ਓਕ ਕਰੀਕ ਗੋਲੀ ਕਾਂਡ ਦੀ ਪਹਿਲੀ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਸਮਾਗਮ

ਮਿਲਵਾਕੀ, ਵਿਸਕਾਨਸਿਨ (ਬਿਊਰੋ): ਗੁਰਦੁਆਰਾ ਓਕ ਕਰੀਕ ਵਿਚ 5 ਅਗਸਤ 2012 ਨੂੰ ਵਾਪਰੇ ਗੋਲੀ ਕਾਂਡ ਦੀ ਪਹਿਲੀ ਵਰ੍ਹੇਗੰਢ ਨੂੰ ਸਮਰਪਿਤ 4 ਰੋਜ਼ਾ ਸਮਾਗਮ ਕੀਤੇ ਗਏ। ਇਨ੍ਹਾਂ ਸਮਾਗਮਾਂ ਦੌਰਾਨ ਇਸ ਗੋਲੀ ਕਾਂਡ ਵਿਚ ਮਾਰੇ ਗਏ ਸ਼ਰਧਾਲੂ ਸਿੱਖਾਂ ਨੂੰ ਸ਼ਰਧਾਂਜਲੀ ਦਿਤੀ ਗਈ ਅਤੇ ਜਖਮੀ ਹੋਏ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਗੋਲੀਕਾਂਡ ਵਿਚ ਇਕ ਸਿਰਫਿਰੇ ਜਨੂੰਨੀ ਨਸਲਪ੍ਰਸਤ ਵਲੋਂ ਚਲਾਈ ਗਈ ਗੋਲੀ ਨਾਲ 6 ਸ਼ਰਧਾਲੂ ਮਾਰੇ ਗਏ ਸਨ ਅਤੇ ਇਕ ਪੁਲਿਸ ਅਫਸਰ ਸਮੇਤ ਕਈ ਲੋਕ ਜ਼ਖਮੀ ਹੋ ਗਏ ਸਨ।
ਇਨ੍ਹਾਂ ਸਮਾਗਮਾਂ ਦੀ ਲੜੀ ਵਿਚ ਅਮਰੀਕੀ ਜਸਟਿਸ ਵਿਭਾਗ ਵਲੋਂ 2 ਅਗਸਤ ਨੂੰ ਸਥਾਨਕ ਇਤਿਹਾਸਕ ਫੈਡਰਲ ਕੋਰਟ ਹਾਊਸ ਵਿਚ ਇਕ ਸਮਾਗਮ ਕੀਤਾ ਗਿਆ, 3 ਅਗਸਤ ਨੂੰ ਇਕ ਯਾਦਗਾਰੀ ਪੈਦਲ ਯਾਤਰਾ ਕੀਤੀ ਗਈ ਅਤੇ 4 ਅਗਸਤ ਨੂੰ ਗੁਰਦੁਆਰਾ ਓਕ ਕਰੀਕ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸ਼ਬਦ ਕੀਰਤਨ ਉਪਰੰਤ ਵੱਖ ਵੱਖ ਬੁਲਾਰਿਆਂ ਨੇ ਇਸ ਗੋਲੀ ਕਾਂਡ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਹਮਦਰਦੀ ਜ਼ਾਹਰ ਕੀਤੀ ਤੇ ਅਜਿਹੇ ਦੁਖਾਂਤਾਂ ਦਾ ਮੁਕਾਬਲਾ ਕਰਨ ਲਈ ਭਾਈਚਾਰਕ ਏਕੇ ਦਾ ਸੱਦਾ ਦਿੱਤਾ।
ਫੈਡਰਲ ਕੋਰਟ ਹਾਊਸ ਵਿਚ ਹੋਏ ਸਮਾਗਮ ਸਮੇਂ ਯੂਨਾਈਟਿਡ ਸਟੇਟ ਅਟਾਰਨੀ ਜੇਮਜ਼ ਐਲ ਸਨਟੀਲ ਨੇ ਓਬਾਮਾ ਪ੍ਰਸ਼ਾਸਨ ਵਲੋਂ ਇਸ ਕਾਂਡ ਦੇ ਪੀੜਤ ਪਰਿਵਾਰਾਂ ਨੂੰ 5 ਲੱਖ 12 ਹਜ਼ਾਰ ਅਮਰੀਕੀ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਾਂ, ਹਿੰਦੂਆਂ, ਬੋਧੀਆਂ, ਅਰਬਾਂ ਅਤੇ ਹੋਰ ਦੂਸਰੀਆਂ ਘੱਟਗਿਣਤੀਆਂ ਦੇ ਖਿਲਾਫ ਹੋਣ ਵਾਲੇ ਜੁਰਮਾਂ ਨੂੰ ਨਫਰਤੀ ਹਿੰਸਾ ਦੇ ਜੁਰਮਾਂ ਵਿਚ ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਹੋਰ ਸੈਨੇਟਰਾਂ ਅਤੇ ਅਮਰੀਕੀ ਅਧਿਕਾਰੀਆਂ ਦੇ ਸੰਦੇਸ਼ ਪੜ੍ਹ ਕੇ ਸੁਣਾਏ। ਵਿਸਕਾਨਸਿਨ ਤੋਂ ਸੈਨੇਟਰ ਟੈਮੀ ਐਸ ਬਾਲਡਵਿਨ ਅਤੇ ਸੈਨੇਟਰ ਰੌਨ ਐਚ ਜਾਨਸਨ ਨੇ ਗੋਲੀਬਾਰੀ ਦੀ ਨਿਖੇਧੀ ਦਾ ਮਤਾ ਪੇਸ਼ ਕੀਤਾ ਜਿਸ ਰਾਹੀਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜਾਤੀ, ਧਾਰਮਿਕ ਨਫਰਤ ਤੇ ਹਿੰਸਾ ਦੀ ਸਖਤ ਨਿੰਦਾ ਕੀਤੀ ਗਈ। ਉਨ੍ਹਾਂ ਜ਼ਖਮੀਆਂ ਅਤੇ ਇਸ ਗੋਲੀ ਕਾਂਡ ਦਾ ਸ਼ਿਕਾਰ ਹੋਏ ਲੋਕਾਂ ਦੇ ਵਾਰਸਾਂ ਦੀ ਮਾਨਸਿਕ ਪੀੜ ਨੂੰ ਘਟਾਉਣ ਲਈ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਸਰਕਾਰ ਤੋਂ ਹੋਰ ਸਹੂਲਤਾਂ ਦੇਣ ਦੀ ਮੰਗ ਕੀਤੀ।
ਸਿੱਖ ਟੈਂਪਲ ਆਫ ਵਿਸਕਾਨਸਿਨ, ਓਕ ਕਰੀਕ ਦੇ ਪ੍ਰਧਾਨ ਡਾæ ਕੁਲਵੰਤ ਸਿੰਘ ਧਾਲੀਵਾਲ ਨੇ ਯੁਵਾ ਵਰਗ ਦਾ ਇਸ ਸਮਾਗਮ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਗੁਰਦੁਆਰਾ ਬਰੁਕਫੀਲਡ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ ਸਥਾਨਕ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਇਸ ਦੁਖ ਦੀ ਘੜੀ ਸਿੱਖ ਭਾਈਚਾਰੇ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਆਪਸੀ ਭਾਈਚਾਰਕ ਏਕਤਾ ਹੋਰ ਜ਼ਿਆਦਾ ਮਜ਼ਬੂਤ ਹੋਈ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਦੂਜੇ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਭਲਾਈ ਵਾਲੇ ਕੰਮ ਕਰਨੇ ਚਾਹੀਦੇ ਹਨ।
ਓਕ ਕਰੀਕ ਸਿਟੀ ਦੇ ਮੇਅਰ ਸਟੀਫਨ ਸਕੈਫਿਡੀ ਨੇ ਕਿਹਾ ਕਿ ਜੋ ਕੁਝ ਪਿਛਲੇ ਸਾਲ ਵਾਪਰਿਆ, ਉਹ ਮੇਰੀ ਜ਼ਿੰਦਗੀ ਲਈ ਇਕ ਬਹੁਤ ਵੱਡਾ ਸਦਮਾ ਸੀ ਅਤੇ ਇਸ ਘਟਨਾ ਨੇ ਮੈਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿਤਾ ਸੀ। ਉਨ੍ਹਾਂ ਕਿਹਾ ਕਿ ਅਮਰੀਕੀ ਕਦਰਾਂ-ਕੀਮਤਾਂ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ। ਅਮਰੀਕਾ ਇਨਸਾਫ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਹਰ ਇਕ ਦੇ ਜਾਨ-ਮਾਲ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਅਸੀਂ ਸਿੱਖ ਭਾਈਚਾਰੇ ਸਮੇਤ ਹਰ ਘੱਟਗਿਣਤੀ ਭਾਈਚਾਰੇ ਦੀ ਮਦਦ ਲਈ ਹਾਜ਼ਰ ਰਹੇ ਹਾਂ ਅਤੇ ਹੁਣ ਵੀ ਰਹਾਂਗੇ। ਪੁਲਿਸ ਅਫਸਰ ਬਰਾਊਨ ਮਰਫੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਅਫਸਰ ਨੇ ਆਪਣੀ ਜਾਨ ਖਤਰੇ ਵਿਚ ਪਾ ਕੇ ਸਿਰਫ ਛੇ ਮਿੰਟਾਂ ਵਿਚ ਹੀ ਸੀਨ ਬਦਲ ਦਿੱਤਾ ਅਤੇ ਦਲੇਰੀ ਨਾਲ ਲੜਦਿਆਂ ਹੋਰ ਲੋਕਾਂ ਦੀਆਂ ਜਾਨਾਂ ਬਚਾ ਲਈਆਂ।
ਇੰਟਰਫੇਥ ਕਾਨਫਰੰਸ ਮਿਲਵਾਕੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਥਾਮਸ ਹੈਨਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਾਡੀ ਸੰਸਥਾ ਵੱਖ ਵੱਖ ਧਰਮਾਂ ਵਿਚ ਸ਼ਾਂਤੀ, ਪਿਆਰ ਤੇ ਵਿਸ਼ਵਾਸ ਵਧਾਉਣ ਅਤੇ ਨਫਰਤ ਘਟਾਉਣ ਲਈ ਵਧ ਤੋਂ ਵਧ ਤਾਲਮੇਲ ਕਰਕੇ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਸਾਡੇ ਨਾਲ ਹੈ ਅਤੇ ਸਿੱਖ ਭਾਈਚਾਰੇ ਦੇ ਨਾਲ ਹਾਂ।
ਪੀੜਤ ਪਰਿਵਾਰਾਂ ਵਲੋਂ ਬੋਲਦਿਆਂ ਡਾæ ਹਰਚਰਨ ਸਿੰਘ ਗਿੱਲ ਨੇ ਅਮਰੀਕੀ ਪ੍ਰਸ਼ਾਸਨ ਅਤੇ ਸਿੱਖ ਭਾਈਚਾਰੇ ਨਾਲ ਇਸ ਸੰਕਟ ਦੀ ਘੜੀ ਡਟ ਕੇ ਖੜ੍ਹੇ ਹੋਣ ਲਈ ਸਭ ਦਾ ਧੰਨਵਾਦ ਕੀਤਾ।
