ਚਮਕੌਰ ਦੀ ਗੜੀ ਬਨਾਮ ਚਮਕੌਰ ਸਾਹਿਬ

ਗੁਲਜ਼ਾਰ ਸਿੰਘ ਸੰਧੂ
ਇਨ੍ਹੀਂ ਦਿਨੀਂ ਅਸੀਂ ਸਿੱਖ ਇਤਿਹਾਸ ਦੇ ਉਸ ਪੜਾਅ ਵਿਚੋਂ ਲੰਘ ਰਹੇ ਹਾਂ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੇ ਖਾਲਸਾ ਰਾਜ ਦੀ ਨੀਂਹ ਰੱਖੀ।

ਇਹ ਉਹ ਸਮਾਂ ਹੈ ਜਦੋਂ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਛੱਡ ਕੇ ਹੇਠਾਂ ਵੱਲ ਨੂੰ ਕੂਚ ਕਰਨਾ ਪਿਆ ਤੇ ਸਰਸਾ ਨਦੀ ਨੂੰ ਪਾਰ ਕਰਦਿਆਂ ਪਾਣੀ ਦੇ ਵਹਾਅ ਕਾਰਨ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਚਮਕੌਰ ਸਾਹਿਬ ਵੱਲ ਨੂੰ ਹੋ ਤੁਰੇ ਅਤੇ ਮਾਤਾ ਗੁਜਰੀ ਨੂੰ ਛੋਟੇ ਸਾਹਿਬਜ਼ਾਦਿਆਂ ਫ਼ਤਿਹ ਸਿੰਘ ਤੇ ਜ਼ੋਰਾਵਰ ਸਿੰਘ ਸਮੇਤ ਸਰਹਿੰਦ ਸ਼ਹਿਰ ਵੱਲ ਨੂੰ ਨਿਕਲਣਾ ਪਿਆ।
ਅਜੋਕਾ ਚਮਕੌਰ ਸਾਹਿਬ ਉਦੋਂ ਚਮਕੌਰ ਦੀ ਗੜੀ ਵਜੋਂ ਜਾਣਿਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਏਸ ਥਾਂ ਉੱਤੇ ਲੜਦੇ ਸ਼ਹੀਦ ਹੋਏ ਸਨ। ਜਦੋਂ ਗੁਰੂ ਸਾਹਿਬ ਨੂੰ ਇਹ ਸਥਾਨ ਛੱਡਣਾ ਪਿਆ ਤਾਂ ਉਨ੍ਹਾਂ ਨੇ ਆਪਣੀ ਕਲਗੀ ਸੰਗਤ ਸਿੰਘ ਨਾਂ ਦੇ ਯੋਧੇ ਦੇ ਸੀਸ ਉੱਤੇ ਸਜਾ ਕੇ ਇਤਿਹਾਸਕ ਤੇ ਵੱਡਾ ਭੁਲੇਖਾ ਪੈਦਾ ਕੀਤਾ ਸੀ। ਏਸ ਸਥਾਨ ਉੱਤੇ ਹੁਣ ਗੁਰਦੁਆਰਾ ਗੜੀ ਸਾਹਿਬ ਸੁਸ਼ੋਭਿਤ ਹੈ। ਏਥੇ ਹੀ ਉਹ ਸਥਾਨ ਹੈ, ਜਿਅਥੇ ਗੁਰੂ ਸਾਹਿਬ ਨੇ ਤਾੜੀ ਮਾਰ ਕੇ ਆਵਾਜ਼ ਦਿੱਤੀ ਸੀ ਕਿ ‘ਹਿੰਦ ਦਾ ਪੀਰ ਤੇ ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਇਸ ਥਾਂ ਉੱਤੇ ਜਿਹੜਾ ਗੁਰਦੁਆਰਾ ਸੁਸ਼ੋਭਿਤ ਹੋਇਆ, ਉਹ ਤਾੜੀ ਸਾਹਿਬ ਵਜੋਂ ਜਾਣਿਆ ਜਾਂਦਾ ਹੈ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਤੋਂ ਵਿਛੜਨ ਮਗਰੋਂ ਗੁਰੂ ਜੀ ਨੇੜੇ ਹੀ ਰਾਜਾ ਬਿਧੀ ਚੰਦ ਦੇ ਬਾਗ ਵਿਚ ਠਹਿਰੇ ਸਨ, ਜਿਥੇ ਵੱਡੇ ਸਾਹਿਬਜ਼ਾਦੇ ਵੀ ਉਨ੍ਹਾਂ ਦੇ ਨਾਲ ਸਨ। ਇਸ ਥਾਂ ਉੱਤੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਸਥਾਪਤ ਹੈ।
ਮੇਰਾ ਜੱਦੀ ਪਿੰਡ ਤਾਂ ਦੁਆਬਾ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੈ ਪਰ ਆਪਣੇ ਜੀਵਨ ਦੇ ਪਹਿਲੇ 14 ਸਾਲ ਏਸ ਖੇਤਰ ਵਿਚ ਰਿਹਾ ਹੋਣ ਕਾਰਨ ਮੈਂ ਇਸ ਧਰਤੀ ਦੇ ਚੱਪੇ-ਚੱਪੇ ਤੋਂ ਜਾਣੂ ਹਾਂ। ਏਸ ਲਈ ਵੀ ਕਿ ਇਹ ਚਾਰੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਖੇਤਰ ਹੈ। ਮੇਰਾ ਜਨਮ ਖੰਨਾ ਸੰਘੋਲ ਮਾਰਗ ਉੱਤੇ ਪੈਂਦੇ ਬਡਲਾ ਕੋਟਲਾ ਦਾ ਹੈ, ਜਿਹੜਾ ਉਨ੍ਹਾਂ ਪੰਜ ਪਿੰਡਾਂ ਵਿਚੋਂ ਇਕ ਹੈ, ਜਿਹੜੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਨੂੰ ਸੋਧਣ ਵਾਲੇ ਬਾਬਾ ਮਹਿਤਾਬ ਸਿੰਘ ਭੰਗੂ ਦੇ ਸਪੂਤ ਰਾਇ ਸਿੰਘ ਨੇ ਸਰ ਕੀਤੇ ਸਨ। ਮੈਂ ਪ੍ਰਾਇਮਰੀ ਤਕ ਦੀ ਪੜ੍ਹਾਈ ਭੜੀ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ ਮਿਡਲ ਤਕ ਦੀ ਵਿਦਿਆ ਆਰੀਆ ਹਾਈ ਸਕੂਲ ਖੰਨਾ ਤੋਂ ਹਾਸਲ ਕੀਤੀ। ਅਜੋਕਾ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਅਤੇ ਖੰਨਾ ਮੰਡੀ ਇਕ ਤਿਕੋਨ ਬਣਦੇ ਹਨ, ਜਿਸ ਨੇ ਖਾਲਸਾ ਰਾਜ ਦੀ ਨੀਂਹ ਰੱਖੀ। ਚੇਤੇ ਰਹੇ ਕਿ ਇਤਿਹਾਸਕ ਸ਼ਹਿਰ ਰੋਪੜ ਵੀ ਇਸ ਧਰਤੀ ਵਿਚ ਹੀ ਪੈਂਦਾ ਹੈ, ਜਿਹੜਾ 1831 ਵਿਚ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਗਵਰਨਰ ਲਾਰਡ ਵਿਲੀਅਮ ਬੈਂਟਿਕ ਵਿਚਕਾਰ ਹੋਈ ਇਤਿਹਾਸਕ ਸੰਧੀ ਲਈ ਜਾਣਿਆ ਜਾਂਦਾ ਹੈ।
ਹੋਰ ਪੁੱਛਦੇ ਹੋ ਤਾਂ ਮੇਰੀ ਮਾਂ ਦਾ ਨਾਨਕਾ ਪਿੰਡ ਮਹਿਦੂਦਾਂ ਵੀ ਸਰਹਿੰਦ, ਬਸੀ ਪਠਾਣਾ ਤੇ ਫਤਿਹਗੜ੍ਹ ਸਾਹਿਬ ਦੀ ਬੁੱਕਲ ਵਿਚ ਪੈਂਦਾ ਹੈ ਤੇ ਮੇਰੀ ਮਾਂ ਦੀਆਂ ਦੋ ਭੂਆ ਰਾਮਗੜ੍ਹ ਲੁਠੇੜੀ ਵਿਖੇ ਵਿਆਹੀਆਂ ਹੋਈਆਂ ਸਨ। ਪਹਿਲਾਂ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਤਹਿਸੀਲ ਰੋਪੜ ਵਿਚ ਪੈਂਦੇ ਸਨ ਤੇ ਰੋਪੜ ਅੰਬਾਲਾ ਜ਼ਿਲ੍ਹੇ ਦੀ ਇਕ ਤਹਿਸੀਲ ਸੀ। ਸਰਸਾ ਨਦੀ ਵਾਲਾ ਉਹ ਸਥਾਨ, ਜਿੱਥੇ ਗੁਰੂ ਸਾਹਿਬ ਦਾ ਅੱਧਾ ਪਰਿਵਾਰ ਉਨ੍ਹਾਂ ਨਾਲੋਂ ਵਿਛੜ ਗਿਆ ਰੋਪੜ-ਆਨੰਦਪੁਰ ਮਾਰਗ ਉੱਤੇ ਮਸਾਂ ਪੰਜ ਕੋਹ ਹੈ, ਜਿਥੇ ਹੁਣ ਗੁਰਦੁਆਰਾ ਪਰਿਵਾਰ ਵਿਛੋੜਾ ਸੁਸ਼ੋਭਿਤ ਹੈ।
ਮੇਰੇ ਬਚਪਨ ਵਿਚ ਪਿੰਡਾਂ ਤੇ ਕਸਬਿਆਂ ਤਕ ਕੋਈ ਸਵਾਰੀ ਨਹੀਂ ਸੀ। ਜਿਸ ਪਾਸੇ ਵੀ ਜਾਣਾ ਹੰੁਦਾ ਤੁਰ ਕੇ ਜਾਂਦੇ ਸਾਂ। ਰਹਿਣ-ਸਹਿਣ ਤੇ ਖਾਣ- ਪੀਣ ਦਾ ਕੋਈ ਅੰਤ ਨਹੀਂ ਸੀ। ਖਾਸ ਕਰਕੇ ਇਨ੍ਹਾਂ ਦਿਨਾਂ ਵਿਚ ਜਦੋਂ ਮੇਲੇ ਦੀ ਰੌਣਕ ਸਿਖਰ ਉੱਤੇ ਹੰੁਦੀ ਸੀ, ਹਰ ਘਰ ਦੁੱਧ, ਦਹੀਂ ਤੇ ਦਾਲ ਫੁਲਕਾ ਚਲਦਾ ਸੀ। ਅਸੀਂ ਢਾਡੀ ਜਥਿਆਂ ਤੇ ਕਵੀਸ਼ਰਾਂ ਕੋਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕਿੱਸੇ ਮੰਤਰ-ਮੁਗਧ ਹੋ ਕੇ ਸੁਣਦੇ ਤੇ ਮਾਣਦੇ ਸਾਂ। ਜਿਸ ਪਾਸੇ ਵੀ ਜਾਂਦੇ ਦੀਵਾਨ ਸਜੇ ਹੰੁਦੇ ਸਨ, ਨੇੜੇ ਹੀ ਲੰਗਰ ਦੀ ਵਿਵਸਥਾ ਸੀ।
