ਹੇਰਾ-ਫੇਰੀਆਂ ਤੋਂ ਅਣਜਾਣ ਡਾ. ਕਾਲਾ ਸਿੰਘ ਬੇਦੀ

ਗੁਰਬਚਨ ਸਿੰਘ ਭੁੱਲਰ
ਫੋਨ: +807-636-3058

ਦਿੱਲੀ ਵੱਸਦੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਆਪਣੀਆਂ ਕਹਾਣੀਆਂ ਨਾਲ ਪੰਜਾਬੀ ਸਾਹਿਤ ਜਗਤ ਵਿਚ ਵੱਖਰੀ ਪਛਾਣ ਬਣਾਈ ਹੈ। ਕੁਝ ਸਾਲ ਪਹਿਲਾਂ ਆਏ ਉਨ੍ਹਾਂ ਦੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਜੋ ਪ੍ਰਸਿੱਧ ਲਿਖਾਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ `ਤੇ ਆਧਾਰਿਤ ਸੀ, ਨਾਲ ਵੀ ਉਨ੍ਹਾਂ ਸਾਹਤਿਕ ਹਲਕਿਆਂ ਵਿਚ ਵਾਹਵਾ ਹਲਚਲ ਮਚਾਈ ਸੀ। ਅੱਜ ਕੱਲ੍ਹ ਉਹ ਬਹੁਤਾ ਧਿਆਨ ਵਾਰਤਕ ਵੱਲ ਲਾ ਰਹੇ ਹਨ। ਅਸੀਂ ਉਨ੍ਹਾਂ ਦੀ ਵਾਰਤਕ ਦੀ ਇਕ ਵੰਨਗੀ ‘ਮਾਨਸ ਤੋਂ ਦੇਵਤਾ’ ਦੇ ਰੂਪ ਵਿਚ ਆਪਣੇ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ ਜਿਸ ਵਿਚ ਉਨ੍ਹਾਂ ਕੁਝ ਅਸਾਧਾਰਨ ਸ਼ਖਸੀਅਤਾਂ ਦੇ ਦਿਲਚਸਪ ਅਤੇ ਨਿਆਰੇ ਸ਼ਬਦ ਚਿੱਤਰ ਉਲੀਕੇ ਹਨ।

ਡਾ. ਕਾਲਾ ਸਿੰਘ ਬੇਦੀ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਪੜ੍ਹਾਉਂਦੇ ਸਨ। ਮੇਰੇ ਦਿੱਲੀ ਪਹੁੰਚਣ ਸਮੇਂ ਅਕਾਦਮਿਕ ਤੇ ਸਾਹਿਤਕ ਖੇਤਰਾਂ ਵਿਚ ਉਨ੍ਹਾਂ ਦਾ ਚੰਗਾ ਨਾਂ ਸੀ। ਉਹ ਮਿਹਨਤੀ ਅਧਿਆਪਕ ਅਤੇ ਬਰੀਕਬੀਨ ਸਾਹਿਤਕ ਖੋਜੀ ਤੇ ਆਲੋਚਕ ਦੇ ਨਾਲ-ਨਾਲ ਬੇਹੱਦ ਸਾਊ-ਸਰੀਫ਼ ਇਨਸਾਨ ਵਜੋਂ ਜਾਣੇ ਜਾਂਦੇ ਸਨ। ਜਦੋਂ ਸਾਹਿਤਕ ਖੇਤਰ ਵਿਚ ਮੇਰਾ ਆਉਣ-ਜਾਣ ਹੋਇਆ, ਉਨ੍ਹਾਂ ਨਾਲ ਨਿੱਘੀ ਜਾਣ-ਪਛਾਣ ਹੋ ਗਈ। ਮੈਥੋਂ ਕੋਈ ਤੀਹ ਸਾਲ ਵੱਡੇ ਸਨ। ਉਨ੍ਹਾਂ ਨੂੰ ਮਿਲ ਕੇ ਮਨ ਉਤੇ ਆਸ਼ੀਰਵਾਦੀ ਵਡੇਰੇ ਨੂੰ ਮਿਲੇ ਹੋਣ ਦਾ ਪ੍ਰਭਾਵ ਪੈਂਦਾ। ਹੱਸ ਕੇ ਮਿਲਦੇ ਅਤੇ ਸਨਿਮਰ, ਮਿੱਠੀ ਬੋਲ-ਬਾਣੀ ਵਿਚ ਖੈਰ-ਸੁੱਖ ਪੁਛਦੇ ਤੇ ਹੋਰ ਗੱਲਾਂ ਕਰਦੇ।
ਪੰਜਾਬੋਂ ਉਹ ਦਰਿਆ ਬਿਆਸ ਨੇੜਲੇ ਪਿੰਡ ਭਲੋਜਲਾ ਤੋਂ ਸਨ। ਇਹ ਨਾਂ ਉਚਾਰਨ ਦੇ ਪੱਖੋਂ ਮੈਨੂੰ ਕੁਛ ਅਜੀਬ ਜਿਹਾ ਲਗਿਆ। ਇਕ ਦਿਨ ਮੈਂ ਹਸਦਿਆਂ ਕਿਹਾ, ‘ਬੇਦੀ ਜੀ, ਤੁਸੀਂ ਤਾਂ ਭਾਸ਼ਾ-ਵਿਗਿਆਨੀ ਹੋ। ਇਹ ਤੁਹਾਡਾ ਭਲੋਜਲਾ ਜਾਂ ਤਾਂ ਭਵਜਲ ਦਾ ਤੇ ਜਾਂ ਫੇਰ ਜਲਜ਼ਲੇ ਦਾ ਭਰਾ-ਭਾਈ ਜਿਹਾ ਨਹੀਂ ਲਗਦਾ?’
