ਮਿਸ਼ਨ ਪੰਜਾਬ: ਭਾਜਪਾ ਤੇ ਕੈਪਟਨ ਅਮਰਿੰਦਰ ਵਿਚ ਪਈ ਸਿਆਸੀ ਸਾਂਝ

ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾਈ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਦਾ ਰਸਮੀ ਤੌਰ ‘ਤੇ ਐਲਾਨ ਕਰ ਦਿੱਤਾ, ਜਿਸ ਦੀਆਂ ਕਿਆਸਅਰਾਈਆਂ ਪਿਛਲੇ ਮਹੀਨੇ ਉਨ੍ਹਾਂ ਦੇ ਕਾਂਗਰਸ ਛੱਡਣ ਤੋਂ ਬਾਅਦ ਤੋਂ ਲਾਈਆਂ ਜਾ ਰਹੀਆਂ ਸਨ। ਕੈਪਟਨ ਵਲੋਂ ਇਹ ਐਲਾਨ ਦਿੱਲੀ ‘ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਈ ਤਕਰੀਬਨ ਇਕ ਘੰਟੇ ਦੀ ਤਫਸੀਲੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਦੋਵਾਂ ਪਾਰਟੀਆਂ ਦਰਮਿਆਨ ਇਹ ਫੈਸਲਾ ਤਕਰੀਬਨ 7 ਗੇੜਾਂ ਦੀ ਗੱਲਬਾਤ ਤੋਂ ਬਾਅਦ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ੇਖਾਵਤ ਨਾਲ ਹੋਈ ਮੀਟਿੰਗ ‘ਚ ਲਿਆ ਗਿਆ।

ਕੈਪਟਨ ਵੱਲੋਂ ਆਪਣੀ ਨਵੀਂ ਪਾਰਟੀ- ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਗੱਠਜੋੜ ਦਾ ਐਲਾਨ ਟਵਿਟਰ ‘ਤੇ ਪਾਈ ਇਕ ਤਸਵੀਰ ਰਾਹੀਂ ਕੀਤਾ ਗਿਆ। ਕੈਪਟਨ ਅਤੇ ਸ਼ੇਖਾਵਤ ਦੀ ਗਲਵੱਕੜੀ ਪਾਈ ਇਸ ਤਸਵੀਰ ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇਕ ਸੰਦੇਸ਼ ‘ਚ ਇਹ ਵੀ ਲਿਖਿਆ ਕਿ ਭਾਜਪਾ ਨਾਲ ਸਾਡਾ (ਕੈਪਟਨ ਦਾ) ਗੱਠਜੋੜ ਪੱਕਾ ਹੈ। ਹਾਲਾਂਕਿ, ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਵਿਚਾਰ ਚਰਚਾ ਜਾਰੀ ਹੈ। ਹਲਕਿਆਂ ਮੁਤਾਬਕ ਦਹਾਕਿਆਂ ਤੱਕ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਜੂਨੀਅਰ ਗੱਠਜੋੜ ਭਾਈਵਾਲ ਬਣ ਕੇ ਰਹੀ ਭਾਜਪਾ ਇਸ ਵਾਰ ਸੀਨੀਅਰ ਭਾਈਵਾਲ ਬਣਨਾ ਚਾਹੁੰਦੀ ਹੈ।
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ 70 ਸੀਟਾਂ ਉਤੇ ਚੋਣ ਲੜਨ ਦੀ ਚਾਹਵਾਨ ਹੈ, ਜਦਕਿ ਕੈਪਟਨ ਦੀ ਪਾਰਟੀ ਨੂੰ 35 ਸੀਟਾਂ ਤੋਂ ਚੋਣ ਲੜਾਈ ਜਾ ਸਕਦੀ ਹੈ। ਬਾਕੀ ਦੀਆਂ 12 ਸੀਟਾਂ ਗੱਠਜੋੜ ਦੇ ਤੀਜੇ ਭਾਈਵਾਲ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਦਿੱਤੀਆਂ ਜਾਣਗੀਆਂ। ਹਲਕਿਆਂ ਮੁਤਾਬਕ ਸ਼ਹਿਰੀ ਖੇਤਰਾਂ ‘ਚ ਮਜ਼ਬੂਤ ਭਾਜਪਾ ਆਪਣਾ ਮੁੱਖ ਧਿਆਨ ਇਨ੍ਹਾਂ ਇਲਾਕਿਆਂ ‘ਤੇ ਹੀ ਕੇਂਦਰਿਤ ਰੱਖੇਗੀ, ਜਦਕਿ ਪੰਜਾਬ ਲੋਕ ਕਾਂਗਰਸ ਨੂੰ ਦਿਹਾਤੀ ਇਲਾਕੇ ‘ਚ ਵਧੇਰੇ ਸੀਟਾਂ ਦਿੱਤੀਆਂ ਜਾਣਗੀਆਂ।
2017 ‘ਚ ਵੀ ਕੈਪਟਨ ਨੂੰ ਦਿਹਾਤੀ ਹਲਕਿਆਂ ‘ਚੋਂ ਭਰਵਾਂ ਹੁੰਗਾਰਾ ਮਿਲਿਆ ਸੀ। ਕੈਪਟਨ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਖਾਸ ਖੁਲਾਸਾ ਨਾ ਕਰਦਿਆਂ ਸਿਰਫ ਇਹ ਹੀ ਕਿਹਾ ਕਿ ਸੀਟਾਂ ਦੀ ਵੰਡ ਦਾ ਆਧਾਰ ਜਿੱਤਣ ਦੀ ਸਮਰੱਥਾ ਹੋਵੇਗੀ, ਜਿਥੇ ਜਿਸ ਪਾਰਟੀ ਦੀ ਸਥਿਤੀ ਮਜ਼ਬੂਤ ਹੋਵੇਗੀ, ਉਥੇ ਉਸ ਪਾਰਟੀ ਨੂੰ ਸੀਟ ਮਿਲੇਗੀ, ਜਦਕਿ ਗਜੇਂਦਰ ਸ਼ੇਖਾਵਤ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਪੁੱਛੇ ਸਵਾਲਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਸੀਟਾਂ ਦੀ ਵੰਡ ਬਾਰੇ ਸਹੀ ਸਮੇਂ ‘ਤੇ ਸੂਚਿਤ ਕੀਤਾ ਜਾਵੇਗਾ।
ਉਨ੍ਹਾਂ ਕੈਪਟਨ ਵੱਲੋਂ ਕੀਤੇ ਗੱਠਜੋੜ ਦੇ ਐਲਾਨ ‘ਤੇ ਆਪਣੀ ਮੋਹਰ ਲਾਉਂਦਿਆਂ ਕਿਹਾ ਕਿ ਹੁਣ ਇਹ ਕਹਿ ਸਕਦੇ ਹਾਂ ਕਿ ਭਾਜਪਾ ਕੈਪਟਨ ਦੀ ਪਾਰਟੀ ਦੇ ਨਾਲ ਮਿਲ ਕੇ ਚੋਣਾਂ ਲੜੇਗੀ। ਹਲਕਿਆਂ ਮੁਤਾਬਕ ਚੋਣ ਕਮਿਸ਼ਨ ਵੱਲੋਂ ਸੂਬੇ ਦਾ ਦੌਰਾ ਕਰਨ ਤੋਂ ਬਾਅਦ ਹੁਣ ਕਿਆਸ ਲਾਏ ਜਾ ਰਹੇ ਹਨ ਕਿ ਸੂਬੇ ‘ਚ ਆਦਰਸ਼ ਚੋਣ ਜ਼ਾਬਤਾ ਜਨਵਰੀ ਦੇ ਪਹਿਲੇ ਜਾਂ ਦੂਜੇ ਹਫਤੇ ‘ਚ ਲਗਾਇਆ ਜਾ ਸਕਦਾ ਹੈ। ਇਨ੍ਹਾਂ ਸੰਕੇਤਾਂ ਨੂੰ ਧਿਆਨ ‘ਚ ਰੱਖਦਿਆਂ ਹਰ ਪਾਰਟੀ ਆਪੋ ਆਪਣੀ ਸਥਿਤੀ ਸਪੱਸ਼ਟ ਕਰਨ ‘ਚ ਮਸਰੂਫ਼ ਹੈ, ਜਿਸ ਨੂੰ ਵੇਖਦਿਆਂ ਭਾਜਪਾ ਅਤੇ ਕੈਪਟਨ ਨੇ ਸਮੇਂ ਸਿਰ ਐਲਾਨ ਕਰਨ ਦਾ ਫੈਸਲਾ ਕੀਤਾ ਤਾਂ ਜੋ ਆਪੋ-ਆਪਣੀ ਸਮਰੱਥਾ ਵਾਲੇ ਚੋਣ ਹਲਕਿਆਂ ‘ਚ ਪੂਰੀ ਮਜ਼ਬੂਤੀ ਨਾਲ ਉਤਰਿਆ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਵੱਲੋਂ 101 ਫੀਸਦੀ ਜਿੱਤ ਦਾ ਦਾਅਵਾ
ਨਵੀਂ ਦਿੱਲੀ: ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦਾ ਗੱਠਜੋੜ ਵਿਧਾਨ ਸਭਾ ਚੋਣਾਂ 101 ਫੀਸਦੀ ਜਿੱਤੇਗਾ। ਚੋਣ ਜਿੱਤਣ ਦੀ ਯੋਗਤਾ ਰੱਖਣ ਵਾਲੇ ਆਗੂਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨਾਲ ਚੱਲ ਰਹੀ ਖਿੱਚੋਤਾਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।