ਕਿਸਾਨੀ ਹੱਕਾਂ ਲਈ ਅੰਦੋਲਨ ਜਾਰੀ ਰੱਖਣ ਦਾ ਅਹਿਦ

ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕਿਸਾਨਾਂ ਦੀ ਆਪਸੀ ਏਕਤਾ ਅਤੇ ਸਿਰੜ ਨੇ ਨਾ ਸਿਰਫ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਵਾਲੀ ਕੇਂਦਰ ਦੀ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਸਗੋਂ ਸਮੁੱਚੀ ਦੁਨੀਆਂ ਦੀ ਸਭ ਤੋਂ ਵੱਡੀ ਸਾਮਰਾਜੀ ਤਾਕਤ ਅਮਰੀਕਾ ਦੀ ਪ੍ਰਭੁਸੱਤਾ ਨੂੰ ਵੀ ਚੁਣੌਤੀ ਦਿੱਤੀ ਹੈ। ਇਹ ਕਿਸਾਨੀ ਅੰਦੋਲਨ ਦਾ ਪ੍ਰਭਾਵ ਹੀ ਸੀ ਕਿ ਕਿਸਾਨੀ ਦਾ ਗਲਾ ਘੋਟਣ ਲਈ ਰੱਖੀ ਗਈ ਮੀਟਿੰਗ ਵੀ ਵਿਸ਼ਵ ਵਪਾਰ ਸੰਗਠਨ ਨੂੰ ਰੱਦ ਕਰਨੀ ਪਈ।

ਆਗੂਆਂ ਨੇ ਕਿਹਾ ਕਿ ਇਤਿਹਾਸਕ ਜਿੱਤ ਬਾਅਦ ਭਾਵੇਂ ਉਹ ਇਹ ਧਰਨੇ ਖਤਮ ਕਰ ਰਹੇ ਹਨ ਪਰ ਖੇਤੀ ਨੂੰ ਲਾਹੇਵੰਦ ਬਣਾਉਣ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਦੀ ਜੰਗ ਅਜੇ ਬਾਕੀ ਹੈ। ਇਸ ਜੰਗ ਲਈ ਸਾਨੂੰ ਹੋਰ ਵੀ ਵਧੇਰੇ ਵਿਸ਼ਾਲ ਏਕਾ ਉਸਾਰਨਾ ਪਵੇਗਾ। ਪੰਜਾਬ ਦੇ ਧਰਨਿਆਂ ਤੋਂ ਹਾਸਲ ਵੱਖ-ਵੱਖ ਰਿਪੋਰਟਾਂ ਮੁਤਾਬਕ ਸਵੇਰੇ ਤੋਂ ਹੀ ਧਰਨਿਆਂ ਵਾਲੀ ਥਾਵਾਂ ‘ਤੇ ਵਿਆਹ ਵਰਗਾ ਮਾਹੌਲ ਸੀ। ਕਿਸਾਨਾਂ ਵੱਲੋਂ ਇਸ ਮੌਕੇ ਲੱਡੂ, ਜਲੇਬੀਆਂ, ਪਕੌੜਿਆਂ ਅਤੇ ਚਾਹ ਪਾਣੀ ਦਾ ਵਿਸ਼ੇਸ਼ ਬੰਦੋਬਸਤ ਕੀਤਾ ਗਿਆ। ਪੰਜਾਬ ਦੀਆਂ ਸੰਘਰਸ਼ ਸ਼ੀਲ ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਕਿ ਅੰਦੋਲਨ ਦੀ ਜਿੱਤ ਕਾਰਨ ਲੋਕਾਂ ‘ਚ ਉਤਸ਼ਾਹ ਹੈ।
ਇਸ ਦੌਰਾਨ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਨਾਲ ਹੀ ਚੌਕਸ ਕੀਤਾ ਗਿਆ ਕਿ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ, ਪੁਲਿਸ ਕੇਸਾਂ ਦੀ ਵਾਪਸੀ ਅਤੇ ਹੋਰ ਅਹਿਮ ਮੰਗਾਂ ਬਾਰੇ ਲਿਖਤੀ ਭਰੋਸਿਆਂ ਦੇ ਬਾਵਜੂਦ ਮੋਦੀ ਸਰਕਾਰ ਰੰਗ ‘ਚ ਭੰਗ ਪਾ ਸਕਦੀ ਹੈ। ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ; ਮਾਰੂ ਨਸ਼ਿਆਂ ਤੋਂ ਮੁਕੰਮਲ ਮੁਕਤੀ ਵਰਗੇ ਕਾਂਗਰਸ ਦੇ ਪਿਛਲੇ ਚੋਣ ਵਾਅਦੇ ਪੰਜਾਬ ਦੀ ਚੰਨੀ ਸਰਕਾਰ ਕੋਲੋਂ ਲਾਗੂ ਕਰਵਾਉਣ ਅਤੇ ਕਿਸਾਨ ਮਜਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ ਸਮੇਤ ਹਰ ਪੜ੍ਹੇ-ਲਿਖੇ/ਅਨਪੜ੍ਹ ਬੇਰੁਜ਼ਗਾਰ ਨੂੰ ਉਸ ਦੀ ਯੋਗਤਾ ਮੁਤਾਬਕ ਪੂਰੀ ਤਨਖਾਹ ‘ਤੇ ਪੱਕਾ ਰੁਜ਼ਗਾਰ ਦੇਣ ਵਰਗੀਆਂ ਬੁਨਿਆਦੀ ਮੰਗਾਂ ਮੰਨਵਾਉਣ ਲਈ ਇਸੇ ਤਰ੍ਹਾਂ ਦੇ ਸਿਰੜੀ ਘੋਲ ਲੜਨ ਲਈ ਵੀ ਫੌਰੀ ਤਿਆਰ ਹੋਣ ਦਾ ਸੱਦਾ ਦਿੱਤਾ ਗਿਆ।