ਮਹਿਲਾਵਾਂ ਲਈ ਵਿਆਹ ਦੀ ਉਮਰ 21 ਸਾਲ ਕਰਨ ਦਾ ਫੈਸਲਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮਹਿਲਾਵਾਂ ਲਈ ਵਿਆਹ ਦੀ ਉਮਰ ਮਰਦਾਂ ਦੇ ਬਰਾਬਰ 18 ਤੋਂ ਵਧਾ ਕੇ 21 ਸਾਲ ਕਰਨ ਦਾ ਫੈਸਲਾ ਲਿਆ ਹੈ। ਮੌਜੂਦਾ ਸਮੇਂ ‘ਚ ਕਾਨੂੰਨੀ ਤੌਰ ‘ਤੇ ਮਹਿਲਾਵਾਂ ਦੇ ਵਿਆਹ ਦੀ ਉਮਰ 18 ਸਾਲ ਹੈ ਜਦਕਿ ਮਰਦ 21 ਸਾਲ ਦਾ ਹੋਣ ‘ਤੇ ਵਿਆਹ ਕਰ ਸਕਦੇ ਹਨ।

ਇਹ ਫੈਸਲਾ ਇਕ ਸਾਲ ਮਗਰੋਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਰਕਾਰ ਮਹਿਲਾਵਾਂ ਦੇ ਵਿਆਹ ਦੀ ਘੱਟੋ ਘੱਟ ਉਮਰ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਮਹਿਲਾਵਾਂ ਦੇ ਵਿਆਹ ਕਰਨ ਦੀ ਉਮਰ ਵਧਾਉਣ ਦਾ ਫੈਸਲਾ ਸਮਤਾ ਪਾਰਟੀ ਦੀ ਸਾਬਕਾ ਮੁਖੀ ਜਯਾ ਜੇਤਲੀ ਦੀ ਅਗਵਾਈ ਹੇਠਲੀ ਚਾਰ ਮੈਂਬਰੀ ਟਾਸਕ ਫੋਰਸ ਦੀ ਸਿਫਾਰਸ਼ ‘ਤੇ ਆਧਾਰਿਤ ਹੈ। ਸਿਫਾਰਸ਼ ਬਾਰੇ ਬੋਲਦਿਆਂ ਜੇਤਲੀ ਨੇ ਕਿਹਾ ਕਿ ਦੋ ਮੁੱਖ ਕਾਰਨਾਂ ‘ਤੇ ਧਿਆਨ ਕੇਂਦਰਤ ਕੀਤਾ ਗਿਆ ਸੀ। ਉਨ੍ਹਾਂ ਕਿਹਾ,”ਜੇਕਰ ਅਸੀਂ ਲਿੰਗ ਬਰਾਬਰੀ ਅਤੇ ਹਰੇਕ ਖੇਤਰ ‘ਚ ਸ਼ਕਤੀਕਰਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਵਿਆਹ ਦਾ ਮਾਮਲਾ ਨਹੀਂ ਛੱਡ ਸਕਦੇ ਹਾਂ ਕਿਉਂਕਿ ਇਹ ਸੁਨੇਹਾ ਦੇਣਾ ਜਾਇਜ਼ ਨਹੀਂ ਹੈ ਕਿ ਲੜਕੀ 18 ਸਾਲ ‘ਚ ਵਿਆਹ ਲਈ ਤਿਆਰ ਹੋ ਜਾਂਦੀ ਹੈ ਜਦਕਿ ਮਰਦ ਨੂੰ ਕਮਾਈ ਅਤੇ ਜ਼ਿੰਦਗੀ ਲਈ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ।“ ਟਾਸਕ ਫੋਰਸ ਨੇ ਯੂਨੀਵਰਸਿਟੀਆਂ, ਕਾਲਜਾਂ ਅਤੇ ਪਿੰਡਾਂ ‘ਚ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਸਾਰੇ ਧਰਮਾਂ ਦੇ ਲੋਕਾਂ ਨੇ ਇਕੋ ਰਾਏ ਪ੍ਰਗਟਾਈ ਕਿ ਮਹਿਲਾਵਾਂ ਦੇ ਵਿਆਹ ਕਰਨ ਦੀ ਉਮਰ ਵਧਾ ਕੇ 21 ਸਾਲ ਕੀਤੀ ਜਾਣੀ ਚਾਹੀਦੀ ਹੈ। ਜਯਾ ਜੇਤਲੀ ਨੇ ਕਿਹਾ ਕਿ ਟਾਸਕ ਫੋਰਸ ਨੇ ਆਪਣੀਆਂ ਸਿਫਾਰਸ਼ਾਂ ਪ੍ਰਧਾਨ ਮੰਤਰੀ ਦਫਤਰ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਅਤੇ ਨੀਤੀ ਆਯੋਗ ਨੂੰ ਪਿਛਲੇ ਸਾਲ ਦਸੰਬਰ ‘ਚ ਹੀ ਭੇਜ ਦਿੱਤੀਆਂ ਸਨ। ਟਾਸਕ ਫੋਰਸ ‘ਚ ਨੀਤੀ ਆਯੋਗ (ਸਿਹਤ) ਦੇ ਮੈਂਬਰ ਵੀ ਕੇ ਪੌਲ, ਉਚੇਰੀ ਸਿੱਖਿਆ, ਸਕੂਲੀ ਸਿੱਖਿਆ, ਸਿਹਤ, ਮਹਿਲਾ ਤੇ ਬਾਲ ਵਿਕਾਸ, ਵਿਧਾਨਕ ਵਿਭਾਗਾਂ ਦੇ ਸਕੱਤਰਾਂ ਤੋਂ ਇਲਾਵਾ ਅਕਾਦਮੀਸ਼ੀਅਨ ਨਜਮਾ ਅਖਤਰ, ਵਸੁਧਾ ਕਾਮਤ ਅਤੇ ਦੀਪਤੀ ਸ਼ਾਹ ਵੀ ਸ਼ਾਮਲ ਸਨ।