲ ਓਤ-ਪੋਤ ਰਿਹਾ। ਆਪ ਜੀ ਦੇ ਪਿਤਾ ਜੀ ਤੇ ਦਾਦਾ ਜੀ ਆਪਣੇ ਸਮੇਂ ਦੇ ਨਾਮੀ ਪਹਿਲਵਾਨ ਰਹੇ। ਆਪ ਜੀ ਦਾ ਸਮੁੱਚਾ ਪਰਿਵਾਰ ਪੀੜ੍ਹੀਆਂ ਤੋਂ ਖਿਡਾਰੀਆਂ ਦੀ ਸਰਪ੍ਰਸਤੀ ਕਰਦਾ ਰਿਹਾ। 1973 ਦੇ ਬੈਚ ਵਿਚ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਸੱਤਵਾਂ ਰੈਂਕ ਹਾਸਲ ਕਰਨ ਵਾਲੇ ਆਰ.ਐਸ. ਗਿੱਲ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ `ਚ ਪੜ੍ਹਦਿਆਂ ਬੀ.ਏ. ਐਮ.ਏ. (ਹਿਸਟਰੀ) ਤਕ ਪਹਿਲੀ ਪੁਜੀਸ਼ਨ ਹਾਸਲ ਕਰਦਿਆਂ ਸਕਾਲਰਸ਼ਿਪ ਹਾਸਲ ਕੀਤੇ। ਆਪ ਜੀ ਨੇ ਮੁੱਢਲੀ ਪੜ੍ਹਾਈ ਮਸੂਰੀ ਦੇ ਹੈਪਟਨ ਕੋਰਟ ਤੇ ਸੇਂਟ ਜਾਰਜਜ਼ ਕਾਲਜ ਤੋਂ ਹਾਸਲ ਕੀਤੀ। ਇਕੋ ਵੇਲੇ ਤਿੰਨ-ਤਿੰਨ ਖੇਡਾਂ ਵਿਚ ਯੂਨੀਵਰਸਿਟੀ ਚੈਂਪੀਅਨ ਰਹੇ ਰਾਜਦੀਪ ਗਿੱਲ ਹੁਰਾਂ ਨੇ ਜਦੋਂ ਤੋਂ ਪੁਲਿਸ ਸਰਵਿਸ ਸ਼ੁਰੂ ਕੀਤੀ ਤਾਂ ਆਪ ਜੀ ਦਾ ਦਿਲ ਸਦਾ ਖੇਡਾਂ ਤੇ ਖਿਡਾਰੀਆਂ ਲਈ ਧੜਕਦਾ ਰਿਹਾ।
ਰਾਜਦੀਪ ਸਿੰਘ ਗਿੱਲ ਨੇ ਪੀਏਪੀ ਵਿਚ ਹੁੰਦਿਆਂ ਪੰਜਾਬ ਪੁਲਿਸ ਦੇ ਖਿਡਾਰੀਆਂ ਨੂੰ ਖੇਡਾਂ ਲਈ ਤਿਆਰ ਕੀਤਾ। ਪਦਮ ਸ੍ਰੀ, ਅਰਜੁਨਾ ਐਵਾਰਡ, ਦਰੋਣਾਚਾਰੀਆ ਐਵਾਰਡ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਓਲੰਪੀਅਨਾਂ ਅਤੇ ਕੌਮਾਂਤਰੀ ਮੁਕਾਬਲਿਆਂ ਦੇ ਖਿਡਾਰੀਆਂ ਦਾ ਮਾਰਗ-ਦਰਸ਼ਨ ਕਰਨ ਵਾਲੇ ਰਾਜਦੀਪ ਸਿੰਘ ਗਿੱਲ ਪੁਲਿਸ ਦੇ ਉਚ ਅਹੁਦਿਆਂ ’ਤੇ ਰਹਿੰਦੇ ਹੋਏ ਹਰ ਸਾਲ ਵੱਡਾ ਸਮਾਗਮ ਕਰ ਕੇ ਜਿਥੇ ਉੱਘੇ ਸਾਬਕਾ ਖਿਡਾਰੀਆਂ ਦਾ ਸਨਮਾਨ ਕਰਦੇ, ਉਥੇ ਹੀ ਨਵੇਂ ਖਿਡਾਰੀਆਂ ਤੇ ਖੇਡਾਂ ਨਾਲ ਜੁੜੇ ਪ੍ਰਮੋਟਰਾਂ ਦਾ ਵੀ ਸਨਮਾਨ ਕਰਦੇ। ਬਲਬੀਰ ਸਿੰਘ ਸੀਨੀਅਰ ਵਰਗੇ ਧਨੰਤਰ ਖਿਡਾਰੀ ਵੀ ਆਪ ਜੀ ਦੀ ਮਹਿਮਾਨ ਨਿਵਾਜ਼ੀ ਤੇ ਖੇਡਾਂ ਪ੍ਰਤੀ ਜਾਨੂੰਨ ਦੇ ਕਾਇਲ ਸਨ।
