ਯਾਦ-ਝਰੋਖਾ: ਗੁਰੂ ਕਾਸ਼ੀ ਕਾਲਜ ਦੀ ਜ਼ਰਖੇਜ਼ ਰਹਿਤਲ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਜੁਲਾਈ 1981, ਰੁਜ਼ਗਾਰ ਦੀ ਭਾਲ ਵਿਚ ਮੁੱਲਾਂਪੁਰ ਤੋਂ ਤਲਵੰਡੀ ਸਾਬੋ ਨੂੰ ਗੁਰੂ ਕਾਸ਼ੀ ਕਾਲਜ ਵਿਚ ਇੰਟਰਵਿਊ ਲਈ ਬੱਸ ਵਿਚ ਬੈਠਾ। ਨਵਾਂ ਇਲਾਕਾ, ਨਵੇਂ ਰਾਹ ਅਤੇ ਨਵੇਂ ਲੋਕ। ਪ੍ਰਾਈਵੇਟ ਕਾਲਜਾਂ ਵਿਚ ਪੜ੍ਹਾਉਂਦਿਆਂ ਅਤੇ ਇਨ੍ਹਾਂ ਦੀਆਂ ਪ੍ਰਬੰਧਕੀ ਕਮੇਟੀਆਂ ਦੇ ਵਿਹਾਰ ਤੇ ਧੱਕੇਸ਼ਾਹੀ ਦਾ ਚਸ਼ਮਦੀਦ ਗਵਾਹ। ਸਾਧਾਰਨ ਪਰਿਵਾਰ ਦੇ ਬੱਚਿਆਂ ਲਈ ਜ਼ਿੰਦਗੀ ਹੀ ਜੱਦੋ-ਜਹਿਦ ਦਾ ਨਾਮ ਅਤੇ ਇਸ ਜੱਦੋ-ਜਹਿਦ ਨੂੰ ਜਾਰੀ ਰੱਖਣ ਲਈ ਇਸ ਇੰਟਰਵਿਊ ਵਿਚ ਕਿਸਮਤ ਅਜਮਾਉਣ ਜਾ ਰਿਹਾ ਸਾਂ।

ਪਿਛਲੇ ਹਫ਼ਤੇ ਹੀ ਡੀਏਵੀ ਕਾਲਜ ਹੁਸ਼ਿਆਰਪੁਰ ਵਿਚ ਪ੍ਰਧਾਨ ਦਾ ਉਹ ਰੂਪ ਦੇਖਿਆ, ਜਿਸ ਵਿਚ ਉਸ ਨੇ ਮੈਰਿਟ ਨੂੰ ਨਕਾਰ ਕੇ ਆਪਣੇ ਚਹੇਤੇ ਨੂੰ ਪੱਕੀ ਨੌਕਰੀ `ਤੇ ਰੱਖਿਆ ਸੀ। ਇਹ ਉਹੀ ਕਾਲਜ ਸੀ ਜਿਸ ਦੇ ਪ੍ਰਿੰਸੀਪਲ ਰਾਜ ਕੁਮਾਰ ਨੂੰ ਮੈਂ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਬਚਾਇਆ ਸੀ, ਜਦ ਵਿਦਿਅਰਥੀਆਂ ਦੇ ਹਜ਼ੂਮ ਨੇ ਉਸ ਦੇ ਸਿਰ ਵਿਚ ਤੇਜ਼ਧਾਰ ਹਥਿਆਰ ਨਾਲ ਡੂੰਘਾ ਜਖ਼ਮ ਕਰ ਕੇ ਲਹੂ-ਲੁਹਾਣ ਕਰ ਦਿੱਤਾ ਅਤੇ ਮੈਂ ਵਿਦਿਅਰਥੀਆਂ ਦੇ ਵਿਰੋਧ ਦੇ ਬਾਵਜੂਦ ਹਸਪਤਾਲ ਵਿਚ ਪਹੁੰਚਾਉਣ ਵਿਚ ਮਦਦ ਕੀਤੀ ਸੀ ਪਰ ਇਨ੍ਹਾਂ ਪ੍ਰਧਾਨਾਂ ਲਈ ਹਰ ਬੰਦਾ ਹੀ ਵਰਤਣ ਦੀ ਵਸਤ ਹੁੰਦੀ ਅਤੇ ਵਰਤਿਆ ਵਿਅਕਤੀ ਸੁੱਟ ਦਿਤਾ ਜਾਂਦਾ, ਡਸਟਬਿਨ ਵਿਚ ਪਰ ਮਨ ਵਿਚ ਇਹ ਸੋਚ ਕੇ ਨਵਾਂ ਹੰਭਲਾ ਭਰਿਆ ਸੀ ਕਿ ਸਾਰੇ ਪ੍ਰਧਾਨ ਜਾਂ ਪ੍ਰਬੰਧਕੀ ਕਮੇਟੀਆਂ ਇਕੋ ਜਿਹੀਆਂ ਨਹੀਂ ਹੁੰਦੀਆਂ।