ਇਸ ਗੋਲੀ ਕਾਂਡ ਵਿਚ ਮਾਰੇ ਗਏ ਸ਼ਰਧਾਲੂਆਂ ਦੀਆਂ ਤਸਵੀਰਾਂ ਅੱਗੇ ਮੋਮਬੱਤੀਆਂ ਜਗਾ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਓਕ ਕਰੀਕ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਗੁਰਮੇਲ ਸਿੰਘ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਗੋਲੀ ਕਾਂਡ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਬੇਟੇ ਗੁਰਿੰਦਰ ਸਿੰਘ ਨੇ ਸ਼ਹੀਦ ਹੋਏ ਲੋਕਾਂ ਦੇ ਨਾਂਵਾਂ ਵਾਲੀ ਟੀ-ਸ਼ਰਟ ਪਾਈ ਹੋਈ ਸੀ ਜਿਸ ‘ਤੇ ਲਿਖਿਆ ਸੀ, ‘ਨੈਵਰ ਫਾਰਗੈਟ।’ ਇਸ ਮੌਕੇ ਸ਼ ਸਰਵਣ ਸਿੰਘ ਰਾਜੂ ਦੇ ਉਦਮ ਨਾਲ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਸਿੱਖਾਂ ਦੀ ਫੋਟੋ ਪ੍ਰਦਰਸ਼ਨੀ ਵੀ ਲਾਈ ਗਈ।
ਸਨਿਚਰਵਾਰ ਨੂੰ ਓਕ ਕਰੀਕ ਹਾਈ ਸਕੂਲ ਵਿਚ 6 ਮੀਲ ਦੀ ਪੈਦਲ ਯਾਤਰਾ ਇਸ ਗੋਲੀ ਕਾਂਡ ਦੇ ਪੀੜਤਾਂ ਦੀ ਯਾਦ ਵਿਚ ਕੀਤੀ ਗਈ ਜਿਸ ਵਿਚ ਸਿੱਖ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਅਮਰੀਕੀ ਮੂਲ ਦੇ ਗੋਰੇ ਅਤੇ ਕਾਲੇ ਮੂਲ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਦੌੜ ਦਾ ਅਰੰਭ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਹੋਇਆ।
ਵਿਸਕਾਨਸਿਨ ਵਿਧਾਨ ਸਭਾ ਦੇ ਮੈਂਬਰ ਮੰਡੇਲਾ ਬਾਰਨਜ਼ ਨੇ ਕਿਹਾ ਕਿ ਇਸ ਦੌੜ ਰਾਹੀਂ ਨਾ ਸਿਰਫ ਓਕ ਕਰੀਕ ਗੋਲੀ ਕਾਂਡ ਦਾ ਸ਼ਿਕਾਰ ਹੋਏ ਲੋਕਾਂ ਨੂੰ ਯਾਦ ਹੀ ਕੀਤਾ ਗਿਆ ਹੈ ਸਗੋਂ ਇਹ ਗੱਲ ਵੀ ਬੜੇ ਮਾਣ ਵਾਲੀ ਹੈ ਕਿ ਇਸ ਵਿਚ ਵੱਖ ਵੱਖ ਮੂਲ ਦੇ ਲੋਕਾਂ ਨੇ ਇੰਨੀ ਵੱਡੀ ਗਿਣਤੀ ਵਿਚ ਹਿੱਸਾ ਲਿਆ ਹੈ। ਇਸ ਤੋਂ ਨਫਰਤੀ ਹਿੰਸਾ ਵਿਰੁਧ ਲੋਕਾਂ ਦੀਆਂ ਭਾਵਨਾਵਾਂ ਜ਼ਾਹਰ ਹੁੰਦੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਦੌੜ ਵਿਚ ਸ਼ਾਮਲ ਹੋਣ ਲਈ ਅਮਰੀਕਾ ਦੇ ਵੱਖ ਵੱਖ ਸੂਬਿਆਂ ਤੋਂ ਲੋਕ ਵੀ ਪਹੁੰਚੇ। ਇਨ੍ਹਾਂ ਵਿਚ ਰੌਬੀ ਪਾਰਕਰ ਵੀ ਸ਼ਾਮਲ ਸੀ ਜਿਸ ਦੀ ਬੇਟੀ ਪਿਛਲੇ ਸਾਲ ਸੈਂਡੀਹੁਕ ਐਲੀਮੈਂਟਰੀ ਸਕੂਲ ਵਿਚ ਹੋਏ ਗੋਲੀ ਕਾਂਡ ਦਾ ਸ਼ਿਕਾਰ ਹੋ ਗਈ ਸੀ। ਉਸ ਦਾ ਕਹਿਣਾ ਸੀ ਕਿ ਮੈਨੂੰ ਮਾਣ ਹੈ ਕਿ ਮੈਂ ਨਫਰਤੀ ਹਿੰਸਾ ਵਿਰੁਧ ਇਸ ਦੌੜ ਵਿਚ ਸ਼ਾਮਲ ਹੋਈ ਹਾਂ। ਮੇਰਾ ਦਿਲ ਓਕ ਕਰੀਕ ਗੋਲੀ ਕਾਂਡ ਦਾ ਸ਼ਿਕਾਰ ਹੋਏ ਲੋਕਾਂ ਲਈ ਹਮਦਰਦੀ ਨਾਲ ਭਰਿਆ ਹੋਇਆ ਹੈ।
ਐਤਵਾਰ 4 ਅਗਸਤ ਦਾ ਪ੍ਰੋਗਰਾਮ ਗੁਰਦੁਆਰਾ ਓਕ ਕਰੀਕ ਵਿਖੇ ਸੀ ਜਿਥੇ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ‘ਜੋ ਦਿਨ ਆਵਿਹ ਸੋ ਦਿਨ ਜਾਹੀ॥’ ਅਤੇ ‘ਜੈਸੀ ਆਵੈ ਖਸਮ ਕੀ ਬਾਣੀæææ’ ਆਦਿ ਸ਼ਬਦ ਪੜ੍ਹੇ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਇਸ ਗੋਲੀ ਕਾਂਡ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਭਾਵੇਂ ਅਮਰੀਕੀ ਸਮਾਜ ਵਿਚੋਂ ਨਸਲੀ ਵਿਤਕਰੇ ਨੂੰ ਮਰਹੂਮ ਰਾਸ਼ਟਰਪਤੀ ਇਬਰਾਹਮ ਲਿੰਕਨ ਦੇ ਯਤਨਾਂ ਸਦਕਾ ਖਤਮ ਕਰ ਦਿੱਤਾ ਗਿਆ ਸੀ ਪਰ ਇਸ ਅਗਾਂਹਵਧੂ, ਭਰਾਤਰੀ ਭਾਵ ਤੇ ਬਰਾਬਰੀ ਵਾਲੇ ਸਮਾਜ ਵਿਚ ਅਜੇ ਵੀ ਕਈ ਵਾਰ ਇਹ ਸਮੱਸਿਆ ਸਿਰ ਚੁੱਕ ਲੈਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੇ ਇਸ ਔਖੀ ਘੜੀ ਵਿਚ ਸਿੱਖਾਂ ਵਿਚ ਵਿਸ਼ਵਾਸ ਤੇ ਸੁਰੱਖਿਆ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਹਾਲਤ ਨੂੰ ਸੰਭਾਲਿਆ। ਉਹ ਪੰਜਾਬ ਸਰਕਾਰ ਵੱਲੋਂ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਸ਼ਰਧਾਂਜਲੀ ਦਿੱਤੀ। ਉਨ੍ਹਾਂ ਵਿਧਾਤਾ ਸਿੰਘ ਤੀਰ ਦੀ ਕਵਿਤਾ ਦਾ ਇਕ ਬੰਦ ਪੜ੍ਹਦਿਆਂ ਕਿਹਾ, ‘ਨਾ ਦਿਓ ਸ਼ਰਧਾਂਜਲੀ, ਸ਼ਰਧਾਂਜਲੀ ‘ਚ ਕੀ ਪਿਆ। ਕਰ ਲਓ ਏਕਤਾ ਤੇ ਸਮਝ ਲਵੋ ਮਰਿਆ ਵੀ ਜੀ ਪਿਆ।’
ਵਿਸਕਾਨਸਿਨ ਸਟੇਟ ਦੇ ਗਵਰਨਰ ਸਕਾਟ ਵਾਕਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਨੇ ਅਮਰੀਕਾ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਨਸਲਪ੍ਰਸਤੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਹਮਲਾਵਰ ਨੇ ਸ਼ਾਂਤੀ ਦੇ ਘਰ ਗੁਰਦੁਆਰੇ ‘ਤੇ ਸਿਰਫ ਇਸ ਕਰਕੇ ਹਮਲਾ ਕੀਤਾ ਕਿ ਉਹ (ਸਿੱਖ) ਅਲੱਗ ਨਜ਼ਰ ਆਉਂਦੇ ਸਨ। ਉਨ੍ਹਾਂ ਇਸ ਦੁਖਾਂਤ ਦੀ ਘੜੀ ਸਿੱਖ ਭਾਈਚਾਰੇ ਵਲੋਂ ਦਿਖਾਈ ਗਈ ਸਹਿਨਸ਼ੀਲਤਾ ਅਤੇ ਏਕਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਆਪਣੀਆਂ ਜਾਨਾਂ ਖਤਰੇ ਵਿਚ ਪਾ ਕੇ ਹੋਰ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਪੁਲਿਸ ਅਫਸਰਾਂ ਅਤੇ ਭਾਈਚਾਰੇ ਦੇ ਲੋਕਾਂ ਦੀ ਵੀ ਤਾਰੀਫ ਕੀਤੀ।
ਇਸ ਗੋਲੀ ਕਾਂਡ ਸਮੇਂ ਬੜੀ ਬਹਾਦਰੀ ਨਾਲ ਹਮਲਾਵਰ ਦਾ ਮੁਕਾਬਲਾ ਕਰਨ ਵਾਲੇ ਪੁਲਿਸ ਅਫਸਰ ਬਰਾਇਨ ਮਰਫੀ ਨੇ ਸਿੱਖ ਭਾਈਚਾਰੇ ਵਲੋਂ ਮਿਲੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਜ਼ਖਮੀ ਹੋਣ ਪਿਛੋਂ ਭਾਵੇਂ ਉਸ ਦੀ ਬੋਲਣ ਸ਼ਕਤੀ ਮੱਧਮ ਪੈ ਗਈ ਹੈ ਪਰ ਸਿੱਖ ਭਾਈਚਾਰੇ ਦੇ ਚੜ੍ਹਦੀ ਕਲਾ ਲਈ ਬੁਲੰਦ ਜੈਕਾਰੇ ਸੁਣ ਕੇ ਉਸ ਦਾ ਮਨ ਹੋਰ ਮਜ਼ਬੂਤ ਹੋ ਜਾਂਦਾ ਹੈ। ਸ੍ਰੀ ਮਰਫੀ ਨੇ ਸਿੱਖ ਭਾਈਚਾਰੇ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਹ ਆਪਣੀ ਅਰਦਾਸ ਵਿਚ ਹਮੇਸ਼ਾ ਸਰਬਤ ਦੇ ਭਲੇ ਦੀ ਗੱਲ ਕਰਦੇ ਹਨ ਅਤੇ ਓਕ ਕਰੀਕ ਦੀ ਦੁਖਾਂਤਕ ਘਟਨਾ ਦਾ ਉਨ੍ਹਾਂ ਦੀ ਮਨੋਅਵਸਥਾ ਉਪਰ ਕੋਈ ਮਾੜਾ ਅਸਰ ਨਹੀਂ ਪਿਆ।
ਓਕ ਕਰੀਕ ਦੇ ਪੁਲਿਸ ਮੁਖੀ ਨੇ ਸਿੱਖਾਂ ਦੀ ਸਹਿਨਸ਼ੀਲਤਾ ਅਤੇ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੂਜੀ ਸੰਸਾਰ ਜੰਗ ਸਮੇਂ ਸਿੱਖਾਂ ਦੀ ਬਹਾਦਰੀ ਦੀ ਗਵਾਹ ਸਾਰਾਗੜ੍ਹੀ ਦੀ ਲੜਾਈ ਦੀ ਵਾਰਤਾ ਪੜ੍ਹੀ ਹੋਈ ਹੈ।