ਉਹ ਵੀ ਖੁੱਲ੍ਹ ਕੇ ਹੱਸੇ, ‘ਗੱਲ ਤਾਂ ਤੁਹਾਡੀ ਵੀ ਵਾਜਬ ਹੈ ਪਰ ਸੱਚ-ਤੱਥ ਇਹ ਹੈ ਕਿ ਇਹ ਪਿੰਡ ਮੂਲ ਰੂਪ ਵਿਚ ਔਜਲਾ ਗੋਤ ਦੇ ਕਿਸਾਨ ਜੱਟਾਂ ਦਾ ਸੀ ਜੋ ਉਨ੍ਹਾਂ ਦੇ ਪੁਰਖੇ ਬਾਬਾ ਭੀਲ ਨੇ ਵਸਾਇਆ ਦਸਦੇ ਨੇ। ਭੀਲ-ਔਜਲਾ ਤੋਂ ਹੌਲੀ-ਹੌਲੀ ਬਦਲ ਕੇ ਭਲੋਜਲਾ ਬਣ ਗਿਆ। ਪਰ ਜੇ ਤੁਹਾਡੇ ਵਾਲੀ ਸ਼ੈਲੀ ਵਿਚ ਇਹਦਾ ਕੋਈ ਅਰਥ ਦੱਸਣਾ ਹੋਵੇ, ਮੈਂ ਤਾਂ, ਭੁੱਲਰ ਜੀ, ਇਹ ਕਹਾਂਗਾ ਕਿ ਮੇਰੇ ਪਿੰਡ ਦੇ ਲੋਕ ਜਲ ਵਰਗੇ ਭਲੇ ਨੇ ਜਿਸ ਕਰਕੇ ਇਸ ਨੂੰ ਭਲੋਜਲਾ ਕਿਹਾ ਜਾਣ ਲਗਿਆ। ਦੇਖੋ ਆਪਣੇ ਬਾਬਾ ਨਾਨਕ ਜੀ ਨੇ ਜਲ ਨੂੰ ਸਮੁੱਚੇ ਜੀਵਨ ਦਾ ਆਧਾਰ ਦੱਸ ਕੇ ਉਸ ਨੂੰ ਕਿੰਨਾ ਭਲਾ ਦਰਜਾ ਦਿੱਤਾ ਹੈ। ਕਹਿੰਦੇ ਨੇ, ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।’
ਪਿੰਡ ਨਾਲ ਉਨ੍ਹਾਂ ਨੂੰ ਏਨਾ ਸਨੇਹ ਸੀ ਕਿ ਆਪਣੀਆਂ ਪੁਸਤਕਾਂ ‘ਤੇ ਉਨ੍ਹਾਂ ਨੇ ਆਪਣੇ ਨਾਂ ਨਾਲ ‘ਭਲੋਜਲਾ ਨਿਵਾਸੀ’ ਲਿਖਿਆ। ਦਿੱਲੀ ਵਿਚ ਲਗਭਗ ਚਾਰ ਦਹਾਕਿਆਂ ਤੱਕ ਟਿਕੇ ਰਹਿਣ ਅਤੇ ਨਾਂ ਕਮਾਉਣ ਦੇ ਬਾਵਜੂਦ ਉਹ ਦਿਲੋਂ ਭਲੋਜਲਾ-ਨਿਵਾਸੀ ਹੀ ਰਹੇ। ਸ਼ਾਇਦ ਇਸੇ ਕਰਕੇ ਉਨ੍ਹਾਂ ਨੇ ਆਪਣੇ ਲਗਭਗ ਸਭ ਸਹਿਕਰਮੀਆਂ ਦੇ ਉਲਟ ਦਿੱਲੀ ਵਿਚ ਆਪਣਾ ਮਕਾਨ ਨਹੀਂ ਸੀ ਬਣਾਇਆ। ਉਹ ਅੰਤ ਤੱਕ ਬਹੁਤ ਹੀ ਸਾਧਾਰਨ ਤੇ ਭੀੜੇ ਜਿਹੇ ਮਕਾਨ ਦੇ ਕਿਰਾਏਦਾਰ ਬਣੇ ਰਹੇ। ਦਿੱਲੀ ਯੂਨੀਵਰਸਿਟੀ ਤੋਂ ਰੀਡਰ ਵਜੋਂ ਸੇਵਾ-ਮੁਕਤ ਹੋ ਕੇ ਉਨ੍ਹਾਂ ਨੂੰ ਦਿੱਲੀ ਦੀ ਥਾਂ ਭਲੋਜਲੇ ਰਹਿਣਾ ਹੀ ਚੰਗਾ ਲਗਿਆ। ਪਰ ਮਾੜੇ ਕਰਮਾਂ ਨੂੰ ਕੁਛ ਚਿਰ ਮਗਰੋਂ ਹੀ ਡਿੱਗਣ ਕਾਰਨ ਉਨ੍ਹਾਂ ਦਾ ਚੂਲ਼ਾ ਟੁੱਟ ਗਿਆ ਤੇ ਉਹ ਮੰਜੇ ਜੋਗੇ ਹੋ ਗਏ। ਡਾਕਟਰ ਠੀਕ ਹੀ ਬੁਢਾਪੇ ਵਿਚ ਹੱਡੀ ਟੁੱਟਣ ਨੂੰ ਅੰਤ ਦਾ ਆਰੰਭ ਆਖਦੇ ਹਨ। ਇਹੋ ਅਹੁਰ ਕਈ ਮਹੀਨਿਆਂ ਤੱਕ ਕਸ਼ਟ ਦੇਣ ਮਗਰੋਂ ਉਨ੍ਹਾਂ ਦੇ ਚਲਾਣੇ ਦਾ ਕਾਰਨ ਬਣ ਗਈ।
ਇਕ ਵਾਰ ਉਨ੍ਹਾਂ ਦੇ ਇਸ ਪਿੰਡ-ਪਿਆਰ ਦੀ ਗੱਲ ਤੁਰੀ ਤਾਂ ਉਨ੍ਹਾਂ ਨੇ ਰਹੱਸ ਖੋਲ੍ਹਿਆ, ‘ਭਾਵੇਂ ਇਹ ਸਾਡਾ ਜੱਦੀ-ਪੁਸ਼ਤੀ ਪਿੰਡ ਨਹੀਂ ਪਰ ਮੈਂ ਤਾਂ ਇਸ ਸੰਸਾਰ ਵਿਚ ਆਪਣੀਆਂ ਅੱਖਾਂ ਇਸੇ ਪਿੰਡ ਵਿਚ ਖੋਲ੍ਹੀਆਂ। ਇਹਦੇ ਨਾਲ ਮੋਹ ਤਾਂ ਹੋਣਾ ਹੀ ਹੋਇਆ। ਵੈਸੇ ਮੇਰਾ ਪਿਛੋਕਾ ਤਾਂ ਡੇਰਾ ਬਾਬਾ ਨਾਨਕ ਦਾ ਹੈ ਜੀ। ਭਲੋਜਲੇ ਦੀ ਪੰਚਾਇਤ ਸਾਡੇ ਵਡੇਰਿਆਂ ਨੂੰ ਉਥੋਂ ਜਾ ਕੇ ਲਿਆਈ ਸੀ।’ ਉਨ੍ਹਾਂ ਨੇ ਦੱਸਿਆ ਕਿ ਔਜਲੇ ਜੱਟਾਂ ਨੇ ਕਿਵੇਂ ਪਿੰਡ ਨੂੰ ਸੰਪੂਰਨ ਬਣਾਉਣ ਦੇ ਪੱਖੋਂ ਹੋਰ ਜਾਤਾਂ-ਗੋਤਾਂ ਦੇ ਲੋਕਾਂ ਦੀ ਲੋੜ ਮਹਿਸੂਸ ਕੀਤੀ ਤੇ ਉਹ ਪੱਗਾਂ ਦੇ-ਦੇ ਕੇ ਬੜੀ ਇੱਜ਼ਤ ਨਾਲ ਉਨ੍ਹਾਂ ਨੂੰ ਹੋਰ ਪਿੰਡਾਂ ਤੋਂ ਲੈ ਆਏ। ‘ਇਉਂ ਤਰਖਾਣਾਂ, ਲੁਹਾਰਾਂ, ਨਾਈਆਂ, ਮਜ਼ਹਬੀ-ਰਵੀਦਾਸੀਆਂ ਦੇ ਨਾਲ ਨਾਲ ਬੇਦੀਆਂ-ਸੋਢੀਆਂ ਦੀ ਵੀ ਵਾਰੀ ਆ ਗਈ। ਅਸੀਂ ਡੇਰਾ ਬਾਬਾ ਨਾਨਕ ਵਾਲੇ ਬੇਦੀ ਲੋਕ ਬਾਬਾ ਨਾਨਕ ਦੀ ਕੁਲ ਵਿਚੋਂ ਹਾਂ!’