ਆਪ ਕਈ ਵੱਡੇ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਚੁੱਕੇ ਹਨ, ਜਿਨ੍ਹਾਂ ਵਿਚ ਭਾਰਤ-ਰੂਸ ਤੇ ਪੰਜਾਬ-ਪੋਲੈਂਡ ਹਾਕੀ ਮੈਚ, ਕੌਮੀ ਖੇਡਾਂ, ਸਰਵ ਭਾਰਤੀ ਪੁਲੀਸ ਖੇਡਾਂ, ਹਿੰਦ-ਪਾਕਿ ਪੰਜਾਬ ਖੇਡਾਂ, ਵੱਖ-ਵੱਖ ਖੇਡਾਂ ਦੀਆਂ ਕੌਮੀ ਚੈਂਪੀਅਨਸ਼ਿਪਾਂ ਆਦਿ ਸ਼ਾਮਲ ਹਨ। ਖੇਡ ਜਗਤ ਆਪ ਜੀ ਨੂੰ ਪੁਲੀਸ ਅਧਿਕਾਰੀ ਵਜੋਂ ਘੱਟ ਪਰ ਖਿਡਾਰੀਆਂ ਦੇ ਖ਼ੈਰ-ਖਵਾਹ ਵਜੋਂ ਵੱਧ ਜਾਣਦਾ ਹੈ।ਆਪ ਜੀ ਨੇ ਪੰਜਾਬ ਪੁਲੀਸ ਦੀਆਂ ਖੇਡ ਪ੍ਰਾਪਤੀਆਂ ਬਾਰੇ ਵੱਡ-ਆਕਾਰੀ ਪੁਸਤਕ ‘ਗਰਿੱਟ ਐਂਡ ਗਲੋਰੀ’ ਲਿਖ ਕੇ ਮਿਸਾਲ ਕਾਇਮ ਕੀਤੀ ਹੈ, ਜਿਸ ਨੂੰ ਖੇਡਾਂ ਦਾ ਗ੍ਰੰਥ ਵੀ ਕਹਿ ਸਕਦੇ ਹਾਂ। ਅਸੀਂ ਦੁਆ ਕਰਦੇ ਹਾਂ ਕਿ ਆਪ ਪੁਲਿਸ ਮਹਿਕਮੇ ਵਿਚੋਂ ਸੇਵਾਮੁਕਤ ਹੋਣ ਪਿੱਛੋਂ ਵੀ ਖਿਡਾਰੀਆਂ ਦੇ ਰਹਿਬਰ ਬਣੇ ਰਹੋਗੇ ਤੇ ਖੇਡ ਜਗਤ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ।
*
ਵਰਣਨਯੋਗ ਹੈ ਕਿ 2001 ਦੀਆਂ ਕੌਮੀ ਖੇਡਾਂ ਸਮੇਂ ਰਾਜਦੀਪ ਸਿੰਘ ਗਿੱਲ ਪੰਜਾਬ ਦੇ ਖੇਡ ਦਲ ਦਾ ਚੀਫ਼ ਡੀ ਮਿਸ਼ਨ ਸੀ। ਉਦੋਂ ਪੰਜਾਬ ਦੇ ਖਿਡਾਰੀਆਂ ਨੇ 62 ਸੋਨੇ, 44 ਚਾਂਦੀ ਤੇ 57 ਤਾਂਬੇ ਦੇ ਤਗ਼ਮੇ ਜਿੱਤ ਕੇ ਓਵਰਆਲ ਨੈਸ਼ਨਲ ਚੈਂਪੀਅਨਸਿ਼ਪ ਜਿੱਤੀ ਸੀ। 2002 ਵਿਚ ਵੀ ਉਹ ਪੰਜਾਬ ਦਲ ਦਾ ਮੋਹਰੀ ਸੀ, ਜਿਸ ਦੀ ਅਗਵਾਈ ਹੇਠ ਪੰਜਾਬ ਦੇ ਖਿਡਾਰੀਆਂ ਨੇ 54 ਸੋਨੇ, 37 ਚਾਂਦੀ ਤੇ 55 ਤਾਂਬੇ ਦੇ ਤਗ਼ਮੇ ਜਿੱਤ ਕੇ ਭਾਰਤ ਭਰ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ।
ਰਾਜਦੀਪ ਸਿੰਘ ਗਿੱਲ ਨੇ ਸੈਂਕੜੇ ਖਿਡਾਰੀ ਪੰਜਾਬ ਪੁਲਿਸ ਵਿਚ ਭਰਤੀ ਕੀਤੇ ਤੇ ਕਰਵਾਏ ਸਨ, ਜਿਨ੍ਹਾਂ ਵਿਚੋਂ 61 ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਚੈਂਪੀਅਨ ਅਤੇ 67 ਨੈਸ਼ਨਲ ਖੇਡਾਂ ਦੇ ਚੈਂਪੀਅਨ ਬਣੇ। ਉਸ ਦੀ ਪ੍ਰਧਾਨਗੀ ਵਿਚ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਤਿਆਰ ਕੀਤੀਆਂ ਪੰਜਾਬ ਦੀਆਂ ਟੀਮਾਂ ਨੇ ਨੈਸ਼ਨਲ ਪੱਧਰ `ਤੇ 20 ਸੋਨ, 31 ਚਾਂਦੀ ਤੇ 17 ਤਾਂਬੇ ਦੇ ਮੈਡਲ ਜਿੱਤੇ। 1987 ਵਿਚ ਪੰਜਾਬ ਸਰਕਾਰ ਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਨੇ ਉਸ ਦਾ ਮਾਣ-ਸਨਮਾਨ ਕੀਤਾ ਅਤੇ 1990 ਵਿਚ ਉਸ ਨੂੰ ਪ੍ਰੈਜ਼ੀਡੈਂਟ ਪੁਲਿਸ ਮੈਡਲ ਮਿਲਿਆ। 2002 ਵਿਚ ਉਸ ਨੂੰ ਮਿਸਾਲੀ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਆ ਗਿਆ। ਉਸ ਨੇ ਹੋਰਨਾਂ ਕਾਰਜਾਂ ਤੋਂ ਇਲਾਵਾ ਪੰਜਾਬ ਦੇ ਪਿੰਡਾਂ ਵਿਚ ਲੋਕਾਂ ਦੇ ਸਹਿਯੋਗ ਨਾਲ ਖੇਡਾਂ ਲਈ 300 ਖੇਡ ਮੈਦਾਨ ਤਿਆਰ ਕਰਵਾਏ ਤੇ ਚਿੱਤਰਾਂ ਦੀਆਂ ਨੁਮਾਇਸ਼ਾਂ ਲਗਵਾਈਆਂ। ਜਿੱਥੇ ਉਸ ਦੇ ਹਿਰਦੇ ਵਿਚ ਖੇਡਾਂ ਦੀ ਰੂਹ ਹੈ, ਉਥੇ ਹੀ ਸੂਖਮ ਕਲਾਵਾਂ ਦਾ ਵੀ ਵਾਸ ਹੈ। ਖੇਡ ਸੰਸਥਾਵਾਂ ਸਮੇਤ ਉਹ ਕਲਾ ਕੇਂਦਰਾਂ ਨਾਲ ਵੀ ਜੁੜਿਆ ਹੋਇਆ ਹੈ।
