ਭਾਰਤ `ਚ ਓਮੀਕਰੋਨ ਕਾਰਨ ਆਵੇਗੀ ਕਰੋਨਾ ਦੀ ਤੀਜੀ ਲਹਿਰ

ਨਵੀਂ ਦਿੱਲੀ: ਭਾਰਤ ਵਿਚ ਓਮੀਕਰੋਨ ਦੇ ਵਧ ਰਹੇ ਮਾਮਲਿਆਂ ਦਰਮਿਆਨ ਖਬਰਦਾਰ ਕੀਤੇ ਜਾਣ ਵਾਲੇ ਇਕ ਦਾਅਵੇ ਵਿਚ ਕਿਹਾ ਗਿਆ ਕਿ ਦੇਸ ‘ਚ ਫਰਵਰੀ ਤੱਕ ਓਮੀਕਰੋਨ ਕਾਰਨ ਕਰੋਨਾ ਦੀ ਤੀਜੀ ਲਹਿਰ ਵੇਖਣ ਨੂੰ ਮਿਲ ਸਕਦੀ ਹੈ, ਜਿਸ ਸਮੇਂ ਕੇਸ ਸਿਖਰ ‘ਤੇ ਹੋਣਗੇ। ਉਕਤ ਦਾਅਵਾ ਨੈਸ਼ਨਲ ਕੋਵਿਡ-19 ਸੁਪਰ ਮਾਡਲ ਦੇ ਮੁਖੀ ਐੱਮ. ਵਿਦਿਆਸਾਗਰ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਰਾਹਤ ਵਾਲੀ ਖਬਰ ਇਹ ਹੈ ਕਿ ਚਿਤਾਵਨੀ ਦੇ ਨਾਲ-ਨਾਲ ਉਨ੍ਹਾਂ ਇਹ ਵੀ ਕਿਹਾ ਕਿ ਤੀਜੀ ਲਹਿਰ, ਦੂਜੀ ਲਹਿਰ ਵਾਂਗ ਖਤਰਨਾਕ ਨਹੀਂ ਹੋਵੇਗੀ।

ਭਾਰਤ ਵਿਚ ਓਮੀਕਰੋਨ ਦੇ 150 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਕੇਂਦਰੀ ਤੇ ਸੂਬਾਈ ਅਧਿਕਾਰੀਆਂ ਮੁਤਾਬਕ ਹੁਣ ਤੱਕ ਓਮੀਕਰੋਨ ਦੇ ਕੇਸ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਮਿਲੇ ਹਨ। ਉਧਰ, ਦੱਖਣੀ-ਪੂਰਬੀ ਏਸ਼ੀਆ ਖਿੱਤੇ ਵਿਚ ਸੱਤ ਮੁਲਕਾਂ ‘ਚ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਕੇਸਾਂ ਦੀ ਪੁਸ਼ਟੀ ਮਗਰੋਂ ਵਿਸ਼ਵ ਸਿਹਤ ਸੰਸਥਾ ਨੇ ਇਸ ਮਹਾਮਾਰੀ ਦਾ ਫੈਲਾਅ ਰੋਕਣ ਲਈ ਸਰਕਾਰੀ ਸਿਹਤ ਸੇਵਾਵਾਂ ਤੇ ਸਮਾਜਿਕ ਉਪਾਵਾਂ ਦੀ ਮਜ਼ਬੂਤੀ ‘ਤੇ ਜੋਰ ਦਿੱਤਾ ਹੈ। ਸੰਸਥਾ ਦੇ ਦੱਖਣ-ਪੂਰਬੀ ਏਸ਼ੀਆ ਖਿੱਤੇ ਦੇ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਮੁਲਕਾਂ ਨੂੰ ਪੁਖਤਾ ਸਿਹਤ ਤੇ ਸਮਾਜਿਕ ਉਪਾਵਾਂ ਦੀ ਵਰਤੋਂ ਰਾਹੀਂ ਓਮੀਕਰੋਨ ਦੇ ਫੈਲਾਅ ਨੂੰ ਲਾਜ਼ਮੀ ਤੌਰ ‘ਤੇ ਰੋਕਣਾ ਚਾਹੀਦਾ ਹੈ।
