ਡੇਰਾ ਮੁਖੀ ਜਾਂਚ `ਚ ਸਹਿਯੋਗ ਨਹੀਂ ਕਰ ਰਿਹਾ: ਸਿਟ

ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਵਾਈਸ ਚੇਅਰਮੈਨ ਡਾ. ਨੈਨ ਤੋਂ ਹੋਈ ਪੁੱਛ-ਪੜਤਾਲ ਦੀ ਸਟੇਟਸ ਰਿਪੋਰਟ ਹਾਈ ਕੋਰਟ ਵਿਚ ਪੇਸ਼ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਡੇਰਾ ਮੁਖੀ ਅਤੇ ਡਾ. ਨੈਨ ਨੇ ਪੁੱਛ-ਪੜਤਾਲ ਵਿਚ ਸਹਿਯੋਗ ਨਹੀਂ ਕੀਤਾ। ਇਹ ਵੀ ਪਤਾ ਲੱਗਾ ਹੈ ਕਿ ਜਾਂਚ ਟੀਮ ਡਾ. ਨੈਨ ਨੂੰ ਬੇਅਦਬੀ ਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਕਰ ਸਕਦੀ ਹੈ। ਜਾਂਚ ਟੀਮ ਨੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਡੇਰਾ ਮੁਖੀ ਤੋਂ ਪੁੱਛ-ਪੜਤਾਲ ਕਰਨ ਲਈ ਦੋ ਵਾਰ ਸੁਨਾਰੀਆ ਜੇਲ੍ਹ ਦਾ ਦੌਰਾ ਕੀਤਾ ਹੈ। ਜਾਂਚ ਟੀਮ ਨੇ ਬੇਅਦਬੀ ਕਾਂਡ ਵਿਚ ਡੇਰਾ ਮੁਖੀ ਅਤੇ ਡੇਰੇ ਦੇ ਬਾਕੀ ਪ੍ਰਬੰਧਕਾਂ ਤੋਂ ਹੋਈ ਪੁੱਛ-ਪੜਤਾਲ ਸਬੰਧੀ ਹਾਈ ਕੋਰਟ ਵਿਚ ਦੂਸਰੀ ਵਾਰ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਹਾਲਾਂਕਿ ਡੇਰੇ ਦੀ ਚੇਅਰਪਰਸਨ ਡਾ. ਵਿਪਾਸਨਾ ਅਜੇ ਤੱਕ ਜਾਂਚ ਟੀਮ ਨੂੰ ਨਹੀਂ ਮਿਲੀ। ਪੁੱਛ-ਪੜਤਾਲ ਮਗਰੋਂ ਜਾਂਚ ਟੀਮ ਨੂੰ ਪਤਾ ਲੱਗਿਆ ਹੈ ਕਿ 18 ਮਹੀਨੇ ਤੋਂ ਵਿਪਾਸਨਾ ਡੇਰੇ ਵਿੱਚੋਂ ਗਾਇਬ ਹੈ।