ਪੁਸਤਕ ‘ਗ੍ਰਿਟ ਐਂਡ ਗਲੋਰੀ’ ਵਿਚ ਪੰਜਾਬ ਪੁਲਿਸ ਦੇ ਸੈਂਕੜੇ ਖਿਡਾਰੀਆਂ ਬਾਰੇ ਤੱਥਗਤ ਜਾਣਕਾਰੀ ਦਿੱਤੀ ਗਈ ਹੈ। ਮਸਲਨ ਖਿਡਾਰੀਆਂ ਨੇ ਕਿਹੜੀ-ਕਿਹੜੀ ਖੇਡ ਵਿਚ ਹਿੱਸਾ ਲਿਆ, ਕਿੰਨੇ ਮੈਡਲ ਜਿੱਤੇ, ਕਿੰਨੇ ਰਿਕਾਰਡ ਬਣਾਏ, ਪੰਜਾਬ ਚੈਂਪੀਅਨਸਿ਼ਪ ਤੋਂ ਲੈ ਕੇ ਓਲੰਪਿਕ ਖੇਡਾਂ ਤਕ ਕਿੰਨੇ ਖੇਡ ਮੁਕਾਬਲਿਆਂ ਵਿਚ ਭਾਗ ਲਿਆ ਤੇ ਕਿਹੜੇ-ਕਿਹੜੇ ਮਾਣ ਸਨਮਾਨ ਹਾਸਲ ਕੀਤੇੇ। 1978 ਤੋਂ 1995 ਤਕ ਪੰਜਾਬ ਪੁਲਿਸ ਦੇ 30 ਖਿਡਾਰੀਆਂ ਨੂੰ ਪੰਜਾਬ ਸਰਕਾਰ ਦਾ ਖੇਡ ਐਵਾਰਡ `ਮਹਾਰਾਜਾ ਰਣਜੀਤ ਸਿੰਘ ਐਵਾਰਡ` ਮਿਲਿਆ। ਭਾਰਤ ਸਰਕਾਰ ਦਾ ਵਿਸ਼ੇਸ਼ ਖੇਡ ਪੁਰਸਕਾਰ `ਅਰਜਨਾ ਐਵਾਰਡ` 1961 ਤੋਂ ਸ਼ੁਰੂ ਹੋਇਆ ਸੀ, ਜੋ 2000 ਤਕ ਪੰਜਾਬ ਪੁਲਿਸ ਦੇ 26 ਖਿਡਾਰੀਆਂ ਨੇ ਹਾਸਲ ਕੀਤਾ। ਉਨ੍ਹਾਂ ਵਿਚ ਉਹ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਹੋਣ ਤੋਂ ਪਹਿਲਾਂ ਜਾਂ ਪੁਲਿਸ ਛੱਡਣ ਪਿੱਛੋਂ ਇਹ ਐਵਾਰਡ ਮਿਲਿਆ।
ਪੰਜਾਬ ਪੁਲਿਸ ਨਾਲ ਸਬੰਧਤ ਅਰਜਨਾ ਐਵਾਰਡੀ ਹਨ, ਪ੍ਰਿਥੀਪਾਲ ਸਿੰਘ, ਨ੍ਰਿਪਜੀਤ ਸਿੰਘ ਬੇਦੀ, ਚਰਨਜੀਤ ਸਿੰਘ, ਊਧਮ ਸਿੰਘ, ਗੁਰਬਚਨ ਸਿੰਘ ਭੰਗੂ, ਗੁਰਦੇਵ ਸਿੰਘ, ਕਰਤਾਰ ਸਿੰਘ ਢਿੱਲੋਂ, ਸੁਰਿੰਦਰ ਸਿੰਘ ਸੋਢੀ, ਜਗਦੀਸ਼ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ, ਬਲਜੀਤ ਸਿੰਘ ਢਿੱਲੋਂ, ਬਲਬੀਰ ਸਿੰਘ ਜੂਨੀਅਰ, ਰਮਨਦੀਪ ਸਿੰਘ, ਬਲਵਿੰਦਰ ਸਿੰਘ, ਸੁਖਪਾਲ ਸਿੰਘ, ਦਲਬੀਰ ਸਿੰਘ, ਸੱਜਣ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ, ਪ੍ਰੇਮ ਚੰਦ ਡੋਗਰਾ, ਸੁਨੀਤਾ ਰਾਣੀ, ਜੈਪਾਲ ਸਿੰਘ, ਹਰਦੀਪ ਸਿੰਘ, ਪਰਗਟ ਸਿੰਘ ਤੇ ਕੌਰ ਸਿੰਘ। ਦਰਜਨ ਤੋਂ ਵੱਧ ਖੇਡਾਂ ਦੇ ਹਜ਼ਾਰ ਤੋ ਵੱਧ ਖਿਡਾਰੀਆਂ ਦੇ ਵੇਰਵਿਆਂ ਤੇ ਤਸਵੀਰਾਂ ਨਾਲ ਇਹ ਪੁਸਤਕ ਭਰੀ ਪਈ ਹੈ।