ਉਨ੍ਹਾਂ ਦਾ ਪਹਿਲਾ ਨਾਂ ਰਾਮਜੀ ਦਾਸ ਬੇਦੀ ਸੀ। ਮਗਰੋਂ ਉਨ੍ਹਾਂ ਨੇ ਨਾਂ ਤਾਂ ਕਾਲਾ ਸਿੰਘ ਬੇਦੀ ਕਰ ਲਿਆ ਪਰ ਰਹੇ ਸਹਿਜਧਾਰੀ ਹੀ। ਜਦੋਂ ਮੈਂ ਖਿਮਾ-ਸਹਿਤ ਉਨ੍ਹਾਂ ਤੋਂ ਇਸ ਤੱਥ ਦਾ ਭੇਤ ਜਾਣਨਾ ਚਾਹਿਆ, ਉਹ ਹੱਸ ਪਏ, ‘ਭੁੱਲਰ ਜੀ, ਅਸਲ ਵਿਚ ਇਹ ਬੜੀ ਅਨੋਖੀ ਜਿਹੀ ਕਹਾਣੀ ਹੈ। ਤੁਹਾਨੂੰ ਯਕੀਨ ਨਹੀਂ ਆਉਣਾ, ਭਰ-ਜਵਾਨੀ ਤੱਕ ਮੈਂ ਵਿਦਿਆਰਥੀ ਨਹੀਂ, ਅਣਪੜ੍ਹ ਪਹਿਲਵਾਨ ਹੁੰਦਾ ਸੀ। ਮੇਰਾ ਕੰਮ ਬੱਸ ਪਹਿਲਵਾਨੀ ਕਰਨਾ ਜਾਂ ਵਿਹਲੇ ਸਮੇਂ ਵਿਚ ਘਰ ਦੇ ਡੰਗਰ ਚਾਰਨਾ ਹੁੰਦਾ ਸੀ। ਓਦੋਂ ਦੇ ਕਟਾਏ ਕੇਸ ਮੁੜ ਕੇ ਵਿਦਿਆ ਦੇ ਲੜ ਲੱਗਣ ਮਗਰੋਂ ਵੀ ਬੱਸ ਰੱਖੇ ਹੀ ਨਹੀਂ। ਉਂਜ ਤੁਹਾਨੂੰ ਦੱਸਾਂ, ਸਾਡਾ ਪਰਿਵਾਰ ਕੇਸਾਧਾਰੀ ਹੀ ਹੈ।’
ਉਨ੍ਹਾਂ ਦਾ ਅਣਪੜ੍ਹ ਪਹਿਲਵਾਨ ਹੋਣਾ ਸੁਣ ਕੇ ਜਾਗੀ ਮੇਰੀ ਹੈਰਾਨੀ ਦੇ ਜਵਾਬ ਵਿਚ ਉਹ ਬੋਲੇ, ‘ਭੁੱਲਰ ਜੀ, ਤੁਸੀਂ ਵੀ ਜੇ ਆਪਣੇ ਬਾਲਪਨ ਦੇ ਜ਼ਮਾਨੇ ਨੂੰ ਚੇਤੇ ਕਰੋ, ਹੁਣ ਦੇ ਉਲਟ ਬਹੁਤੇ ਪੇਂਡੂ ਜਵਾਨ ਸਰੀਰ ਬਣਾ ਕੇ ਰੱਖਣ ਦੇ ਸ਼ੌਕੀਨ ਹੁੰਦੇ ਸਨ। ਹੁਣ ਵਾਲੇ ਵੈਲ-ਐਬ ਪਿੰਡਾਂ ਦੀ ਜਵਾਨੀ ਦੇ ਨੇੜੇ-ਤੇੜੇ ਵੀ ਨਹੀਂ ਸਨ ਪਹੁੰਚੇ। ਹਰ ਪਿੰਡ ਦੇ ਜਵਾਨ ਡੰਡ-ਬੈਠਕਾਂ ਕਢਦੇ, ਭਾਰ ਚੁਕਦੇ, ਗੋਲਾ ਸੁਟਦੇ। ਕਈ ਮੇਰੇ ਵਰਗੇ ਪਹਿਲਵਾਨੀ ਤੱਕ ਵੀ ਜਾ ਪਹੁੰਚਦੇ!’
ਮੇਰਾ ਸੁਭਾਵਿਕ ਸਵਾਲ ਸੀ, ‘ਫੇਰ ਤੁਸੀਂ ਇਹ ਥੱਬਾ ਡਿਗਰੀਆਂ ਕਿਥੋਂ ਮਾਰ ਲਿਆਏ?’