ਹੁਣ ਜ਼ਮਾਨਾ ਬਦਲ ਗਿਆ ਹੈ। ਢਾਡੀ ਤੇ ਕਵੀਸ਼ਰ ਰੇਡੀਓ ਤੇ ਟੈਲੀਵਿਜ਼ਨ ਰਾਹੀਂ ਘਰੀਂ ਆ ਵੜੇ ਹਨ। ਸਾਈਕਲਾਂ, ਸਕੂਟਰਾਂ ਤੇ ਮੋਟਰ ਗੱਡੀਆਂ ਵਾਲੇ ਆਪੋ-ਆਪਣੇ ਵਾਹਨਾਂ ਉੱਤੇ ਸਵਾਰ ਹੋ ਕੇ ਮੋਬਾਈਲ ਫੋਨ ਕੰਨਾਂ ਨੂੰ ਲਾਈ ਫਿਰਦੇ ਹਨ। ਢਾਡੀਆਂ ਤੇ ਕਵੀਸ਼ਰਾਂ ਦੇ ਬੋਲਾਂ ਦਾ ਰਸ ਮਾਣਨਾ ਬਹੁਤ ਸੌਖਾ ਹੋ ਗਿਆ ਹੈ। ਹਰ ਤਰ੍ਹਾਂ ਦੇ ਗੀਤ ਤੁਸੀਂ ਬਿਸਤਰੇ ਵਿਚ ਬੈਠ ਰਜਾਈ ਦੀ ਬੁੱਕਲ ਮਾਰ ਕੇ ਸੁਣ ਸਕਦੇ ਹੋ। ਫੇਰ ਵੀ ਸਾਇੰਸ ਸਾਨੂੰ ਅਵੇਸਲੇ ਨਹੀਂ ਹੋਣ ਦਿੰਦੀ। ਸਾਇੰਸ ਦੀਆਂ ਕਾਢਾਂ ਤੁਹਾਨੂੰ ਬੰਦ ਕਮਰਿਆਂ ਤੋਂ ਬਾਹਰ ਨਿਕਲਣ ਦੇ ਸੱਦੇ ਦੇ ਰਹੀਆਂ ਹਨ। ਇਕੱਲੇ ਚਮਕੌਰ ਵਿਚ ਕਤਲਗੜ੍ਹ ਸਾਹਿਬ, ਗੜੀ ਸਾਹਿਬ, ਦਮਦਮਾ ਸਾਹਿਬ, ਰਣਜੀਤਗੜ੍ਹ ਸਾਹਿਬ ਆਦਿ ਕਈ ਸ਼ਹੀਦੀ ਅਸਥਾਨ ਹਨ, ਜਿੱਥੇ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ ਜਾਂਦਾ ਹੈ ਤੇ ਪ੍ਰਚਾਰਕ ਜਥੇ ਸ਼ਹੀਦੀ ਦਾਸਤਾਨਾਂ ਨਾਲ ਨਿਹਾਲ ਕਰਦੇ ਹਨ।
ਓਧਰ ਨਵੀਂ ਪਨੀਰੀ ਅਪਣੇ ਮਾਪਿਆਂ ਨੂੰ ਦਾਸਤਾਨ-ਏ-ਸ਼ਹਾਦਤ ਦੇ ਲੇਜ਼ਰ ਸ਼ੋਅ ਵੱਲ ਲੈ ਤੁਰਦੀ ਹੈ, ਜਿੱਥੇ ਅੱਧੀ ਦਰਜਨ ਤੋਂ ਵੱਧ ਗੈਲਰੀਆਂ ਵਿਚ ਬਾਬਾ ਨਾਨਕ ਦੀ ਦੇਣ ਤੋਂ ਲੈ ਕੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਨਾਂਦੇੜ ਪਹੰੁਚਣ ਦੀ ਗਾਥਾ ਸਮੇਤ ਬੰਦਾ ਬੈਰਾਗੀ ਨੂੰ ਪ੍ਰੇਰਨ ਵਾਲੇ ਬੋਲਾਂ ਨੂੰ ਸੁਣਦੇ ਹੋਏ ਦਰਸ਼ਕ ਤੇ ਸਰੋਤੇ ਕਿਧਰ ਤੋਂ ਕਿਧਰ ਪਹੰੁਚ ਜਾਂਦੇ ਹਨ। ਖਾਸ ਕਰਕੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਬਹਾਦਰ ਵਿਚ ਆਪਣੀ ਰੂਹ ਫੂਕ ਕੇ ਆਮ ਲੋਕਾਈ ਨੂੰ ਗੁਰੂ ਮਾਨਿਓ ਗ੍ਰੰਥ ਦਾ ਉਪਦੇਸ਼ ਦਿੰਦੇ ਹਨ।
ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਦੀ ਸਥਾਪਨਾ ਤੇ ਉਸਾਰੀ ਕਈ ਸਾਲਾਂ ਤੋਂ ਲਟਕਦੀ ਆ ਰਹੀ ਸੀ, ਜਿਸ ਨੂੰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਕਮਾਨ ਸੰਭਾਲਦੇ ਸਾਰ ਗਿਣੇ ਮਿੱਥੇ ਦਿਨਾਂ ਵਿਚ ਨੇਪਰੇ ਚਾੜ੍ਹ ਕੇ ਜੱਸ ਖੱਟਿਆ ਹੈ। 5 ਦਸੰਬਰ ਵਾਲੇ ਦਿਨ ਮੈਂ ਖੁ਼ਦ ਇਸ ਵਿਗਿਆਨਕ ਕ੍ਰਿਸ਼ਮੇ ਦਾ ਆਨੰਦ ਮਾਣ ਕੇ ਆਇਆ ਹਾਂ। ਹੋ ਸਕਦਾ ਹੈ ਕਿ ਭਲਕੇ ਕੋਈ ਹੋਰ ਨੇਤਾ ਫਤਿਹਗੜ੍ਹ ਸਾਹਿਬ ਦੀ ਸ਼ਹਾਦਤ ਬਾਰੇ ਏਸ ਸਥਾਨ ਉੱਤੇ ਵੀ ਚਮਕੌਰ ਸਾਹਿਬ ਵਰਗਾ ਪ੍ਰਬੰਧ ਕਰ ਕੇ ਨਾਮਣਾ ਖੱਟੇ ਤੇ ਇਸ ਨੂੰ ਦਾਸਤਾਨ-ਏ-ਸ਼ਹਾਦਤ ਦੀ ਥਾਂ ਦਾਸਤਾਨ-ਏ-ਸ਼ਹੀਦਾਂ ਦਾ ਨਾਂ ਦੇ ਕੇ ਸ਼ਹੀਦਾਂ ਦੀ ਸਮੁੱਚੀ ਦੇਣ ਨੂੰ ਆਪਣੀ ਬੁੱਕਲ ਵਿਚ ਲੈ ਆਵੇ। ਨਵੀਆਂ ਤਕਨੀਕਾਂ ਜ਼ਿੰਦਾਬਾਦ!

ਅੰਤਿਕਾ
ਗੁਰਭਜਨ ਗਿੱਲ
ਤੁਰੇ ਆਨੰਦਪੁਰੀ ਤੋਂ ਸਤਗੁਰ
ਸਰਸਾ ਨਦੀ ਤੋਂ ਪਿਆ ਵਿਛੋੜਾ
ਪੁੱਤ ਦਸਮੇਸ਼ ਪਿਤਾ ਦੇ ਦੇਖੋ
ਚਹੰੁ ਤੋਂ ਹੋ ਗਏ ਜੋੜਾ-ਜੋੜਾ
ਵੱਡਿਆਂ ਨੂੰ ਚਮਕੌਰ ਉਡੀਕੇ
ਨਿੱਕਿਆਂ ਨੂੰ ਸਰਹਿੰਦ ਜ਼ਾਲਮ
ਸ਼ਬਦ ਸਲਾਮਤ ਗੁਰ ਦੇ ਮੱਥੇ
ਉਡ ਗਏ ਬਾਜ਼ ਤੇ ਨੀਲਾ ਘੋੜਾ।