ਬਤੌਰ ਖਿਡਾਰੀ ਜਿਨ੍ਹਾਂ ਨੂੰ ਪਦਮ ਸ੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ, ਉਨ੍ਹਾਂ ਵਿਚੋਂ ਪੰਜਾਬ ਪੁਲਿਸ ਨਾਲ ਸਬੰਧਤ ਅੱਠ ਖਿਡਾਰੀ ਹਨ। ਬਲਬੀਰ ਸਿੰਘ ਸੀਨੀਅਰ ਨੂੰ 1957 ਵਿਚ ਪਦਮ ਸ੍ਰੀ ਪੁਰਸਕਾਰ ਦਿੱਤਾ ਗਿਆ। ਉਸ ਨੂੰ ਓਲੰਪਿਕ ਖੇਡਾਂ `ਚੋਂ ਤਿੰਨ ਗੋਲਡ ਮੈਡਲ ਜਿੱਤਣ ਕਰਕੇ ‘ਗੋਲਡਨ ਹੈਟ ਟਿੱ੍ਰਕ’ ਵਾਲਾ ਬਲਬੀਰ ਵੀ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਅਤੇ ਫਾਈਨਲ ਮੈਚਾਂ `ਚ ਭਾਰਤੀ ਟੀਮ ਦੇ ਕੁਲ 9 ਗੋਲਾਂ `ਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਉਥੇ ਹਾਲੈਂਡ ਵਿਰੁੱਧ ਫਾਈਨਲ ਮੈਚ ਵਿਚ ਉਸ ਦੇ 5 ਗੋਲ ਸਨ, ਜੋ ਓਲੰਪਿਕ ਖੇਡਾਂ ਦਾ ਸੱਤ ਦਹਾਕੇ ਪੁਰਾਣਾ ਰਿਕਾਰਡ ਹੈ। ਉਸ ਨੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ ਵਿਸ਼ਵ ਹਾਕੀ ਕੱਪ ਅਤੇ ਛੇ ਮੈਡਲ ਜਿਤਾਏ। ਹਾਕੀ ਦੀ ਕੋਚਿੰਗ ਬਾਰੇ ‘ਦਿ ਗੋਲਡਨ ਯਾਰਡ ਸਟਿੱਕ’ ਪੁਸਤਕ ਵੀ ਲਿਖੀ। ਭਾਰਤ-ਚੀਨ ਜੰਗ ਵੇਲੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਰਿਲੀਫ਼ ਫੰਡ ਲਈ ਦਾਨ ਕੀਤੇ। ਫਿਰ ਆਪਣੀਆਂ ਖੇਡ ਨਿਸ਼ਾਨੀਆਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਪੁਰਦ ਕਰ ਦਿੱਤੀਆਂ, ਜੋ ਸਾਈ ਨੇ ਪਤਾ ਨਹੀਂ ਕਿਥੇ ‘ਗੁਆ’ ਛੱਡੀਆਂ, ਜੋ ਹੁਣ ਮਿਲ ਨਹੀਂ ਰਹੀਆਂ।