ਉਹ ਖੁੱਲ੍ਹ ਕੇ ਹੱਸੇ, ‘ਤੁਸੀਂ ਬਿਲਕੁਲ ਦਰੁਸਤ ਕਿਹਾ, ਮੇਰੀ ਜੀਵਨ-ਕਹਾਣੀ ਹੈ ਡਿਗਰੀਆਂ ਲੈਣ ਦੀ ਥਾਂ ਡਿਗਰੀਆਂ ਮਾਰਨ ਵਾਲੀ ਹੀ!…ਪਿੰਡਾਂ ਵਿਚ ਸਾਂਝ ਵੀ ਬਹੁਤ ਹੁੰਦੀ ਸੀ ਤੇ ਕਿਸੇ-ਕਿਸੇ ਗੱਲ ਦਾ ਸ਼ਰੀਕਾ ਵੀ ਹੋ ਜਾਂਦਾ ਸੀ। ਹੋਇਆ ਇਹ ਜੀ ਕਿ ਸਾਡੇ ਇਕ ਗੁਆਂਢੀ ਪਿੰਡ ਦੇ ਮੇਰੇ ਸਭ ਹਾਣੀ ਕੁਸ਼ਤੀ ਵਿਚ ਮੈਥੋਂ ਹਾਰ ਗਏ। ਉਸ ਪਿੰਡ ਦਾ ਇਕ ਜਵਾਨ ਦਿੱਲੀ ਰਹਿੰਦਾ ਸੀ। ਉਹ ਕੰਮ-ਧੰਦੇ ਦੇ ਨਾਲ-ਨਾਲ ਪਹਿਲਵਾਨੀ ਵੀ ਕਰਦਾ ਸੀ। ਪਿੰਡ ਵਾਲਿਆਂ ਦੀ ਨਜ਼ਰ ਵਿਚ ਉਹ ਵਾਹਵਾ ਚੰਗਾ ਪਹਿਲਵਾਨ ਸੀ। ਇਕ ਵਾਰ ਉਹਨੂੰ ਪਿੰਡ ਆਏ ਹੋਏ ਨੂੰ ਉਥੋਂ ਦੇ ਲੋਕਾਂ ਨੇ ਮੇਰੇ ਨਾਲ ਟਕਰਾ ਦਿੱਤਾ। ਕੁਸ਼ਤੀ ਦੇ ਕਈ ਗੇੜ ਹੋਏ ਪਰ ਉਹਨੇ ਮੇਰੀ ਪਿੱਠ ਤਾਂ ਕੀ ਲਾਉਣੀ ਸੀ, ਉਲਟਾ ਮੈਥੋਂ ਪਿੱਠ ਲੁਆ ਬੈਠਾ! ਲੋਕਾਂ ਵਿਚ ਈਰਖਾ ਘੱਟ ਹੀ ਹੁੰਦੀ ਸੀ। ਉਹ ਮੈਥੋਂ ਹਾਰੇ ਹੋਣ ਦਾ ਬੁਰਾ ਮਨਾਉਣ ਦੀ ਥਾਂ ਮੈਨੂੰ ਕਹਿਣ ਲਗਿਆ, ‘ਤੇਰੇ ਵਿਚ ਕੁਸ਼ਤੀ ਦੇ ਦਾਅ-ਪੇਚਾਂ ਦੀ ਕਲਾ ਹੈ, ਤੂੰ ਮੇਰੇ ਨਾਲ ਦਿੱਲੀ ਚੱਲ, ਉਥੇ ਤੇਰੀ ਕਦਰ ਪੈ ਸਕਦੀ ਹੈ।’
ਮੈਂ ਦੱਸਿਆ, ਮੇਰੇ ਪੱਲੇ ਤਾਂ ਧੇਲਾ ਵੀ ਨਹੀਂ। ਉਹਨੇ ਮੈਨੂੰ ਰੋਟੀ-ਟੁੱਕ ਦੀ ਤੇ ਕੰਮ ਲੱਭਣ ਦੀ ਮਦਦ ਦਾ ਭਰੋਸਾ ਦਿੱਤਾ।’
ਮੈਂ ਉਨ੍ਹਾਂ ਦੀ ਗੱਲ ਟੋਕੀ, ‘ਤਾਂ ਫੇਰ ਦਿੱਲੀ ਤੁਸੀਂ ਡਿਗਰੀ ਬੈਗ ਵਿਚ ਪਾ ਕੇ ਅਧਿਆਪਕ ਲੱਗਣ ਨਹੀਂ ਸੀ ਆਏ, ਝਲਲ਼ੇ ਵਿਚ ਲੰਗੋਟ ਪਾ ਕੇ ਪਹਿਲਵਾਨੀ ਕਰਨ ਆਏ ਸੀ!’
ਉਨ੍ਹਾਂ ਨੇ ਹਾਮੀ ਭਰੀ, ‘ਜੀ ਹਾਂ।…ਉਸ ਬੰਦੇ ਨੇ ਤਾਂ ਮੇਰੀ ਮਦਦ ਕਰਨ ਦਾ ਕੌਲ ਨਿਭਾਇਆ ਪਰ ਉਹਦੀਆਂ ਰੋਟੀਆਂ ਮੈਂ ਕਿੰਨਾ ਕੁ ਚਿਰ ਭੰਨ ਸਕਦਾ ਸੀ!…ਬਹੁਤ ਔਖੇ ਦਿਨ ਕੱਟੇ, ਭੁੱਲਰ ਜੀ, ਮੈਂ! ਕਈ ਨਿੱਕੇ-ਮੋਟੇ ਕੰਮ ਵੀ ਕੀਤੇ। ਉਹ ਕੰਮ ਵੀ ਜਿਨ੍ਹਾਂ ਨੂੰ ਮਨ ਨਹੀਂ ਸੀ ਮੰਨਦਾ! ਆਖ਼ਰ ਉਪਰ ਵਾਲੇ ਨੇ ਹੀ ਰਾਹ ਕੱਢਿਆ। ਗੁਰੂ-ਘਰ ਵਿਚ ਜਮਾਂਦਰੂ ਸ਼ਰਧਾ ਹੋਣ ਕਰਕੇ ਮੈਂ ਮੱਥਾ ਟੇਕਣ ਜਾਂਦਾ ਰਹਿੰਦਾ ਸੀ। ਉਥੇ ਮਿਲਦਾ ਇਕ ਭਲਾ ਆਦਮੀ ਇਕ ਦਿਨ ਮੇਰਾ ਬਾਬਾ ਨਾਨਕ ਦੀ ਕੁਲ ਵਿਚੋਂ ਹੋਣਾ ਜਾਣ ਕੇ ਕਹਿਣ ਲਗਿਆ, ਬਾਬਾ ਜੀ ਨੇ ਤਾਂ ਦੁਨੀਆ ਨੂੰ ਚਾਨਣ ਦਿੱਤਾ, ਤੂੰ ਉਨ੍ਹਾਂ ਦੀ ਔਲਾਦ ਹੋ ਕੇ ਅਣਪੜ੍ਹਤਾ ਦੇ ਹਨੇਰੇ ਵਿਚ ਤੁਰਿਆ ਫਿਰਦਾ ਹੈਂ! ਉਹਨੇ ਮੈਨੂੰ ਗੁਰਮੁਖੀ ਸਿਖਾਉਣ ਦੀ ਪੇਸ਼ਕਸ਼ ਕੀਤੀ।…ਬੱਸ ਜੀ, ਉਹ ਦਿਨ ਸੋ ਉਹ ਦਿਨ, ਉਸ ਭਲੇ ਆਦਮੀ ਦੀ ਕਿਰਪਾ ਨਾਲ ਮੈਨੂੰ ਤਾਂ ਪੜ੍ਹਨ ਦਾ ਨਸ਼ਾ ਹੀ ਲੱਗ ਗਿਆ। ਤੇ ਹੁਣ ਮੈਂ ਜੋ ਹਾਂ, ਤੁਹਾਡੇ ਸਾਹਮਣੇ ਹਾਂ!’