ਤਲਵੰਡੀ ਸਾਬੋ ਨਿੱਕਾ ਜਿਹਾ ਕਸਬਾ ਨੁਮਾ ਪਿੰਡ। ਰਾਮਾ ਮੰਡੀ ਤੇ ਮੌੜ ਵਾਲੀ ਸੜਕ `ਤੇ ਕੁਦਰਤ ਦੀ ਆਗੋਸ਼ ਵਿਚ ਗੁਰੂ ਕਾਸ਼ੀ ਕਾਲਜ। ਬੇਰੀਆਂ, ਅਮਰੂਦਾਂ ਅਤੇ ਕਿੰਨੂਆਂ ਦੇ ਬਾਗਾਂ ਵਿਚ ਘਿਰਿਆ ਇਹ ਕਾਲਜ ਮਾਨਸਿਕ ਸਕੂਨ ਅਤੇ ਵਿਦਿਆ ਹਾਸਲ ਕਰਨ ਲਈ ਗੁਰੁਕੁਲ ਵਰਗਾ। ਮੁੱਢਲੇ ਪ੍ਰਿੰਸੀਪਲ ਡਾ. ਹਰਬੰਤ ਸਿੰਘ ਅਤੇ ਪ੍ਰਧਾਨ ਜੰਗੀਰ ਸਿੰਘ ਪੂਹਲਾ ਜੀ ‘ਤੇ ਆਧਾਰਤ ਕਮੇਟੀ ਵਲੋਂ ਨਿਰੋਲ ਮੈਰਿਟ ਦੇ ਆਧਾਰ `ਤੇ ਚੋਣ ਕੀਤੀ ਗਈ ਤਾਂ ਮੇਰੀ ਵਾਰੀ ਆਉਣੀ ਸੁਭਾਵਿਕ ਸੀ। ਪੇਂਡੂ ਵਾਤਾਵਰਨ ਵਿਚ ਪਿੰਡ ਦੇ ਉਨ੍ਹਾਂ ਜੁਆਕਾਂ ਨੂੰ ਪੜ੍ਹਾਉਣ ਦਾ ਮੌਕਾ ਮਿਲਣਾ ਇਕ ਸੁਭਾਗ ਸੀ, ਜਿਨ੍ਹਾਂ ਨੂੰ ਪੜ੍ਹਾਈ ਦੀ ਸਭ ਤੋਂ ਵੱਧ ਲੋੜ ਸੀ ਅਤੇ ਉਹ ਪੜ੍ਹ ਕੇ ਆਪਣੇ ਲਈ, ਆਪਣੇ ਪਰਿਵਾਰ ਅਤੇ ਇਲਾਕੇ ਲਈ ਕੁਝ ਚੰਗੇਰਾ ਕਰਨਾ ਲੋਚਦੇ ਸਨ। ਕਾਲਜ ਵਿਚ ਪਹਿਲੀ ਵਾਰ ਸਾਇੰਸ ਦੀਆਂ ਕਲਾਸਾਂ ਸ਼ੁਰੂ ਕਰਨ ਲਈ ਪ੍ਰੋ. ਮਹਿੰਦਰ ਸਿੰਘ ਬਾਟਨੀ (ਜੋ ਬਾਅਦ ਵਿਚ ਇਸ ਕਾਲਜ ਦੇ ਪ੍ਰਿੰਸੀਪਲ ਵੀ ਬਣੇ), ਪ੍ਰੋ. ਹਰਕਮਲ ਸਿੰਘ ਜਿਆਲੋਜੀ ਅਤੇ ਪ੍ਰੋ. ਜਸਬੀਰ ਸਿੰਘ ਸੰਧੂ ਕੈਮਿਸਟਰੀ ਤਾਂ ਉਸ ਇਲਾਕੇ ਦੇ ਹੀ ਸਨ, ਸਿਰਫ਼ ਮੈਂ ਹੀ ਦੁਆਬੇ ਤੋਂ ਮਾਲਵੇ ਵਿਚ ਪਹੁੰਚਿਆ ਸਾਂ।
ਦਰਅਸਲ, ਉਸ ਸਮੇਂ ਤਲਵੰਡੀ ਸਾਬੋ ਇਕ ਛੋਟਾ ਜਿਹਾ ਪਿੰਡ ਹੀ ਸੀ ਭਾਵੇਂ ਕਿ ਇਹ ਸਿੱਖਾਂ ਦਾ ਪੰਜਵਾਂ ਤਖ਼ਤ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਮਨੀ ਸਿੰਘ ਰਾਹੀਂ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਲਿਖਵਾਈਆਂ ਗਈਆਂ ਸਨ ਅਤੇ ਉਹ ਇਥੋਂ ਹੀ ਦੱਖਣ ਵੱਲ ਰਵਾਨਾ ਹੋਏ ਸਨ। ਬਾਬਾ ਦੀਪ ਸਿੰਘ ਜੀ ਨੇ ਹਰਮਿੰਦਰ ਸਾਹਿਬ ਨੂੰ ਮੁਗਲਾਂ ਕੋਲੋਂ ਆਜ਼ਾਦ ਕਰਵਾਉਣ ਲਈ ਇਥੋਂ ਹੀ ਕੂਚ ਕੀਤਾ ਸੀ। ਹਰ ਸ਼ਾਮ ਨੂੰ ਪਿੰਡ ਦੇ ਵਿਚੋਂ ਹੋ ਕੇ ਗੁਰਦੁਆਰੇ ਮੱਥਾ ਟੇਕ ਆਈਦਾ ਸੀ। ਸਾਧਾਰਨ, ਭੋਲੇ-ਭਾਲੇ ਅਤੇ ਮਿਹਨਤਕਸ਼ ਲੋਕ ਇਸ ਨਗਰੀ ਦੇ ਵਾਸੀ ਜੋ ਗੂੜ ਮਲਵਈ ਬੋਲੀ ਵਿਚ ਗੱਲਾਂ ਕਰਦੇ, ਉਨ੍ਹਾਂ ਦੀ ਕਈ ਵਾਰ ਮੈਨੂੰ ਸਮਝ ਵੀ ਨਹੀਂ ਸੀ ਲੱਗਦੀ। ਉਸ ਸਮੇਂ ਸਿਰਫ਼ ਗੁਰੂ ਕਾਸ਼ੀ ਕਾਲਜ ਹੀ ਸੀ ਭਾਵੇਂ ਕਿ ਹੁਣ ਅਕਾਲ ਯੂਨੀਵਰਸਿਟੀ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਪੰਜਾਬੀ ਯੂਨੀਵਰਸਿਟੀ ਦਾ ਰਿਜਨਲ ਸੈਂਟਰ ਸਮੇਤ ਕਈ ਵਿਦਿਅਕ ਅਧਾਰੇ ਤਲਵੰਡੀ ਸਾਬੋ ਵਿਚ ਸਥਾਪਤ ਹਨ, ਜਿਸ ਕਰਕੇ ਹੁਣ ਤਲਵੰਡੀ ਸਾਬੋ ਸੱਚਮੁੱਚ ਹੀ ਗੁਰੂ ਕੀ ਕਾਸ਼ੀ ਬਣ ਚੁੱਕਾ ਹੈ।
ਉਸ ਸਮੇਂ ਕਾਲਜ ਦੇ ਪ੍ਰਿੰਸੀਪਲ ਪ੍ਰੋ. ਗੁਰਚਰਨ ਸਿੰਘ ਜੀ ਸਨ, ਜੋ ਸਰਕਾਰੀ ਕਾਲਜ ਫਰੀਦਕੋਟ ਤੋਂ ਰਿਟਾਇਰ ਹੋ ਕੇ ਇਹ ਸੇਵਾਵਾਂ ਨਿਭਾ ਰਹੇ ਸਨ। ਉਹ ਬਹੁਤ ਹੀ ਮਿਹਨਤੀ, ਸਮੇਂ ਦੇ ਪਾਬੰਦ, ਸਾਦੇ ਅਤੇ ਪਿੰਡ ਦੇ ਵਿਦਿਆਰਥੀਆਂ ਨੂੰ ਪਿਆਰ ਕਰਨ ਵਾਲੇ ਅਤੇ ਉਨ੍ਹਾਂ ਦੀ ਬਿਹਤਰੀ ਲਈ ਹਰ ਕਦਮ ਉਠਾਉਣ ਲਈ ਤਤਪਰ ਰਹਿੰਦੇ ਸਨ। ਜ਼ਿਆਦਾਤਰ ਪ੍ਰੋਫੈਸਰ ਬਠਿੰਡੇ ਤੋਂ ਹੀ ਆਉਂਦੇ ਸਨ ਜਦਕਿ ਕੁਝ ਕਾਲਜ ਵਿਚਲੇ ਸਟਾਫ਼ ਕੁਆਰਟਰਜ਼ ਵਿਚ ਰਹਿੰਦੇ ਸਨ। ਸਾਰੇ ਪ੍ਰੋਫੈਸਰ ਬਹੁਤ ਹੀ ਮਿਹਨਤੀ ਅਤੇ ਵਿਦਿਆਰਥੀਆਂ ਲਈ ਪ੍ਰਤੀਬੱਧ ਸਨ। ਮੈਂ ਇਸ ਕਲਾਜ ਵਿਚ ਜੁਲਾਈ 1981 ਤੋਂ 29 ਅਪ੍ਰੈਲ, 1984 ਤਕ ਰਿਹਾ ਕਿਉਂਕਿ ਮੇਰੀ ਸਰਕਾਰੀ ਕਾਲਜ ਵਿਚ ਨਿਯੁਕਤੀ ਹੋ ਗਈ ਅਤੇ ਮੈਂ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਜੁਆਇਨ ਕਰ ਲਿਆ। ਇਹ ਪ੍ਰਿੰਸੀਪਲ ਇਕਬਾਲ ਸਿੰਘ ਜੀ ਅਤੇ ਪ੍ਰਧਾਨ ਜੰਗੀਰ ਸਿੰਘ ਪੂਹਲਾ ਜੀ ਦੀ ਵਡੱਤਣ ਹੀ ਸੀ ਕਿ ਉਨ੍ਹਾਂ ਨੇ ਨੌਕਰੀ ਛੱਡਣ ਲਈ ਤਿੰਨ ਮਹੀਨੇ ਦਾ ਨੋਟਿਸ ਦੇਣ ਜਾਂ ਤਿੰਨ ਮਹੀਨੇ ਦੀ ਤਨਖ਼ਾਹ ਜਮ੍ਹਾਂ ਕਰਾਉਣ ਤੋਂ ਪੂਰਨ ਤੌਰ `ਤੇ ਛੋਟ ਦਿੰਦਿਆਂ ਕਿਹਾ ਕਿ ਮੈਂ ਬਿਨਾਂ ਕਿਸੇ ਫ਼ਿਕਰ ਤੋਂ ਜਦ ਵੀ ਚਾਹਵਾਂ ਸਰਕਾਰੀ ਕਾਲਜ ਵਿਚ ਆਪਣੀ ਨੌਕਰੀ ਸ਼ੁਰੂ ਕਰ ਸਕਦਾ ਹਾਂ। ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਪਹਿਲੀ ਨਿਯੁਕਤੀ ਵਿਚ ਵੀ ਪ੍ਰਿੰਸੀਪਲ ਇਕਬਾਲ ਸਿੰਘ ਜੀ ਦਾ ਯੋਗਦਾਨ ਸੀ।
