ਚੋਣਾਂ ਬਾਰੇ ਕਿਸਾਨ ਜਥੇਬੰਦੀਆਂ ਇਕਮਤ ਨਹੀਂ; ਚੜੂਨੀ ਨੇ ਪਾਰਟੀ ਬਣਾਈ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲੜਨ ਬਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੁਚਿੱਤੀ ਵਿਚ ਹਨ। ਪਤਾ ਲੱਗਾ ਹੈ ਕਿ ਵੱਡੀ ਗਿਣਤੀ ਕਿਸਾਨ ਯੂਨੀਅਨਾਂ ਚੋਣ ਲੜਨ ਦੇ ਹੱਕ ਵਿਚ ਹਨ। ਬਹੁਤੀਆਂ ਜਥੇਬੰਦੀਆਂ ਆਪ, ਕਾਂਗਰਸ, ਅਕਾਲੀ ਦਲ ਜਾਂ ਕਿਸੇ ਵੀ ਹੋਰ ਰਾਜਸੀ ਪਾਰਟੀ ਨਾਲ ਮਿਲ ਕੇ ਚੋਣ ਲੜਨ ਨਾਲੋਂ ਕਿਸਾਨ, ਮਜ਼ਦੂਰ ਤੇ ਛੋਟੇ ਵਪਾਰੀਆਂ ਦਾ ਫਰੰਟ ਬਣਾ ਕੇ ਚੋਣ ਲੜਨ ਦੇ ਹੱਕ ਵਿਚ ਸਨ ਪਰ ਇਸ ਬਾਰੇ ਕੋਈ ਸਾਂਝੀ ਰਾਏ ਨਹੀਂ ਬਣ ਸਕੀ ਹੈ।

ਉਧਰ, ਹਰਿਆਣਾ ਦੀ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਸੰਯੁਕਤ ਸੰਘਰਸ਼ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਚੜੂਨੀ ਨੇ ਰਛਪਾਲ ਸਿੰਘ ਜੋੜੇ ਮਾਜਰਾ ਨੂੰ ਪਾਰਟੀ ਦਾ ਪ੍ਰਧਾਨ ਐਲਾਨ ਦਿੱਤਾ।
ਸੰਯੁਕਤ ਸੰਘਰਸ਼ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਉਤੇ ਆਪਣੇ ਉਮੀਦਵਾਰ ਉਤਾਰੇਗੀ, ਜਦੋਂਕਿ ਚੜੂਨੀ ਖੁਦ ਸੂਬੇ ‘ਚ ਚੋਣ ਨਹੀਂ ਲੜਨਗੇ। ਪਾਰਟੀ ਬਣਾਉਣ ਦੀ ਕਿਉਂ ਲੋੜ ਪਈ, ਬਾਰੇ ਚੜੂਨੀ ਨੇ ਕਿਹਾ ਕਿ ਦੇਸ ‘ਚ ਬਹੁਤ ਸਾਰੀਆਂ ਪਾਰਟੀਆਂ ਹਨ, ਜਿਹੜੀਆਂ ਸਿਰਫ ਪੂੰਜੀਵਾਦੀ ਘਰਾਣਿਆਂ ਨੂੰ ਮੁੱਖ ਰੱਖ ਕੇ ਨੀਤੀਆਂ ਬਣਾਉਂਦੀਆਂ ਹਨ ਤੇ ਰਾਜਨੀਤੀ ਨੂੰ ਇਕ ਵਪਾਰਕ ਧੰਦਾ ਬਣਾ ਲਿਆ, ਜਿਸ ਨਾਲ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਤੇ ਆਮ ਬੰਦੇ ਦਾ ਦੇਸ ‘ਚ ਜਿਊਣਾ ਔਖਾ ਹੋ ਗਿਆ ਹੈ।
ਇਸ ਕਰਕੇ ਇਸ ਭ੍ਰਿਸ਼ਟ ਤੇ ਗੰਧਲੀ ਰਾਜਨੀਤੀ ਤੋਂ ਛੁਟਕਾਰਾ ਪਾਉਣ ਲਈ ਲੋਕ ਹੁਣ ਬਦਲਾਵ ਚਾਹੁੰਦੇ ਹਨ, ਜਿਸ ਕਰਕੇ ਨਵੀਂ ਪਾਰਟੀ ਬਣਾਉਣੀ ਪਈ। ਚੜੂਨੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਪਹਿਲੀ ਚੋਣ ਪੰਜਾਬ ‘ਚ ਹੋ ਰਹੀ ਹੈ। ਲੋਕ ਕਿਸਾਨੀ ਸੰਘਰਸ਼ ਦੌਰਾਨ ਜਾਗਰੂਕ ਹੋ ਚੁੱਕੇ ਹਨ ਤੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਜਦੋਂ-ਜਦੋਂ ਵੀ ਸੰਘਰਸ਼ ਤੇ ਬਦਲਾਵ ਹੋਏ, ਉਨ੍ਹਾਂ ‘ਚ ਪੰਜਾਬ ਸੂਬਾ ਹਮੇਸ਼ਾ ਮੋਹਰੀ ਰਿਹਾ ਹੈ ਤੇ ਅਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਆਉਣ ਵਾਲੇ ਦਿਨਾਂ ‘ਚ ਸਾਡੀ ਪਾਰਟੀ ਇਕ ‘ਰੋਡਮੈਪ‘ ਤਿਆਰ ਕਰਕੇ ਲੋਕਾਂ ਦੀ ਕਚਹਿਰੀ ‘ਚ ਜਾਵੇਗੀ। ਚੜੂਨੀ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ ਤੇ ਦੂਸਰੀਆਂ ਰਾਜਸੀ ਪਾਰਟੀਆਂ ਕਾਲੇ ਕਾਨੂੰਨਾਂ ਨੂੰ ਲਿਆਉਣ ਵਿਚ ਦੋਸ਼ੀ ਹਨ ਤੇ ਆਮ ਆਦਮੀ ਪਾਰਟੀ ਨੇ ਕਦੀ ਵੀ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਨਹੀਂ ਕੀਤਾ।
ਇਸ ਕਰਕੇ ਲੋਕਾਂ ਦੇ ਕੋਲ ਹੁਣ ਹੋਰ ਕੋਈ ਬਦਲ ਨਹੀਂ ਬਚਿਆ ਹੈ, ਜਿਸ ਕਰਕੇ ਸਾਨੂੰ ਰਾਜਸੀ ਪਾਰਟੀ ਬਣਾਉਣੀ ਪਈ। ਚੜੂਨੀ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੇ ਬਾਹਰੋਂ ਲੜਾਈ ਲੜੀ ਹੈ, ਹੁਣ ਰਾਜਸੀ ਪਾਰਟੀ ਦੇ ਨਾਲ ਅਸੀਂ ਅੰਦਰ ਵੀ ਲੜਾਈ ਲੜ ਸਕਦੇ ਹਾਂ ਤੇ ਆਸ ਹੈ ਕਿ ਪੰਜਾਬ ਦੇ ਲੋਕ ਸਾਡਾ ਸਾਥ ਦੇਣਗੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਵੀ ਸਾਡੇ ਨਾਲ ਆਉਣ ਲਈ ਤਿਆਰ ਹਨ।
ਸੰਯੁਕਤ ਸੰਘਰਸ਼ ਪਾਰਟੀ ਦੇ ਪ੍ਰਧਾਨ ਰਛਪਾਲ ਸਿੰਘ ਜੋੜੇ ਮਾਜਰਾ ਨੇ ਕਿਹਾ ਕਿ ਹੁਣ ਤੱਕ ਹਰੇਕ ਸਰਕਾਰ ਨੇ ਕਿਸਾਨਾਂ ਨੂੰ ਲੁੱਟਿਆ ਤੇ ਕੁੱਟਿਆ ਹੈ ਤੇ ਇਨਸਾਨੀਅਤ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਉਸੇ ਤਰ੍ਹਾਂ ਅਸੀਂ ਰਾਜਨੀਤੀ ਵਿਚ ਦਾਖਲ ਹੋ ਕੇ ਕਿਸਾਨ ਵਿਰੋਧੀ ਮਾੜੀ ਰਾਜਨੀਤੀ ਨੂੰ ਖਤਮ ਕਰਾਂਗੇ ਤੇ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ‘ਚ ਜਿੱਤ ਹੋਈ ਹੈ, ਰਾਜਨੀਤਕ ਲੜਾਈ ‘ਚ ਵੀ ਸਾਡੀ ਜਿੱਤ ਹੋਵੇਗੀ।