ਅਮਰੀਕਾ ਵਿਚ ਕੋਵਿਡ ਮਾਮਲੇ ਵਧੇ

ਸੈਕਰਾਮੈਂਟੋ: ਅਮਰੀਕਾ ਦੇ ਅੱਧੇ ਰਾਜਾਂ ਵਿਚ ਕੋਵਿਡ-19 ਮਾਮਲੇ ਵਧ ਰਹੇ ਹਨ ਜਦ ਕਿ ਨਿਊਯਾਰਕ ਵਿਚ ਕੋਵਿਡ-19 ਮਾਮਲਿਆਂ ਵਿਚ ਰਿਕਾਰਡ ਵਾਧਾ ਹੋਇਆ ਹੈ। ਲੰਘੇ ਦਿਨੀਂ ਨਿਊਯਾਰਕ ਸੂਬੇ ਵਿਚ 21,000 ਲੋਕਾਂ ਦੇ ਟੈਸਟ ਪਾਜ਼ੇਟਿਵ ਆਏ ਹਨ ਜੋ ਕਿ ਵੱਡੀ ਪੱਧਰ ਉਪਰ ਟੈਸਟਿੰਗ ਸ਼ੁਰੂ ਹੋਣ ਤੋਂ ਬਾਅਦ ਤਕਰੀਬਨ ਇਕ ਸਾਲ ਦੌਰਾਨ ਇਕ ਦਿਨ ਵਿਚ ਆਏ ਸਭ ਤੋਂ ਵੱਧ ਮਾਮਲੇ ਹਨ।

ਇਸ ਤੋਂ ਪਹਿਲਾਂ 14 ਜਨਵਰੀ, 2021 ਨੂੰ ਰਾਜ ਵਿਚ ਤਕਰੀਬਨ 20,000 ਲੋਕ ਪਾਜ਼ੇਟਿਵ ਆਏ ਸਨ। ਨਿਊਯਾਰਕ ਸ਼ਹਿਰ ਵਿਚ ਵੀ ਮਾਮਲੇ ਵਧ ਰਹੇ ਹਨ। ਇਸ ਸ਼ਨਿਚਰਵਾਰ ਸ਼ਹਿਰ ਵਿਚ 5000 ਤੋਂ ਵੱਧ ਲੋਕਾਂ ਦੇ ਟੈਸਟ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿਚੋਂ 200 ਤੋਂ ਵੱਧ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਸ਼ਹਿਰ ਦੇ ਮੇਅਰ ਬਿਲ ਡੀ ਬਲਾਸਿਓ ਨੇ ਕਿਹਾ ਹੈ ਕਿ ਇਸ ਸਾਲ ਅਕਤੂਬਰ ਤੋਂ ਬਾਅਦ ਕੋਵਿਡ ਮਾਮਲਿਆਂ ਵਿਚ ਵਾਧਾ ਹੋਇਆ ਹੈ। ਰਾਜ ਦੇ ਪੱਛਮੀ ਹਿੱਸੇ ਵਿਚ ਨਵੇਂ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਗਵਰਨਰ ਕੈਥੀ ਹੋਚੁਲ ਨੇ ਕਿਹਾ ਹੈ ਕਿ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਤੇ ਪ੍ਰਤੀ ਦਿਨ ਕੋਵਿਡ ਮਾਮਲੇ ਵਧਣ ਦਾ ਰਿਕਾਰਡ ਟੁੱਟ ਰਿਹਾ ਹੈ। ਜੌਹਨਜ਼ ਹੋਪਕਿਨਜ਼ ਯੂਨੀਵਰਸਿਟੀ ਅਨੁਸਾਰ ਪਿਛਲੇ ਹਫਤੇ ਨਿਊਯਾਰਕ ਵਿਚ ਸਭ ਤੋਂ ਵੱਧ ਕੋਵਿਡ ਮਾਮਲੇ ਆਏ ਹਨ ਜਦ ਕਿ ੳਹਾਇਓ ਤੇ ਇਲੀਨੋਇਸ ਕ੍ਰਮਵਾਰ ਦੂਸਰੇ ਤੇ ਤੀਸਰੇ ਸਥਾਨ ‘ਤੇ ਰਹੇ। ਯੁਨੀਵਰਸਿਟੀ ਅਨੁਸਾਰ ਹਵਾਈ, ਵਾਸ਼ਿੰਗਟਨ ਡੀ ਸੀ ਤੇ ਫਲੋਰਿਡਾ ਵਿਚ ਨਵੇਂ ਮਾਮਲੇ ਆਉਣ ਦੀ ਰਫਤਾਰ ਨਿਊਯਾਰਕ ਨਾਲੋਂ ਵੀ ਵੱਧ ਹੈ।