ਭਾਜਪਾ ਨਾਲ ਗੱਠਜੋੜ ਬਾਰੇ ਢੀਂਡਸਾ ਧੜਾ ਦੋਫਾੜ; ਬ੍ਰਹਮਪੁਰਾ ਵੱਲੋਂ ਕੋਰੀ ਨਾਂਹ

ਨਵੀਂ ਦਿੱਲੀ: ਭਾਜਪਾ ਨੇ ਪੰਜਾਬ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਮਿਲ ਕੇ ਚੋਣਾਂ ਲੜਨ ਦਾ ਰਸਮੀ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਕੈਪਟਨ ਤੋਂ ਬਾਅਦ ਹੁਣ ਭਾਜਪਾ ਵੱਲੋਂ ਅਕਾਲੀ ਦਲ ਸੰਯੁਕਤ ਨਾਲ ਸਾਂਝ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਹਾਲਾਂਕਿ ਅਕਾਲੀ ਦਲ ਸੰਯੁਕਤ ਇਸ ਪੱਖੋਂ ਦੋਫਾੜ ਨਜ਼ਰ ਆ ਰਿਹਾ ਹੈ।

ਸੁਖਦੇਵ ਸਿੰਘ ਢੀਂਡਸਾ ਗੱਠਜੋੜ ਦੇ ਹਾਮੀ ਹਨ ਪਰ ਉਨ੍ਹਾਂ ਦੇ ਸਾਥੀ ਰਣਜੀਤ ਸਿੰਘ ਬ੍ਰਹਮਪੁਰਾ ਇਸ ਪਾਸੇ ਕੋਰਾ ਜਵਾਬ ਦੇ ਚੁੱਕੇ ਹਨ। ਬ੍ਰਹਮਪੁਰਾ ਨੇ ਸਾਫ ਆਖ ਦਿੱਤਾ ਹੈ ਕਿ ਭਾਜਪਾ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ, ਇਹ ਢੀਂਡਸਾ ਦੀ ਨਿੱਜੀ ਰਾਏ ਹੋ ਸਕਦੀ ਹੈ। ਹਾਲਾਂਕਿ ਇਸ ਦੇ ਬਾਵਜੂਦ ਭਾਜਪਾ ਤੇ ਢੀਂਡਸਾ ਵੱਲੋਂ ਪਰਦੇ ਪਿੱਛੇ ਕੋਸ਼ਿਸ਼ਾਂ ਹੋ ਰਹੀਆਂ ਹਨ।
ਸੂਤਰਾਂ ਮੁਤਾਬਕ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਮੁਖੀ ਗਜੇਂਦਰ ਸਿੰਘ ਸ਼ੇਖਾਵਤ ਦਰਮਿਆਨ ਮੀਟਿੰਗ ਹੋਈ ਜਿਸ ਦੌਰਾਨ ਚੋਣਾਂ ਦੀ ਰਣਨੀਤੀ ਸਬੰਧੀ ਚਰਚਾ ਕੀਤੀ ਗਈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ੍ਰੀ ਢੀਂਡਸਾ ਵੱਲੋਂ ਭਗਵਾਂ ਪਾਰਟੀ ਨਾਲ ਗੱਠਜੋੜ ਦੇ ਰਸਮੀ ਐਲਾਨ ਤੋਂ ਪਹਿਲਾਂ ਇਕ ਮੀਟਿੰਗ ਬੁਲਾਈ ਜਾਣੀ ਹੈ ਜਿਸ ਵਿਚ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਨਾਲ ਗੱਠਜੋੜ ਬਾਰੇ ਚਰਚਾ ਕੀਤੀ ਜਾਵੇਗੀ। ਇਸ ਤਰ੍ਹਾਂ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਨਾਲ ਚੋਣ ਗੱਠਜੋੜ ਹੋਣ ਨਾਲ ਇਕ ਧਿਰ ਸਾਹਮਣੇ ਆ ਗਈ ਹੈ। ਕੈਪਟਨ ਅਮਰਿੰਦਰ ਸਿੰਘ ਵੀ ਸ਼ੁੱਕਰਵਾਰ ਨੂੰ ਹੀ ਸ੍ਰੀ ਸ਼ੇਖਾਵਤ ਨੂੰ ਮਿਲ ਕੇ ਗੱਠਜੋੜ ਸਬੰਧੀ ਚਰਚਾ ਕਰ ਕੇ ਆਏ ਹਨ।
ਸੁਖਦੇਵ ਸਿੰਘ ਢੀਂਡਸਾ ਵੱਲੋਂ ਕੁਝ ਹਫਤੇ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਭਾਜਪਾ ਨਾਲ ਚੋਣ ਗੱਠਜੋੜ ਸਬੰਧੀ ਚਰਚਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਦੀ ਇਕ ਮੀਟਿੰਗ ਬੁਲਾਈ ਗਈ ਸੀ ਜਿਸ ਦੌਰਾਨ ਜ਼ਿਆਦਾਤਰ ਆਗੂਆਂ ਨੇ ਭਾਜਪਾ ਨਾਲ ਗੱਠਜੋੜ ਸਬੰਧੀ ਹਾਮੀ ਨਹੀਂ ਸੀ ਭਰੀ ਸਗੋਂ ਵਿਰੋਧ ਦਰਜ ਕਰਵਾਇਆ ਸੀ। ਆਗੂਆਂ ਦੀ ਦਲੀਲ ਸੀ ਕਿ ਪੰਜਾਬ ਦੇ ਦਿਹਾਤੀ ਖੇਤਰ ਵਿਚ ਭਾਜਪਾ ਨੂੰ ਲੋਕ ਮੂੰਹ ਲਾਉਣ ਲਈ ਤਿਆਰ ਨਹੀਂ ਹਨ। ਇਸ ਲਈ ਦਿਹਾਤੀ ਖੇਤਰ ਵਿੱਚ ਆਧਾਰ ਰੱਖਣ ਵਾਲੀ ਕਿਸੇ ਵੀ ਪਾਰਟੀ ਨੂੰ ਭਾਜਪਾ ਨਾਲ ਸਾਂਝ ਪਾਉਣ ਦਾ ਲਾਭ ਹੋਣ ਦੀ ਥਾਂ ਹਾਨੀ ਹੋ ਸਕਦੀ ਹੈ। ਅਜਿਹੇ ਵਿਚਾਰ ਸਾਹਮਣੇ ਆਉਣ ਤੋਂ ਬਾਅਦ ਢੀਂਡਸਾ ਧੜੇ ਨੇ ਭਾਜਪਾ ਨਾਲ ਗੱਠਜੋੜ ਦਾ ਅਮਲ ਲਟਕਾ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਜਦੋਂ ਪਾਰਟੀ ਦੀ ਮੀਟਿੰਗ ਬੁਲਾਈ ਗਈ ਸੀ, ਉਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਨਹੀਂ ਮੰਨੀਆਂ ਗਈਆਂ ਸਨ। ਇਸ ਆਗੂ ਦਾ ਕਹਿਣਾ ਹੈ ਕਿ ਹੁਣ ਜਦੋਂ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਤੇ ਪੰਜਾਬ ਵਿੱਚ ਲੱਗੇ ਮੋਰਚੇ ਵੀ ਚੁੱਕ ਦਿੱਤੇ ਹਨ ਤਾਂ ਸਥਿਤੀ ਵਿੱਚ ਫਰਕ ਆ ਗਿਆ ਹੈ। ਇਸ ਲਈ ਅਕਾਲੀ ਦਲ ਸੰਯੁਕਤ ਨੂੰ ਭਾਜਪਾ ਨਾਲ ਗੱਠਜੋੜ ਕਰਨ ਵਿੱਚ ਕੋਈ ਸੰਕੋਚ ਨਹੀਂ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਸਾਂਝ ਤੋੜਨ ਉਪਰੰਤ ਭਾਜਪਾ ਨਵੇਂ ਭਾਈਵਾਲਾਂ ਨਾਲ ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰੀ ਜ਼ਿਆਦਾ ਸੀਟਾਂ ‘ਤੇ ਜ਼ੋਰ ਅਜ਼ਮਾਈ ਕਰ ਕੇ ਸਥਾਪਤ ਹੋਣ ਦੇ ਯਤਨ ਕਰ ਰਹੀ ਹੈ।