ਕਾਂਗਰਸ ਵੱਲੋਂ ਇਕਜੁੱਟਤਾ ਨਾਲ ‘ਮਿਸ਼ਨ 2022` ਫਤਿਹ ਕਰਨ ਦੀ ਰਣਨੀਤੀ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਨੇੜੇ ਵੇਖ ਪੰਜਾਬ ਕਾਂਗਰਸ ਨੇ ਆਪਣੇ ਅੰਦਰੂਨੀ ਕਲੇਸ਼ ਨੂੰ ਬਿਲੇ ਲਾਉਣ ਤੇ ਏਕੇ ਨਾਲ ਚੋਣ ਮੈਦਾਨ ਵਿਚ ਨਿੱਤਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਪਲੇਠੀ ਬੈਠਕ ‘ਚ ਵੀ ਸੀਨੀਅਰ ਆਗੂਆਂ ਨੇ ਚੋਣ ਮੁਹਿੰਮ ਵਿਚ ਕੁੱਦਣ ਤੋਂ ਪਹਿਲਾਂ ਇਕਜੁੱਟਤਾ ਦਿਖਾਈ।

ਸੂਤਰਾਂ ਅਨੁਸਾਰ ਜਦੋਂ ਬੈਠਕ ‘ਚ ਦਲਿਤ ਚਿਹਰੇ ਨੂੰ ਅੱਗੇ ਰੱਖਣ ਦੀ ਗੱਲ ਚੱਲੀ ਤਾਂ ਨਵਜੋਤ ਸਿੱਧੂ ਨੇ ਇਹ ਆਖ ਦਿੱਤਾ ਕਿ ਉਨ੍ਹਾਂ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ, ਪਰ ਨਾਲ ਹੀ ਤਲਖ਼ੀ ਵਿਚ ਆਖ ਦਿੱਤਾ ਕਿ ਇਥੋਂ ਹੀ ਵੋਟਾਂ ਤਲਾਸ਼ ਲੈਣਾ। ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਨੇ ਤਿੰਨ ਇਤਰਾਜ਼ ਖੜ੍ਹੇ ਕੀਤੇ ਹਨ। ਇਕ ਇਹ ਕਿ ਮੁੱਖ ਮੰਤਰੀ ਹਰ ਪਾਸੇ ਇਕੱਲੇ ਹੀ ਚਲੇ ਜਾਂਦੇ ਹਨ, ਦੂਜਾ ਚੰਨੀ ਹਰ ਪਾਸੇ ਆਪਣੀ ਹੀ ਤਸਵੀਰ ਚਮਕਾ ਰਹੇ ਹਨ ਅਤੇ ਤੀਜਾ, ਮੁੱਖ ਮੰਤਰੀ ਇਕੱਲੇ ਹੀ ਫੈਸਲੇ ਲੈ ਰਹੇ ਹਨ। ਮੀਟਿੰਗ ਦੌਰਾਨ ਚੋਣ ਮੁਹਿੰਮ ਦੀ ਰੂਪ-ਰੇਖਾ ਬਾਰੇ ਗੱਲ ਤੁਰੀ ਤੁਰੀ ਤਾਂ ਸਿੱਧੂ ਨੇ ਚੰਨੀ ਵੱਲ ਝਾਕ ਕੇ ਕਿਹਾ ਕਿ ‘ਚੋਣ ਮੁਹਿੰਮ ਵਿੱਢ ਤਾਂ ਰੱਖੀ ਹੈ‘। ਮੁੱਖ ਮੰਤਰੀ ਚੰਨੀ ਮੀਟਿੰਗ ਵਿਚ ਥੋੜ੍ਹਾ ਲੇਟ ਆਏ ਤੇ ਜ਼ਿਆਦਾ ਸਮਾਂ ਚੁੱਪ ਹੀ ਰਹੇ। ਮੁੱਖ ਮੰਤਰੀ ਚੰਨੀ ਨੇ ਮੀਟਿੰਗ ‘ਚ ਇੰਨਾ ਹੀ ਕਿਹਾ ਕਿ ਜੋ ਹਾਈਕਮਾਨ ਤੇ ਚੋਣ ਪ੍ਰਚਾਰ ਕਮੇਟੀ ਦੀ ਸਹਿਮਤੀ ਬਣੇਗੀ, ਉਹ ਪ੍ਰਵਾਨ ਹੋਵੇਗੀ। ਮੀਟਿੰਗ ਵਿਚ ਪਾਰਟੀ ਦੇ ਨਵੇਂ ਐਲਾਨੇ ਜਥੇਬੰਦਕ ਢਾਂਚੇ ਵਿਚ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਅਹੁਦੇ ਦਿੱਤੇ ਜਾਣ ਦਾ ਮਾਮਲਾ ਵੀ ਉੱਠਿਆ।
ਸੂਤਰਾਂ ਅਨੁਸਾਰ ਇਹ ਰਾਏ ਵੀ ਬਣੀ ਕਿ ਵਰਕਰ ਤਾਂ ਪਹਿਲਾਂ ਹੀ ਟੁੱਟੇ ਪਏ ਹਨ ਅਤੇ ਵਰਕਰਾਂ ਨੂੰ ਹੁਲਾਰਾ ਦੇਣ ਲਈ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਦਿੱਤੇ ਅਹੁਦਿਆਂ ਵਿਚ ਫੇਰਬਦਲ ਕੀਤੀ ਜਾਵੇ। ਨਵਜੋਤ ਸਿੱਧੂ ਨੇ ਇਸ ਮੌਕੇ ਬਿਨਾਂ ਨਾਮ ਲਏ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਦਿੱਤੇ ਅਹੁਦੇ ਅਤੇ ਹੋਰਨਾਂ ਵੱਲੋਂ ਦਿੱਤੀਆਂ ਚੇਅਰਮੈਨੀਆਂ ‘ਤੇ ਉਂਗਲ ਉਠਾਈ। ਮੀਟਿੰਗ ਮਗਰੋਂ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸੰਗਠਿਤ ਹੋ ਰਹੀ ਹੈ, ਜੋ ਪਾਰਟੀ ਦੇ ਅਸਲ ਵਰਕਰ ਹਨ, ਉਨ੍ਹਾਂ ਨੂੰ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇਸ ਮੀਟਿੰਗ ਵਿਚ ਚੋਣ ਰਣਨੀਤੀ ਦਾ ਖ਼ਾਕਾ ਤਿਆਰ ਕਰਨ ਲਈ ਸਾਂਝੇ ਮਸ਼ਵਰੇ ਕੀਤੇ। ਚੋਣ ਮੁਹਿੰਮ ਨੂੰ ਕਿਨ੍ਹਾਂ ਨੁਕਤਿਆਂ ‘ਤੇ ਫੋਕਸ ਕੀਤਾ ਜਾਣਾ ਹੈ, ਉਸ ‘ਤੇ ਚਰਚਾ ਕੀਤੀ ਗਈ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਾਥ, ਸਹਿਯੋਗ ਅਤੇ ਵਰਕਰਾਂ ਦੀ ਮਿਹਨਤ ਨਾਲ ਕਾਂਗਰਸ ਪੰਜਾਬ ਵਿਚ ਮੁੜ ਸਰਕਾਰ ਬਣਾਏਗੀ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਕਿਹਾ ਕਿ ਆਗਾਮੀ ਚੋਣ ਮੁਹਿੰਮ ਦੇ ਕੇਂਦਰ ਬਿੰਦੂ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ ਹੈ ਅਤੇ ਹਰ ਆਗੂ ਨੇ ਆਪਣੀ ਰਾਏ ਰੱਖੀ ਹੈ। ਅਗਲੇ ਦਿਨਾਂ ਵਿਚ ਮੁਹਿੰਮ ਸ਼ੁਰੂ ਹੋ ਜਾਵੇਗੀ।