ਮੈਂ ਹੈਰਾਨ ਹੋਇਆ, ਭਰ-ਜਵਾਨੀ ਤੱਕ ਅਣਪੜ੍ਹ ਤੇ ਫੇਰ ਕਈ ਐਮ.ਏ. ਤੇ ਆਖ਼ਰ ਪੀ-ਐਚ.ਡੀ.! ਉਹ ਸਕੂਲ ਅਧਿਆਪਕ ਤੋਂ ਸ਼ੁਰੂ ਕਰ ਕੇ ਕਾਲਜ ਵਿਚੋਂ ਦੀ ਹੁੰਦੇ ਹੋਏ ਯੂਨੀਵਰਸਿਟੀ ਵਿਚ ਪੜ੍ਹਾਉਣ ਤੱਕ ਪੁੱਜੇ। ਭਾਸ਼ਾਵਾਂ ਦੇ ਉਹ ਗੂੜ੍ਹ-ਗਿਆਨੀ ਸਨ ਅਤੇ ਪੰਜਾਬੀ, ਉਰਦੂ, ਫ਼ਾਰਸੀ ਤੇ ਇਤਿਹਾਸ ਦੇ ਚੌਹਰੇ ਐਮ.ਏ. ਸਨ। ਡਾਕਟਰੇਟ ਵਾਸਤੇ ਉਨ੍ਹਾਂ ਨੇ ‘ਪੰਜਾਬੀ ਅਤੇ ਉਰਦੂ ਦਾ ਭਾਸ਼ਾਈ ਸੰਬੰਧ’ ਵਿਸ਼ਾ ਚੁਣਿਆ।
ਬਾਬਾ ਨਾਨਕ ਦੀ ਕੁਲ ਵਿਚੋਂ ਹੋਣ ਦੇ ਮਾਣ ਸਦਕਾ ਹੀ ਉਨ੍ਹਾਂ ਨੇ ਬਾਬਾ ਜੀ ਬਾਰੇ ਪੰਜ ਪੁਸਤਕਾਂਵਾਰਕਾਰ ਗੁਰੂ ਨਾਨਕ, ਗੁਰੂ ਨਾਨਕ ਕਾਵਿ-ਕਲਾ, ਗੁਰੂ ਨਾਨਕ ਕਾਵਿ-ਚਿਤਰਣ, ਗੁਰੂ ਨਾਨਕ ਦਰਸ਼ਨ ਅਤੇ ਗੁਰੂ ਨਾਨਕ ਨਿਰੰਕਾਰੀਦੀ ਰਚਨਾ ਕੀਤੀ। ‘ਗੁਰੂ ਨਾਨਕ ਦਰਸ਼ਨ’ ਵਿਚ ਉਨ੍ਹਾਂ ਨੇ ਆਪਣਾ ਕੁਰਸੀਨਾਮਾ ਦਿੱਤਾ ਹੋਇਆ ਹੈ ਜੋ ਸਿੱਧਾ ਬਾਬਾ ਨਾਨਕ ਨਾਲ ਜਾ ਜੁੜਦਾ ਹੈ।
ਇਕ ਦਿਨ ਪੰਜਾਬੋਂ ਇਕ ਮੁੰਡਾ ਸਾਡੇ ਘਰ ਆਇਆ ਅਤੇ ਉਹਨੇ ਮੇਰੇ ਇਕਲੌਤੇ ਸਕੂਲ ਅਧਿਆਪਕ ਸਾਂਢੂ ਦੀ ਚਿੱਠੀ ਦਿੱਤੀ। ਉਸ ਵਿਚ ਮੈਨੂੰ ਉਸ ਮੁੰਡੇ ਦਾ ਕੰਮ ਕਰਵਾ ਦੇਣ ਲਈ ਕਿਹਾ ਗਿਆ ਸੀ। ਉਹਨੇ ਕੰਮ ਦੱਸਿਆ ਤਾਂ ਮੈਂ ਇਕ ਵਾਰ ਤਾਂ ਦੁਚਿੱਤੀ ਜਿਹੀ ਵਿਚ ਪੈ ਗਿਆ, ਫੇਰ ਸੋਚਿਆ, ਇਹ ਤਾਂ ਅੱਜ-ਕੱਲ੍ਹ ਸਾਧਾਰਨ ਵਰਤਾਰਾ ਹੈ। ਪੰਜਾਬ ਦੀ ਇਕ ਯੂਨੀਵਰਸਿਟੀ ਤੋਂ ਉਹਨੇ ਪੰਜਾਬੀ ਐਮ. ਏ. ਦੇ ਦੂਜੇ ਭਾਗ ਦੇ ਪਰਚੇ ਦਿੱਤੇ ਹੋਏ ਸਨ ਅਤੇ ਨੰਬਰ ਲਾਉਣ ਵਾਸਤੇ ਇਕ ਪਰਚਾ ਕਾਲਾ ਸਿੰਘ ਬੇਦੀ ਜੀ ਕੋਲ ਆਇਆ ਹੋਇਆ ਸੀ। ਉਹ ਮੇਰੇ ਰਾਹੀਂ ਉਨ੍ਹਾਂ ਤੋਂ ਨੰਬਰ ਵਧਵਾਉਣ ਦੇ ਮੰਤਵ ਨਾਲ ਆਇਆ ਸੀ। ਹੁਣ ਦੇ ਨੇਮਾਂ ਦਾ ਪਤਾ ਨਹੀਂ, ਉਹਨੀਂ ਦਿਨੀਂ ਉਹ ਯੂਨੀਵਰਸਿਟੀ ਜਵਾਬੀ ਪਰਚੇ ਤੋਂ ਅਸਲ ਰੋਲ ਨੰਬਰ ਪਾੜ ਲੈਂਦੀ ਸੀ ਅਤੇ ਉਹਦੀ ਥਾਂ ਨਵਾਂ ਗੁਪਤ ਨੰਬਰ ਲਾ ਦਿੰਦੀ ਸੀ। ਮੁੰਡਾ ਏਨਾ ਜੁਗਤੀ-ਜੁਗਾੜੀ ਸੀ ਕਿ ਉਹਨੇ ਸੰਬੰਧਿਤ ਕਲਰਕ ਦੇਵਤਾ ਨੂੰ ਮਾਇਆ ਦਾ ਗੱਫਾ ਦੇ ਕੇ ਨਾ ਸਿਰਫ਼ ਚਾਰੇ ਪਰਚਿਆਂ ਦੇ ਨੰਬਰ ਲਾਉਣ ਵਾਲੇ ਪ੍ਰੋਫ਼ੈਸਰਾਂ ਦਾ ਹੀ ਪਤਾ ਕਰ ਲਿਆ ਸੀ ਸਗੋਂ ਚਾਰੇ ਗੁਪਤ ਨੰਬਰ ਵੀ ਲੈ ਲਏ ਸਨ। ਇਉਂ ਸਾਨੂੰ ਪੂਰਾ ਢੇਰ ਫਰੋਲ ਕੇ ਪਰਚਾ ਪਛਾਨਣ-ਲੱਭਣ ਦੀ ਖੇਚਲ ਨਹੀਂ ਸੀ ਕਰਨੀ ਪੈਣੀ, ਬੇਦੀ ਜੀ ਨੂੰ ਬੱਸ ਗੁਪਤ ਨੰਬਰ ਹੀ ਦੱਸਣਾ ਪੈਣਾ ਸੀ।
ਮੇਰੇ ਇਕ ਕਹਾਣੀਕਾਰ ਮਿੱਤਰ ਨੇ ਉਨ੍ਹਾਂ ਦਾ ਘਰ ਦੇਖਿਆ ਹੋਇਆ ਸੀ। ਉਹਨੂੰ ਮੈਂ ਨਾਲ ਲੈ ਲਿਆ। ਮੈਂ ਸੋਚਿਆ, ਨਾਲੇ ਮੇਰੇ ਇਕੱਲੇ ਨਾਲੋਂ ਸਾਡੇ ਦੋਂਹ ਦਾ ਬੇਦੀ ਜੀ ਉਤੇ ਅਸਰ ਕੁਛ ਵੱਧ ਪਵੇਗਾ। ਉਹ ਕਿਤੇ ਆਪਣੇ ਦਿੱਲੀ ਵਾਸ ਦੇ ਸ਼ੁਰੂ ਤੋਂ ਸੰਘਣੀ ਵਸੋਂ ਵਾਲੇ ਸਦੀਆਂ ਪੁਰਾਣੇ ਪਹਾੜਗੰਜ ਵਿਚ ਕਿਰਾਏਦਾਰ ਵਜੋਂ ਰਹਿ ਰਹੇ ਸਨ। ਬਾਬਾ ਆਦਮ ਦੇ ਜ਼ਮਾਨੇ ਦੇ ਬਣੇ ਇਕ ਭੀੜੇ ਤੇ ਹਨੇਰੇ ਜਿਹੇ ਘਰ ਦੀ ਪਹਿਲੀ ਮੰਜ਼ਲ ਉਤੇ ਉਸ ਚਾਨਣੇ ਮਨੁੱਖ ਦਾ ਟਿਕਾਣਾ ਸੀ। ਅਸੀਂ ਤਿੰਨੇ ਮਟਕ-ਚਾਨਣੀ ਜਿਹੀ ਡਿਉਢੀ ਦੀਆਂ ਭੀੜੀਆਂ ਪੌੜੀਆਂ ਕੋਲ ਪਹੁੰਚੇ ਤਾਂ ਮੇਰਾ ਮਿੱਤਰ ਕਹਿੰਦਾ, ਸੱਜੀ ਕੰਧ ਨਾਲ ਸੰਗਲ ਲੱਗਿਆ ਹੋਇਆ ਹੈ, ਉਹ ਫੜ ਲਵੋ, ਚੜ੍ਹਨਾ ਸੌਖਾ ਰਹੂ। ਅੱਗੇ ਬੇਦੀ ਜੀ ਦੇ ਕਮਰੇ ਵਿਚ ਵੀ ਦਿਨੇ ਹੀ ਬਲਬ ਜਗ ਰਿਹਾ ਸੀ। ਮੈਨੂੰ ਤੇ ਮੇਰੇ ਮਿੱਤਰ ਨੂੰ ਦੇਖ ਕੇ ਉਨ੍ਹਾਂ ਨੂੰ ਤਾਂ ਜਿਵੇਂ ਸੱਚੇ ਦਿਲੋਂ ਚਾਅ ਹੀ ਚੜ੍ਹ ਗਿਆ! ਸਾਨੂੰ ਤਿੰਨਾਂ ਨੂੰ ਆਪਣੇ ਆਪਣੇ ਮਨ ਵਿਚ ਤਸੱਲੀ ਹੋ ਗਈ ਕਿ ਕੰਮ ਬਣ ਗਿਆ ਸਮਝੋ।
ਚਾਹ-ਪਾਣੀ ਪਿੱਛੋਂ ਬੇਦੀ ਜੀ ਨੇ ਬੜੀ ਮਿੱਠਤ ਨਾਲ ਪੁੱਛਿਆ, ‘ਅੱਜ ਰਾਹ ਕਿਵੇਂ ਭੁੱਲ ਗਏ ਮੇਰੇ ਪਿਆਰੇ?’
ਪਤਾ ਨਹੀਂ, ਸਾਡੇ ਆਉਣ ਦਾ ਮੰਤਵ ਉਹ ਸਮਝ ਗਏ ਸਨ ਜਾਂ ਨਹੀਂ। ਹੋ ਸਕਦਾ ਹੈ, ਉਨ੍ਹਾਂ ਕੋਲ ਹੋਰ ਲੋਕ ਵੀ ਇਸ ਕੰਮ ਆਉਂਦੇ ਹੋਣ। ਜਾਂ ਹੋ ਸਕਦਾ ਹੈ, ਉਨ੍ਹਾਂ ਨੂੰ ਜਾਣਨ ਵਾਲੇ ਬੰਦੇੇ ਇਹ ਸੋਚ ਕੇ ਨਾ ਹੀ ਆਉਂਦੇ ਹੋਣ ਕਿ ਕੰਮ ਤਾਂ ਉਨ੍ਹਾਂ ਨੇ ਕਰਨਾ ਨਹੀਂ।
ਤਿੰਨਾਂ ਵਿਚੋਂ ਮੈਨੂੰ ਹੀ ਬੋਲਣਾ ਪੈਣਾ ਸੀ। ਬੇਦੀ ਜੀ ਦੇ ਕੀਤੇ ਸਵਾਗਤ ਮਗਰੋਂ ਕੰਮ ਬਣ ਜਾਣ ਵਿਚ ਕੋਈ ਬਹੁਤਾ ਸ਼ੱਕ ਨਹੀਂ ਸੀ ਰਹਿ ਗਿਆ। ਇਸ ਦੇ ਬਾਵਜੂਦ ਮੈਂ ਗੱਲ ਝਿਜਕ ਜਿਹੀ ਦਿਖਾ ਕੇ ਹੀ ਕਰਨੀ ਠੀਕ ਸਮਝੀ, ‘ਬੇਦੀ ਜੀ, ਅਸੀਂ ਕੁਛ ਕਸੂਤੇ ਜਿਹੇ ਕੰਮ ਆਏ ਹਾਂ।’
ਉਹ ਸਹਿਜ ਨਾਲ ਆਖਣ ਲੱਗੇ, ‘ਕੰਮ ਕਿਹੋ ਜਿਹਾ ਵੀ ਹੋਵੇ, ਬੰਦਾ ਆਖ਼ਰ ਆਪਣਿਆਂ ਕੋਲ ਹੀ ਪਹੁੰਚਦਾ ਹੈ। ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?’
ਮੈਂ ਕੱਚਾ ਜਿਹਾ ਹੋ ਕੇ ਕਿਹਾ, ‘ਬੇਦੀ ਜੀ, ਅਸੀਂ ਤਿੰਨੇ ਤੁਹਾਡੇ ਬੱਚਿਆਂ ਵਰਗੇ ਹਾਂ, ਸਾਡੇ ਲਈ ਸੇਵਾ ਵਰਗਾ ਸ਼ਬਦ ਵਰਤ ਕੇ ਸਾਨੂੰ ਪਾਪ ਦੇ ਭਾਗੀ ਨਾ ਬਣਾਓ!’ ਆਪਣੀ ਗੱਲ ਦਾ ਅਸਰ ਵਧਾਉਣ ਲਈ ਮੈਂ ਮੁੰਡੇ ਨੂੰ ਸਾਂਢੂ ਦਾ ਦੋਸਤ ਦੱਸਣ ਦੀ ਥਾਂ ਕਿਹਾ, ‘ਇਹ ਮੇਰਾ ਸਾਂਢੂ ਹੈ। ਇਹਦਾ ਪਰਚਾ ਤੁਹਾਡੇ ਕੋਲ ਹੈ, ਗੁਪਤ ਨੰਬਰ ਐਨਾ ਹੈ।…ਬੇਦੀ ਜੀ, ਗੱਲ ਇਹ ਹੈ, ਪਹਿਲੇ ਸਾਲ ਵਿਚ ਸੈਕੰਡ ਡਵੀਜ਼ਨ ਤੋਂ ਇਹਦੇ ਨੰਬਰ ਕੁਛ ਘੱਟ ਰਹਿ ਗਏ ਸਨ। ਜੇ ਤੁਹਾਡੀ ਕਿਰਪਾ ਹੋ ਜਾਵੇ, ਇਹਦੀ ਸੈਕੰਡ ਡਵੀਜ਼ਨ ਬਣ ਜਾਵੇ ਤੇ ਨੌਕਰੀ ਵਾਸਤੇ ਰਾਹ ਖੁੱਲ੍ਹ ਜਾਵੇ।’
ਉਹ ਮੇਰੀ ਗੱਲ ਟੋਕੇ ਬਿਨਾਂ ਸ਼ਾਂਤੀ ਨਾਲ ਸੁਣਦੇ ਰਹੇ। ਮੈਂ ਸਾਹ ਲਿਆ ਤਾਂ ਬੋਲੇ, ‘ਤੁਹਾਡੀ ਗੱਲ ਬਿਲਕੁਲ ਸਹੀ ਹੈ। ਸਾਡੇ ਵਾਲੇ ਜ਼ਮਾਨੇ ਤਾਂ ਰਹੇ ਨਹੀਂ। ਹੁਣ ਨੌਜਵਾਨਾਂ ਸਾਹਮਣੇ ਨੌਕਰੀ ਇਕ ਵੱਡੀ ਸਮੱਸਿਆ ਹੈ।’ ਫੇਰ ਉਹ ਇਕ ਪਲ ਚੁੱਪ ਰਹਿ ਕੇ ਕਹਿੰਦੇ, ‘ਪਰ, ਭੁੱਲਰ ਜੀ, ਮੈਂ ਇਹ ਕੰਮ ਜ਼ਿੰਦਗੀ ਵਿਚ ਕਦੀ ਵੀ ਕੀਤਾ ਨਹੀਂ!’
ਕਮਰੇ ਵਿਚ ਚੁੱਪ ਵਰਤ ਗਈ। ਅਸੀਂ ਕਹਿੰਦੇ ਤਾਂ ਕੀ ਕਹਿੰਦੇ, ਜ਼ਿੰਦਗੀ ਭਰ ਦਾ ਆਪਣਾ ਨੇਮ-ਧਰਮ ਤੋੜ ਦਿਉ! ਆਖ਼ਰ ਉਨ੍ਹਾਂ ਨੇ ਹੀ ਚੁੱਪ ਤੋੜੀ, ‘ਤੁਹਾਨੂੰ ਮੇਰਾ ਜਵਾਬ ਬੁਰਾ ਲੱਗਿਆ ਹੋ ਸਕਦਾ ਹੈ। ਇਸ ਕਰਕੇ ਮੈਂ ਤੁਹਾਨੂੰ ਇਸ ਦਾ ਕਾਰਨ ਦੱਸਣਾ ਵੀ ਜ਼ਰੂਰੀ ਸਮਝਦਾ ਹਾਂ।…ਮੰਨ ਲਵੋ, ਇਸ ਬੱਚੇ ਦੇ 62 ਨੰਬਰ ਨੇ। ਮੈਂ ਪੰਜ ਵਧਾ ਕੇ 67 ਕਰ ਦਿੰਦਾ ਹਾਂ। ਇਉਂ ਮੈਂ ਇਸ ਨੂੰ ਉਨ੍ਹਾਂ ਕਈ ਬੱਚਿਆਂ ਦੇ ਉਪਰੋਂ ਛਾਲ ਮਰਵਾ ਕੇ ਅੱਗੇ ਲੰਘਾ ਰਿਹਾ ਹੋਵਾਂਗਾ ਜਿਨ੍ਹਾਂ ਦੇ 63 ਤੋਂ 66 ਤੱਕ ਨੰਬਰ ਆਏ ਹੋਏ ਨੇ। ਉਨ੍ਹਾਂ ਨੇ ਇਹ ਨੰਬਰ ਆਪਣੀ ਮਿਹਨਤ ਨਾਲ ਲਏ ਨੇ। ਉਨ੍ਹਾਂ ਨੂੰ ਵੀ ਨੌਕਰੀਆਂ ਚਾਹੀਦੀਆਂ ਨੇ।…ਮੈਂ ਆਪਣੇ ਇਸ ਰਿਸ਼ਤੇਦਾਰ ਦੇ ਨੰਬਰ ਵਧਾ ਦਿਆਂਗਾ, ਪਹਿਲਾਂ ਤੁਸੀਂ ਮੇਰੀ ਇਕ ਗੱਲ ਦਾ ਜਵਾਬ ਦੇ ਦਿਉ।…ਜਿਨ੍ਹਾਂ ਬੱਚਿਆਂ ਦੇ ਉਪਰੋਂ ਦੀ ਮੈਂ ਇਸ ਨੂੰ ਛੜੱਪਾ ਮਰਵਾ ਦਿਆਂਗਾ, ਮਤਲਬ ਉਨ੍ਹਾਂ ਦਾ ਹੱਕ ਮਾਰ ਕੇ ਇਸ ਨੂੰ ਦੇ ਦਿਆਂਗਾ, ਉਨ੍ਹਾਂ ਬਿਚਾਰਿਆਂ ਦਾ ਕੀ ਕਸੂਰ ਹੈ ਭਾਈ?’