ਉਨ੍ਹਾਂ ਕਿਹਾ,’ਸਾਡਾ ਧਿਆਨ ਸਭ ਤੋਂ ਵੱਧ ਜੋਖਮ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ।‘ ਓਮੀਕਰੋਨ ਤੋਂ ਪੈਦਾ ਹੋਣ ਵਾਲਾ ਖਤਰਾ ਮੁੱਖ ਤੌਰ ‘ਤੇ ਤਿੰਨ ਮੁੱਖ ਸਵਾਲਾਂ ‘ਤੇ ਨਿਰਭਰ ਕਰਦਾ ਹੈ ਇਸ ਦਾ ਫੈਲਾਅ, ਵੈਕਸੀਨ ਇਸ ਖਿਲਾਫ ਕਿੰਨੀ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ ਤੇ ਦੂਜੇ ਵੇਰੀਐਂਟਾਂ ਦੀ ਤੁਲਨਾ ‘ਚ ਇਹ ਵੇਰੀਐਂਟ ਕਿੰਨਾ ਵੱਧ ਫੈਲਣ ਵਾਲਾ ਹੈ। ਜਿੱਥੇ ਤੱਕ ਸਾਡੇ ਕੋਲ ਹੁਣ ਤੱਕ ਜਾਣਕਾਰੀ ਹੈ, ਓਮੀਕਰੋਨ, ਡੈਲਟਾ ਵੈਰੀਐਂਟ ਦੀ ਤੁਲਨਾ ਵਿਚ ਵੱਧ ਤੇਜੀ ਨਾਲ ਫੈਲਦਾ ਹੈ, ਜਿਸ ਨਾਲ ਪਿਛਲੇ ਕੁਝ ਮਹੀਨਿਆਂ ਵਿਚ ਵਿਸ਼ਵ ਭਰ ਵਿਚ ਕੇਸਾਂ ਦੀ ਗਿਣਤੀ ‘ਚ ਕਾਫੀ ਇਜਾਫਾ ਹੋਇਆ ਹੈ।‘ ਦੱਖਣ ਏਸ਼ੀਆ ਤੋਂ ਮਿਲੇ ਅੰਕੜਿਆਂ ਮੁਤਾਬਕ ਓਮੀਕਰੋਨ ਵੇਰੀਐਂਟ ਨਾਲ ਮੁੜ ਤੋਂ ਇਸ ਮਹਾਮਾਰੀ ਦੀ ਲਪੇਟ ‘ਚ ਆਉਣ ਦਾ ਖਤਰਾ ਹੈ ਹਾਲਾਂਕਿ ਓਮੀਕਰੋਨ ਨਾਲ ਸਬੰਧਤ ਗੰਭੀਰ ਬਿਮਾਰ ਹੋਣ ਦੇ ਮਾਮਲੇ ਘੱਟ ਹਨ। ਹਰ ਗੁਜ਼ਰਦੇ ਪਲ ਦੇ ਨਾਲ ਕੋਵਿਡ-19 ਦਾ ਨਵੇਂ ਵੈਰੀਐਂਟ ਓਮੀਕਰੋਨ ਦਾ ਸ਼ਿਕੰਜਾ ਪੂਰੀ ਦੁਨੀਆਂ ਉਤੇ ਕੱਸਦਾ ਜਾ ਰਿਹਾ ਹੈ। ਓਮੀਕਰੋਨ ਦੀ ਖੋਜ ਕਰਨ ਵਾਲੀ ਡਾ. ਐਂਜਲਿਕ ਕੋਏਟਜ਼ੀ ਦਾ ਕਹਿਣਾ ਹੈ ਕਿ ਓਮੀਕਰੋਨ ਵੈਰੀਐਂਟ ਭਾਵੇਂ ਬਹੁਤ ਤੇਜ਼ੀ ਨਾਲ ਆਪਣਾ ਵਿਸਥਾਰ ਕਰਦਾ ਹੋਵੇ, ਪਰ ਇਹ ਕੋਵਿਡ-19 ਦੇ ਡੈਲਟਾ ਵੈਰੀਐਂਟ ਤੋਂ ਜ਼ਿਆਦਾ ਖਤਰਨਾਕ ਨਹੀਂ ਹੈ। ਦੱਖਣੀ ਅਫ਼ਰੀਕਾ ਦੇ ਗੋਤੇਂਗ ਸੂਬੇ ‘ਚ ਜਿਥੇ ਇਸ ਵੈਰੀਐਂਟ ਦੀ ਸੀਕਵੈਂਸਿੰਗ ਦਾ ਅਧਿਐਨ ਕੀਤਾ ਗਿਆ ਹੈ, ਉਸ ਦੇ ਸਿੱਟਿਆਂ ਮੁਤਾਬਕ ਤਾਂ ਇਹ ਵੈਰੀਐਂਟ ਉਨ੍ਹਾਂ ਲੋਕਾਂ ਲਈ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ, ਜੋ ਸੰਵੇਦਨਸ਼ੀਲ ‘ਇਮਿਊਨ ਕੈਪੀਸਿਟੀ‘ ਵਾਲੇ ਹਨ ਭਾਵ ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੈ। ਉਨ੍ਹਾਂ ਨੂੰ ਇਹ ਪਰੇਸ਼ਾਨ ਕਰ ਸਕਦਾ ਹੈ, ਪਰ ਡਾਕਟਰਾਂ ਮੁਤਾਬਕ ਕਿਉਂਕਿ ਇਹ ਵੈਰੀਐਂਟ ਬਹੁਤ ਤੇਜ਼ੀ ਨਾਲ ਫੈਲਦਾ ਹੈ, ਆਪਣਾ ਰੂਪ ਬਹੁਤ ਜਲਦੀ ਬਦਲਦਾ ਹੈ, ਇਸ ਲਈ ਇਹ ਖ਼ਤਰਨਾਕ ਹੈ।