ਇਸੇ ਦੌਰਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਵੱਲੋਂ ਨਵੇਂ ਬਣਾਏ ਜ਼ਿਲ੍ਹਾ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨਾਂ ਨੂੰ ਅਗਲੀਆਂ ਚੋਣਾਂ ਦੀ ਤਿਆਰੀ ਲਈ ਥਾਪੜਾ ਦਿੱਤਾ। ਕਰੀਬ ਦੋ ਘੰਟੇ ਚੱਲੀ ਮੀਟਿੰਗ ਵਿਚ ਪਾਰਟੀ ਵਰਕਰਾਂ ਦੀ ਹੋਈ ਅਣਦੇਖੀ ਅਤੇ ਅਫਸਰਸ਼ਾਹੀ ਦੀ ਮਨਮਾਨੀ ਦਾ ਮਾਮਲਾ ਵੀ ਉੱਠਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨਾਂ ਨੇ ਆਪੋ-ਆਪਣੇ ਮਸ਼ਵਰੇ ਰੱਖੇ ਅਤੇ ਸਿੱਧੂ ਨੇ ਜਲਦੀ ਹੀ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਮੀਟਿੰਗਾਂ ਕਰਨ ਦਾ ਭਰੋਸਾ ਦਿੱਤਾ।
ਉਮੀਦਵਾਰਾਂ ਦੀ ਆਖਰੀ ਚੋਣ ਦਾ ਹੱਕ ਸੋਨੀਆ ਨੂੰ ਸੌਂਪਿਆ
ਚੰਡੀਗੜ੍ਹ: ਪੰਜਾਬ ਕਾਂਗਰਸ ਚੋਣ ਕਮੇਟੀ ਨੇ ਸਰਬਸੰਮਤੀ ਨਾਲ ਆਗਾਮੀ ਪੰਜਾਬ ਚੋਣਾਂ ਲਈ ਉਮੀਦਵਾਰਾਂ ਦੀ ਅੰਤਿਮ ਚੋਣ ਦੇ ਸਾਰੇ ਅਧਿਕਾਰ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ। ਚੋਣ ਕਮੇਟੀ ਦੀ ਮੀਟਿੰਗ ਵਿਚ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਵਿਚਾਰ ਮਸ਼ਵਰਾ ਕੀਤਾ ਗਿਆ। ਮੀਟਿੰਗ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੋਂ ਇਲਾਵਾ ਤਕਰੀਬਨ ਸਾਰੇ ਮੈਂਬਰ ਮੌਜੂਦ ਸਨ।
ਜਾਖੜ ਨੇ ਕਾਂਗਰਸੀਆਂ ਨੂੰ ਕਿਸਾਨ ਯੂਨੀਅਨਾਂ ਦੀ ਮਿਸਾਲ ਦਿੱਤੀ
ਜਲੰਧਰ: ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਦੇ ਆਪਣੇ ਨੇੜਲੇ ਸਾਥੀ ਅਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਛਾਉਣੀ ਹਲਕੇ ਵਿਚ ਰੱਖੀ ਰੈਲੀ ਵਿਚ ਨਾ ਪਹੁੰਚਣ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੰਚ ਸਾਂਝਾ ਨਾ ਕਰਨ ‘ਤੇ ਤਨਜ ਕੱਸਿਆ। ਜਾਖੜ ਨੇ ਕੇਂਦਰ ਸਰਕਾਰ ਖਿਲਾਫ ਅੰਦੋਲਨ ਕਰਨ ਵਾਲੀਆਂ 32 ਕਿਸਾਨ ਯੂਨੀਅਨਾਂ ਦੀ ਉਦਾਹਰਨ ਦਿੱਤੀ ਕਿ ਕਿਵੇਂ ਉਨ੍ਹਾਂ ਨੇ ਸਾਂਝੇ ਟੀਚੇ ਲਈ ਆਪਣੇ ਮਤਭੇਦਾਂ ਨੂੰ ਦਰਕਿਨਾਰ ਕਰ ਦਿੱਤਾ ਸੀ।