ਬਲਬੀਰ ਸਿੰਘ 31 ਦਸੰਬਰ, 1923 ਤੋਂ 25 ਮਈ, 2020 ਤਕ ਜੀਵਿਆ। ਉਹਦਾ ਸਟੇਟ ਸਨਮਾਨ ਸਹਿਤ ਚੰਡੀਗੜ੍ਹ ਵਿਚ ਸਸਕਾਰ ਹੋਇਆ। ਉਸ ਮੌਕੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਮੁਹਾਲੀ ਦੇ ਹਾਕੀ ਸਟੇਡੀਅਮ ਦਾ ਨਾਂ ਬਲਬੀਰ ਸਿੰਘ ਹਾਕੀ ਸਟੇਡੀਅਮ ਰੱਖਿਆ ਜਾਵੇਗਾ। ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਪੁਰਜ਼ੋਰ ਸਿਫਾਰਸ਼ ਕਰੇਗੀ ਕਿ ਵਿਸ਼ਵ ਦੇ ਸਿਰਮੌਰ ਹਾਕੀ ਖਿਡਾਰੀ, ਆਇਕਾਨਿਕ ਓਲੰਪੀਅਨ ਬਲਬੀਰ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਨਾਲ ਨਿਵਾਜੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਕਿ ਗੁਰਸਿੱਖ ਖਿਡਾਰੀ ਬਲਬੀਰ ਸਿੰਘ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤਾ ਜਾਵੇਗਾ। ਤਸੱਲੀ ਦੀ ਗੱਲ ਹੈ ਕਿ ਉਸ ਦੀ ਪਹਿਲੀ ਬਰਸੀ `ਤੇ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਪਰ ਗੁਰਸਿੱਖ ਖਿਡਾਰੀ ਦਾ ਚਿੱਤਰ ਅਜੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਨਹੀਂ ਹੋਇਆ ਤੇ ਨਾ ਹੀ ਭਾਰਤ ਰਤਨ ਦੀ ਗੱਲ ਅੱਗੇ ਤੁਰੀ ਹੈ।
ਚਰਨਜੀਤ ਸਿੰਘ ਨੂੰ 1964 ਵਿਚ ਪਦਮ ਸ੍ਰੀ ਦੀ ਉਪਾਧੀ ਦਿੱਤੀ ਗਈ। ਉਹ ਉਨ੍ਹਾਂ ਖਿਡਾਰੀਆਂ `ਚੋਂ ਸੀ, ਜੋ ਖੇਡਾਂ `ਚ ਮੱਲਾਂ ਮਾਰਨ ਨਾਲ ਪੜ੍ਹਾਈ ਵਿਚ ਵੀ ਹੁਸਿ਼ਆਰ ਰਹੇ। ਉਹ ਟੋਕੀਓ ਦੀਆਂ ਓਲੰਪਿਕ ਖੇਡਾਂ-1964 ਵਿਚੋਂ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। ਉਸ ਦਾ ਜਨਮ ਜਿ਼ਲ੍ਹਾ ਹੁਸਿ਼ਆਰਪੁਰ ਦੇ ਪਿੰਡ ਨੇਹੜੀ ਵਿਚ 2 ਫਰਵਰੀ, 1931 ਨੂੰ ਹੋਇਆ ਸੀ। ਪੰਜਾਬ ਪੁਲਿਸ ਨੂੰ ਛੱਡ ਕੇ ਉਹ ਹਿਮਾਚਲ ਯੂਨੀਵਰਸਿਟੀ ਸਿ਼ਮਲਾ ਚਲਾ ਗਿਆ ਸੀ, ਜਿੱਥੇ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ।
