ਮੋਦੀ ਵੱਲੋਂ ਕੁਦਰਤੀ ਖੇਤੀ ਅਪਣਾਉਣ ਦਾ ਸੱਦਾ

ਆਨੰਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਰਗੈਨਿਕ ਜਾਂ ਕੁਦਰਤੀ ਖੇਤੀ ਵੱਲ ਮੁੜਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਰਸਾਇਣਕ ਲੈਬ ਵਿਚੋਂ ਕੱਢ ਕੇ ਕੁਦਰਤੀ ਲੈਬਾਰਟਰੀ ਨਾਲ ਜੋੜਨ ਦੀ ਲੋੜ ਹੈ। ਗੁਜਰਾਤ ਦੇ ਆਨੰਦ ਵਿਚ ਕੁਦਰਤੀ ਖੇਤੀ ਬਾਰੇ ਕੌਮੀ ਸੰਮੇਲਨ ਨੂੰ ਆਨਲਾਈਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਰਾਲੀ ਸਾੜਨ ਦੇ ਮੁੱਦੇ ਉਤੇ ਵੀ ਚਿੰਤਾ ਜ਼ਾਹਿਰ ਕੀਤੀ।

ਉਨ੍ਹਾਂ ਕਿਹਾ ਕਿ ਇਹ ਅਭਿਆਸ ਖੇਤੀਯੋਗ ਜਮੀਨ ਦੀ ਉਤਪਾਦਨ ਸਮਰੱਥਾ ਨੂੰ ਪ੍ਰਭਾਵਿਤ ਕਰੇਗਾ। ਮੋਦੀ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਖੇਤੀਬਾੜੀ ਦਾ ਹਿੱਸਾ ਬਣ ਗਈਆਂ ‘ਗਲਤੀਆਂ ਨੂੰ ਸੁਧਾਰਿਆ ਜਾਵੇ।` ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਰਸਾਇਣ ਤੇ ਖਾਦਾਂ ਦਾ ਹਰੀ ਕ੍ਰਾਂਤੀ ਵਿਚ ਅਹਿਮ ਯੋਗਦਾਨ ਰਿਹਾ ਹੈ, ਪਰ ਉਨ੍ਹਾਂ ਦੇ ਬਦਲ ਲੱਭਣ ਦੀ ਵੀ ਲੋੜ ਹੈ। ਹੁਣ ਵੱਡੇ ਕਦਮ ਚੁੱਕਣ ਲਈ ਸਹੀ ਸਮਾਂ ਹੈ। ਇਸ ਤੋਂ ਪਹਿਲਾਂ ਕਿ ਖੇਤੀਬਾੜੀ ਨਾਲ ਸਬੰਧਤ ਮੁੱਦੇ ਗੰਭੀਰ ਰੂਪ ਧਾਰਨ ਕਰ ਜਾਣ, ਸਾਨੂੰ ਵੱਡੇ ਫੈਸਲੇ ਲੈਣੇ ਪੈਣਗੇ। ਮੰਤਰੀ ਨੇ ਕਿਹਾ ਕਿ ਦਰਾਮਦ ਦੀਆਂ ਉੱਚੀਆਂ ਕੀਮਤਾਂ ਨੇ ਖੇਤੀਬਾੜੀ ਲਾਗਤਾਂ ਵੀ ਵਧਾ ਦਿੱਤੀਆਂ ਹਨ। ਇਸ ਨਾਲ ਆਮ ਲੋਕਾਂ ਲਈ ਵੀ ਖੇਤੀ ਉਪਜ ਦੀ ਕੀਮਤ ਵੱਧ ਜਾਂਦੀ ਹੈ। ਮੋਦੀ ਨੇ ਕਿਹਾ ਕਿ ਪਰਾਲੀ ਸੜਨ ਕਰ ਕੇ ਉਤਰੀ ਭਾਰਤ ਵਿਚ ਹਵਾ ਪ੍ਰਦੂਸ਼ਣ ਗੰਭੀਰ ਸਮੱਸਿਆ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਵਿਚਾਲੇ ਇਕ ਹੋਰ ਗਲਤਫਹਿਮੀ ਹੈ ਕਿ ਰਸਾਇਣਕ ਖਾਦਾਂ ਬਿਨਾਂ ਜ਼ਿਆਦਾ ਉਪਜ ਸੰਭਵ ਨਹੀਂ ਹੈ। ਮੋਦੀ ਨੇ ਕਿਹਾ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਗਊਆਂ ਆਰਗੈਨਿਕ ਖੇਤੀ `ਚ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ। ਉਨ੍ਹਾਂ ਦਾ ਮਲ਼-ਮੂਤਰ ਖਾਦਾਂ ਤੇ ਕੀਟਨਾਸ਼ਕ ਵਜੋਂ ਵਰਤਿਆ ਜਾ ਸਕਦਾ ਹੈ। ਆਪਣੇ ਭਾਸ਼ਣ ਵਿਚ ਮੋਦੀ ਨੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਤੇ ਹੋਰਨਾਂ ਸੰਸਥਾਵਾਂ ਨੂੰ ‘ਲੈਬ ਟੂ ਲੈਂਡ` ਸੰਕਲਪ ਲੈਣ ਲਈ ਕਿਹਾ। ਉਨ੍ਹਾਂ ਸੂਬਾ ਸਰਕਾਰਾਂ ਅਪੀਲ ਕੀਤੀ ਕਿ ਕੁਦਰਤੀ ਖੇਤੀ ਨੂੰ ਜਨ ਅੰਦੋਲਨ ਬਣਾਇਆ ਜਾਵੇ। ਕਿਸਾਨ ਛੋਟੇ ਪੱਧਰ ਉਤੇ ਕੁਦਰਤੀ ਖੇਤੀ ਸ਼ੁਰੂ ਕਰ ਕੇ ਨਤੀਜੇ ਦੇਖ ਸਕਦੇ ਹਨ।