ਬੇਦੀ ਜੀ ਨੇ ਅਜਿਹਾ ਸਵਾਲ ਪੁੱਛਿਆ ਸੀ, ਜਿਸ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਸਗੋਂ ਕਿਸੇ ਕੋਲ ਵੀ ਕੋਈ ਜਵਾਬ ਨਹੀਂ ਸੀ। ਮੈਂ ਉਠਿਆ ਅਤੇ ਉਨ੍ਹਾਂ ਦੇ ਗੋਡੇ ਛੂਹ ਕੇ ਹੱਥ ਜੋੜੇ, ‘ਬੇਦੀ ਜੀ, ਤੁਹਾਡਾ ਸੁੱਚਾ ਸੁਭਾਅ ਜਾਣਦਿਆਂ ਸਾਨੂੰ ਇਹੋ ਜਿਹੇ ਕੰਮ ਵਾਸਤੇ ਤੁਹਾਡੇ ਕੋਲ ਆਉਣਾ ਹੀ ਨਹੀਂ ਸੀ ਚਾਹੀਦਾ। ਮੈਂ ਆਪਣੀ ਬੇਨਤੀ ਵਾਪਸ ਲੈਂਦਾ ਹਾਂ। ਮੈਂ ਹੁਣ ਨੰਬਰ ਵਧਾਉਣ ਲਈ ਬਿਲਕੁਲ ਨਹੀਂ ਆਖਦਾ। ਮੈਨੂੰ ਅਫ਼ਸੋਸ ਹੈ, ਅਸੀਂ ਤੁਹਾਨੂੰ ਤੁਹਾਡੇ ਆਦਰਸ਼ ਤੋਂ ਥਿੜਕਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਮਾਫ਼ ਕਰ ਦਿਓ!’
ਉਨ੍ਹਾਂ ਨੇ ਖੜ੍ਹੇ ਹੋ ਕੇ ਮੈਨੂੰ ਹਿੱਕ ਨਾਲ ਲਾਇਆ ਅਤੇ ਮਾਹੌਲ ਨੂੰ ਸਹਿਜ ਕਰਨ ਲਈ ਕਹਿੰਦੇ, ‘ਕੋਈ ਗੱਲ ਨਹੀਂ। ਮਨ ਨੂੰ ਨਾ ਲਾਉ। ਤੁਹਾਡੀ ਕੋਈ ਗ਼ਲਤੀ ਨਹੀਂ। ਅੱਜ-ਕੱਲ੍ਹ ਨੰਬਰ ਵਧਾਉਣ ਨੂੰ ਲੋਕ ਸਾਧਾਰਨ ਗੱਲ ਸਮਝਦੇ ਨੇ। ਤੁਸੀਂ ਕੋਈ ਅਣਹੋਣੀ ਨਹੀਂ ਕੀਤੀ।’
ਮੈਨੂੰ ਪਤਾ ਸੀ, ਸਾਂਢੂ ਦੇ ਦੋਸਤ ਨੂੰ ਮੇਰੀ ਗੱਲ ਬਹੁਤ ਬੁਰੀ ਲੱਗੀ ਹੋਵੇਗੀ। ਉਹ ਘਰ ਤੱਕ ਘੁੱਟਿਆ-ਵੱਟਿਆ ਜਿਹਾ ਰਿਹਾ। ਆਇਆ ਤਾਂ ਉਹ ਰਾਤ ਰਹਿਣ ਸੀ ਪਰ ਘਰ ਪਹੁੰਚ ਕੇ ਉਹਨੇ ਬੈਗ ਚੁੱਕਿਆ ਤੇ ਰੁੱਸੀ ਜਿਹੀ ਫਤਿਹ ਬੁਲਾ ਕੇ ਰਾਤ ਵਾਲੀ ਬਸ ਫੜਨ ਵਾਸਤੇ ਤੁਰ ਗਿਆ। ਉਹਨੇ ਜਾ ਕੇ ਗਿਲਾ ਕੀਤਾ, ‘ਕੰਮ ਕੀ ਮੇਰਾ ਸੁਆਹ ਹੋਣਾ ਸੀ, ਭੁੱਲਰ ਨੇ ਤਾਂ ਉਸ ਪ੍ਰੋਫ਼ੈਸਰ ਨੂੰ ਆਪ ਹੀ ਕਹਿ ਦਿੱਤਾ, ਅਸੀਂ ਨੰਬਰ ਵਧਾਉਣ ਲਈ ਨਹੀਂ ਆਖਦੇ।’ ਕੁਦਰਤੀ ਸੀ, ਰਿਸ਼ਤੇਦਾਰ ਮੇਰੇ ਨਾਲ ਰੁੱਸ ਗਏ ਪਰ ਬੇਦੀ ਜੀ ਦੀ ਇੱਜ਼ਤ ਮੇਰੇ ਦਿਲ ਵਿਚ ਪਹਿਲਾਂ ਨਾਲੋਂ ਵੀ ਵਧ ਗਈ।