ਪ੍ਰਿਥੀਪਾਲ ਸਿੰਘ ਨੂੰ 1967 ਵਿਚ ਪਦਮ ਸ੍ਰੀ ਪੁਰਸਕਾਰ ਮਿਲਿਆ। ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨਾਂ ਵਿਚ ਹੀ ਸਭ ਤੋਂ ਵੱਧ ਗੋਲ ਕੀਤੇ। ਉਸ ਨੂੰ ਪੈਨਲਟੀ ਕਾਰਨਰ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਉਹ ਨਨਕਾਣਾ ਸਾਹਿਬ ਦਾ ਜੰਮਪਲ ਸੀ, ਜਿਸ ਕਰਕੇ ਮੈਂ ਉਹਦੇ ਬਾਰੇ ਉਲੀਕੇ ਸ਼ਬਦ ਚਿੱਤਰ ਦਾ ਨਾਂ ‘ਗੁਰੂ ਨਾਨਕ ਦਾ ਗਰਾਈਂ’ ਰੱਖਿਆ ਸੀ। ਮਈ 1983 ਵਿਚ ਜਦੋਂ ਪੰਜਾਬ ਵਿਚ ਦਹਿਸ਼ਤੀ ਦੌਰ ਸ਼ੁਰੂ ਹੋਇਆ ਤਾਂ ਖੇਤੀਬਾੜੀ ਯੂਨੀਵਰਸਿਟੀ ਵਿਚ ਉਹਦੇ ਦਫਤਰ ਮੂਹਰੇ ਗੋਲੀਆਂ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ।
ਮੁੱਕੇਬਾਜ਼ ਕੌਰ ਸਿੰਘ ਨੂੰ 1983 ਵਿਚ ਪਦਮ ਸ੍ਰੀ ਪੁਰਸਕਾਰ ਦਿੱਤਾ ਗਿਆ। ਉਹ ਨਵੀਂ ਦਿੱਲੀ ਦੀਆਂ ਏਸਿ਼ਆਈ ਖੇਡਾਂ-1982 ਵਿਚ ਹੈਵੀ ਵੇਟ ਮੁੱਕੇਬਾਜ਼ੀ ਦਾ ਚੈਂਪੀਅਨ ਸੀ। ਪਹਿਲਵਾਨ ਕਰਤਾਰ ਸਿੰਘ ਢਿੱਲੋਂ ਨੂੰ 1986-87 ਵਿਚ ਪਦਮ ਸ੍ਰੀ ਦੇ ਖਿ਼ਤਾਬ ਨਾਲ ਸਨਮਾਨਿਆ ਗਿਆ। ਉਹ ਪਿੰਡ ਸੁਰ ਸਿੰਘ ਦਾ ਜੰਮਪਲ ਹੈ। ਉਸ ਨੇ 1973 ਤੋਂ 2010 ਤਕ ਕੁਲ ਦੁਨੀਆ ਗਾਹੀ ਅਤੇ ਸੈਂਕੜੇ ਕੁਸ਼ਤੀਆਂ ਤੇ ਦਰਜਨਾਂ ਗੁਰਜਾਂ ਜਿੱਤੀਆਂ। ਏਸਿ਼ਆਈ ਖੇਡਾਂ `ਚੋਂ ਦੋ ਸੋਨੇ, ਇਕ ਚਾਂਦੀ, ਕਾਮਨਵੈਲਥ ਖੇਡਾਂ `ਚੋਂ ਤਿੰਨ ਤਗ਼ਮੇ ਤੇ ਵਿਸ਼ਵ ਵੈਟਰਨ ਚੈਂਪੀਅਨਸਿ਼ਪਾਂ ਦੇ 16 ਸੋਨ ਤਗ਼ਮੇ ਜਿੱਤੇ। ਉਹ ਪੰਜਾਬ ਪੁਲਿਸ `ਚੋਂ ਬਤੌਰ ਆਈਜੀ ਰਿਟਾਇਰ ਹੋਇਆ। ਬਾਡੀ ਬਿਲਡਰ ਪ੍ਰੇਮ ਚੰਦ ਦੇਗੜਾ ਨੂੰ 1990 ਵਿਚ ਪਦਮ ਸ੍ਰੀ ਪੁਰਸਕਾਰ ਮਿਲਿਆ। ਪਰਗਟ ਸਿੰਘ ਨੂੰ 1996-97 ਦਾ ਪਦਮ ਸ੍ਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਉਹ ਓਲੰਪਿਕ ਖੇਡਾਂ ਵਿਚ ਭਾਰਤ ਹਾਕੀ ਟੀਮਾਂ ਦਾ ਦੋ ਵਾਰ ਕਪਤਾਨ ਬਣਿਆ ਸੀ। ਪੁਲਿਸ ਵਿਚ ਐੱਸਪੀ ਤੇ ਪੰਜਾਬ ਦਾ ਸਪੋਰਟਸ ਡਾਇਰੈਕਟਰ ਰਹਿਣ ਪਿੱਛੋਂ ਸਿਆਸਤ ਵਿਚ ਗਿਆ ਤੇ ਅੱਜ-ਕੱਲ੍ਹ ਪੰਜਾਬ ਦਾ ਸਿੱਖਿਆ, ਖੇਡਾਂ ਤੇ ਯੁਵਕ ਭਲਾਈ ਵਿਭਾਗਾਂ ਦਾ ਮੰਤਰੀ ਹੈ।
ਸੁਨੀਤਾ ਰਾਣੀ ਨੂੰ 2001 ਵਿਚ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਆ ਗਿਆ। ਉਸ ਦਾ ਜਨਮ ਸੁਨਾਮ ਨੇੜੇ ਪਿੰਡ ਤੋਲਾਵਾਲ ਵਿਚ 4 ਦਸੰਬਰ, 1979 ਨੂੰ ਹੋਇਆ ਸੀ। ਉਸ ਨੇ ਲੰਮੀਆਂ ਦੌੜਾਂ ਵਿਚ ਪੰਜ ਨੈਸ਼ਨਲ ਰਿਕਾਰਡ ਰੱਖੇ, ਇਕ ਏਸ਼ੀਆ ਦਾ ਰਿਕਾਰਡ ਕਾਇਮ ਕੀਤਾ ਤੇ ਕੌਮਾਂਤਰੀ ਮੁਕਾਬਲਿਆਂ ਦੇ ਵੀਹ ਤੋਂ ਵੱਧ ਮੈਡਲ ਜਿੱਤੇ। ਪੰਜਾਬ ਪੁਲਿਸ ਨੇ ਉਸ ਨੂੰ ਡੀਐੱਸਪੀ ਭਰਤੀ ਕੀਤਾ ਸੀ। ਉਹ ਅਜਿਹੀ ਅਥਲੀਟ ਹੈ, ਜਿਸ ਨੇ ਆਮ ਘਰਾਂ ਦੀਆਂ ਲੜਕੀਆਂ ਵਿਚ ਦੌੜਾਂ ਦੌੜਨ ਦਾ ਉਤਸ਼ਾਹ ਭਰਿਆ ਕਿ ਉਹ ਵੀ ਕੌਮੀ ਤੇ ਕੌਮਾਂਤਰੀ ਪੱਧਰ `ਤੇ ਜਿੱਤਾਂ ਜਿੱਤ ਸਕਦੀਆਂ ਹਨ। ਉਹਦੇ ਬਾਰੇ ਵੈਟਰਨ ਅਥਲੀਟ ਤ੍ਰਿਲੋਕ ਸਿੰਘ ਨੇ ‘ਸੁਨਾਮ ਸ਼ਹਿਰ ਦੀ ਨਾਮਵਰ ਦੌੜਾਕ ਸੁਨੀਤਾ ਰਾਣੀ’ ਨਾਂ ਦੀ ਕਿਤਾਬ ਲਿਖੀ, ਜਿਸ ਵਿਚ ਉਹਦੀ ਪੂਰੀ ਜੀਵਨੀ ਪੇਸ਼ ਕੀਤੀ ਗਈ। ਵੇਖਦੇ ਹਾਂ ਪੰਜਾਬ ਪੁਲਿਸ ਦੇ ਖਿਡਾਰੀਆਂ ਦਾ ਇਤਿਹਾਸ ਪੰਜਾਬੀ ਵਿਚ ਕਦੋਂ ਛਪਦੈ?