ਸਿੱਖ ਕਤਲੇਆਮ: ਸੱਜਣ ਕੁਮਾਰ ਖਿਲਾਫ ਦੋਸ਼ ਆਇਦ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਵੇਲੇ ਸਰਸਵਤੀ ਵਿਹਾਰ ਪੁਲਿਸ ਥਾਣੇ ਅਧੀਨ ਆਉਂਦੇ ਇਲਾਕੇ ਦੇ ਰਹਿਣ ਵਾਲੇ ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਨੂੰ ਜਿਊਂਦਾ ਸਾੜਨ ਦੇ ਕੇਸ ਵਿਚ ਸੱਜਣ ਕੁਮਾਰ ਖਿਲਾਫ ਦਿੱਲੀ ਦੀ ਅਦਾਲਤ ਵਿਚ ਦੋਸ਼ ਆਇਦ ਹੋ ਗਏ ਹਨ।

ਕਾਲਕਾ ਨੇ ਕਿਹਾ ਕਿ 1984 ਦੇ ਕਤਲੇਆਮ ਵੇਲੇ ਸੱਜਣ ਕੁਮਾਰ ਦੀ ਅਗਵਾਈ ਵਾਲੀ ਭੀੜ ਵੱਲੋਂ ਰਾਜ ਨਗਰ ਦਿੱਲੀ ਦੇ ਰਹਿਣ ਵਾਲੇ ਦੋਵਾਂ ਪਿਉ-ਪੁੱਤਰਾਂ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਐਮ.ਕੇ. ਨਾਗਪਾਲ ਸਪੈਸ਼ਲ ਜੱਜ ਰੋਜ਼ ਐਵੇਨਿਊ ਕੋਰਟ ਦੀ ਅਦਾਲਤ ਵੱਲੋਂ ਸੱਜਣ ਕੁਮਾਰ ਦੇ ਖਿਲਾਫ ਧਾਰਾ 147, 148, 149, 302, 308, 323, 395, 397, 427, 436 440 ਅਤੇ 149 ਆਈ.ਪੀ.ਸੀ. ਤਹਿਤ ਦੋਸ਼ ਆਇਦ ਕੀਤੇ ਗਏ ਹਨ। ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸੁਣਵਾਈ ਦੌਰਾਨ ਸੱਜਣ ਕੁਮਾਰ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਜਦੋਂ ਕਿ ਦਿੱਲੀ ਕਮੇਟੀ ਦੀ ਲੀਗਲ ਟੀਮ ਤੇ ਸਰਕਾਰੀ ਧਿਰ ਨੇ ਸੱਜਣ ਕੁਮਾਰ ਨੂੰ ਦੋਸ਼ੀ ਦੱਸਿਆ। ਇਸ ਮਾਮਲੇ ਵਿਚ ਹੁਣ ਅਦਾਲਤ ‘ਚ ਮੁਕੱਦਮੇ ਦੀ ਸੁਣਵਾਈ ਹੋਵੇਗੀ ਤੇ ਸਬੰਧਤ ਧਿਰਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ।