ਕੱਟੜ ਤਾਕਤਾਂ ਅਮਨ ਮੁਹਿੰਮ ਦਾ ਰੋੜਾ ਬਣੀਆਂ

ਨਵੀਂ ਦਿੱਲੀ: ਪਾਕਿਸਤਾਨ ਅੰਦਰਲੀਆਂ ਕੱਟੜਪੰਥੀ ਤਾਕਤਾਂ ਨੇ ਇਕ ਵਾਰ ਫਿਰ ਭਾਰਤ-ਪਾਕਿਸਤਾਨ ਅਮਨ ਮੁਹਿੰਮ ਵਿਚ ਰੋੜਾ ਅਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਵਾਲੇ ਪਾਸਿਉਂ 20 ਹਥਿਆਰਬੰਦ ਬੰਦਿਆਂ ਦਾ ਦਸਤਾ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿਚ ਭਾਰਤੀ ਇਲਾਕੇ ਵਿਚ ਦਾਖਲ ਹੋਇਆ ਅਤੇ ਗਸ਼ਤੀ ਟੁਕੜੀ ‘ਤੇ ਘਾਤ ਲਾ ਕੇ ਹਮਲਾ ਕਰ ਕੇ ਪੰਜ ਭਾਰਤੀ ਫੌਜੀਆਂ ਨੂੰ ਮਾਰ ਦਿੱਤਾ। ਸਰਹੱਦ ਪਾਰੋਂ ਇਸ ਤਰ੍ਹਾਂ ਦੀਆਂ ਵਧੀਕੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਹਨ।
ਅਸਲ ਵਿਚ ਕੁਝ ਪਾਕਿਸਤਾਨੀ ਏਜੰਸੀਆਂ ਅਤੇ ਕੱਟੜਪੰਥੀ ਧੜੇ ਕਿਸੇ ਵੀ ਹਾਲਤ ਵਿਚ ਦੋਵਾਂ ਮੁਲਕਾਂ ਦਰਮਿਆਨ ਸੁਖਾਵਾਂ ਮਾਹੌਲ ਨਹੀਂ ਬਣਨ ਦੇਣਾ ਚਾਹੁੰਦੇ। ਜਦੋਂ ਵੀ ਦੋਵਾਂ ਮੁਲਕਾਂ ਦੇ ਆਗੂਆਂ ਵੱਲੋਂ ਅਮਨ ਮੁਹਿੰਮ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਲੋਕ ਕੋਈ ਨਾ ਕੋਈ ਹਿੰਸਕ ਘਟਨਾ ਕਰ ਕੇ ਮਾਹੌਲ ਨੂੰ ਖਰਾਬ ਕਰ ਦਿੰਦੇ ਹਨ। ਪਾਕਿਸਤਾਨ ਵਿਚ ਜਨਾਬ ਨਵਾਜ਼ ਸ਼ਰੀਫ ਦੀ ਸਰਕਾਰ ਬਣਨ ਮਗਰੋਂ ਦੋਵਾਂ ਮੁਲਕਾਂ ਵਿਚ ਸਬੰਧ ਸੁਖਾਵੇਂ ਹੋਣ ਦੀ ਚਰਚਾ ਚੱਲੀ ਸੀ। ਦੋਵਾਂ ਮੁਲਕਾਂ ਨੇ ਇਸ ਸਬੰਧੀ ਕਈ ਪਹਿਲਕਦਮੀਆਂ ਵੀ ਕੀਤੀਆਂ ਹਨ ਜਿਸ ਤੋਂ ਪ੍ਰੇਸ਼ਾਨ ਹੋ ਕੇ ਕੱਟੜਪੰਥੀ ਤਾਕਤਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿਚ ਜੁਟ ਗਈਆਂ ਹਨ। ਇਨ੍ਹਾਂ ਕੱਟੜਪੰਥੀਆਂ ਦਾ ਫੌਜ ਅਤੇ ਖੁਫੀਆ ਏਜੰਸੀਆਂ ਵਿਚ ਵੀ ਚੋਖਾ ਪ੍ਰਭਾਵ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿਚ ਅਸਲ ਕੰਟਰੋਲ ਰੇਖਾ ਦੇ ਨੇੜੇ ਭਾਰਤੀ ਫੌਜ ਦੀ ਗਸ਼ਤੀ ਟੁਕੜੀ ਉਪਰ ਪਾਕਿ ਬਾਰਡਰ ਐਕਸ਼ਨ ਟੀਮ (ਬੀæਏæਟੀæ) ਵੱਲੋਂ ਘਾਤ ਲਾ ਕੇ ਹਮਲਾ ਕੀਤਾ ਗਿਆ। ਮਗਰੋਂ ਹੋਈ ਗੋਲੀਬਾਰੀ ਵਿਚ ਪੰਜ ਭਾਰਤੀ ਜਵਾਨ ਮਾਰੇ ਗਏ। ਇਸ ਹਮਲੇ ਵਿਚ ਪਾਕਿਸਤਾਨੀ ਫੌਜ ਦੇ ਜਵਾਨਾਂ ਸਮੇਤ 20 ਦੇ ਕਰੀਬ ਹਥਿਆਰਬੰਦ ਅਤਿਵਾਦੀ ਸ਼ਾਮਲ ਦੱਸੇ ਗਏ ਹਨ। ਰੱਖਿਆ ਮੰਤਰੀ ਏæਕੇæ ਐਂਟਨੀ ਨੇ ਸੰਸਦ ਵਿਚ ਦੱਸਿਆ ਕਿ ਹਮਲਾਵਰ ਦਹਿਸ਼ਤਗਰਦਾਂ ਨਾਲ ਪਾਕਿਸਤਾਨੀ ਫੌਜ ਦੀ ਵਰਦੀ ਵਾਲੇ ਕੁਝ ਬੰਦੇ ਵੀ ਸਨ। ਉਨ੍ਹਾਂ ਕਿਹਾ ਕਿ ਭਾਰਤ ਅਸਲ ਕੰਟਰੋਲ ਰੇਖਾ ਦੀ ਪਾਕੀਜ਼ਗੀ ਬਰਕਰਾਰ ਰੱਖਣ ਲਈ ਸਾਰੇ ਲੋੜੀਂਦੇ ਕਦਮ ਉਠਾਏਗਾ। ਉਧਰ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਚੀਨ ਤੇ ਪਾਕਿਸਤਾਨ ਉਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਇਹ ਦੋਵੇਂ ਭਾਰਤ ਪ੍ਰਤੀ ਹਮਲਾਵਰ ਰੁਖ਼ ਅਪਨਾ ਕੇ ਰੱਖਦੇ ਹਨ।
ਇਸੇ ਦੌਰਾਨ ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿਚ ਕੰਟਰੋਲ ਰੇਖਾ ਦੇ ਨਾਲ ਪੰਜ ਭਾਰਤੀ ਫੌਜੀਆਂ ਦੀ ਹੱਤਿਆ ਬਾਰੇ ਰੋਸ ਪ੍ਰਗਟਾਇਆ। ਸੂਤਰਾਂ ਅਨੁਸਾਰ ਪਾਕਿਸਤਾਨੀ ਡਿਪਟੀ ਹਾਈ ਕਮਿਸ਼ਨਰ ਮਨਸੂਰ ਮਹਿਮਦ ਖ਼ਾਨ ਨੂੰ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਰੁਦਰਿੰਦਰ ਟੰਡਨ ਨੇ ਬੁਲਾ ਕੇ ਸਖਤ ਰੋਸ ਪ੍ਰਗਟਾਇਆ। ਉਧਰ, ਪਾਕਿਸਤਾਨ ਨੇ ਇਸ ਘਟਨਾ ਵਿਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਉਹ 2003 ਦੇ ਗੋਲੀਬੰਦੀ ਸਮਝੌਤੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਅਸਲ ਕੰਟਰੋਲ ਰੇਖਾ ਲਾਗੇ ਅਜਿਹੀ ਕੋਈ ਘਟਨਾ ਨਹੀਂ ਹੋਈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਜ਼ਾਜ਼ ਚੌਧਰੀ ਨੇ ਕਿਹਾ ਕਿ ਭਾਰਤੀ ਮੀਡੀਆ ਦੇ ਕੁਝ ਹਿੱਸਿਆਂ ਵਿਚ ਇਹ ਦੋਸ਼ ਲਾਏ ਜਾ ਰਹੇ ਹਨ ਕਿ ਪਾਕਿਸਤਾਨ ਵਾਲੇ ਪਾਸਿਉਂ ਹਮਲਾ ਕਰ ਕੇ ਪੁਣਛ ਖੇਤਰ ਵਿਚ ਪੰਜ ਭਾਰਤੀ ਜਵਾਨ ਮਾਰ ਦਿੱਤੇ ਗਏ। ਉਨ੍ਹਾਂ ਇਨ੍ਹਾਂ ਰਿਪੋਰਟਾਂ ਨੂੰ ਆਧਾਰਹੀਣ ਅਤੇ ਝੂਠੀਆਂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਵੀ ਪੁਸ਼ਟੀ ਕੀਤੀ ਹੈ ਕਿ ਸਰਹੱਦ ‘ਤੇ ਕੋਈ ਦੁਵੱਲੀ ਫਾਇਰਿੰਗ ਨਹੀਂ ਹੋਈ ਜੋ ਇਸ ਘਟਨਾ ਦਾ ਕਾਰਨ ਬਣ ਸਕਦੀ ਹੋਵੇ। ਇਸ ਤੋਂ ਇਲਾਵਾ ਪਾਕਿਸਤਾਨ ਨੇ 2003 ਦੇ ਗੋਲੀਬੰਦੀ ਸਮਝੌਤੇ ਦਾ ਪੱਕਾ ਪਾਬੰਦ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਆਪਸੀ ਭਰੋਸੇ ਦੀ ਬਹਾਲੀ ਲਈ ਅਤਿ ਜ਼ਰੂਰੀ ਹੈ ਤੇ ਇਸ ਦੀ ਇੰਨ-ਬਿੰਨ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

Be the first to comment

Leave a Reply

Your email address will not be published.