ਹੁਣ ਜਦ ਮੈਂ ਪਿਛਲ ਝਾਤ ਮਾਰਦਾ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਵਾਕਿਆ ਹੀ ਤਲਵੰਡੀ ਸਾਬੋ ਦੇ ਇਲਾਕੇ ਨੂੰ ਗੁਰੂ ਸਾਹਿਬ ਵਲੋਂ ਗੁਰੂ ਕੀ ਕਾਸ਼ੀ ਦਾ ਵਰਦਾਨ ਹੀ ਹੈ ਕਿ ਇਸ ਜਰਖ਼ੇਜ਼ ਜ਼ਮੀਨ ਵਿਚੋਂ ਵਿਦਿਆ ਪ੍ਰਾਪਤ ਕਰ ਕੇ ਵਿਦਿਅਰਥੀ ਉੱਚੇ ਮਰਤਬਿਆਂ ਦਾ ਮਾਣ ਬਣਦੇ ਨੇ। ਯਾਦ ਹੈ ਕਿ 1981 ਵਿਚ ਸ਼ੁਰੂ ਹੋਈਆਂ ਸਾਇੰਸ ਦੀਆਂ ਮੈਡੀਕਲ ਤੇ ਨਾਨ-ਮੈਡੀਕਲ ਕਲਾਸਾਂ ਵਿਚ ਬਹੁਤ ਘੱਟ ਵਿਦਿਆਰਥੀ ਸਨ ਕਿਉਂਕਿ ਚੰਗੇ ਨੰਬਰਾਂ ਵਾਲੇ ਜ਼ਿਆਦਾਤਰ ਵਿਦਿਆਰਥੀ ਬਠਿੰਡੇ ਕਾਲਜ ਵਿਚ ਦਾਖ਼ਲ ਹੋ ਜਾਂਦੇ ਸਨ। ਸਾਇੰਸ ਦੇ ਪ੍ਰੋਫੈਸਰਾਂ ਨੂੰ ਪੜ੍ਹਾਉਣ ਦਾ ਕੇਹਾ ਜਨੰੂਨ ਸੀ ਕਿ ਉਹ ਸਵੇਰੇ ਕਾਲਜ ਤੋਂ ਪਹਿਲਾਂ ਅਤੇ ਸ਼ਾਮ ਨੂੰ ਕਾਲਜ ਤੋਂ ਬਾਅਦ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਤਿਆਰ ਰਹਿੰਦੇ ਸਨ ਅਤੇ ਵਿਦਿਆਰਥੀ ਵੀ ਵੱਧ ਤੋਂ ਵੱਧ ਸਿੱਖਣ ਲਈ ਉਤਾਵਲੇ ਰਹਿੰਦੇ ਸਨ। ਟਿਊਸ਼ਨ ਦਾ ਤਾਂ ਕਿਸੇ ਨੂੰ ਖ਼ਿਆਲ ਵੀ ਨਹੀਂ ਸੀ। ਉਸ ਕਲਾਸ ਦੇ ਕੁਝ ਵਿਦਿਆਰਥੀ ਪਿਛਲੇ 40 ਸਾਲਾਂ ਤੋਂ ਮੇਰੇ ਸੰਪਰਕ ਵਿਚ ਹਨ। ਉਨ੍ਹਾਂ ਨਾਲ ਇਹ ਰਿਸ਼ਤਾ ਮਨ ਵਿਚ ਮਾਣਮੱਤਾ ਅਹਿਸਾਸ ਪੈਦਾ ਕਰਦਾ ਹੈ। ਆਪਣੇ ਉਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ `ਤੇ ਫਖ਼ਰ ਹੁੰਦਾ ਹੈ ਅਤੇ ਇਹ ਧਾਰਨਾ ਵੀ ਪਰਪੱਕ ਹੁੰਦੀ ਹੈ ਕਿ ਜੇਕਰ ਪਿੰਡ ਦੇ ਵਿਦਿਆਰਥੀਆਂ ਨੂੰ ਸਹੀ ਸੇਧ ਅਤੇ ਪੜ੍ਹਾਈ ਲਈ ਸੁਖਾਵਾਂ ਵਾਤਾਵਰਨ ਮਿਲੇ ਤਾਂ ਉਹ ਕੁਝ ਵੀ ਕਰ ਸਕਦੇ ਹਨ। ਪਹਿਲੇ ਬੈਚ ਦੇ ਇਨ੍ਹਾਂ ਵਿਦਿਆਰਥੀਆਂ ਵਿਚੋਂ ਡਾ. ਬੂਟਾ ਸਿੰਘ ਸਿੱਧੂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦਾ ਵਾਈਸ ਚਾਂਸਲਰ ਹੈ। ਡਾ. ਤੇਜਿੰਦਰਪਾਲ ਸਿੰਘ ਸਿੱਧੂ ਇੰਜਨੀਅਰਿੰਗ ਕਾਲਜ ਫਿਰੋਜ਼ਪੁਰ ਦਾ ਪ੍ਰਿੰਸੀਪਲ ਹੈ। ਕੁਲਜੀਤਪਾਲ ਸਿੰਘ ਮਾਹੀ ਪੀਸੀਐਸ ਹੈ, ਜੋ ਚੰਡੀਗੜ੍ਹ ਵਿਚ ਤਾਇਨਾਤ ਹੈ, ਡਾ. ਸਿੰਮੀ ਗਰੇਵਾਲ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿਚ ਡਾਕਟਰ ਹੈ, ਡਾ. ਜਗਸੀਰ ਸਿੰਘ ਵੈਟਰਨਰੀ ਡਾਕਟਰ ਹੈ, ਡਾ. ਅਸ਼ੋਕ ਕੁਮਾਰ ਡਾਕਟਰ ਹੈ, ਪ੍ਰੋ. ਗੁਰਚਰਨ ਸਿੰਘ ਡਬਲ ਐਮਈ ਪਾਲੀਟੈਕਨਿਕ ਕਾਲਜ ਫਗਵਾੜਾ ਵਿਚ ਪ੍ਰੋਫੈਸਰ ਹੈ ਅਤੇ ਹਰਜਸਪਾਲ ਵੀ ਇੰਜਨੀਅਰਿੰਗ ਕਾਲਜ ਦਾ ਪ੍ਰਿੰਸੀਪਲ ਸੀ, ਭਾਵੇਂ ਹੁਣ ਉਹ ਕੈਨੇਡਾ ਆ ਗਿਆ ਹੈ। ਸ. ਬਲਵਿੰਦਰ ਸਿੰਘ ਅਤੇ ਗਿਆਨ ਸਿੰਘ ਬਠਿੰਡਾ ਐਨਐਫਐਲ ਵਿਚ ਉਚੇ ਅਹੁਦਿਆਂ `ਤੇ ਤਾਇਨਾਤ ਹਨ ਜਦਕਿ ਇੰਜਨੀਅਰ ਸਤਪਾਲ ਟਾਟਾ ਕੰਸਟਰੱਕਸ਼ਨ ਕੰਪਨੀ ਵਿਚ ਵੱਡੇ ਅਹੁਦੇ `ਤੇ ਹੈ। ਇੰਜ. ਗੁਰਤੇਜ ਸਿੰਘ ਬਿਜਲੀ ਬੋਰਡ ਵਿਚ ਅਫਸਰ ਜਦਕਿ ਓਪਿੰਦਰ ਸਿੰਘ ਪ੍ਰਾਈਵੇਟ ਕੰਪਨੀ ਵਿਚ ਵੱਡੇ ਅਹੁਦੇ `ਤੇ ਕਾਰਜ ਕਰ ਰਿਹਾ ਹੈ। ਇਹ ਸਾਰੇ ਵਿਦਿਆਰਥੀ ਜਿਥੇ ਆਪਣੇ ਕਾਲਜ, ਪਰਿਵਾਰ, ਪਿੰਡ ਤੇ ਇਲਾਕੇ ਦਾ ਮਾਣ ਹਨ, ਉਥੇ ਹੀ ਆਪਣੇ ਪ੍ਰੋਫੈਸਰਾਂ ਦਾ ਸਿਰ ਉਚਾ ਕਰਨ ਲਈ ਵਧਾਈ ਦੇ ਪਾਤਰ ਵੀ ਹਨ।
ਇਨ੍ਹਾਂ ਵਿਦਿਆਰਥੀਆਂ ਵਿਚ ਪੜ੍ਹਾਈ ਦਾ ਖ਼ਬਤ ਇੰਨਾ ਸੀ ਕਿ ਉਹ ਕੈਂਪਸ ਵਿਚ ਰਹਿੰਦੇ ਪ੍ਰੋਫੈਸਰਾਂ ਦੇ ਪਰਿਵਾਰਕ ਮੈਂਬਰ ਹੀ ਸਨ। ਪ੍ਰੋ. ਗੁਰਚਰਨ ਸਿੰਘ ਭਾਗੀਵਾਂਦਰ ਦਾ ਹੈ ਅਤੇ ਉਹ ਮੇਰੇ ਘਰ ਦੁੱਧ ਦੇਣ ਵੀ ਆਉਂਦਾ ਸੀ ਅਤੇ ਜਦ ਛੁੱਟੀ ਵਾਲੇ ਦਿਨ ਆਉਣਾ ਤਾਂ ਜੇਕਰ ਮੈਂ ਸਬਜ਼ੀ ਦੀ ਕਿਆਰੀ ਗੁੱਡ ਰਿਹਾ ਹੁੰਦਾ ਤਾਂ ਉਹ ਕੰਢੇ `ਤੇ ਪੈਰਾਂ ਭਾਰ ਬੈਠ ਕੇ ਹੀ ਪ੍ਰਸ਼ਨਾਂ ਦੇ ਜਵਾਬ ਪੁੱਛਦਾ ਰਹਿੰਦਾ। ਉਨ੍ਹਾਂ ਦਾ ਨਿਰਉਚੇਚ ਵਿਹਾਰ ਅਤੇ ਬੇਲਾਗਤਾ ਬਹੁਤ ਪ੍ਰਭਾਵਿਤ ਕਰਦੀ ਸੀ ਅਤੇ ਮਨ ਵਿਚ ਤਮੰਨਾ ਪੈਦਾ ਹੁੰਦੀ ਸੀ ਕਿ ਇਹ ਵਿਦਿਆਰਥੀ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ।
ਉਸ ਕਾਲਜ ਵਿਚ ਪੜ੍ਹਾਉਂਦੇ ਸਮੇਂ ਮੈਂ ਕਾਲਜ ਦੇ ਹੋਸਟਲ ਦਾ ਵਾਰਡਨ ਵੀ ਸੀ, ਜਿਸ ਵਿਚ ਦੁਰਾਡੇ ਪਿੰਡਾਂ ਦੇ ਵਿਦਿਆਰਥੀ ਰਹਿੰਦੇ ਸਨ। ਉਨ੍ਹਾਂ ਦੀ ਜੀਵਨ ਸ਼ੈਲੀ ਨਿਰੋਲ ਪੇਂਡੂ, ਸੱਚੇ-ਸੁੱਚੇ ਅਤੇ ਆਪਣੇ ਅਕੀਦੇ ਪ੍ਰਤੀ ਸਮਰਪਿਤ ਹੁੰਦੇ। ਉਨ੍ਹਾਂ ਵਿਚ ਤਰਕਸ਼ੀਲਤਾ ਅਤੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਬਹੁਤ ਸਨ। ‘ਕੇਰਾਂ ਮੈਂ ਅਤੇ ਮੇਰੀ ਪਤਨੀ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਸੈਰ ਕਰਦੇ ਹੋਸਟਲ ਪਹੁੰਚੇ ਤਾਂ ਦੇਖਿਆ ਕਿ ਕਮਰੇ ਤੋਂ ਬਾਹਰ ਕੁੱਕੜ ਦੇ ਖੰਭ ਖਿੱਲਰੇ ਪਏ ਸਨ। ਜਦ ਬੱਚਿਆਂ ਨੂੰ ਪੁੱਛਿਆ ਕਿ ਕੀ ਉਹ ਅੱਜ ਕੁੱਕੜ ਬਣਾ ਰਹੇ ਹਨ ਤਾਂ ਉਨ੍ਹਾਂ ਦਾ ਭੋਲੇ ਭਾਅ ਜਵਾਬ ਸੀ ਕਿ ਕੁੱਕੜ ਮੁੱਲ ਕਿਥੋਂ ਲੈਣਾ ਸੀ? ਰਾਤ ਇਸ ਚੌਕ ਵਿਚ ਕੋਈ ਟੂਣਾ ਕਰ ਗਿਆ ਅਤੇ ਕਾਲਾ ਕੁੱਕੜ ਛੱਡ ਗਿਆ ਸੀ। ਅਸੀਂ ਫੜ ਲਿਆ ਅਤੇ ਉਹੀ ਕੁੱਕੜ ਬਣਾ ਰਹੇ ਹਾਂ।` ਪਛੜਿਆ ਇਲਾਕਾ ਹੋਣ ਕਾਰਨ, ਚੌਕ-ਚੁਰਸਤੇ ਵਿਚ ਅਕਸਰ ਹੀ ਲੋਕ ਟੂਣੇ ਕਰਦੇ ਰਹਿੰਦੇ ਸਨ ਪਰ ਹੋਸਟਲ ਵਿਚ ਰਹਿਣ ਵਾਲੇ ਬੱਚਿਆਂ `ਤੇ ਪੜ੍ਹਾਈ ਦਾ ਹੀ ਅਸਰ ਸੀ ਕਿ ਉਹ ਇਸ ਨੂੰ ਨਿਰਾ ਵਹਿਮ ਸਮਝਦੇ ਸਨ।
ਉਸ ਸਮੇਂ ਤਲਵੰਡੀ ਸਾਬੋ ਦੇ ਲੋਕਾਂ ਲਈ ਮਨੋਰੰਜਨ ਦਾ ਕੋਈ ਵੀ ਸਾਧਨ ਨਹੀਂ ਸੀ। ਕਾਲਜ ਦੇ ਪਹਿਲੇ ਪ੍ਰਿੰਸੀਪਲ ਡਾ. ਹਰਬੰਤ ਸਿੰਘ ਹੁਰਾਂ ਦੀ ਸੋਚ ਨੂੰ ਸਲਾਮ ਹੈ ਕਿ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਪਿੰਡ ਦੇ ਲੋਕਾਂ ਦੇ ਮਨੋਰੰਜਨ ਲਈ ਕਾਲਜ ਵਲੋਂ ਇਕ ਪ੍ਰੋਜੈਕਟਰ ਖ੍ਰੀਦਿਆ ਹੋਇਆ ਸੀ, ਜਿਸ `ਤੇ ਫਿਲਮਾਂ ਦਿਖਾਈਆਂ ਜਾਂਦੀਆਂ ਸਨ। ਮੈਂ ਇਸ ਦਾ ਇੰਚਾਰਜ ਹੋਣ ਕਾਰਨ ਮਹੀਨੇ ਵਿਚ ਇਕ ਜਾਂ ਦੋ ਵਾਰ ਰਾਤ ਨੂੰ ਕਾਲਜ ਦੀ ਗਰਾਊਂਡ ਵਿਚ ਫ਼ਿਲਮ ਦਿਖਾਉਣੀ ਤਾਂ ਤਲਵੰਡੀ ਸਾਬੋ ਤੋਂ ਇਲਾਵਾ ਆਲੇ-ਦੁਆਲ਼ੇ ਦੇ ਲੋਕ ਵੀ ਫ਼ਿਲਮ ਦੇਖਣ ਆ ਜਾਂਦੇ ਸਨ ਪਰ ਇਸ ਦੌਰਾਨ ਕੋਈ ਵੀ ਹੁੱਲੜਬਾਜ਼ੀ, ਰੌਲਾ-ਰੱਪਾ ਜਾਂ ਕਿਸੇ ਕਿਸਮ ਦੀ ਸ਼ਰਾਰਤ ਜਾਂ ਗੜਬੜ ਨਹੀਂ ਸੀ ਹੁੰਦੀ। ਪਿੰਡ ਵਾਲਿਆਂ ਨੂੰ ਅਕਸਰ ਹੀ ਫ਼ਿਲਮ ਦਿਖਾਉਣ ਦੀ ਤਾਰੀਖ਼ ਦੀ ਚਾਅ ਨਾਲ ਉਡੀਕ ਹੁੰਦੀ ਸੀ।
ਬਹੁਤ ਪਿਆਰੀ ਤੇ ਮੋਹਭਿੱਜੀ ਹੈ ਮਲਵਈ ਬੋਲੀ ਅਤੇ ਇਸ ਵਿਚ ਭਰੀ ਹੋਈ ਅਪਣੱਤ। ਕਈ ਵਾਰ ਮੈਂ ਪੇਂਡੂਆਂ ਦੀ ਗੱਲਬਾਤ ਸੁਣਨੀ ਤਾਂ ਮਨ ਵਿਚ ਲੱਜ਼ਤ ਪੈਦਾ ਹੁੰਦੀ ਕਿ ਇਕ ਦੂਜੇ ਨੂੰ ਇੰਝ ਵੀ ਸੰਬੋਧਤ ਹੋਇਆ ਜਾ ਸਕਦਾ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਤੇ ਪਛਾਣ ਨੂੰ ਇੰਝ ਵੀ ਮਾਨਤਾ ਦਿੱਤੀ ਜਾ ਸਕਦੀ ਹੈ। ਮੇਰੀ ਲੇਖਣੀ ਵਿਚ ਸੁੱਤੇ ਸਿੱਧ ਮਲਵਈ ਸ਼ਬਦਾਂ ਦਾ ਆ ਜਾਣਾ ਤਲਵੰਡੀ ਸਾਬੋ ਵਿਚ ਪੜ੍ਹਾਏ ਤਿੰਨ ਸਾਲਾਂ ਦੌਰਾਨ ਮਲਵਈਆਂ ਵਿਚ ਵਿਚਰਨ ਅਤੇ ਉਨ੍ਹਾਂ ਦੀ ਬੋਲੀ ਨੂੰ ਸੁੱਤੇ ਸਿੱਧ ਹੀ ਅਪਨਾਉਣਾ ਇਕ ਕਾਰਨ ਹੈ।
ਮੈਂ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿਚ ਪੜ੍ਹਾਇਆ ਹੈ। ਬਹੁਤ ਜ਼ਿਆਦਾ ਵਿਦਿਆਰਥੀ ਵੱਖ ਵੱਖ ਖੇਤਰਾਂ ਵਿਚ ਕਾਮਯਾਬੀ ਅਤੇ ਸ਼ੁਹਰਤ ਦੀ ਬੁਲੰਦੀ `ਤੇ ਹਨ ਪਰ ਹਰ ਕਲਾਸ ਵਿਚੋਂ ਕੁਝ ਪ੍ਰਤੀਸ਼ਤ ਵਿਦਿਆਰਥੀ ਹੀ ਅਜਿਹੇ ਹੁੰਦੇ ਸਨ ਪਰ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਵਿਚ ਪੜ੍ਹਾਏ ਉਸ ਪਹਿਲੇ ਬੈਚ ਦਾ ਕੇਹਾ ਕਮਾਲ ਸੀ ਕਿ 15 ਕੁ ਵਿਦਿਆਰਥੀਆਂ ਵਿਚੋਂ 95% ਵਿਦਿਆਰਥੀ ਹੁਣ ਉਚੇ ਅਹੁਦਿਆਂ `ਤੇ ਬਿਰਾਜਮਾਨ ਹਨ ਅਤੇ ਸਮਾਜ ਵਿਚ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ। ਕਮਾਲ ਦੀ ਇਸ ਕਲਾਸ ਬਾਰੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਵੀਸੀ ਡਾ. ਬੂਟਾ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਸ ਸਮੇਂ ਅਧਿਆਪਕ ਕਾਲਜ ਟਾਈਮ ਤੋਂ ਪਹਿਲਾਂ ਅਤੇ ਬਾਅਦ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ।ਪ੍ਰੋਫੈਸਰਾਂ ਦਾ ਪੇਂਡੂ ਪਿਛੋਕੜ ਹੋਣ ਕਾਰਨ ਉਹ ਪੇਂਡੂ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਤੋਂ ਵਾਕਫ਼ ਸਨ ਅਤੇ ਉਹ ਉਨ੍ਹਾਂ ਨੂੰ ਸਹੀ ਸੇਧ, ਮਿਹਨਤ ਦਾ ਮਹੱਤਵ ਅਤੇ ਸੁਪਨੇ ਦੀ ਪੂਰਤੀ ਦੀ ਅਜੇਹੀ ਜਗਿਆਸਾ ਲਾਉਣ ਵਿਚ ਕਾਮਯਾਬ ਰਹੇ ਕਿ ਸਾਰੇ ਹੀ ਵਿਦਿਆਰਥੀ ਵਧੀਆ ਅਕਾਦਮਿਕ ਪ੍ਰਾਪਤੀਆਂ ਕਰ ਸਕੇ। ਉਸ ਸਮੇਂ ਪੇਂਡੂ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਗੈਰ ਹੋਰ ਕੋਈ ਮਾਨਸਿਕ ਭਟਕਣ ਦਾ ਸਾਧਨ ਨਹੀਂ ਸੀ। ਪ੍ਰੋਫ਼ੈਸਰ ਰੂਹ ਨਾਲ ਪੜ੍ਹਾਉਂਦੇ ਸਨ ਕਿਉਂਕਿ ਉਸ ਸਮੇਂ ਟਿਊਸ਼ਨ ਤਾਂ ਕਿਸੇ ਦੇ ਖਾਬੋ-ਖ਼ਿਆਲ ਵਿਚ ਵੀ ਨਹੀਂ ਸੀ।
ਮੇਰੀ ਜਾਚੇ ਇਸ ਦਾ ਸਮੁੱਚਾ ਸਿਹਰਾ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਣਹਾਰ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਜ਼ਿੰਦਗੀ ਵਿਚ ਰੌਸ਼ਨੀ ਭਰੀ ਅਤੇ ਮਾਪੇ ਉਚੇ ਰੁਤਬਿਆਂ `ਤੇ ਪਹੁੰਚੇ ਆਪਣੇ ਲਾਡਲਿਆਂ `ਤੇ ਨਾਜ਼ ਕਰਦੇ ਹਨ।
ਤਲਵੰਡੀ ਸਾਬੋ ਦੀ ਧਰਤ ਨੂੰ ਸਜਦਾ ਅਤੇ ਸਲਾਮ ਹੈ ਉਨ੍ਹਾਂ ਵਿਦਿਆਰਥੀਆਂ ਨੂੰ, ਜੋ ਉਚੇ ਅਹੁਦਿਆਂ `ਤੇ ਪਹੁੰਚ ਕੇ ਵੀ ਆਪਣੇ ਪ੍ਰੋਫ਼ੈਸਰਾਂ ਨੂੰ ਯਾਦ ਰੱਖਦੇ ਹਨ।