ਇਸ ਮੌਕੇ ਭਾਰਤੀ ਸਫ਼ਾਰਤਖ਼ਾਨੇ ਦੇ ਉਪ ਮੁਖੀ ਤਰਨਜੀਤ ਸਿੰਘ ਸੰਧੂ, ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਮੈਂਬਰ ਮਿਸ ਗਲੈਨ ਮੋਰ, ਓਕ ਕਰੀਕ ਦੇ ਮੇਅਰ ਸਟੀਫਨ ਸਕੈਫਿਡੀ ਤੇ ਮਿਲਵਾਕੀ ਦੇ ਸਕਿਉਰਿਟੀ ਮੁਖੀ ਜੌਨ ਐਡਵਰਡ ਨੇ ਵੀ ਗੋਲੀ ਕਾਂਡ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਹਿੱਤ ਅਮਰੀਕਾ ਵਿਚ ਸੁਰੱਖਿਅਤ ਰਹਿਣਗੇ।
ਮਰਹੂਮ ਸਤਵੰਤ ਸਿੰਘ ਕਾਲੇਕਾ ਦੇ ਬੇਟੇ ਪ੍ਰਦੀਪ ਸਿੰਘ ਕਾਲੇਕਾ ਨੇ ਸ਼ਰਧਾਂਜਲੀ ਸਮਾਗਮ ਵਿਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਪੀੜਤਾਂ ਦੇ ਪਰਿਵਾਰਾਂ ‘ਚੋਂ ਇਕ ਇਕ ਮੈਂਬਰ ਨੇ ਵੀ ਸੰਗਤਾਂ ਦਾ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਨਾਲ ਖੜ੍ਹਨ ‘ਤੇ ਧੰਨਵਾਦ ਕੀਤਾ। ਗੁਰਦੁਆਰਾ ਪ੍ਰਬੰਧਕਾਂ ਵਲੋਂ ਇਸ ਗੋਲੀ ਕਾਂਡ ਵਿਚ ਜ਼ਖਮੀ ਹੋਏ ਪੰਜਾਬ ਸਿੰਘ ਦਾ ਇਲਾਜ ਕਰਨ ਵਾਲੀ ਡਾਕਟਰ ਹੈਲੀ ਦਾ ਵੀ ਸਨਮਾਨ ਕੀਤਾ ਗਿਆ।
ਇਨ੍ਹਾਂ ਸਮਾਗਮਾਂ ਦੇ ਅਖੀਰਲੇ ਦਿਨ 5 ਅਗਸਤ ਨੂੰ ਗੁਰਦੁਆਰਾ ਓਕ ਕਰੀਕ ਵਿਖੇ ਕੈਂਡਲ ਲਾਈਟ ਵਿਜ਼ਿਲ ਕੀਤਾ ਗਿਆ ਜਿਸ ਵਿਚ ਸਿੱਖਾਂ ਤੋਂ ਇਲਾਵਾ ਵੱਖ ਵੱਖ ਭਾਈਚਾਰਿਆਂ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸੇ ਹੀ ਦਿਨ ਪਿਛਲੇ ਸਾਲ ਇਹ ਗੋਲੀ ਕਾਂਡ ਵਾਪਰਿਆ ਸੀ। ਅਮਰੀਕਾ ਦੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਵਿਚ ਵੀ ਓਕ ਕਰੀਕ ਕਾਂਡ ਦੇ ਪੀੜਤਾਂ ਲਈ ਅਰਦਾਸ ਕੀਤੀ ਗਈ ਅਤੇ ਕੈਂਡਲ ਲਾਈਟ ਵਿਜ਼ਿਲ ਕੀਤੇ ਗਏ।

Be the first to comment

Leave a Reply

Your email address will not be published.